ਸ਼੍ਰੀ ਦਸਮ ਗ੍ਰੰਥ

ਅੰਗ - 666


ਘਨ ਮੈ ਜਿਮ ਬਿਦੁਲਤਾ ਝਮਕੈ ॥

ਜਿਵੇਂ ਬਦਲ ਵਿਚ ਬਿਜਲੀ ਚਮਕਦੀ ਹੈ,

ਰਿਖਿ ਮੋ ਗੁਨ ਤਾਸ ਸਬੈ ਦਮਕੈ ॥੩੭੮॥

ਉਸੇ ਤਰ੍ਹਾਂ ਰਿਸ਼ੀ ਵਿਚ ਸਾਰੇ ਗੁਣ ਚਮਕਾਂ ਮਾਰ ਰਹੇ ਹਨ ॥੩੭੮॥

ਜਸ ਛਾਡਤ ਭਾਨੁ ਅਨੰਤ ਛਟਾ ॥

ਜਿਵੇਂ ਸੂਰਜ ਅਨੰਤ ਕਿਰਨਾਂ ਛਡਦਾ ਹੈ,

ਰਿਖਿ ਕੇ ਤਿਮ ਸੋਭਤ ਜੋਗ ਜਟਾ ॥

ਉਸੇ ਤਰ੍ਹਾਂ ਰਿਸ਼ੀ ਦੇ ਸਿਰ ਤੋਂ ਜਟਾਵਾਂ ਸ਼ੋਭ ਰਹੀਆਂ ਹਨ।

ਜਿਨ ਕੀ ਦੁਖ ਫਾਸ ਕਹੂੰ ਨ ਕਟੀ ॥

ਜਿਨ੍ਹਾਂ ਦੇ ਦੁਖ ਦੀ ਫਾਂਸੀ ਕਿਤੇ ਵੀ ਨਹੀਂ ਕਟੀ ਗਈ ਸੀ,

ਰਿਖਿ ਭੇਟਤ ਤਾਸੁ ਛਟਾਕ ਛੁਟੀ ॥੩੭੯॥

ਉਨ੍ਹਾਂ ਦੀ ਰਿਸ਼ੀ ਨੂੰ ਮਿਲਣ ਨਾਲ ਹੀ ਚਟਾਖ ਕਰ ਕੇ ਟੁਟ ਗਈ ਹੈ ॥੩੭੯॥

ਨਰ ਜੋ ਨਹੀ ਨਰਕਨ ਤੇ ਨਿਵਰੈ ॥

ਜੋ ਪੁਰਸ਼ ਨਰਕਾਂ ਦੇ ਦੁਖ ਤੋਂ ਖਲਾਸ ਨਹੀਂ ਹੋਏ ਹਨ,

ਰਿਖਿ ਭੇਟਤ ਤਉਨ ਤਰਾਕ ਤਰੈ ॥

ਰਿਸ਼ੀ ਨੂੰ ਮਿਲਦਿਆਂ ਹੀ ਉਹ ਝਟਪਟ (ਦੁਖ ਦੇ ਸਾਗਰ ਨੂੰ) ਤਰ ਗਏ ਹਨ।

ਜਿਨ ਕੇ ਸਮਤਾ ਕਹੂੰ ਨਾਹਿ ਠਟੀ ॥

(ਪਾਪਾਂ ਕਾਰਨ) ਜਿਨ੍ਹਾਂ ਦੀ ਸਮਤਾ ਕਿਸੇ ਨਾਲ ਵੀ ਨਹੀਂ ਬੈਠਦੀ ਸੀ (ਅਰਥਾਤ ਪਰਮੇਸ਼ਰ ਨਾਲ ਮੇਲ ਨਹੀਂ ਹੋ ਰਿਹਾ ਸੀ)

ਰਿਖਿ ਪੂਜਿ ਘਟੀ ਸਬ ਪਾਪ ਘਟੀ ॥੩੮੦॥

ਰਿਸ਼ੀ ਦੀ ਘੜੀ ਭਰ ਪੂਜਾ ਕਰਦਿਆਂ ਹੀ (ਉਨ੍ਹਾਂ ਦੇ) ਪਾਪ ਘਟ ਗਏ ਹਨ ॥੩੮੦॥

ਇਤ ਬਧਿ ਤਉਨ ਬਿਠੋ ਮ੍ਰਿਗਹਾ ॥

ਇਧਰ ਉਹ ਸ਼ਿਕਾਰੀ (ਸ਼ਿਕਾਰ ਦੀ) ਟੋਹ ਵਿਚ ਬੈਠਾ ਹੋਇਆ ਸੀ

ਜਸ ਹੇਰਤ ਛੇਰਿਨਿ ਭੀਮ ਭਿਡਹਾ ॥

ਜਿਵੇਂ ਭੇਡਾਂ ਨੂੰ ਮਾਰਨ ਵਾਲਾ ਭਿਆਨਕ (ਬਘਿਆੜ) ਛੇਲੀਆਂ ਵਲ ਵੇਖ ਰਿਹਾ ਹੈ।

ਤਿਹ ਜਾਨ ਰਿਖੀਨ ਹੀ ਸਾਸ ਸਸ੍ਰਯੋ ॥

ਉਸ ਨੇ ਰਿਸ਼ੀ ਨੂੰ ਹਿਰਨ ਸਮਝ ਕੇ ਸਾਹ ਰੋਕ ਲਿਆ

ਮ੍ਰਿਗ ਜਾਨ ਮੁਨੀ ਕਹੁ ਬਾਨ ਕਸ੍ਰਯੋ ॥੩੮੧॥

ਅਤੇ ਮੁਨੀ ਨੂੰ ਮਾਰਨ ਲਈ ਤੀਰ ਖਿਚ ਲਿਆ ॥੩੮੧॥

ਸਰ ਪੇਖ ਸਬੈ ਤਿਹ ਸਾਧ ਕਹੈ ॥

ਸਾਰਿਆਂ ਸਾਧਾਂ ਨੇ ਕਸੇ ਹੋਏ ਤੀਰ ਨੂੰ ਵੇਖ ਕੇ

ਮ੍ਰਿਗ ਹੋਇ ਨ ਰੇ ਮੁਨਿ ਰਾਜ ਇਹੈ ॥

ਉਸ ਨੂੰ ਕਿਹਾ ਕਿ ਇਹ ਹਿਰਨ ਨਹੀਂ, ਮੁਨੀ ਰਾਜ ਹੈ।

ਨਹ ਬਾਨ ਸਰਾਸਨ ਪਾਨ ਤਜੇ ॥

(ਪਰ) ਉਸ ਨੇ ਹੱਥ ਵਿਚੋਂ ਧਨੁਸ਼ ਬਾਣ ਨਾ ਛਡਿਆ।

ਅਸ ਦੇਖਿ ਦ੍ਰਿੜੰ ਮੁਨਿ ਰਾਜ ਲਜੇ ॥੩੮੨॥

(ਉਸ ਦੀ) ਅਜਿਹੀ ਦ੍ਰਿੜ੍ਹਤਾ ਵੇਖ ਕੇ ਮੁਨੀ ਰਾਜ ਸ਼ਰਮਸਾਰ ਹੋ ਗਏ ॥੩੮੨॥

ਬਹੁਤੇ ਚਿਰ ਜਿਉ ਤਿਹ ਧ੍ਯਾਨ ਛੁਟਾ ॥

ਬਹੁਤ ਚਿਰ ਬਾਦ ਜਦੋਂ ਉਸ ਦਾ ਧਿਆਨ ਛੁਟਿਆ

ਅਵਿਲੋਕ ਧਰੇ ਰਿਖਿ ਪਾਲ ਜਟਾ ॥

ਤਾਂ ਵੇਖਿਆ (ਕਿ ਇਹ) ਜਟਾਵਾਂ ਦੀ ਪੰਗਤੀ ਵਾਲਾ ਰਿਸ਼ੀ ਹੈ।

ਕਸ ਆਵਤ ਹੋ ਡਰੁ ਡਾਰਿ ਅਬੈ ॥

(ਉਸ ਨੇ ਕਿਹਾ, ਤੁਸੀਂ) ਹੁਣ ਡਰ ਨੂੰ ਛਡ ਕੇ ਕਿਸ ਵਾਸਤੇ ਲਗੇ ਆਉਂਦੇ ਹੋ;

ਮੁਹਿ ਲਾਗਤ ਹੋ ਮ੍ਰਿਗ ਰੂਪ ਸਬੈ ॥੩੮੩॥

ਮੈਨੂੰ ਤਾਂ (ਤੁਸੀਂ) ਸਾਰੇ ਹਿਰਨ ਰੂਪ ਹੀ ਲਗਦੇ ਹੋ ॥੩੮੩॥

ਰਿਖ ਪਾਲ ਬਿਲੋਕਿ ਤਿਸੈ ਦਿੜਤਾ ॥

ਰਿਸ਼ੀਆਂ ਦੇ ਪਾਲਕ (ਦੱਤ) ਨੇ ਉਸ ਦੀ ਇਸ ਦ੍ਰਿੜ੍ਹਤਾ ਨੂੰ ਵੇਖ ਕੇ,

ਗੁਰੁ ਮਾਨ ਕਰੀ ਬਹੁਤੈ ਉਪਮਾ ॥

(ਉਸ ਨੂੰ) ਗੁਰੂ ਮੰਨ ਕੇ ਬਹੁਤ ਸਾਰੀ ਉਪਮਾ ਕੀਤੀ।

ਮ੍ਰਿਗ ਸੋ ਜਿਹ ਕੋ ਚਿਤ ਐਸ ਲਗ੍ਯੋ ॥

ਜਿਸ ਦਾ ਚਿਤ ਹਿਰਨ ਨਾਲ ਇਸ ਤਰ੍ਹਾਂ ਲਗਾ ਹੈ,

ਪਰਮੇਸਰ ਕੈ ਰਸ ਜਾਨ ਪਗ੍ਰਯੋ ॥੩੮੪॥

ਮਾਨੋ ਪਰਮੇਸ਼ਵਰ ਦੇ ਪ੍ਰੇਮ ਰਸ ਵਿਚ ਮਗਨ ਹੋਵੇ ॥੩੮੪॥

ਮੁਨ ਕੋ ਤਬ ਪ੍ਰੇਮ ਪ੍ਰਸੀਜ ਹੀਆ ॥

ਤਦ ਮੁਨੀ ਦਾ ਹਿਰਦਾ ਪ੍ਰੇਮ ਨਾਲ ਪਸੀਜ ਗਿਆ

ਗੁਰ ਠਾਰਸਮੋ ਮ੍ਰਿਗ ਨਾਸ ਕੀਆ ॥

ਅਤੇ ਹਿਰਨ ਨੂੰ ਮਾਰਨ ਵਾਲੇ ਨੂੰ ਅਠਾਰ੍ਹਵਾਂ ਗੁਰੂ ਕੀਤਾ।

ਮਨ ਮੋ ਤਬ ਦਤ ਬੀਚਾਰ ਕੀਆ ॥

ਤਦ ਦੱਤ ਨੇ ਮਨ ਵਿਚ ਵਿਚਾਰ ਕੀਤਾ

ਗੁਨ ਮ੍ਰਿਗਹਾ ਕੋ ਚਿਤ ਬੀਚ ਲੀਆ ॥੩੮੫॥

ਅਤੇ ਸ਼ਿਕਾਰੀ ਦੇ ਗੁਣਾਂ ਨੂੰ ਮਨ ਵਿਚ ਵਸਾ ਲਿਆ ॥੩੮੫॥

ਹਰਿ ਸੋ ਹਿਤੁ ਜੋ ਇਹ ਭਾਤਿ ਕਰੈ ॥

ਜੇ ਕੋਈ ਹਰਿ ਨਾਲ ਇਸ ਤਰ੍ਹਾਂ ਦਾ ਪ੍ਰੇਮ ਕਰੇਗਾ,

ਭਵ ਭਾਰ ਅਪਾਰਹ ਪਾਰ ਪਰੈ ॥

(ਤਾਂ ਉਹ) ਦੁਸਤਰ ਸੰਸਾਰ ਸਾਗਰ ਨੂੰ ਪਾਰ ਕਰ ਲਵੇਗਾ।

ਮਲ ਅੰਤਰਿ ਯਾਹੀ ਇਸਨਾਨ ਕਟੈ ॥

ਇਸ ਇਸ਼ਨਾਨ ਨਾਲ ਮਨ ਦੀ ਮੈਲ ਕਟ ਜਾਂਦੀ ਹੈ

ਜਗ ਤੇ ਫਿਰਿ ਆਵਨ ਜਾਨ ਮਿਟੈ ॥੩੮੬॥

ਅਤੇ ਸੰਸਾਰ ਵਿਚ ਆਣਾ ਜਾਣਾ ਸਮਾਪਤ ਹੋ ਜਾਂਦਾ ਹੈ ॥੩੮੬॥

ਗੁਰੁ ਜਾਨ ਤਬੈ ਤਿਹ ਪਾਇ ਪਰਾ ॥

ਤਦੋਂ ਉਸ ਨੂੰ ਗੁਰੂ ਜਾਣ ਕੇ (ਰਿਸ਼ੀ) ਪੈਰੀਂ ਪੈ ਗਿਆ

ਭਵ ਭਾਰ ਅਪਾਰ ਸੁ ਪਾਰ ਤਰਾ ॥

ਅਤੇ ਅਪਾਰ ਸੰਸਾਰ ਰੂਪ ਭਾਰੇ ਸਮੁੰਦਰ ਨੂੰ ਪਾਰ ਕਰ ਲਿਆ।

ਦਸ ਅਸਟਸਮੋ ਗੁਰੁ ਤਾਸੁ ਕੀਯੋ ॥

ਉਸ ਨੂੰ ਅਠਾਰ੍ਹਵਾਂ ਗੁਰੂ ਕੀਤਾ

ਕਬਿ ਬਾਧਿ ਕਬਿਤਨ ਮਧਿ ਲੀਯੋ ॥੩੮੭॥

ਅਤੇ ਕਵੀ ਨੇ (ਇਸ ਨੂੰ) ਕਬਿੱਤਾਂ ਵਿਚ ਬੰਨ੍ਹ ਲਿਆ ॥੩੮੭॥

ਸਬ ਹੀ ਸਿਖ ਸੰਜੁਤਿ ਪਾਨ ਗਹੇ ॥

ਸਾਰੇ ਹੀ ਸੇਵਕਾਂ ਸਮੇਤ (ਉਸ ਦੇ) ਪੈਰ ਪਕੜ ਲਏ।

ਅਵਿਲੋਕਿ ਚਰਾਚਰਿ ਚਉਧ ਰਹੇ ॥

(ਜਿਸ ਨੂੰ) ਵੇਖ ਕੇ ਜੜ ਚੇਤਨ ਸਭ ਹੈਰਾਨ ਹੋ ਗਏ।

ਪਸੁ ਪਛ ਚਰਾਚਰ ਜੀਵ ਸਬੈ ॥

ਪਸ਼ੂ-ਪੰਛੀ ਅਤੇ ਚਰ, ਅਚਰ,

ਗਣ ਗੰਧ੍ਰਬ ਭੂਤ ਪਿਸਾਚ ਤਬੈ ॥੩੮੮॥

ਗਣ, ਗੰਧਰਬ, ਭੂਤ, ਪਿਸ਼ਾਚ ਆਦਿ ਸਾਰੇ ਜੀਵ ਉਸ ਵੇਲੇ (ਹੈਰਾਨੀ ਦੀ ਅਵਸਥਾ ਵਿਚ ਹੋ ਗਏ) ॥੩੮੮॥

ਇਤਿ ਅਠਦਸਵੋ ਗੁਰੂ ਮ੍ਰਿਗਹਾ ਸਮਾਪਤੰ ॥੧੮॥

ਇਥੇ ਅਠਾਰ੍ਹਵੇਂ ਗੁਰੂ ਸ਼ਿਕਾਰੀ ('ਮ੍ਰਿਗਹਾ') ਦਾ ਪ੍ਰਸੰਗ ਸਮਾਪਤ ॥੧੮॥

ਅਥ ਨਲਨੀ ਸੁਕ ਉਨੀਵੋ ਗੁਰੂ ਕਥਨੰ ॥

ਹੁਣ ਨਲਨੀ ਸੁਕ ਉਨ੍ਹੀਵੇਂ ਗੁਰੂ ਦਾ ਕਥਨ

ਕ੍ਰਿਪਾਣ ਕ੍ਰਿਤ ਛੰਦ ॥

ਕ੍ਰਿਪਾਣ ਕ੍ਰਿਤ ਛੰਦ:

ਮੁਨਿ ਅਤਿ ਅਪਾਰ ॥

ਬਹੁਤ ਅਪਾਰ

ਗੁਣ ਗਣ ਉਦਾਰ ॥

ਅਤੇ ਉਦਾਰਤਾ ਦੇ ਗੁਣਾਂ ਦੇ ਸਮੂਹ ਨੂੰ ਧਾਰਨ ਕਰਨ ਵਾਲਾ

ਬਿਦਿਆ ਬਿਚਾਰ ॥

ਮੁਨੀ ਵਿਦਿਆ ਸੰਬੰਧੀ ਨਿੱਤ ਚੰਗੀ ਤਰ੍ਹਾਂ

ਨਿਤ ਕਰਤ ਚਾਰ ॥੩੮੯॥

ਵਿਚਾਰ ਕਰਦਾ ਹੈ ॥੩੮੯॥

ਲਖਿ ਛਬਿ ਸੁਰੰਗ ॥

(ਉਸ ਦੀ) ਸੁੰਦਰ ਛਬੀ ਨੂੰ ਵੇਖ ਕੇ

ਲਾਜਤ ਅਨੰਗ ॥

ਕਾਮਦੇਵ ਵੀ ਸ਼ਰਮਿੰਦਾ ਹੋ ਰਿਹਾ ਸੀ।

ਪਿਖਿ ਬਿਮਲ ਅੰਗ ॥

(ਉਸ ਦੇ) ਸ਼ਰੀਰ ਦੀ ਨਿਰਮਲਤਾ ਨੂੰ ਵੇਖ ਕੇ

ਚਕਿ ਰਹਤ ਗੰਗ ॥੩੯੦॥

ਗੰਗਾ ਵੀ ਹੈਰਾਨ ਸੀ ॥੩੯੦॥

ਲਖਿ ਦੁਤਿ ਅਪਾਰ ॥

(ਉਸ ਦੀ) ਅਪਾਰ ਚਮਕ ਨੂੰ ਵੇਖ ਕੇ

ਰੀਝਤ ਕੁਮਾਰ ॥

ਰਾਜ ਕੁਮਾਰ ਵੀ ਰੀਝ ਰਹੇ ਸਨ।

ਗ੍ਯਾਨੀ ਅਪਾਰ ॥

ਉਹ ਅਪਾਰ ਗਿਆਨਵਾਨ

ਗੁਨ ਗਨ ਉਦਾਰ ॥੩੯੧॥

ਅਤੇ ਉਦਾਰਤਾ ਜਿਹੇ ਗੁਣ ਦਾ ਸਮੁੱਚ ਸੀ ॥੩੯੧॥

ਅਬਯਕਤ ਅੰਗ ॥

(ਉਸ ਦੇ) ਅਪ੍ਰਤੱਖ ਸ਼ਰੀਰ ਦੀ ਚਮਕ

ਆਭਾ ਅਭੰਗ ॥

ਕਦੇ ਭੰਗ ਹੋਣ ਵਾਲੀ ਨਹੀਂ ਸੀ।

ਸੋਭਾ ਸੁਰੰਗ ॥

ਉਸ ਦੀ ਸ਼ੋਭਾ ਬਹੁਤ ਸੁੰਦਰ ਸੀ,

ਤਨ ਜਨੁ ਅਨੰਗ ॥੩੯੨॥

ਮਾਨੋ ਕਾਮਦੇਵ ਨੇ ਹੀ ਸ਼ਰੀਰ ਧਾਰਨ ਕੀਤਾ ਹੋਵੇ ॥੩੯੨॥

ਬਹੁ ਕਰਤ ਨ੍ਯਾਸ ॥

ਬਹੁਤ ਯੋਗ ਸਾਧਨਾ ਕਰਦਾ ਸੀ,

ਨਿਸਿ ਦਿਨ ਉਦਾਸ ॥

ਦਿਨ ਰਾਤ ਉਦਾਸ (ਨਿਰਲਿਪਤ) ਰਹਿੰਦਾ ਸੀ।

ਤਜਿ ਸਰਬ ਆਸ ॥

ਸਾਰੀਆਂ ਆਸ਼ਾਵਾਂ ਨੂੰ ਛਡ ਦੇਣ ਨਾਲ (ਉਸ ਦੀ) ਬੁੱਧੀ ਵਿਚ ਗਿਆਨ ਦਾ

ਅਤਿ ਬੁਧਿ ਪ੍ਰਕਾਸ ॥੩੯੩॥

ਬਹੁਤ ਅਧਿਕ ਪ੍ਰਕਾਸ਼ ਹੋ ਗਿਆ ਸੀ ॥੩੯੩॥

ਤਨਿ ਸਹਤ ਧੂਪ ॥

ਸੰਨਿਆਸੀਆਂ ਦਾ ਰਾਜਾ (ਦੱਤ) ਆਪਣੇ ਉਪਰ

ਸੰਨ੍ਯਾਸ ਭੂਪ ॥

ਧੁਪ ਨੂੰ ਸਹਿੰਦਾ ਸੀ।

ਤਨਿ ਛਬਿ ਅਨੂਪ ॥

(ਉਸ ਦੇ) ਸ਼ਰੀਰ ਦੀ ਛਬੀ ਬਹੁਤ ਅਨੂਪ ਸੀ,

ਜਨੁ ਸਿਵ ਸਰੂਪ ॥੩੯੪॥

ਮਾਨੋ ਸ਼ਿਵ ਦਾ ਹੀ ਸਰੂਪ ਹੋਵੇ ॥੩੯੪॥

ਮੁਖ ਛਬਿ ਪ੍ਰਚੰਡ ॥

(ਉਸ ਦੇ) ਮੁਖ ਉਤੇ ਪ੍ਰਚੰਡ ਛਬੀ ਸੀ

ਆਭਾ ਅਭੰਗ ॥

ਅਤੇ ਨਾ ਭੰਗ ਹੋਣ ਵਾਲੀ ਆਭਾ ਸੀ।

ਜੁਟਿ ਜੋਗ ਜੰਗ ॥

ਯੋਗ-ਸਾਧਨਾ ('ਜੰਗ') ਵਿਚ ਜੁਟਿਆ ਹੋਇਆ ਸੀ


Flag Counter