ਸ਼੍ਰੀ ਦਸਮ ਗ੍ਰੰਥ

ਅੰਗ - 53


ਬਜੇ ਲੋਹ ਕ੍ਰੋਹੰ ਮਹਾ ਜੰਗਿ ਮਚਿਯੰ ॥੪੧॥

ਕ੍ਰੋਧ ਨਾਲ ਸ਼ਸਤ੍ਰ (ਇਕ ਦੂਜੇ ਉਤੇ) ਵਜਦੇ ਹਨ ਅਤੇ ਵੱਡਾ ਯੁੱਧ ਮਚਿਆ ਹੋਇਆ ਹੈ ॥੪੧॥

ਬਿਰਚੇ ਮਹਾ ਜੁਧ ਜੋਧਾ ਜੁਆਣੰ ॥

ਜਵਾਨ ਸੂਰਮਿਆਂ ਨੇ ਵਡਾ ਯੁੱਧ ਰਚ ਦਿੱਤਾ ਹੈ।

ਖੁਲੇ ਖਗ ਖਤ੍ਰੀ ਅਭੂਤੰ ਭਯਾਣੰ ॥

ਮਿਆਨ ਵਿਚੋਂ ਤਲਵਾਰਾਂ ਕਢ ਕੇ ਸੂਰਮੇ ਅਦੁੱਤੀ ਅਤੇ ਭਿਆਨਕ (ਰੂਪ ਵਾਲੇ) ਹੋ ਗਏ ਹਨ।

ਬਲੀ ਜੁਝ ਰੁਝੈ ਰਸੰ ਰੁਦ੍ਰ ਰਤੇ ॥

ਰੌਦਰ ਰਸ ਵਿਚ ਰਤੇ ਹੋਏ ਬਲਵਾਨ ਯੋਧੇ ਯੁੱਧ ਵਿਚ ਰੁਝ ਗਏ ਹਨ

ਮਿਲੇ ਹਥ ਬਖੰ ਮਹਾ ਤੇਜ ਤਤੇ ॥੪੨॥

ਅਤੇ ਪ੍ਰਚੰਡ ਰੂਪ ਧਾਰ ਕੇ (ਇਕ ਦਲ ਦੇ ਵੈਰੀ ਦੂਜੇ ਦਲ ਨਾਲ) ਗੁਥਮ-ਗੁੱਥਾ ਹੋ ਗਏ ਹਨ ॥੪੨॥

ਝਮੀ ਤੇਜ ਤੇਗੰ ਸੁ ਰੋਸੰ ਪ੍ਰਹਾਰੰ ॥

ਤੇਜ਼ ਤਲਵਾਰਾਂ ਚਮਕਦੀਆਂ ਹਨ, ਗੁੱਸੇ ਨਾਲ ਵਾਰ ਹੁੰਦੇ ਹਨ,

ਰੁਲੇ ਰੁੰਡ ਮੁੰਡੰ ਉਠੀ ਸਸਤ੍ਰ ਝਾਰੰ ॥

ਰੁੰਡ ਮੁੰਡ ਰੁਲ ਰਹੇ ਹਨ, ਸ਼ਸਤ੍ਰਾਂ (ਦੇ ਵਜਣ ਨਾਲ) ਅੱਗ (ਦੀਆਂ ਚਿੰਗਾਰੀਆਂ) ਨਿਕਲਦੀਆਂ ਹਨ।

ਬਬਕੰਤ ਬੀਰੰ ਭਭਕੰਤ ਘਾਯੰ ॥

ਸੂਰਮੇ ਭਭਕਾਂ ਮਾਰ ਰਹੇ ਹਨ, ਘਾਵਾਂ ਤੋਂ ਲਹੂ ਭਕ ਭਕ (ਕਰ ਕੇ ਨਿਕਲ ਰਿਹਾ ਹੈ);

ਮਨੋ ਜੁਧ ਇੰਦ੍ਰੰ ਜੁਟਿਓ ਬ੍ਰਿਤਰਾਯੰ ॥੪੩॥

ਇੰਜ ਪ੍ਰਤੀਤ ਹੁੰਦਾ ਹੈ ਕਿ ਇੰਦਰ ਅਤੇ ਵ੍ਰਿਤਾਸੁਰ ਦਾ ਯੁੱਧ ਹੋ ਰਿਹਾ ਹੋਵੇ ॥੪੩॥

ਮਹਾ ਜੁਧ ਮਚਿਯੰ ਮਹਾ ਸੂਰ ਗਾਜੇ ॥

ਮਹਾ ਯੁੱਧ ਮਚ ਗਿਆ ਹੈ, ਵਡੇ ਸੂਰਮੇ ਗਜ ਰਹੇ ਹਨ,

ਆਪੋ ਆਪ ਮੈ ਸਸਤ੍ਰ ਸੋਂ ਸਸਤ੍ਰ ਬਾਜੇ ॥

ਸ਼ਸ਼ਤ੍ਰ ਇਕ ਦੂਜੇ ਉਤੇ ਆਹਮੋ ਸਾਹਮਣੇ ਵਜਦੇ ਹਨ।

ਉਠੇ ਝਾਰ ਸਾਗੰ ਮਚੇ ਲੋਹ ਕ੍ਰੋਹੰ ॥

ਬਰਛੀਆਂ (ਦੇ ਲਗਣ ਨਾਲ ਉਨ੍ਹਾਂ ਵਿਚੋਂ) ਚਿੰਗਾਰੀਆਂ ਨਿਕਲ ਰਹੀਆਂ ਹਨ, ਕ੍ਰੋਧ ਵਿਚ ਸ਼ਸਤ੍ਰ ਵਜ ਰਹੇ ਹਨ,

ਮਨੋ ਖੇਲ ਬਾਸੰਤ ਮਾਹੰਤ ਸੋਹੰ ॥੪੪॥

ਮਾਨੋ ਸ੍ਰੇਸ਼ਠ ਪੁਰਸ਼ ਬਸੰਤ (ਹੋਲੀ) ਦੀ ਖੇਡ ਵਿਚ ਸੋਭ ਰਹੇ ਹੋਣ ॥੪੪॥

ਰਸਾਵਲ ਛੰਦ ॥

ਰਸਾਵਲ ਛੰਦ:

ਜਿਤੇ ਬੈਰ ਰੁਝੰ ॥

ਜਿਤਨੇ (ਸੂਰਮੇ) ਵੈਰ ਭਾਵ ਨਾਲ (ਯੁੱਧ ਵਿਚ) ਰੁਝੇ ਸਨ,

ਤਿਤੇ ਅੰਤਿ ਜੁਝੰ ॥

ਉਹ ਸਾਰੇ ਅੰਤ ਵਿਚ ਮਾਰੇ ਗਏ ਹਨ।

ਜਿਤੇ ਖੇਤਿ ਭਾਜੇ ॥

ਜਿਤਨੇ ਯੁੱਧ-ਭੂਮੀ ਤੋਂ ਭਜੇ ਹਨ,

ਤਿਤੇ ਅੰਤਿ ਲਾਜੇ ॥੪੫॥

ਉਹ ਅੰਤ ਵਿਚ ਸ਼ਰਮਿੰਦੇ ਹੋਏ ਹਨ ॥੪੫॥

ਤੁਟੇ ਦੇਹ ਬਰਮੰ ॥

(ਸੂਰਮਿਆਂ ਦੀਆਂ) ਦੇਹਾਂ ਉਪਰਲੇ ਕਵਚ ਟੁਟ ਗਏ ਹਨ,

ਛੁਟੀ ਹਾਥ ਚਰਮੰ ॥

ਹੱਥੋਂ ਢਾਲਾਂ ਛੁਟ ਗਈਆਂ ਹਨ।

ਕਹੂੰ ਖੇਤਿ ਖੋਲੰ ॥

ਯੁੱਧ-ਭੂਮੀ ਵਿਚ ਕਿਤੇ ਸਿਰ ਦੇ ਟੋਪ ਪਏ ਹਨ

ਗਿਰੇ ਸੂਰ ਟੋਲੰ ॥੪੬॥

ਅਤੇ ਕਿਤੇ ਸੂਰਮਿਆਂ ਦੇ ਦਲ ਡਿਗੇ ਪਏ ਹਨ ॥੪੬॥

ਕਹੂੰ ਮੁਛ ਮੁਖੰ ॥

ਕਿਤੇ ਮੁੱਛਾਂ ਵਾਲੇ ਮੁਖੜੇ (ਡਿਗੇ ਪਏ ਹਨ)

ਕਹੂੰ ਸਸਤ੍ਰ ਸਖੰ ॥

ਅਤੇ ਕਿਤੇ ਖਾਲੀ ਸ਼ਸਤ੍ਰ ਹੀ ਪਾਏ ਹਨ।

ਕਹੂੰ ਖੋਲ ਖਗੰ ॥

ਕਿਤੇ ਤਲਵਾਰਾਂ ਦੇ ਮਿਆਨ ਪਏ ਹਨ

ਕਹੂੰ ਪਰਮ ਪਗੰ ॥੪੭॥

ਅਤੇ ਕਿਤੇ (ਸੂਰਮਿਆਂ ਦੀਆਂ) ਵੱਡੀਆਂ ਵੱਡੀਆਂ ਪੱਗਾਂ ਪਈਆਂ ਹਨ (ਜਾਂ ਵੱਡੇ ਵੱਡੇ ਪੈਰ ਪਏ ਹਨ) ॥੪੭॥

ਗਹੇ ਮੁਛ ਬੰਕੀ ॥

(ਕਿਤੇ) ਬਾਂਕੀਆਂ ਮੁੱਛਾਂ ਵਾਲਿਆਂ ਹੰਕਾਰੀ ਯੋਧਿਆਂ ਨੇ (ਹਥਿਆਰ) ਧਾਰਨ ਕਰ ਕੇ

ਮੰਡੇ ਆਨ ਹੰਕੀ ॥

ਫਿਰ ਯੁੱਧ ਸ਼ੁਰੂ ਕਰ ਦਿੱਤਾ ਹੈ।

ਢਕਾ ਢੁਕ ਢਾਲੰ ॥

ਢਾਲਾਂ ਇਕ ਦੂਜੇ ਉਤੇ ਵਜ ਰਹੀਆਂ ਹਨ

ਉਠੇ ਹਾਲ ਚਾਲੰ ॥੪੮॥

ਅਤੇ ਹਾਲ-ਦੁਹਾਈ ਮਚ ਗਈ ਹੈ ॥੪੮॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਖੁਲੇ ਖਗ ਖੂਨੀ ਮਹਾਬੀਰ ਖੇਤੰ ॥

ਸੂਰਮਿਆਂ ਨੇ ਖ਼ੂਨੀ ਤਲਵਾਰਾਂ ਮਿਆਨ ਵਿਚੋਂ ਕਢ ਲਈਆਂ ਹਨ।

ਨਚੇ ਬੀਰ ਬੈਤਾਲਯੰ ਭੂਤ ਪ੍ਰੇਤੰ ॥

ਬੀਰ-ਬੈਤਾਲ, ਭੂਤ ਅਤੇ ਪ੍ਰੇਤ ਆਦਿ (ਯੁੱਧ-ਭੂਮੀ ਵਿਚ) ਨਚ ਰਹੇ ਹਨ।

ਬਜੇ ਡੰਗ ਡਉਰੂ ਉਠੇ ਨਾਦ ਸੰਖੰ ॥

ਡਉਰੂ ਡੰਕ ਡੰਕ ਕਰ ਕੇ ਵਜ ਰਹੇ ਹਨ, ਸੰਖਾਂ ਦੀ ਘੋਰ ਆਵਾਜ਼ ਉਠ ਰਹੀ ਹੈ,

ਮਨੋ ਮਲ ਜੁਟੇ ਮਹਾ ਹਥ ਬਖੰ ॥੪੯॥

ਮਾਨੋ ਪਹਿਲਵਾਨ ਇਕ ਦੂਜੇ ਨਾਲ ਗੁਥਮ-ਗੁਥਾ ਹੋ ਰਹੇ ਹੋਣ ॥੪੯॥

ਛਪੈ ਛੰਦ ॥

ਛਪੈ ਛੰਦ:

ਜਿਨਿ ਸੂਰਨ ਸੰਗ੍ਰਾਮ ਸਬਲ ਸਮੁਹਿ ਹ੍ਵੈ ਮੰਡਿਓ ॥

ਜਿਨ੍ਹਾਂ ਸੂਰਮਿਆਂ ਨੇ ਸਾਹਮਣੇ ਡਟ ਕੇ ਯੁੱਧ ਮਚਾਇਆ ਸੀ,

ਤਿਨ ਸੁਭਟਨ ਤੇ ਏਕ ਕਾਲ ਕੋਊ ਜੀਅਤ ਨ ਛਡਿਓ ॥

ਉਨ੍ਹਾਂ ਯੋਧਿਆਂ ਵਿਚੋਂ ਕਾਲ ਨੇ ਇਕ ਵੀ ਜੀਉਂਦਾ ਨਹੀਂ ਛਡਿਆ।

ਸਬ ਖਤ੍ਰੀ ਖਗ ਖੰਡਿ ਖੇਤਿ ਤੇ ਭੂ ਮੰਡਪ ਅਹੁਟੇ ॥

ਸਾਰੇ ਸ਼ੂਰਵੀਰ ਖੜਗਾਂ ਨਾਲ ਖੰਡਿਤ ਹੋ ਕੇ ਭੂ-ਮੰਡਪ ਵਿਚ ਥਕੇ ਪਏ ('ਅਹੁਟੇ') ਹਨ

ਸਾਰ ਧਾਰਿ ਧਰਿ ਧੂਮ ਮੁਕਤਿ ਬੰਧਨ ਤੇ ਛੁਟੇ ॥

ਅਤੇ ਧੂੰਏ ਤੋਂ ਬਿਨਾ (ਅੱਗ) ਵਰਗੇ ਹਥਿਆਰਾਂ (ਲੋਹੇ) ਦੀ ਧਾਰ ਸਹਿ ਕੇ ਸੰਸਾਰਿਕ ਬੰਧਨਾਂ ਤੋਂ ਛੁਟ ਗਏ ਹਨ।

ਹ੍ਵੈ ਟੂਕ ਟੂਕ ਜੁਝੇ ਸਬੈ ਪਾਵ ਨ ਪਾਛੇ ਡਾਰੀਯੰ ॥

ਟੁਕੜੇ ਟੁਕੜੇ ਹੋ ਕੇ ਸਾਰੇ ਮਾਰੇ ਗਏ ਹਨ ਪਰ ਕਿਸੇ ਨੇ ਵੀ ਪੈਰ ਪਿਛੇ ਨਹੀਂ ਕੀਤਾ।

ਜੈ ਕਾਰ ਅਪਾਰ ਸੁਧਾਰ ਹੂੰਅ ਬਾਸਵ ਲੋਕ ਸਿਧਾਰੀਯੰ ॥੫੦॥

(ਉਨ੍ਹਾਂ ਦਾ) ਜਗਤ ਵਿਚ ਅਪਾਰ ਜੈ-ਜੈ-ਕਾਰ ਹੋਇਆ ਹੈ ਅਤੇ ਉਹ ਇੰਦਰ-ਲੋਕ (ਸੁਅਰਗ) ਨੂੰ ਚਲੇ ਗਏ ਹਨ ॥੫੦॥

ਚੌਪਈ ॥

ਚੌਪਈ:

ਇਹ ਬਿਧਿ ਮਚਾ ਘੋਰ ਸੰਗ੍ਰਾਮਾ ॥

ਇਸ ਤਰ੍ਹਾਂ ਘੋਰ ਯੁੱਧ ਮਚਿਆ

ਸਿਧਏ ਸੂਰ ਸੂਰ ਕੇ ਧਾਮਾ ॥

ਅਤੇ ਸ਼ੂਰਵੀਰ ਸੂਰਮਿਆਂ ਦੇ ਘਰ ਚਲੇ ਗਏ (ਅਰਥਾਤ ਮਾਰੇ ਗਏ)।

ਕਹਾ ਲਗੈ ਵਹ ਕਥੋ ਲਰਾਈ ॥

ਉਸ ਲੜਾਈ ਦਾ ਕਿਥੋਂ ਤਕ ਕਥਨ ਕਰਾਂ,

ਆਪਨ ਪ੍ਰਭਾ ਨ ਬਰਨੀ ਜਾਈ ॥੫੧॥

ਆਪਣੇ (ਬੰਸ ਦੀ) ਕੀਰਤੀ ਦਾ ਵਰਣਨ ਨਹੀਂ ਕੀਤਾ ਜਾ ਸਕਦਾ ॥੫੧॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਲਵੀ ਸਰਬ ਜੀਤੇ ਕੁਸੀ ਸਰਬ ਹਾਰੇ ॥

ਲਵ-ਬੰਸ ਵਾਲੇ ਸਾਰੇ ਜਿਤ ਗਏ ਅਤੇ ਕੁਸ਼-ਬੰਸ ਵਾਲੇ ਸਾਰੇ ਹਾਰ ਗਏ।

ਬਚੇ ਜੇ ਬਲੀ ਪ੍ਰਾਨ ਲੈ ਕੇ ਸਿਧਾਰੇ ॥

ਜੋ ਬਲਵਾਨ ਬਚ ਗਏ, ਉਹ ਆਪਣੇ ਪ੍ਰਾਣ ਲੈ ਕੇ ਭਜ ਗਏ।

ਚਤੁਰ ਬੇਦ ਪਠਿਯੰ ਕੀਯੋ ਕਾਸਿ ਬਾਸੰ ॥

ਉਨ੍ਹਾਂ ਨੇ ਕਾਸ਼ੀ ਵਿਚ ਨਿਵਾਸ ਕੀਤਾ ਅਤੇ ਚੌਹਾਂ ਵੇਦਾਂ ਨੂੰ ਪੜ੍ਹ ਲਿਆ।

ਘਨੇ ਬਰਖ ਕੀਨੇ ਤਹਾ ਹੀ ਨਿਵਾਸੰ ॥੫੨॥

(ਉਨ੍ਹਾਂ ਨੇ) ਬਹੁਤ ਵਰ੍ਹਿਆਂ ਤਕ ਉਥੇ ਹੀ ਨਿਵਾਸ ਕੀਤਾ ॥੫੨॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਲਵੀ ਕੁਸੀ ਜੁਧ ਬਰਨਨੰ ਤ੍ਰਿਤੀਆ ਧਿਆਉ ਸਮਾਪਤਮ ਸਤੁ ਸੁਭਮ ਸਤੁ ॥੩॥੧੮੯॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਲਵੀ ਕੁਸ਼ੀ ਜੁਧ ਬਰਨਨੰ' ਨਾਂ ਵਾਲਾ ਤੀਜਾ ਅਧਿਆਇ ਸਮਾਪਤ ਹੁੰਦਾ ਹੈ ਸਭ ਸੁਭ ਹੈ ॥੩॥੧੮੯॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਜਿਨੈ ਬੇਦ ਪਠਿਯੋ ਸੁ ਬੇਦੀ ਕਹਾਏ ॥

ਜਿਨ੍ਹਾਂ (ਕੁਸ਼-ਬੰਸੀਆਂ ਨੇ) ਵੇਦਾਂ ਦਾ ਪਾਠ ਕੀਤਾ ਉਹ ਵੇਦੀ (ਬੇਦੀ) ਅਖਵਾਉਣ ਲਗੇ;

ਤਿਨੈ ਧਰਮ ਕੈ ਕਰਮ ਨੀਕੇ ਚਲਾਏ ॥

ਉਨ੍ਹਾਂ ਨੇ ਧਰਮ ਦੇ ਚੰਗੇ ਕੰਮਾਂ ਦੀ ਪਿਰਤ ਪਾਈ।

ਪਠੇ ਕਾਗਦੰ ਮਦ੍ਰ ਰਾਜਾ ਸੁਧਾਰੰ ॥

(ਇਧਰ) ਮਦ੍ਰ ਦੇਸ ਦੇ (ਲਵਬੰਸੀ) ਰਾਜੇ ਨੇ ਚਿੱਠੀ ਲਿਖ ਕੇ (ਕਾਸ਼ੀ) ਭੇਜੀ

ਆਪੋ ਆਪ ਮੋ ਬੈਰ ਭਾਵੰ ਬਿਸਾਰੰ ॥੧॥

ਕਿ ਸਾਨੂੰ ਆਪੋ ਆਪਣਾ ਵੈਰ ਭਾਵ ਭੁਲਾ ਦੇਣਾ ਚਾਹੀਦਾ ਹੈ ॥੧॥

ਨ੍ਰਿਪੰ ਮੁਕਲਿਯੰ ਦੂਤ ਸੋ ਕਾਸਿ ਆਯੰ ॥

ਰਾਜੇ ਦਾ ਜੋ ਦੂਤ (ਚਿੱਠੀ ਦੇ ਕੇ) ਭੇਜਿਆ ਗਿਆ ਸੀ, ਉਹ ਕਾਸ਼ੀ ਪਹੁੰਚਿਆ

ਸਬੈ ਬੇਦਿਯੰ ਭੇਦ ਭਾਖੇ ਸੁਨਾਯੰ ॥

ਅਤੇ ਬੇਦੀਆਂ ਨੂੰ (ਚਿੱਠੀ ਦੇ) ਸਾਰੇ ਭਾਵ ਅਤੇ ਸਮਾਚਾਰ ਕਹਿ ਦਿੱਤੇ।

ਸਬੈ ਬੇਦ ਪਾਠੀ ਚਲੇ ਮਦ੍ਰ ਦੇਸੰ ॥

(ਦੂਤ ਦੀ ਗੱਲ ਸੁਣ ਕੇ) ਸਾਰੇ ਵੇਦ-ਪਾਠੀ ਮਦ੍ਰ ਦੇਸ (ਪੰਜਾਬ) ਵਲ ਤੁਰ ਪਏ।

ਪ੍ਰਨਾਮ ਕੀਯੋ ਆਨ ਕੈ ਕੈ ਨਰੇਸੰ ॥੨॥

ਉਨ੍ਹਾਂ ਨੇ ਆ ਕੇ (ਲਵਬੰਸੀਆਂ ਦੇ ਰਾਜੇ ਨੂੰ) ਪ੍ਰਨਾਮ ਕੀਤਾ ॥੨॥

ਧੁਨੰ ਬੇਦ ਕੀ ਭੂਪ ਤਾ ਤੇ ਕਰਾਈ ॥

ਰਾਜੇ ਨੇ ਉਨ੍ਹਾਂ ਤੋਂ ਵੇਦ-ਧੁਨ ਕਰਵਾਈ (ਵੇਦਾਂ ਦਾ ਪਾਠ ਕਰਵਾਇਆ)

ਸਬੈ ਪਾਸ ਬੈਠੇ ਸਭਾ ਬੀਚ ਭਾਈ ॥

ਅਤੇ ਸਾਰੇ ਭਰਾ ਸਭਾ ਵਿਚ ਇਕੱਠੇ ਬੈਠੇ।

ਪੜੇ ਸਾਮ ਬੇਦ ਜੁਜਰ ਬੇਦ ਕਥੰ ॥

(ਪਹਿਲਾਂ ਉਨ੍ਹਾਂ ਨੇ) ਸਾਮ ਵੇਦ ਪੜ੍ਹਿਆ, ਫਿਰ ਯਜੁਰ ਵੇਦ ਦਾ ਵਰਣਨ ਕੀਤਾ।

ਰਿਗੰ ਬੇਦ ਪਠਿਯੰ ਕਰੇ ਭਾਵ ਹਥੰ ॥੩॥

ਇਸ ਪਿਛੋਂ ਰਿਗ ਵੇਦ ਦਾ ਪਾਠ ਕੀਤਾ ਅਤੇ (ਰਾਜੇ ਅਤੇ ਲਵਬੰਸੀਆਂ ਨੇ ਵੇਦਾਂ ਦੇ ਸਾਰੇ) ਭਾਵ ਸਮਝ ਲਏ ॥੩॥

ਰਸਾਵਲ ਛੰਦ ॥

ਰਸਾਵਲ ਛੰਦ:

ਅਥਰ੍ਵ ਬੇਦ ਪਠਿਯੰ ॥

(ਜਦੋਂ ਕੁਸ਼-ਬੰਸੀਆਂ ਨੇ) ਅਥਰਵ ਵੇਦ ਦਾ ਪਾਠ ਕੀਤਾ

ਸੁਨੈ ਪਾਪ ਨਠਿਯੰ ॥

(ਤਾਂ ਉਸ ਨੂੰ ਸੁਣ ਕੇ) ਸਭ ਦਾ ਵੈਰ (ਪਾਪ) ਖ਼ਤਮ ਹੋ ਗਿਆ।

ਰਹਾ ਰੀਝ ਰਾਜਾ ॥

ਰਾਜਾ ਪ੍ਰਸੰਨ ਹੋ ਗਿਆ

ਦੀਆ ਸਰਬ ਸਾਜਾ ॥੪॥

ਅਤੇ (ਉਸ ਨੇ) ਸਾਰਾ ਰਾਜ-ਪਾਟ ਦੇ ਦਿੱਤਾ ॥੪॥

ਲਯੋ ਬਨ ਬਾਸੰ ॥

(ਰਾਜੇ ਨੇ) ਬਨਬਾਸ ਲੈ ਲਿਆ,