ਅੰਬਕਾ, ਜੰਭ ਰਾਖਸ਼ ਨੂੰ ਮਾਰਨ ਵਾਲੀ, ਕਾਰਤੀਕੇਯ ਦੀ ਸ਼ਕਤੀ ਨੂੰ ਨਮਸਕਾਰ ਹੈ;
ਮੁਰਦੇ ਉਤੇ ਸਵਾਰੀ ਕਰਨ ਵਾਲੀ, ਸਿਰ ਉਤੇ ਜੂੜਾ ਕਰਨ ਵਾਲੀ ਸ੍ਰੀ ਭਵਾਨੀ ਨੂੰ ਨਮਸਕਾਰ ਹੈ ॥੨੬॥੨੪੫॥
ਦੇਵਤਿਆਂ ਨੂੰ ਦੁਖ ਦੇਣ ਵਾਲਿਆਂ ਦਾ ਨਾਸ਼ ਕਰਨ ਵਾਲੀ ਨੂੰ ਨਮਸਕਾਰ ਹੈ;
ਗੋਰੇ, ਕਾਲੇ ਅਤੇ ਰਾਜ-ਗਰਦੀ ਆਦਿ ਅਨੰਤ ਰੂਪਾਂ ਵਾਲੀ (ਨੂੰ ਨਮਸਕਾਰ ਹੈ);
ਜੁਆਲਾ ਰੂਪ ਵਾਲੀ, ਵਿਜਈ, ਲਾਸਯ ਨਾਚ ਨਚਣ ਵਾਲੀ ਅਤੇ ਆਨੰਦ ਪ੍ਰਦਾਨ ਕਰਨ ਵਾਲੀ (ਨੂੰ ਨਮਸਕਾਰ ਹੈ)
ਪਾਰਬ੍ਰਹਮ ਦੀ ਸ਼ਕਤੀ, ਹਰੀ ਵਰਗੀ ਅਤੇ ਮੁਕਤੀ ਦੇਣ ਵਾਲੀ ਨੂੰ ਨਮਸਕਾਰ ਹੈ ॥੨੭॥੨੪੬॥
ਜਯੰਤੀ, ਮੰਗਲਾ ਅਤੇ ਕਾਲਿਕਾ ਨੂੰ ਨਮਸਕਾਰ ਹੈ;
ਕਪਾਲੀ, ਭਦ੍ਰਕਾਲੀ ਅਤੇ ਸ਼ਿਵਾ ਨੂੰ ਨਮਸਕਾਰ ਹੈ;
ਦੁਰਗਾ, ਸ਼ਾਂਤ-ਰੂਪ ਅਤੇ ਧਾਤ੍ਰੀ ਨੂੰ ਨਮਸਕਾਰ ਹੈ;
ਸਵਾਹਾ (ਅਗਨੀਰੂ ਪਾ) ਸੁਧਾ (ਅੰਮ੍ਰਿਤ-ਰੂਪਾ) ਅਤੇ ਸੀਤਲਾ ਨੂੰ ਨਮਸਕਾਰ ਹੈ ॥੨੮॥੨੪੭॥
ਸਭ ਨੂੰ ਚਬਣ ਵਾਲੀ ਅਤੇ ਧਰਮ-ਧੁਜਾ ਰੂਪ ਵਾਲੀ ਨੂੰ ਨਮਸਕਾਰ ਹੈ;
ਹਿੰਗੁਲਾ, ਪਿੰਗੁਲਾ ਅਤੇ ਅੰਬਕਾ ਨੂੰ ਨਮਸਕਾਰ ਹੈ;
ਲੰਬੀਆਂ ਦਾੜ੍ਹਾਂ ਵਾਲੀ ਨੂੰ ਨਮਸਕਾਰ ਹੈ, ਕਾਲੇ ਰੰਗ ਵਾਲੀ ਨੂੰ ਨਮਸਕਾਰ ਹੈ;
ਅੰਜਨੀ, ਗੰਜਨੀ ਅਤੇ ਦੈਂਤਾਂ ਨੂੰ ਦਲਣ ਵਾਲੀ ਨੂੰ ਨਮਸਕਾਰ ਹੈ ॥੨੯॥੨੪੮॥
ਅੱਧੇ ਚੰਦ੍ਰਮਾ ਨੂੰ ਧਾਰਨ ਕਰਨ ਵਾਲੀ ਅਤੇ ਚੰਦ੍ਰਮਾ ਨੂੰ ਆਪਣਾ ਮੁਕਟ ਬਣਾਉਣ ਵਾਲੀ ਨੂੰ ਨਮਸਕਾਰ ਹੈ;
ਇੰਦਰ-ਊਰਧਾ (ਇੰਦਰ ਅਥਵਾ ਬਦਲਾਂ ਨੂੰ ਸ਼ਕਤੀ ਪ੍ਰਦਾਨ ਕਰਨ ਵਾਲੀ) ਨੂੰ ਨਮਸਕਾਰ ਹੈ,
ਭਿਆਨਕ ਦਾੜ੍ਹਾਂ ਵਾਲੀ ਨੂੰ ਨਮਸਕਾਰ ਹੈ; ਚੰਦਰ ਨੂੰ ਮੱਥੇ ਉਤੇ ਧਾਰਨ ਕਰਨ ਵਾਲੀ, ਚੰਦ੍ਰ-ਭਾਲਾ ਅਤੇ ਭਵਾਨੀ ਨੂੰ ਨਮਸਕਾਰ ਹੈ;
ਭਵੀ, ਭੈਰਵੀ, ਭੂਤਰਾਣੀ ਅਤੇ ਕ੍ਰਿਪਾਨੀ ਨੂੰ ਨਮਸਕਾਰ ਹੈ ॥੩੦॥੨੪੯॥
ਕਲਿਯੁਗ ਦੇ ਕਾਰਨ ਅਤੇ ਕਾਰਜ ਦੇ ਕਰਨ ਵਾਲੀ ਕਾਮਾਖਿਆ ਦੇਵੀ ਨੂੰ ਨਮਸਕਾਰ ਹੈ;
ਅਪੱਛਰਾ, ਪਦਮਨੀ ਅਤੇ ਸਾਰੀਆਂ ਇੱਛਾਵਾਂ ਨੂੰ ਪੂਰਨ ਕਰਨ ਵਾਲੀ ਨੂੰ ਨਮਸਕਾਰ ਹੈ;
(ਸਭ ਨੂੰ) ਜਿਤਣ ਵਾਲੀ ਯੋਗਿਨੀ ਅਤੇ ਯੱਗ ਕਰਨ ਵਾਲੀ ਜਯੰਤੀ ਨੂੰ ਨਮਸਕਾਰ ਹੈ;
ਸ਼ੋਭਾ ਦੀ ਮਾਲਕ, ਸ੍ਰਿਸ਼ਟੀ ਦੀ ਸਿਰਜਨਾ ਕਰਨ ਵਾਲੀ ਅਤੇ ਵੈਰੀ ਨੂੰ ਮਾਰਨ ਵਾਲੀ ਨੂੰ ਨਮਸਕਾਰ ਹੈ ॥੩੧॥੨੫੦॥
(ਤੂੰ) ਪਵਿਤਰ, ਪੁਨੀਤ, ਪੁਰਾਤਨ, ਸਮਝ ਤੋਂ ਪਰੇ ('ਪਰੇਯੰ')
ਪ੍ਰਭੁਤਾ ਵਾਲੀ, ਪਰਿਪੂਰਣ, ਪਾਰਬ੍ਰਹਮ ਦੀ ਸ਼ਕਤੀ, ਅਜਿਤ,
ਰੂਪ-ਰਹਿਤ, ਉਪਮਾ-ਰਹਿਤ, ਨਾਮ ਰਹਿਤ, ਸਥਾਨ-ਰਹਿਤ,
ਡਰ ਤੋਂ ਰਹਿਤ, ਜਿਤੀ ਨਾ ਜਾ ਸਕਣ ਵਾਲੀ ਅਤੇ ਮਹਾਨ ਧਰਮਾਂ ਦਾ ਘਰ ਹੈਂ ॥੩੨॥੨੫੧॥
(ਤੂੰ) ਅਛੇਦ (ਨ ਛੇਦੇ ਜਾ ਸਕਣ ਵਾਲੀ) ਅਭੇਦ, ਅਕਰਮ ਅਤੇ ਸੁਧਰਮ ਹੈਂ,
ਬਾਣ ਅਤੇ ਢਾਲ ਨੂੰ ਹੱਥ ਵਿਚ ਧਾਰਨ ਕਰਨ ਵਾਲੀ ਅਤੇ ਕਵਚ-ਧਾਰੀ ਨੂੰ ਨਮਸਕਾਰ ਹੈ;
ਅਜਿਤ, ਅਭੇਦ, ਨਿਰਾਕਾਰ, ਸਦੀਵੀ ਹੈ;
ਰੂਪ ਤੋਂ ਬਿਨਾ, ਸ੍ਵ-ਭਾਵ ਤੋਂ ਰਹਿਤ, (ਸਭ ਦਾ) ਨਿਮਿਤ ਕਾਰਨ ਅਤੇ ਬਿਨਾ ਕੀਤਿਆਂ ਹੋਣ ਵਾਲੀ (ਨੂੰ ਨਮਸਕਾਰ ਹੈ) ॥੩੩॥੨੫੨॥
ਗੌਰੀ, ਗਿਰਜਾ, ਕਾਮ-ਗਾਮੀ (ਕਾਮਨਾ ਜਾਣਨ ਵਾਲੀ) ਗੁਪਾਲੀ (ਧਰਤੀ ਨੂੰ ਪਾਲਣ ਵਾਲੀ)
ਬਲਵਾਨ, ਬੀਰਣੀ, ਬਾਵਨੀ, ਯੱਗ ਦੀ ਅਗਨੀ (ਦੀ ਪਵਿਤਰਤਾ) ਵਾਲੀ (ਨੂੰ ਨਮਸਕਾਰ ਹੈ);
ਵੈਰੀਆਂ ਨੂੰ ਚਬ ਜਾਣ ਵਾਲੀ ਅਤੇ ਹੰਕਾਰ ਤੋੜਨ ਵਾਲੀ ਨੂੰ ਨਮਸਕਾਰ ਹੈ;
ਸਭ ਨੂੰ ਪ੍ਰਸੰਨ ਕਰਨ ਵਾਲੀ, ਸੁਕਾਉਣ ਵਾਲੀ ਅਤੇ ਭਰਨ ਵਾਲੀ ਨੂੰ ਨਮਸਕਾਰ ਹੈ ॥੩੪॥੨੫੩॥
ਸ਼ੇਰ ਉਤੇ ਘੋੜੇ ਵਾਂਗ ਸਵਾਰੀ ਕਰਨ ਵਾਲੀ ਅਤੇ ਪੂਜੇ ਜਾਣ ਯੋਗ ਅੰਗਾਂ ਵਾਲੀ ਨੂੰ ਨਮਸਕਾਰ ਹੈ;
ਸ਼ਰਧਾ ਰੂਪਾ, ਭੂਤਾਂ ਨੂੰ ਮਾਰਨ ਵਾਲੀ ਅਤੇ ਯੁੱਧ ਕਰਨ ਵਾਲੀ ਨੂੰ ਨਮਸਕਾਰ ਹੈ;
ਭਿਆਨਕ ਰੂਪ ਵਾਲੀ ਨੂੰ ਨਮਸਕਾਰ ਹੈ; ਜਗਤ ਮਾਤਾ ਨੂੰ ਨਮਸਕਾਰ ਹੈ;
ਸ਼ਿਵ ਦੀ ਸ਼ਕਤੀ, ਸ਼ਰਧਾ ਰੂਪਾ, ਜਗਤ ਵਿਚ ਪ੍ਰਸਿੱਧ ਅਤੇ ਬ੍ਰਹਮਾ ਦੀ ਸ਼ਕਤੀ ਨੂੰ ਨਮਸਕਾਰ ਹੈ ॥੩੫॥੨੫੪॥
ਪ੍ਰਭੁਤਾ ਵਾਲੀ, ਸਰਬਤ੍ਰ ਪਰਿਪੂਰਨ, ਪਰਮ ਪਵਿਤਰ ਰੂਪ ਵਾਲੀ (ਨੂੰ ਨਮਸਕਾਰ ਹੈ);
ਅਪੱਛਰਾ, ਪੋਸ਼ਣ ਕਰਨ ਵਾਲੀ, ਪਾਰਬ੍ਰਹਮ ਦੀ ਸ਼ਕਤੀ ਅਤੇ ਗਾਇਤ੍ਰੀ (ਨੂੰ ਨਮਸਕਾਰ ਹੈ);
ਜੱਟਾਂ ਵਾਲੇ ਸ਼ਿਵ ਦੇ ਤੇਜ ਵਾਲੀ, ਚੰਡ-ਮੁੰਡ ਨੂੰ ਮਾਰਨ ਵਾਲੀ ਚਮੁੰਡੀ (ਨੂੰ ਨਮਸਕਾਰ ਹੈ);
ਵਰ ਦੇਣ ਵਾਲੀ, ਦੁਸ਼ਟਾਂ ਦਾ ਖੰਡਨ ਕਰਨ ਵਾਲੀ ਅਖੰਡ-ਸਰੂਪਾ (ਨੂੰ ਨਮਸਕਾਰ ਹੈ) ॥੩੬॥੨੫੫॥
ਹੇ ਸਾਰਿਆਂ ਸੰਤਾਂ ਨੂੰ ਉਬਾਰਨ ਵਾਲੀ, ਸਾਰਿਆਂ (ਬ੍ਯੂਹ) ਨੂੰ ਵਰ ਦੇਣ ਵਾਲੀ (ਤੈਨੂੰ ਨਮਸਕਾਰ ਹੈ);
(ਸਭ ਨੂੰ) ਤਾਰਨ ਵਾਲੀ, ਕਾਰਨ-ਸਰੂਪਾ ਅਤੇ ਲੋਕ ਮਾਤਾ ਤੈਨੂੰ ਨਮਸਕਾਰ ਹੈ;
ਹੇ! ਭਵਾਨੀ ਤੈਨੂੰ ਬਾਰ ਬਾਰ ਨਮਸਕਾਰ ਹੈ।
ਹੇ ਕ੍ਰਿਪਾ ਕਰਨ ਵਾਲੀ! ਕ੍ਰਿਪਾ ਪੂਰਵਕ ਮੇਰੀ ਸਦਾ ਹੀ ਰਖਿਆ ਕਰ ॥੩੭॥੨੫੬॥
ਇਥੇ ਸ੍ਰੀ ਬਚਿਤ੍ਰ ਨਾਟਕ ਵਿਚ ਚੰਡੀ ਚਰਿਤ੍ਰ ਪ੍ਰਸੰਗ ਦੇ 'ਦੇਵੀ ਜੀ ਕੀ ਉਸਤਤ-ਵਰਣਨ' ਨਾਂ ਦੇ ਸੱਤਵੇਂ ਅਧਿਆਇ ਦੀ ਸ਼ੁਭ ਸਮਾਪਤੀ ॥੭॥
ਹੁਣ ਚੰਡੀ ਚਰਿਤ੍ਰ ਦੀ ਉਸਤਤ ਦਾ ਵਰਣਨ
ਭੁਜੰਗ ਪ੍ਰਯਾਤ ਛੰਦ:
ਚੌਂਠ ਜੋਗਣਾਂ ਨੇ (ਲਹੂ ਨਾਲ) ਚੰਗੀ ਤਰ੍ਹਾਂ ('ਚਾਰੰ') ਖੱਪਰ ਭਰੇ ਹੋਏ ਹਨ
ਅਤੇ ਡਕਾਰ ਤੇ ਡਕਾਰ ਮਾਰਦੀਆਂ ਥਾਂ-ਥਾਂ ਚਲ ਰਹੀਆਂ ਹਨ।
(ਆਪਣੇ) ਘਰਾਂ ਪ੍ਰਤਿ ਨੇਹ ਨਾਲ ਭਰੇ ਹੋਏ ਭਿਆਨਕ ('ਬੰਕੰ') ਕਾਂ ਚਲੇ ਗਏ ਸਨ
ਅਤੇ ਸੂਰਵੀਰ ਯੁੱਧ-ਭੂਮੀ (ਅਹਾੜੰ) ਵਿਚ ਨਿਸੰਗ ਰੁਲ ਰਹੇ ਸਨ ॥੧॥੨੫੭॥
ਹੱਥ ਵਿਚ ਬੀਣਾ ਲਏ ਨਾਰਦ ਵੀ ਚਲਿਆ ਗਿਆ ਸੀ। ਸਜੇ ਹੋਏ
ਬਲਦ ਵਾਲਾ (ਬਾਰਦੀ-ਸ਼ਿਵ) ਡਕ-ਡਕ ਡਉਰੂ ਵਜਾ ਰਿਹਾ ਸੀ,
ਯੁੱਧ-ਭੂਮੀ ਵਿਚ ਘੋੜਿਆਂ ਅਤੇ ਹਾਥੀਆਂ ਵਾਲੇ ਸੂਰਵੀਰ ('ਗਾਜੀ') ਡਿਗੇ ਪਏ ਸਨ।
ਵੱਢੇ ਟੁੱਕੇ (ਮੁਰਦੇ) ਰੁਲ ਰਹੇ ਸਨ ਅਤੇ ਭੂਤ ਪ੍ਰੇਤ ਨਚ ਰਹੇ ਸਨ ॥੨॥੨੫੮॥
ਅੱਧੇ ਕਟੇ ਹੋਏ ਧੜ ਅਤੇ ਬੀਰ-ਬੈਤਾਲ ਨਚ ਰਹੇ ਸਨ; (ਜਿਨ੍ਹਾਂ ਨੇ ਵੈਰੀ ਨੂੰ) ਮਾਰਨ ਲਈ
(ਹੱਥਾਂ ਨਾਲ) ਗੋਪੀਏ ਬੰਨ੍ਹੇ ਹੋਏ ਹਨ ਅਤੇ ਹੱਥਾਂ ਉਤੇ ਵੈਰੀ ਨੂੰ ਮਾਰਨ ਲਈ ਲੋਹੇ ਦੇ ਦਸਤਾਨੇ ('ਗੁਲਿਤ੍ਰਾਣ') ਪਾਏ ਹੋਏ ਸਨ, ਮਾਰੇ ਗਏ ਹਨ;
ਸਾਰੇ ਸਾਧੂ ਡਰ ਤੋਂ ਨਿਡਰ ਹੋ ਗਏ ਹਨ;
ਲੋਕ-ਮਾਤਾ ਨੂੰ ਨਮਸਕਾਰ ਹੈ (ਜਿਸ ਨੇ) ਚੰਗੀ ਤਰ੍ਹਾਂ ਵੈਰੀਆਂ ਉਤੇ ਜਿਤ ਪ੍ਰਾਪਤ ਕਰ ਲਈ ਹੈ ॥੩॥੨੫੯॥
(ਜੋ ਕੋਈ) ਮੂਰਖ ਵੀ ਇਸ (ਚਰਿਤ੍ਰ) ਨੂੰ ਪੜ੍ਹੇਗਾ (ਉਸ ਦੇ) ਘਰ ਧੰਨ ਦਾ ਵਾਧਾ ਹੋਵੇਗਾ;
(ਜੇ ਕੋਈ) ਸੋਫੀ (ਪਰਹੇਜ਼ਗਾਰ) ਅਤੇ ਸ਼ੂਮ (ਕੰਜੂਸ) ਸੁਣੇਗਾ, (ਉਹ ਵੀਰ-ਰਸ ਦੇ ਸੰਚਾਰ ਕਾਰਨ) ਤਕੜਾ ਯੁੱਧ ਕਰੇਗਾ;
(ਜੋ) ਯੋਗੀ ਰਾਤ ਜਾਗ ਕੇ ਇਸ ਦਾ ਜਾਪ ਕਰੇਗਾ,
(ਉਹ) ਸ੍ਰੇਸ਼ਠ ਯੋਗ ਨੂੰ ਧਾਰਨ ਕਰੇਗਾ ਅਤੇ ਸਿੱਧੀ ਨੂੰ ਪ੍ਰਾਪਤ ਕਰੇਗਾ ॥੪॥੨੬੦॥
ਵਿਦਿਆ ਲਈ (ਜੋ) ਵਿਦਿਆਰਥੀ ਇਸ ਨੂੰ ਪੜ੍ਹੇਗਾ,
(ਉਹ) ਸਾਰਿਆਂ ਸ਼ਾਸਤ੍ਰਾਂ ਦੇ ਗਿਆਨ ਨੂੰ ਪ੍ਰਾਪਤ ਕਰ ਲਏਗਾ।
(ਜੋ) ਕੋਈ ਯੋਗੀ, ਸੰਨਿਆਸੀ ਅਥਵਾ ਬੈਰਾਗੀ (ਇਸ ਨੂੰ) ਜਪੈਗਾ,
ਉਸ ਨੂੰ ਸਾਰਿਆਂ ਪੁੰਨਾਂ ਦਾ ਪੁੰਨ ਪ੍ਰਾਪਤ ਹੋਵੇਗਾ ॥੫॥੨੬੧॥
ਦੋਹਰਾ:
(ਹੇ ਦੇਵੀ ਮਾਤਾ!) ਜੋ ਜੋ ਸੰਤ ਨਿੱਤ ਉਠ ਕੇ ਤੇਰਾ ਧਿਆਨ ਧਰਨਗੇ,
(ਉਹ) ਅੰਤ ਵਿਚ ਮੁਕਤੀ ਰੂਪੀ ਫਲ ਪ੍ਰਾਪਤ ਕਰਨਗੇ ਅਤੇ ਭਗਵਾਨ ਨੂੰ ਪ੍ਰਾਪਤ ਕਰ ਲੈਣਗੇ, (ਅਰਥਾਤ ਭਗਵਾਨ ਨਾਲ ਅਭੇਦ ਹੋ ਜਾਣਗੇ) ॥੬॥੨੬੨॥
ਇਥੇ ਸ੍ਰੀ ਬਚਿਤ੍ਰ-ਨਾਟਕ ਦੇ ਚੰਡੀ-ਚਰਿਤ੍ਰ ਪ੍ਰਸੰਗ ਵਿਚ 'ਚੰਡੀ ਚਰਿਤ੍ਰ-ਉਸਤਤ-ਵਰਣਨ' ਨਾਂ ਦੇ ਅੱਠਵਾਂ ਅਧਿਆਇ ਦੀ ਸ਼ੁਭ ਸਮਾਪਤੀ ॥੮॥
ਸ੍ਰੀ ਭਗਉਤੀ ਜੀ ਸਹਾਇ:
ਹੁਣ ਵਾਰ ਸ੍ਰੀ ਭਗਉਤੀ ਜੀ ਕੀ ਲਿਖਦੇ ਹਾ:
ਪਾਤਸ਼ਾਹੀ ੧੦:
(ਸਭ ਤੋਂ) ਪਹਿਲਾਂ ਭਗੌਤੀ ਨੂੰ ਸਿਮਰਦਾ ਹਾਂ ਅਤੇ ਫਿਰ ਗੁਰੂ ਨਾਨਕ ਦੇਵ ਨੂੰ ਯਾਦ ਕਰਦਾ ਹਾਂ।
(ਫਿਰ) ਗੁਰੂ ਅੰਗਦ, (ਗੁਰੂ) ਅਮਰਦਾਸ ਅਤੇ (ਗੁਰੂ) ਰਾਮਦਾਸ (ਨੂੰ ਸਿਮਰਦਾ ਹਾਂ ਕਿ ਮੇਰੇ) ਸਹਾਈ ਹੋਣ।
(ਗੁਰੂ) ਅਰਜਨ ਦੇਵ, (ਗੁਰੂ) ਹਰਿਗੋਬਿੰਦ ਅਤੇ (ਗੁਰੂ) ਸ੍ਰੀ ਹਰਿ ਰਾਇ ਨੂੰ ਸਿਮਰਦਾ ਹਾਂ।
(ਫਿਰ ਗੁਰੂ) ਸ੍ਰੀ ਹਰਿਕ੍ਰਿਸ਼ਨ ਨੂੰ ਆਰਾਧਦਾ ਹਾਂ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਸਾਰੇ ਦੁਖ ਦੂਰ ਹੋ ਜਾਂਦੇ ਹਨ।
(ਗੁਰੂ) ਤੇਗ ਬਹਾਦਰ ਦੇ ਸਿਮਰਨ ਨਾਲ ਨੌ ਨਿੱਧਾਂ (ਖ਼ਜ਼ਾਨੇ) (ਘਰ ਵਿਚ) ਭਜਦੀਆਂ ਚਲੀਆਂ ਆਉਂਦੀਆਂ ਹਨ।
(ਸਾਰੇ ਗੁਰੂ ਮੈਨੂੰ) ਸਭ ਥਾਈਂ ਸਹਾਇਕ ਹੋਣ ॥੧॥
ਪਉੜੀ:
ਪਰਮ-ਸੱਤਾ ਨੇ (ਸਭ ਤੋਂ) ਪਹਿਲਾਂ ਖੜਗ (ਰੂਪੀ ਸ਼ਕਤੀ) ਨੂੰ ਸਿਰਜ ਕੇ (ਫਿਰ) ਸਾਰੇ ਸੰਸਾਰ ਦੀ ਰਚਨਾ ਕੀਤੀ।
ਬ੍ਰਹਮਾ, ਵਿਸ਼ਣੂ ਅਤੇ ਸ਼ਿਵ ਨੂੰ ਪੈਦਾ ਕਰਕੇ (ਫਿਰ) ਕੁਦਰਤ ਦੀ ਖੇਡ ਰਚ ਕੇ ਬਣਾਈ।
ਸਮੁੰਦਰ, ਪਰਬਤ ਅਤੇ ਧਰਤੀ (ਬਣਾਈ ਅਤੇ) ਬਿਨਾ ਥੰਮਾਂ ਦੇ ਆਕਾਸ਼ ਨੂੰ ਸਥਿਤ (ਕਰਨ ਦੀ ਵਿਵਸਥਾ ਕੀਤੀ)।
(ਫਿਰ) ਦੈਂਤ ਅਤੇ ਦੇਵਤੇ ਸਿਰਜੇ ਅਤੇ ਉਨ੍ਹਾਂ ਅੰਦਰ ਵੈਰ-ਵਿਵਾਦ ਪੈਦਾ ਕੀਤਾ।
ਤੂੰ ਹੀ ਦੁਰਗਾ ਦੀ ਸਿਰਜਨਾ ਕਰਕੇ (ਉਸ ਤੋਂ) ਦੈਂਤਾਂ ਦਾ ਨਾਸ਼ ਕਰਵਾਇਆ।
ਤੇਰੇ ਤੋਂ ਹੀ ਰਾਮ ਚੰਦਰ ਨੇ ਬਲ ਪ੍ਰਾਪਤ ਕਰ ਕੇ ਬਾਣਾਂ ਨਾਲ ਰਾਵਣ ਦਾ ਵੱਧ ਕੀਤਾ।
ਤੇਰੇ ਤੋਂ ਹੀ ਬਲ ਲੈ ਕੇ ਕ੍ਰਿਸ਼ਨ ਨੇ ਕੰਸ ਨੂੰ ਵਾਲਾਂ ਤੋਂ ਪਕੜ ਕੇ (ਅਰਥਾਂਤਰ ਕੇਸੀ ਪਹਿਲਵਾਨ ਨੂੰ) ਡਿਗਾਇਆ ਸੀ।
ਵਡਿਆਂ ਵਡਿਆਂ ਮੁਨੀਆਂ ਅਤੇ ਦੇਵਤਿਆਂ ਨੇ ਕਈ ਯੁਗਾਂ ਤਕ ਤਪਸਿਆ ਕੀਤੀ,
(ਪਰ ਉਨ੍ਹਾਂ ਵਿਚੋਂ) ਕਿਸੇ ਨੇ ਤੇਰਾ ਅੰਤ ਪ੍ਰਾਪਤ ਨਹੀਂ ਕੀਤਾ ॥੨॥
ਸਾਧੂ ਰੁਚੀਆਂ ਵਾਲਾ ਸਤਿਯੁਗ ਬੀਤ ਗਿਆ ਅਤੇ ਅੱਧੇ ਸ਼ੀਲ (ਉੱਤਮਤਾ) ਵਾਲਾ ਤ੍ਰੇਤਾ-ਯੁਗ ਆ ਗਿਆ।