ਸੂਰਮੇ (ਪੁੰਨੂੰ) ਨੂੰ ਤੀਰ ਲਗਦਿਆਂ ਹੀ (ਉਹ) ਕ੍ਰੋਧ ਨਾਲ ਭਰ ਗਿਆ
ਅਤੇ ਘੋੜੇ ਨੂੰ ਭਜਾ ਕੇ ਉਸ ਨੂੰ ਮਾਰ ਦਿੱਤਾ।
ਉਸ ਨੂੰ ਮਾਰ ਕੇ ਫਿਰ ਆਪ ਮਰ ਗਿਆ
ਅਤੇ ਸਵਰਗ ਲੋਕ ਵਿਚ ਜਾ ਪਹੁੰਚਿਆ ॥੩੫॥
ਦੋਹਰਾ:
ਉਸ ਨੂੰ ਮਾਰ ਕੇ ਰਾਜਾ (ਪੁੰਨੂੰ) ਧਰਤੀ ਉਤੇ ਡਿਗ ਪਿਆ।
ਨੌਕਰਾਂ (ਸੇਵਕਾਂ) ਨੇ ਕੋਲ ਪਹੁੰਚ ਕੇ ਉਸ ਨੂੰ ਗਲੇ ਨਾਲ ਲਗਾ ਲਿਆ ॥੩੬॥
ਚੌਪਈ:
ਨੌਕਰਾਂ ਦਾ ਅਜਿਹਾ ਹਾਲ ਹੋ ਗਿਆ
ਮਾਨੋ (ਅਚਾਨਕ ਕੋਈ) ਧਨਵਾਨ ਨਿਰਧਨ ਹੋ ਗਿਆ ਹੋਵੇ।
ਰਾਜੇ ਨੂੰ ਦੇ ਕੇ (ਅਰਥਾਤ ਮਰਵਾ ਕੇ) ਅਸੀਂ ਘਰ ਕੀ ਜਾਵਾਂਗੇ
ਅਤੇ ਰਾਣੀ ਨੂੰ ਕੀ ਮੂੰਹ ਵਿਖਾਵਾਂਗੇ ॥੩੭॥
ਤਾਂ ਉਨ੍ਹਾਂ ਨੂੰ ਆਕਾਸ਼ਬਾਣੀ ਹੋਈ
ਕਿ ਹੇ ਨੌਕਰੋ! ਤੁਹਾਡੀ ਹੋਸ਼ ਕਿਥੇ ਗਈ ਹੈ।
ਜੇ ਕੋਈ ਵੱਡਾ ਸੂਰਮਾ ਮਾਰਿਆ ਜਾਵੇ,
ਤਾਂ ਉਸ ਨੂੰ ਰਣ-ਭੂਮੀ ਵਿਚੋਂ ਕੌਣ ਚੁਕਦਾ ਹੈ? ॥੩੮॥
ਦੋਹਰਾ:
ਇਸ ਲਈ ਇਸ ਦੀ ਕਬਰ ਪੁਟ ਕੇ ਇਥੇ ਹੀ ਦਫ਼ਨਾ ਦਿਓ
ਅਤੇ ਇਸ ਦਾ ਘੋੜਾ ਅਤੇ ਬਸਤ੍ਰ ਲੈ ਕੇ ਘਰ ਜਾਓ ਅਤੇ ਜਾ ਕੇ ਸਾਰਾ ਸੁਨੇਹਾ ਦਿਓ ॥੩੯॥
ਆਕਾਸ਼ ਬਾਣੀ ਸੁਣ ਕੇ ਉਸ ਨੂੰ (ਉਥੇ ਹੀ) ਗਡ ਦਿੱਤਾ ਅਤੇ ਨੌਕਰ ਪਵਨ ਦਾ ਰੂਪ ਹੋ ਗਏ। (ਅਰਥਾਤ ਬਹੁਤ ਜਲਦੀ ਚਲ ਪਏ)।
ਘੋੜਾ ਅਤੇ ਬਸਤ੍ਰ ਲੈ ਕੇ (ਉਨ੍ਹਾਂ ਨੇ) ਬਾਲਾ (ਸਸਿਯਾ) ਨੂੰ ਸੁਨੇਹਾ ਦਿੱਤਾ ॥੪੦॥
ਚੌਪਈ:
ਉਹ ਵਡਭਾਗਣ ਬਾਲਾ (ਸਸਿਯਾ)
ਜਿਥੇ ਪ੍ਰੀਤਮ ਦੀ ਯਾਦ ਵਿਚ ਜੁੜੀ ਬੈਠੀ ਸੀ
ਤਦ (ਉਥੇ ਉਨ੍ਹਾਂ) ਨੌਕਰਾਂ ਨੇ ਖ਼ਬਰ ਦਿੱਤੀ।
(ਜਿਸ ਨੂੰ ਸੁਣ ਕੇ ਬਾਲਾ ਦਾ) ਲਾਲ ਰੰਗ ਪੀਲਾ ਪੈ ਗਿਆ ॥੪੧॥
ਦੋਹਰਾ:
(ਤਦ) ਉਹ ਇਸਤਰੀ ਸੁਖਪਾਲ ਵਿਚ ਬੈਠ ਕੇ ਉਥੋਂ ਨੂੰ ਚਲ ਪਈ ਜਿਥੇ ਉਸ ਦਾ ਪ੍ਰੀਤਮ ਮਾਰਿਆ ਗਿਆ ਸੀ (ਅਤੇ ਮਨ ਵਿਚ ਪ੍ਰਤਿਗਿਆ ਕਰਨ ਲਗੀ ਕਿ)
ਜਾਂ ਤਾਂ ਪ੍ਰੀਤਮ ਨੂੰ (ਮੈਂ) ਨਾਲ ਲੈ ਜਾਵਾਂਗੀ ਜਾਂ ਆਪਣੇ ਪ੍ਰਾਣ ਤਿਆਗ ਦੇਵਾਂਗੀ ॥੪੨॥
ਚੌਪਈ:
ਚਲਦੀ ਚਲਦੀ ਇਸਤਰੀ ਉਥੇ ਆ ਪਹੁੰਚੀ
ਜਿਥੇ (ਉਸ ਦਾ) ਸੁਖਦਾਇਕ ਮਿਤਰ ਦਬਿਆ ਹੋਇਆ ਸੀ।
ਉਸ ਕਬਰ ਨੂੰ ਵੇਖ ਕੇ ਮਨ ਵਿਚ ਹੈਰਾਨ ਹੋ ਗਈ
ਅਤੇ ਉਸੇ ਵਿਚ ਲੀਨ ਹੋ ਗਈ ॥੪੩॥
ਦੋਹਰਾ:
ਮਰਨਾ ਸਭ ਦੇ ਸਿਰ ਉਤੇ (ਲਿਖਿਆ ਹੈ) ਪਰ ਸਫਲ ਮਰਨਾ ਉਸ ਦਾ ਹੈ
ਜੋ ਛਿਣ ਭਰ ਵਿਚ ਪ੍ਰੀਤਮ ਦੀ ਪ੍ਰੀਤ ਵਿਚ ਸ਼ਰੀਰ ਤਿਆਗ ਦੇਵੇ ॥੪੪॥
ਜਿਥੇ ਤਨ ਦਬਿਆ ਹੋਇਆ ਸੀ। ਹੇ ਪ੍ਰਾਣ! (ਉਥੇ) ਤੁਸੀਂ ਮਿਲ ਗਏ, ਅੰਗ ਸਾਰੇ ਅੰਗਾਂ ਨਾਲ ਮਿਲ ਗਏ।
ਸਭ ਕੁਝ ਛਡ ਕੇ ਪਿਆਰੇ ਦੇ ਨਾਲ ਦਰਗਾਹ ਨੂੰ ਚਲੇ ਗਏ ॥੪੫॥
ਪਵਨ ਪਵਨ ਨਾਲ, ਅਗਨੀ ਅਗਨੀ ਨਾਲ, ਆਕਾਸ਼ ਆਕਾਸ਼ ਨਾਲ, ਮਿੱਟੀ ਮਿੱਟੀ ਨਾਲ,
ਜਲ ਜਲ ਨਾਲ (ਭਾਵ ਪੰਜ ਤੱਤ੍ਵ ਪੰਜ ਮਹਾ ਤੱਤ੍ਵਾਂ ਨਾਲ) ਮਿਲ ਗਏ ਅਤੇ ਤਨ ਪ੍ਰੀਤਮ ਦੇ ਸਭ ਅੰਗਾਂ ਨਾਲ ਇਕਮਿਕ ਹੋ ਗਿਆ ॥੪੬॥
ਚੌਪਈ:
ਉਸ ਇਸਤਰੀ ਨੇ ਪ੍ਰੀਤਮ ਲਈ ਆਪਣਾ ਸ਼ਰੀਰ ਕੁਰਬਾਨ ਕਰ ਦਿੱਤਾ
ਅਤੇ ਉਸ ਨੂੰ ਦੇਵ-ਲੋਕ ਵਿਚ ਲੈ ਗਈ।
ਇੰਦਰ ('ਬਾਸਵ') ਨੇ ਉਸ ਨੂੰ ਅੱਧਾ ਸਿੰਘਾਸਨ ਦੇ ਦਿੱਤਾ
ਅਤੇ ਤਰ੍ਹਾਂ ਤਰ੍ਹਾਂ ਨਾਲ ਆਦਰ ਕੀਤਾ ॥੪੭॥
ਦੋਹਰਾ:
(ਉਸ ਨੂੰ) ਦੇਵਤਿਆਂ ਦੀਆਂ ਇਸਤਰੀਆਂ ਅਤੇ ਅਪੱਛਰਾਵਾਂ ਨੇ ਬਿਵਾਨ ਵਿਚ ਚੜ੍ਹਾ ਲਿਆ