ਸ਼੍ਰੀ ਦਸਮ ਗ੍ਰੰਥ

ਅੰਗ - 476


ਜੀਤਿ ਫਿਰੈ ਸਭ ਦੇਸਨ ਕਉ ਸੋਊ ਭਾਜਿ ਗਏ ਜਿਹ ਓਰਿ ਨਿਹਾਰੇ ॥

(ਜਿਹੜੇ) ਸਾਰਿਆਂ ਦੇਸਾਂ ਨੂੰ ਜਿਤ ਕੇ ਪਰਤੇ ਸਨ, ਉਨ੍ਹਾਂ ਨੇ ਜਿਧਰ ਵੀ (ਰਾਹ) ਵੇਖਿਆ, (ਉਧਰ ਨੂੰ) ਭਜ ਗਏ ਹਨ।

ਜੋ ਜਮ ਕੇ ਸੰਗਿ ਜੂਝ ਕਰੈ ਤਬ ਅੰਤਕ ਤੇ ਨਹਿ ਜਾਤ ਨਿਵਾਰੇ ॥

ਜੋ ਯਮ ਨਾਲ ਯੁੱਧ ਕਰਦੇ ਸਨ ਅਤੇ ਉਦੋਂ ਯਮਰਾਜ ਤੋਂ ਪਿਛੇ ਹਟਾਏ ਨਹੀਂ ਜਾ ਸਕਦੇ ਸਨ,

ਤੇ ਭਟ ਜੂਝਿ ਪਰੇ ਰਨ ਮੈ ਜਦੁਬੀਰ ਕੇ ਕੋਪ ਕ੍ਰਿਪਾਨ ਕੇ ਮਾਰੇ ॥੧੭੮੯॥

ਉਹ ਸੂਰਮੇ ਸ੍ਰੀ ਕ੍ਰਿਸ਼ਨ ਦੇ ਕ੍ਰੋਧਿਤ ਹੋਣ ਤੇ ਕ੍ਰਿਪਾਨ ਨਾਲ ਮਾਰੇ ਹੋਏ ਰਣ-ਭੂਮੀ ਵਿਚ ਮੂਧੇ ਮੂੰਹ ਡਿਗੇ ਪਏ ਹਨ ॥੧੭੮੯॥

ਏਕ ਹੁਤੋ ਬਲਬੀਰ ਬਡੋ ਜਦੁਬੀਰ ਲਿਲਾਟ ਮੈ ਬਾਨ ਲਗਾਯੋ ॥

ਇਕ ਬਹੁਤ ਵੱਡਾ ਸੂਰਮਾ ਸੀ, (ਉਸ ਨੇ) ਸ੍ਰੀ ਕ੍ਰਿਸ਼ਨ ਦੇ ਮੱਥੇ ਵਿਚ ਬਾਣ ਮਾਰਿਆ ਹੈ।

ਫੋਕ ਰਹੀ ਗਡਿ ਭਉਹਨਿ ਮੈ ਸਰੁ ਛੇਦ ਸਭੈ ਸਿਰ ਪਾਰ ਪਰਾਯੋ ॥

(ਉਸ ਬਾਣ ਦੀ) ਫੋਕ ਭੌਆਂ ਵਿਚ ਗੱਡੀ ਗਈ ਹੈ ਅਤੇ ਬਾਣ ਸਿਰ ਨੂੰ ਛੇਕ ਕੇ ਪਾਰ ਲੰਘ ਗਿਆ ਹੈ।

ਸ੍ਯਾਮ ਕਹੈ ਉਪਮਾ ਤਿਹ ਕੀ ਬਰ ਘਾਇ ਲਗੇ ਬਹੁ ਸ੍ਰੋਨ ਬਹਾਯੋ ॥

(ਕਵੀ) ਸ਼ਿਆਮ ਉਸ ਦੀ ਸੁੰਦਰ ਉਪਮਾ ਕਹਿੰਦੇ ਹਨ ਕਿ ਘਾਓ ਲਗਣ ਨਾਲ ਬਹੁਤ ਲਹੂ ਵਗ ਰਿਹਾ ਹੈ,

ਮਾਨਹੁ ਇੰਦ੍ਰ ਪੈ ਕੋਪੁ ਕੀਯੋ ਸਿਵ ਤੀਸਰੇ ਨੈਨ ਕੋ ਤੇਜ ਦਿਖਾਯੋ ॥੧੭੯੦॥

ਮਾਨੋ ਇੰਦਰ ਉਤੇ ਕ੍ਰੋਧ ਕਰ ਕੇ ਸ਼ਿਵ ਨੇ ਤੀਜੇ ਨੇਤਰ ਦਾ ਤੇਜ ਵਿਖਾਇਆ ਹੋਵੇ ॥੧੭੯੦॥

ਜਦੁਬੀਰ ਮਹਾ ਰਨਧੀਰ ਜਬੈ ਸੁ ਧਵਾਇ ਪਰੇ ਰਥ ਇਉ ਕਹਿ ਕੈ ॥

ਮਹਾਨ ਰਣਧੀਰ ਸ੍ਰੀ ਕ੍ਰਿਸ਼ਨ ਜਦੋਂ ਰਥ ਨੂੰ ਭਜਾ ਕੇ ਇਹ ਕਹਿੰਦੇ ਹੋਏ ਜਾ ਪਏ ਕਿ

ਬਲਿ ਦਛਨ ਓਰਿ ਨਿਹਾਰ ਕਿਤੋ ਦਲ ਧਾਯੋ ਹੈ ਸਸਤ੍ਰ ਸਬੈ ਗਹਿ ਕੈ ॥

ਹੇ ਬਲਰਾਮ! ਦੱਖਣ ਵਾਲੇ ਪਾਸੇ ਵਲ ਵੇਖ ਕਿ ਕਿਤਨੀ ਹੀ ਵੈਰੀ ਸੈਨਾ ਹਥਿਆਰ ਧਾਰਨ ਕਰ ਕੇ ਆ ਪਈ ਹੈ।

ਬਤੀਯਾ ਸੁਨਿ ਸੋ ਬ੍ਰਿਜ ਨਾਇਕ ਕੀ ਹਲ ਸੋ ਬਲਿ ਧਾਇ ਲੀਏ ਚਹਿ ਕੈ ॥

ਸ੍ਰੀ ਕ੍ਰਿਸ਼ਨ ਦੀਆਂ ਇਸ ਤਰ੍ਹਾਂ ਗੱਲਾਂ ਸੁਣ ਕੇ ਬਲਰਾਮ ਨੇ ਭਜ ਕੇ ਉਤਸਾਹ ਨਾਲ 'ਹਲ' ਫੜ ਲਿਆ (ਅਤੇ ਵਾਰ ਕੀਤਾ)।

ਤਿਹ ਕੋ ਅਤਿ ਸ੍ਰੋਨ ਪਰਿਓ ਭੂਅ ਮੈ ਮਨੋ ਸਾਰਸੁਤੀ ਸੁ ਚਲੀ ਬਹਿ ਕੈ ॥੧੭੯੧॥

ਉਸ (ਵੈਰੀ) ਦਾ ਬਹੁਤ ਹੀ ਲਹੂ ਧਰਤੀ ਉਤੇ ਪੈ ਰਿਹਾ ਹੈ, ਮਾਨੋ ਸਰਸਵਤੀ ਨਦੀ ਵਗ ਰਹੀ ਹੋਵੇ ॥੧੭੯੧॥

ਏਕ ਨਿਹਾਰ ਭਯੋ ਅਤਿ ਆਹਵ ਸ੍ਯਾਮ ਭਨੈ ਤਜਿ ਕੈ ਰਨ ਭਾਗੇ ॥

(ਕਵੀ) ਸ਼ਿਆਮ ਕਹਿੰਦੇ ਹਨ, ਬਹੁਤ ਭਿਆਨਕ ਯੁੱਧ ਹੋਇਆ ਹੈ ਜਿਸ ਨੂੰ ਵੇਖ ਕੇ ਕਈ (ਯੋਧੇ) ਰਣ-ਭੂਮੀ ਨੂੰ ਛਡ ਕੇ ਭਜ ਗਏ ਹਨ।

ਘਾਇਲ ਘੂਮਤ ਏਕ ਫਿਰੈ ਮਨੋ ਨੀਦ ਘਨੀ ਨਿਸਿ ਕੇ ਕਹੂੰ ਜਾਗੇ ॥

ਕਈ ਇਕ ਘਾਇਲ ਇਸ ਤਰ੍ਹਾਂ ਘੁੰਮਦੇ ਫਿਰਦੇ ਹਨ, ਮਾਨੋ ਰਾਤ ਦੇ ਜਾਗੇ ਹੋਏ ਹੋਣ ਕਰ ਕੇ ਬਹੁਤ ਉਨੀਂਦਰੇ ਹੋਣ।

ਪਉਰਖਵੰਤ ਬਡੇ ਭਟ ਏਕ ਸੁ ਸ੍ਯਾਮ ਸੋ ਜੁਧ ਹੀ ਕਉ ਅਨੁਰਾਗੇ ॥

ਕਈ ਬਹੁਤ ਭਾਰੀ ਸੂਰਮੇ (ਕੇਵਲ) ਸ੍ਰੀ ਕ੍ਰਿਸ਼ਨ ਨਾਲ ਯੁੱਧ ਕਰਨ ਦੇ ਇਛੁਕ ਹਨ।

ਏਕ ਤ੍ਯਾਗ ਕੈ ਸਸਤ੍ਰ ਸਬੈ ਜਦੁਰਾਇ ਕੇ ਆਇ ਕੈ ਪਾਇਨ ਲਾਗੈ ॥੧੭੯੨॥

ਕਈ ਸਾਰਿਆਂ ਸ਼ਸਤ੍ਰਾਂ ਨੂੰ ਤਿਆਗ ਕੇ ਅਤੇ ਆ ਕੇ ਸ੍ਰੀ ਕ੍ਰਿਸ਼ਨ ਦੇ ਪੈਰੀਂ ਪੈ ਗਏ ਹਨ ॥੧੭੯੨॥

ਦੋਹਰਾ ॥

ਦੋਹਰਾ:

ਭਜੇ ਸਤ੍ਰ ਜਬ ਜੁਧ ਤੇ ਮਨ ਮੈ ਤ੍ਰਾਸ ਬਢਾਇ ॥

ਜਦੋਂ ਵੈਰੀ ਮਨ ਵਿਚ ਭੈਭੀਤ ਹੋ ਕੇ ਯੁੱਧ-ਭੂਮੀ ਤੋਂ ਭਜ ਗਏ

ਅਉਰ ਸੂਰ ਆਵਤ ਭਏ ਕਰਵਾਰਿਨ ਚਮਕਾਇ ॥੧੭੯੩॥

(ਤਦੋਂ) ਹੋਰ ਸੂਰਮੇ ਤਲਵਾਰਾਂ ਚਮਕਾਉਂਦੇ ਹੋਏ ਆ ਗਏ ॥੧੭੯੩॥

ਸਵੈਯਾ ॥

ਸਵੈਯਾ:

ਸਸਤ੍ਰ ਸੰਭਾਰਿ ਸਭੈ ਭਟ ਆਇ ਕੈ ਧਾਇ ਕੈ ਸ੍ਯਾਮ ਸੋ ਜੁਧੁ ਮਚਾਯੋ ॥

ਸ਼ਸਤ੍ਰਾਂ ਨੂੰ ਸੰਭਾਲ ਕੇ ਸਾਰੇ ਸੂਰਮੇ ਧਾਵਾ ਕਰ ਕੇ ਆਉਂਦੇ ਹਨ ਅਤੇ ਸ੍ਰੀ ਕ੍ਰਿਸ਼ਨ ਨਾਲ ਯੁੱਧ ਮਚਾਉਂਦੇ ਹਨ।

ਚ੍ਰਕ ਗਹਿਓ ਕਰ ਮੈ ਬ੍ਰਿਜ ਨਾਇਕ ਕੋਪ ਭਯੋ ਤਿਹ ਊਪਰ ਧਾਯੋ ॥

ਸ੍ਰੀ ਕ੍ਰਿਸ਼ਨ ਹੱਥ ਵਿਚ ਸੁਦਰਸ਼ਨ ਚੱਕਰ ਧਾਰਨ ਕਰ ਕੇ ਅਤੇ ਕ੍ਰੋਧਵਾਨ ਹੋ ਕੇ ਉਨ੍ਹਾਂ ਉਤੇ ਟੁਟ ਪਏ ਹਨ।

ਬੀਰ ਕੀਏ ਬਿਨੁ ਪ੍ਰਾਨ ਘਨੇ ਅਰਿ ਸੈਨ ਸਬੈ ਇਹ ਭਾਤਿ ਭਜਾਯੋ ॥

ਬਹੁਤ ਸਾਰੇ ਸੂਰਮਿਆਂ ਨੂੰ ਪ੍ਰਾਣ-ਹੀਨ ਕਰ ਦਿੱਤਾ ਹੈ ਅਤੇ ਵੈਰੀ ਦੀ ਸਾਰੀ ਸੈਨਾ ਨੂੰ ਇਸ ਤਰ੍ਹਾਂ ਭਜਾ ਦਿੱਤਾ ਹੈ

ਪਉਨ ਪ੍ਰਚੰਡ ਸਮਾਨ ਸੁ ਕਾਨ੍ਰਹ ਮਨੋ ਉਮਡਿਓ ਦਲੁ ਮੇਘ ਉਡਾਯੋ ॥੧੭੯੪॥

ਮਾਨੋ ਤੇਜ਼ ਪੌਣ ਦੇ ਸਮਾਨ ਸ੍ਰੀ ਕ੍ਰਿਸ਼ਨ ਨੇ ਬਦਲ ਰੂਪ ਵੈਰੀ ਦਲ ਨੂੰ ਉਡਾ ਦਿੱਤਾ ਹੋਵੇ ॥੧੭੯੪॥

ਕਾਟਤ ਏਕਨ ਕੇ ਸਿਰ ਚਕ੍ਰ ਗਦਾ ਗਹਿ ਦੂਜਨ ਕੇ ਤਨ ਝਾਰੈ ॥

ਇਕਨਾਂ ਦੇ ਸਿਰ ਸੁਦਰਸ਼ਨ ਚੱਕਰ ਨਾਲ ਕਟ ਦਿੱਤੇ ਹਨ ਅਤੇ ਦੂਜਿਆਂ ਦੇ ਸ਼ਰੀਰ ਉਤੇ ਗਦਾ ਨੂੰ ਫੜ ਕੇ ਝਾੜ ਦਿੱਤਾ ਹੈ।


Flag Counter