ਸ਼੍ਰੀ ਦਸਮ ਗ੍ਰੰਥ

ਅੰਗ - 468


ਸ੍ਯਾਮ ਭਨੈ ਰਨ ਯਾ ਬਿਧਿ ਭੂਪਤਿ ਸਤ੍ਰਨਿ ਕੋ ਜਮ ਧਾਮਿ ਪਠਾਵੈ ॥੧੭੦੫॥

ਸ਼ਿਆਮ (ਕਵੀ) ਕਹਿੰਦੇ ਹਨ, ਇਸ ਤਰ੍ਹਾਂ ਰਣ-ਭੂਮੀ ਵਿਚ ਰਾਜਾ ਵੈਰੀਆਂ ਨੂੰ ਯਮ-ਲੋਕ ਨੂੰ ਭੇਜੀ ਜਾ ਰਿਹਾ ਹੈ ॥੧੭੦੫॥

ਹ੍ਵੈ ਕੈ ਸੁਚੇਤ ਚਢਿਯੋ ਰਥਿ ਸ੍ਯਾਮ ਮਹਾ ਮਨ ਭੀਤਰ ਕੋਪ ਬਢਿਯੋ ਹੈ ॥

ਸਚੇਤ ਹੋ ਕੇ ਕ੍ਰਿਸ਼ਨ ਰਥ ਉਤੇ ਚੜ੍ਹਿਆ ਹੈ ਅਤੇ (ਉਸ ਦੇ) ਮਨ ਵਿਚ ਬਹੁਤ ਕ੍ਰੋਧ ਵਧਿਆ ਹੋਇਆ ਹੈ।

ਆਪਨ ਪਉਰਖ ਸੋਊ ਸੰਭਾਰ ਕੈ ਮ੍ਯਾਨਹੁ ਤੇ ਕਰਵਾਰਿ ਕਢਿਯੋ ਹੈ ॥

ਆਪਣੀ ਵੀਰਤਾ ਨੂੰ ਸੰਭਾਲ ਕੇ, ਮਿਆਨ ਵਿਚੋਂ ਤਲਵਾਰ ਨੂੰ ਕਢ ਲਿਆ ਹੈ।

ਧਾਇ ਪਰੇ ਰਿਸ ਖਾਇ ਘਨੀ ਅਰਿਰਾਇ ਮਨੋ ਨਿਧਿ ਨੀਰ ਹਢਿਯੋ ਹੈ ॥

ਬਹੁਤ ਗੁੱਸਾ ਖਾ ਕੇ ਅਤੇ ਅਰੜਾ ਕੇ ਧਾ ਕੇ (ਰਾਜੇ ਉਤੇ) ਜਾ ਪਿਆ ਹੈ, ਮਾਨੋ ਸਮੁੰਦਰ ਦੇ ਜਲ ਵਿਚ ਬਾੜ ਆ ਗਈ ਹੋਵੇ।

ਤਾਨਿ ਕਮਾਨਨਿ ਮਾਰਤ ਬਾਨਨ ਸੂਰਨ ਕੇ ਚਿਤ ਚਉਪ ਚਢਿਯੋ ਹੈ ॥੧੭੦੬॥

(ਉਹ) ਧੁਨਸ਼ ਨੂੰ ਕਸ ਕਸ ਕੇ ਬਾਣ ਮਾਰਦਾ ਹੈ ਅਤੇ ਸੂਰਮਿਆਂ ਦੇ ਚਿਤ ਵਿਚ ਉਤਸਾਹ ਵਧਿਆ ਹੋਇਆ ਹੈ ॥੧੭੦੬॥

ਬੀਰਨ ਘਾਇ ਕਰੇ ਜਬ ਹੀ ਤਬ ਪਉਰਖ ਭੂਪ ਕਬੰਧ ਸਮਾਰਿਓ ॥

ਜਦ ਸ਼ੂਰਵੀਰਾਂ ਨੇ ਵਾਰ ਕੀਤੇ ਤਦ ਰਾਜੇ ਦੇ ਧੜ ਨੇ ਬਲ ਨੂੰ ਧਾਰਨ ਕੀਤਾ।

ਸਸਤ੍ਰ ਸੰਭਾਰ ਤਬੈ ਅਪੁਨੇ ਇਨ ਨਾਸੁ ਕਰੋ ਚਿਤ ਬੀਚ ਬਿਚਾਰਿਓ ॥

ਉਸ ਵੇਲੇ ਆਪਣੇ ਸ਼ਸਤ੍ਰ ਧਾਰਨ ਕਰ ਕੇ ਚਿਤ ਵਿਚ ਵਿਚਾਰ ਕੀਤਾ ਕਿ ਇਨ੍ਹਾਂ ਨੂੰ ਨਸ਼ਟ ਕਰ ਦਿਆਂ।

ਧਾਇ ਪਰਿਓ ਰਿਸਿ ਸਿਉ ਰਨ ਮੈ ਅਰਿ ਭਾਜਿ ਗਏ ਜਸੁ ਰਾਮ ਉਚਾਰਿਓ ॥

ਕ੍ਰੋਧ ਨਾਲ ਧਾਵਾ ਕਰ ਕੇ ਯੁੱਧ-ਭੂਮੀ ਵਿਚ ਪੈ ਗਿਆ ਅਤੇ ਵੈਰੀ ਭਜ ਗਏ। (ਇਸ ਦਾ) ਯਸ਼ (ਕਵੀ) ਰਾਮ ਨੇ ਇਸ ਤਰ੍ਹਾਂ ਉਚਾਰਿਆ ਹੈ,

ਤਾਰਨ ਕੋ ਮਨੋ ਮੰਡਲ ਭੀਤਰ ਸੂਰ ਚਢਿਓ ਅੰਧਿਆਰਿ ਸਿਧਾਰਿਓ ॥੧੭੦੭॥

ਮਾਨੋ ਤਾਰਿਆਂ ਦੇ ਮੰਡਲ ਵਿਚ ਸੂਰਜ ਚੜ੍ਹ ਪਿਆ ਹੋਵੇ ਅਤੇ ਹਨੇਰਾ ਭਜ ਗਿਆ ਹੋਵੇ ॥੧੭੦੭॥

ਸ੍ਰੀ ਜਦੁਬੀਰ ਤੇ ਆਦਿਕ ਬੀਰ ਗਏ ਭਜਿ ਕੈ ਨ ਕੋਊ ਠਹਿਰਾਨਿਓ ॥

ਸ੍ਰੀ ਕ੍ਰਿਸ਼ਨ ਤੋਂ ਲੈ ਕੇ ਸਾਰੇ ਹੀ ਯੋਧੇ ਭਜ ਗਏ ਹਨ ਅਤੇ ਕੋਈ ਵੀ (ਸਾਹਮਣੇ) ਨਹੀਂ ਠਹਿਰਿਆ ਹੈ,

ਆਹਵ ਭੂਮਿ ਮੈ ਭੂਪਤਿ ਕੋ ਸਬ ਸੂਰਨ ਮਾਨਹੁ ਕਾਲ ਪਛਾਨਿਓ ॥

ਮਾਨੋ ਯੁੱਧ-ਖੇਤਰ ਵਿਚ ਸਾਰਿਆਂ ਸੂਰਮਿਆਂ ਨੇ ਰਾਜੇ ਨੂੰ ਕਾਲ ਸਮਝ ਲਿਆ ਹੋਵੇ।

ਭੂਪ ਕਮਾਨ ਤੇ ਬਾਨ ਚਲੇ ਮਨੋ ਅੰਤਿ ਪ੍ਰਲੈ ਘਨ ਸਿਉ ਬਰਖਾਨਿਓ ॥

ਰਾਜੇ ਦੇ ਧਨੁਸ਼ ਤੋਂ ਬਾਣ (ਇਸ ਤਰ੍ਹਾਂ) ਚਲਦੇ ਹਨ, ਮਾਨੋ ਅੰਤ ਕਾਲ ਦੀ ਪਰਲੋ ਦੇ ਬਦਲਾਂ ਵਿਚੋਂ ਬਰਖਾ ਹੋ ਰਹੀ ਹੋਵੇ।

ਇਉ ਲਖਿ ਭਾਜਿ ਗਏ ਸਿਗਰੇ ਕਿਨਹੂੰ ਨ੍ਰਿਪ ਕੇ ਸੰਗ ਜੁਧੁ ਨ ਠਾਨਿਓ ॥੧੭੦੮॥

ਇਸ ਤਰ੍ਹਾਂ (ਦੀ ਹਾਲਤ) ਵੇਖ ਕੇ ਸਾਰੇ ਭਜ ਗਏ ਹਨ, ਕਿਸੇ ਨੇ ਵੀ ਰਾਜੇ ਨਾਲ ਯੁੱਧ ਨਹੀਂ ਕੀਤਾ ਹੈ ॥੧੭੦੮॥

ਸਬ ਹੀ ਭਟ ਭਾਜਿ ਗਏ ਜਬ ਹੀ ਪ੍ਰਭ ਕੋ ਤਬ ਭੂਪ ਭਯੋ ਅਨੁਰਾਗੀ ॥

ਜਦ ਸਾਰੇ ਸੂਰਮੇ ਭਜ ਗਏ, ਤਦ ਰਾਜਾ ਪ੍ਰਭੂ ਦਾ ਪ੍ਰੇਮੀ ਹੋ ਗਿਆ।

ਜੂਝ ਤਬੈ ਤਿਨ ਛਾਡਿ ਦਯੋ ਹਰਿ ਧਿਆਨ ਕੀ ਤਾਹਿ ਸਮਾਧਿ ਸੀ ਲਾਗੀ ॥

ਉਸ ਨੇ ਉਸੇ ਵੇਲੇ ਯੁੱਧ ਛੱਡ ਦਿੱਤਾ ਅਤੇ ਸ੍ਰੀ ਕ੍ਰਿਸ਼ਨ ਦੇ ਧਿਆਨ ਵਿਚ ਉਥੇ (ਹੀ ਉਸ ਦੀ) ਸਮਾਧੀ ਜਿਹੀ ਲਗ ਗਈ;

ਰਾਜ ਨ ਰਾਜ ਸਮਾਜ ਬਿਖੈ ਕਬਿ ਸ੍ਯਾਮ ਕਹੈ ਹਰਿ ਮੈ ਮਤਿ ਪਾਗੀ ॥

ਨਾ ਰਾਜ ਵਿਚ ਅਤੇ ਨਾ ਰਾਜ-ਸਮਾਜ ਵਿਚ (ਕੋਈ ਰੁਚੀ ਰਹੀ)। ਕਵੀ ਸ਼ਿਆਮ ਕਹਿੰਦੇ ਹਨ, (ਰਾਜੇ ਦੀ) ਸ੍ਰੀ ਕ੍ਰਿਸ਼ਨ ਵਿਚ ਬੁੱਧੀ ਮਗਨ ਹੋ ਗਈ

ਧੀਰ ਗਹਿਓ ਧਰਿ ਠਾਢੋ ਰਹਿਓ ਕਹੋ ਭੂਪਤਿ ਤੇ ਅਬ ਕੋ ਬਡਭਾਗੀ ॥੧੭੦੯॥

ਅਤੇ ਧੀਰਜ ਨੂੰ ਧਾਰ ਕੇ ਧਰਤੀ ਉਤੇ ਹੀ ਖੜੋਤਾ ਰਿਹਾ। (ਸਭ) ਕਹੋ ਕਿ ਰਾਜੇ ਵਰਗਾ ਹੁਣ ਹੋਰ ਕੌਣ ਵਡਭਾਗੀ ਹੈ ॥੧੭੦੯॥

ਸ੍ਰੀ ਜਦੁਬੀਰ ਕੋ ਬੀਰ ਸਭੋ ਧਰਿ ਡਾਰਨਿ ਕੋ ਜਬ ਘਾਤ ਬਨਾਯੋ ॥

ਜਦੋਂ ਸ੍ਰੀ ਕ੍ਰਿਸ਼ਨ ਅਤੇ ਹੋਰ ਸਾਰਿਆਂ ਸੂਰਮਿਆਂ ਨੇ ਧੜ ਨੂੰ ਡਿਗਾਉਣ ਦਾ (ਕੋਈ) ਢੰਗ ਬਣਾਇਆ।

ਸ੍ਯਾਮ ਭਨੇ ਮਿਲਿ ਕੈ ਫਿਰਿ ਕੈ ਇਹ ਪੈ ਪੁਨਿ ਬਾਨਨਿ ਓਘ ਚਲਾਯੋ ॥

(ਕਵੀ) ਸ਼ਿਆਮ ਕਹਿੰਦੇ ਹਨ, ਫਿਰ (ਸਭ ਨੇ) ਮਿਲ ਕੇ ਇਸ ਉਤੇ ਬਾਣਾਂ ਦੀ ਵਾਛੜ ਲਗਾ ਦਿੱਤੀ।

ਦੇਵਬਧੂ ਮਿਲ ਕੈ ਸਬਹੂੰ ਇਹ ਭੂਪ ਕਬੰਧ ਬਿਵਾਨਿ ਚਢਾਯੋ ॥

ਸਾਰੀਆਂ ਦੇਵ-ਇਸਤਰੀਆਂ ਨੇ ਮਿਲ ਕੇ ਰਾਜੇ ਦੇ ਇਸ ਧੜ ਨੂੰ ਵਿਮਾਨ ਉਤੇ ਚੜ੍ਹਾ ਲਿਆ।

ਕੂਦ ਪਰਿਓ ਨ ਬਿਵਾਨਿ ਚਢਿਯੋ ਪੁਨਿ ਸਸਤ੍ਰ ਲੀਏ ਰਨ ਭੂ ਮਧਿ ਆਯੋ ॥੧੭੧੦॥

(ਪਰ ਉਹ) ਕੁਦ ਪਿਆ ਅਤੇ ਵਿਮਾਨ ਵਿਚ ਨਾ ਚੜ੍ਹਿਆ; (ਸਗੋਂ) ਸ਼ਸਤ੍ਰ ਲੈ ਕੇ ਫਿਰ ਯੁੱਧ-ਭੂਮੀ ਵਿਚ ਆ ਡਟਿਆ ॥੧੭੧੦॥

ਦੋਹਰਾ ॥

ਦੋਹਰਾ:

ਧਨੁਖ ਬਾਨ ਲੈ ਪਾਨ ਮੈ ਆਨਿ ਪਰਿਓ ਰਨ ਬੀਚ ॥

ਧਨੁਸ਼ ਬਾਣ ਹੱਥ ਵਿਚ ਲੈ ਕੇ ਰਣ-ਭੂਮੀ ਵਿਚ ਆ ਪਿਆ।

ਸੂਰਬੀਰ ਬਹੁ ਬਿਧਿ ਹਨੇ ਲਲਕਾਰਿਯੋ ਤਬ ਮੀਚ ॥੧੭੧੧॥

ਜਦ ਬਹੁਤ ਸਾਰੇ ਸੂਰਮੇ ਮਾਰ ਦਿੱਤੇ, ਤਦ ਮ੍ਰਿਤੂ ਨੂੰ ਲਲਕਾਰਾ ਮਾਰਿਆ ॥੧੭੧੧॥

ਚੌਪਈ ॥

ਚੌਪਈ:

ਅੰਤਕ ਜਮ ਜਬ ਲੈਨੇ ਆਵੈ ॥

(ਰਾਜੇ ਨੂੰ) ਜਦ ਅੰਤਕ ਅਤੇ ਯਮ ਲੈਣ ਆਉਂਦੇ ਹਨ

ਲਖਿ ਤਿਹ ਕੋ ਤਬ ਬਾਨ ਚਲਾਵੈ ॥

ਤਦ ਉਨ੍ਹਾਂ ਨੂੰ ਵੇਖ ਕੇ ਬਾਣ ਚਲਾਉਂਦਾ ਹੈ।

ਮ੍ਰਿਤੁ ਪੇਖ ਕੈ ਇਤ ਉਤ ਟਰੈ ॥

ਮ੍ਰਿਤੂ ਨੂੰ ਵੇਖ ਕੇ ਇਧਰ ਉਧਰ ਹਟ ਜਾਂਦਾ ਹੈ।

ਮਾਰਿਓ ਕਾਲ ਹੂੰ ਕੋ ਨਹੀ ਮਰੈ ॥੧੭੧੨॥

ਕਾਲ ਦਾ ਮਾਰਿਆ ਹੋਇਆ ਵੀ ਮਰਦਾ ਨਹੀਂ ਹੈ ॥੧੭੧੨॥

ਪੁਨਿ ਸਤ੍ਰਨਿ ਦਿਸਿ ਰਿਸਿ ਕਰਿ ਧਾਯੋ ॥

ਫਿਰ ਵੈਰੀਆਂ ਦੀ ਦਿਸ਼ਾ ਵਲ ਕ੍ਰੋਧਿਤ ਹੋ ਕੇ ਦੌੜਿਆ ਹੈ

ਮਾਨਹੁ ਜਮ ਮੂਰਤਿ ਧਰਿ ਆਯੋ ॥

ਮਾਨੋ ਯਮ ਦਾ ਰੂਪ ਧਾਰ ਕੇ ਆਇਆ ਹੋਵੇ।

ਇਉ ਸੁ ਜੁਧੁ ਬੈਰਿਨ ਸੰਗਿ ਕਰਿਓ ॥

ਇਸ ਤਰ੍ਹਾਂ ਉਸ ਨੇ ਵੈਰੀਆਂ ਨਾਲ ਯੁੱਧ ਕੀਤਾ ਹੈ।

ਹਰਿ ਹਰ ਬਿਧਿ ਸੁਭਟਨਿ ਮਨੁ ਡਰਿਓ ॥੧੭੧੩॥

ਸ਼ਿਵ, ਵਿਸ਼ਣੂ, ਬ੍ਰਹਮਾ ਅਤੇ (ਹੋਰ) ਯੋਧਿਆਂ ਦਾ ਮਨ ਡਰ ਗਿਆ ਹੈ ॥੧੭੧੩॥

ਸਵੈਯਾ ॥

ਸਵੈਯਾ:

ਹਾਰਿ ਪਰੈ ਮਨੁਹਾਰਿ ਕਰੈ ਕਹੈ ਇਉ ਨ੍ਰਿਪ ਜੁਧ ਬ੍ਰਿਥਾ ਨ ਕਰਈਯੈ ॥

(ਅਸੀਂ) ਹਾਰ ਗਏ ਹਾਂ, ਤਰਲੇ ਕਰਦੇ ਹਾਂ, ਹੇ ਰਾਜਨ! ਇਉਂ ਵਿਅਰਥ ਦਾ ਯੁੱਧ ਨਾ ਕਰੋ।

ਡਾਰਿ ਦੈ ਹਾਥਨ ਤੇ ਹਥੀਆਰਨ ਕੋਪ ਤਜੋ ਸੁਖ ਸਾਤਿ ਸਮਈਯੈ ॥

ਹੱਥਾਂ ਵਿਚ ਹਥਿਆਰ ਛਡ ਦਿਓ, ਕ੍ਰੋਧ ਨੂੰ ਤਿਆਗ ਦਿਓ ਅਤੇ ਸੁਖ ਸ਼ਾਂਤੀ ਵਿਚ ਸਮਾਈ ਕਰੋ।

ਸੂਰ ਨ ਕੋਊ ਭਯੋ ਤੁਮਰੇ ਸਮ ਤੇਰੋ ਪ੍ਰਤਾਪ ਤਿਹੂੰ ਪੁਰਿ ਗਈਯੈ ॥

ਤੁਹਾਡੇ ਵਰਗਾ ਹੋਰ ਕੋਈ ਸੂਰਮਾ ਨਹੀਂ ਹੋਇਆ, ਤੇਰਾ ਹੀ ਯਸ਼ ਤਿੰਨਾਂ ਲੋਕਾਂ ਵਿਚ ਗਾਇਆ ਜਾਂਦਾ ਹੈ।

ਛਾਡਤਿ ਹੈ ਹਮ ਸਸਤ੍ਰ ਸਬੈ ਸੁ ਬਿਵਾਨ ਚਢੋ ਸੁਰ ਧਾਮਿ ਸਿਧਈਯੈ ॥੧੭੧੪॥

ਅਸੀਂ ਸਾਰੇ ਵੀ (ਹੁਣ) ਸ਼ਸਤ੍ਰ ਛਡਦੇ ਹਾਂ, ਤੁਸੀਂ ਵਿਮਾਨ ਵਿਚ ਚੜ੍ਹੋ ਅਤੇ ਦੇਵ-ਲੋਕ ਵਲ ਚਾਲੇ ਪਾਓ ॥੧੭੧੪॥

ਅੜਿਲ ॥

ਅੜਿਲ:

ਸਬ ਦੇਵਨ ਅਰੁ ਕ੍ਰਿਸਨ ਦੀਨ ਹ੍ਵੈ ਜਬ ਕਹਿਓ ॥

ਜਦ ਸਾਰਿਆਂ ਦੇਵਤਿਆਂ ਅਤੇ ਕ੍ਰਿਸ਼ਨ ਨੇ ਆਜਿਜ਼ੀ ਨਾਲ ਕਿਹਾ,

ਹਟੋ ਜੁਧ ਤੇ ਭੂਪ ਹਮੋ ਮੁਖਿ ਤ੍ਰਿਨ ਗਹਿਓ ॥

ਹੇ ਰਾਜਨ! ਅਸੀਂ ਮੂੰਹ ਵਿਚ ਘਾਹ ਦਾ ਤੀਲਾ ਲੈਂਦੇ ਹਾਂ (ਅਰਥਾਤ ਬਿਨਾ ਕਿਸੇ ਸ਼ਰਤ ਪ੍ਰਾਰਥਨਾ ਕਰਦੇ ਹਾਂ) ਕਿ ਯੁੱਧ ਕਰਨ ਤੋਂ ਹਟ ਜਾਓ।

ਨ੍ਰਿਪ ਸੁਨਿ ਆਤੁਰ ਬੈਨ ਸੁ ਕੋਪੁ ਨਿਵਾਰਿਓ ॥

ਰਾਜੇ ਨੇ (ਉਨ੍ਹਾਂ ਦੇ) ਦੁਖ ਭਰੇ ਬੋਲ ਸੁਣ ਕੇ ਕ੍ਰੋਧ ਨੂੰ ਤਿਆਗ ਦਿੱਤਾ।

ਹੋ ਧਨੁਖ ਬਾਨ ਦਿਓ ਡਾਰਿ ਰਾਮ ਮਨੁ ਧਾਰਿਓ ॥੧੭੧੫॥

ਧਨੁਸ਼ ਬਾਣ ਰਖ ਦਿੱਤਾ ਅਤੇ ਰਾਮ (ਨਾਮ) ਨੂੰ ਮਨ ਵਿਚ ਧਾਰਨ ਕਰ ਲਿਆ ॥੧੭੧੫॥

ਦੋਹਰਾ ॥

ਦੋਹਰਾ:

ਕਿੰਨਰ ਜਛ ਅਪਛਰਨਿ ਲਯੋ ਬਿਵਾਨ ਚਢਾਇ ॥

ਕਿੰਨਰਾਂ, ਯਕਸ਼ਾਂ ਅਤੇ ਅਪੱਛਰਾਵਾਂ ਨੇ (ਰਾਜੇ ਨੂੰ) ਵਿਮਾਨ ਵਿਚ ਚੜ੍ਹਾ ਲਿਆ।

ਜੈ ਜੈ ਕਾਰ ਅਪਾਰ ਸੁਨਿ ਹਰਖੇ ਮੁਨਿ ਸੁਰ ਰਾਇ ॥੧੭੧੬॥

(ਰਾਜੇ ਦੀ) ਅਪਾਰ ਜੈ-ਜੈ-ਕਾਰ ਸੁਣ ਕੇ ਮੁਨੀ ਅਤੇ ਦੇਵ-ਰਾਜ ਇੰਦਰ ਪ੍ਰਸੰਨ ਹੋ ਰਹੇ ਹਨ ॥੧੭੧੬॥

ਸਵੈਯਾ ॥

ਸਵੈਯਾ:

ਭੂਪ ਗਯੋ ਸੁਰ ਲੋਕਿ ਜਬੈ ਤਬ ਸੂਰ ਪ੍ਰਸੰਨਿ ਭਏ ਸਬ ਹੀ ॥

ਜਦੋਂ ਰਾਜਾ (ਖੜਗ ਸਿੰਘ) ਦੇਵ ਲੋਕ ਨੂੰ ਚਲਾ ਗਿਆ, ਤਦੋਂ ਸਾਰੇ ਯੋਧੇ ਆਨੰਦਿਤ ਹੋ ਗਏ।


Flag Counter