(ਮੇਰੀ ਇਕ) ਹਾਕ ਮਾਰਨ 'ਤੇ ਹੀ ਇਕ ਨੂੰ ਇਕ ਵੇਖੇਗਾ, ਘੁਮੇਰੀਆਂ ਖਾ-ਖਾ ਕੇ ਮਰਨਗੇ ਅਤੇ ਆਪਣੇ ਆਪ ਡਿੱਗਣਗੇ।
ਜਿਥੇ ਭੱਜ ਕੇ ਜਾਣਗੇ, ਉਥੇ ਹੀ, (ਮੈਂ) ਉਨ੍ਹਾਂ ਦੇ ਪਿੱਛੇ ਜਾਵਾਂਗਾ ਫੁੱਲ ਵਰਗੇ (ਮੇਰੇ ਪਾਸੋਂ) ਕਿਸ ਤਰ੍ਹਾਂ ਆਪਣਾ ਬਚਾਓ ਕਰ ਲੈਣਗੇ।
ਅੱਜ ਸਾਰੇ ਸਾਜ ਸਜਾ ਕੇ ਅਤੇ ਵਾਜੇ ਵਜਾ ਕੇ (ਮੈਂ) ਉਨ੍ਹਾਂ ਨੂੰ ਚਿੱਤ ਕਰਾਂਗਾ। ਮੇਰੇ ਕਾਰਜਾਂ ਨੂੰ ਨਿਭਾਏ ਬਿਨਾਂ ਕੋਈ ਕਿਵੇ ਰਾਜ ਕਰੇਗਾ।
ਬੰਦਰਾਂ ਨੂੰ ਨਸ਼ਟ ਕਰਾਂਗਾ, ਰਾਮ ਤੇ ਲੱਛਮਣ ਨੂੰ ਮਾਰ ਸੁੱਟਾਂਗਾ। ਤਦ ਤੇਰੇ ਕੋਲੋਂ 'ਹੋਡ' (ਸ਼ਰਤ) ਜਿੱਤਾਂਗਾ ॥੩੮੭॥
ਮੰਦੋਦਰੀ ਨੇ ਕਰੋੜਾਂ ਗੱਲਾਂ ਚਿਤਵੀਆਂ। ਪਰ (ਰਾਵਣ ਨੇ) ਇਕ ਵੀ ਨਾ ਸੁਣੀ, ਸਗੋਂ ਕ੍ਰੋਧ ਨਾਲ ਸਿਰ ਫੇਰਿਆ ਅਤੇ ਪੁੱਤਰਾਂ ਨੂੰ (ਯੁੱਧ ਲਈ) ਭੇਜ ਦਿੱਤਾ।
ਇਕ ਬਲਵਾਨ 'ਨਰਾਂਤ' ਅਤੇ ਦੂਜਾ 'ਦੇਵਾਂਤ' ਸੀ। (ਜਦੋਂ) ਸੂਰਮੇ ਰਣ ਲਈ ਉੱਠੇ, (ਉਸ ਵੇਲੇ) ਧਰਤੀ ਕੰਬ ਗਈ।
ਭਾਰੇ ਖੜਗ ਇਕ ਦੂਜੇ ਉੱਤੇ ਪੈਣ ਲੱਗੇ, ਧਾਰ ਨਾਲ ਧਾਰ ਵੱਜਣ ਲੱਗੀ। ਕ੍ਰੋਧ ਕਰਕੇ ਲਹੂ ਦੀਆਂ ਛਿੱਟਾਂ ਬਾਹਰ ਵੱਲ ਉੱਡਣ ਲੱਗੀਆਂ।
ਉਥੇ) ਧੜ ਧੁਕ-ਧੁਕ ਕਰਦੇ ਡਿੱਗਦੇ ਹਨ। ਜ਼ਖ਼ਮਾਂ (ਵਿੱਚੋਂ ਲਹੂ) ਭਕ-ਭਕ ਕਰਦਾ ਹੈ। (ਯੋਧਿਆਂ ਦੀਆਂ) ਲੋਥਾਂ ਰਣ-ਭੂਮੀ ਵਿੱਚ ਖਿੰਡੀਆਂ ਅਤੇ ਢੇਰ ਹੋਈਆਂ ਪਈਆਂ ਹਨ ॥੩੮੮॥
ਖ਼ੂਨ ਨਾਲ ਜੋਗਣਾਂ ਖੱਪਰ ਭਰਦੀਆਂ ਹਨ, ਦੁਰਗਾ ਸੱਦ ਕਰਦੀ ਹੈ, ਭੈਰੋ ਸਿੰਘ-ਨਾਦ ਕਰਦਾ ਹੈ, (ਪਿਸ਼ਾਚਨੀਆਂ) ਗੀਤ ਗਾਉਂਦੀਆਂ ਹਨ।
ਭੂਤ, ਪ੍ਰੇਤ ਅਤੇ ਬੈਤਾਲ ਅਤੇ ਹੋਰ ਵੀ ਜਿੰਨੇ ਮਾਸ ਖਾਣ ਵਾਲੇ ਬਲੀ ਬੀਰ ਹਨ, ਉਹ ਸਭ ਤਾੜੀਆਂ ਮਾਰਦੇ ਸਨ,
ਜੱਛ, ਗੰਧਰਬ, ਸਾਰੇ ਵਿਦਿਆਧਰ ਅਤੇ ਦੇਵਤੇ (ਇਨ੍ਹਾਂ ਸਭਨਾਂ ਦਾ) ਆਕਾਸ਼ ਵਿੱਚ ਸੱਦ ਹੋ ਰਿਹਾ ਹੈ।
ਲੋਥਾਂ ਖਿੰਡੀਆਂ ਪਈਆਂ ਹਨ, ਸ਼ੋਰ ਸ਼ਰਾਬਾ ਮਚਿਆ ਹੋਇਆ ਹੈ। (ਇਸ ਤਰ੍ਹਾਂ) ਬਹੁਤ ਹੀ ਵੱਡਾ ਅਨੂਪਮ ਯੁੱਧ (ਹੋ ਰਿਹਾ ਹੈ) ॥੩੮੯॥
ਸੰਗੀਤ ਛਪੈ ਛੰਦ
(ਇਥੇ ਹਰ ਚਰਣ ਦਾ ਪਹਿਲਾ ਸ਼ਬਦ ਮ੍ਰਿਦੰਗ ਦੇ ਬੋਲਾਂ ਦੀ ਭੂਮਿਕਾ ਨਿਭਾਉਂਦਾ ਹੈ। ਬੰਦਰਾਂ ਦੀ ਸੈਨਾ ਨੇ ਕ੍ਰੋਧ ਕੀਤਾ ਹੈ, ਰਣ ਵਿੱਚ ਵਾਜੇ ਵੱਜਦੇ ਹਨ।
ਤੇਗਾਂ ਝਿਲਮਿਲ ਕਰਦੀਆਂ ਹਨ। ਯੋਧੇ ਸਿੰਘ-ਨਾਦ ਕਰਦੇ ਹਨ।
ਯੋਧੇ ਇਕ ਦੂਜੇ ਦੇ ਸਾਹਮਣੇ ਹੋਏ ਹਨ ਅਤੇ ਨਾਰਦ ਮੁਨੀ ਨੇ ਨਾਚ ਸ਼ੂਰੂ ਕੀਤਾ ਹੈ।
ਬੀਰ ਬੈਤਾਲ ਯੁੱਧ-ਭੂਮੀ (ਵਿੱਚ ਫਿਰਦਾ ਹੈ) ਸਾਰਿਆਂ ਦਾ ਲਹੂ ਨਾਲ ਲਾਲ ਰੰਗ ਬਣਿਆ ਹੋਇਆ ਹੈ।
ਸੂਰਮੇ ਰਣ-ਭੂਮੀ ਵਿੱਚ ਨੱਚਦੇ ਹਨ ਅਤੇ ਤੀਰ ਸੱਪ ਦੇ ਫੁੰਕਾਰੇ ਵਾਂਗੂੰ ਸ਼ੂਕਦੇ ਹਨ।
(ਅਜਿਹੇ ਭਿਆਨਕ ਯੁੱਧ ਤੋਂ ਡਰ ਕੇ) ਸ਼ੇਸ਼ਨਾਗ ਸੁੰਗੜ ਕੇ ਸਿਮਟਦਾ ਜਾਂਦਾ ਹੈ ਅਤੇ ਉਸ ਦਾ ਫਣ ਡਾਵਾਂ-ਡੋਲ ਹੋ ਰਿਹਾ ਹੈ ॥੩੯੦॥
ਰਣ ਵਿੱਚ ਗਿਦੜੀਆਂ ਫਿਰਦੀਆਂ ਹਨ ਅਤੇ ਗਿਰਝਾਂ ਬੋਲਦੀਆਂ ਹਨ।
ਲੋਥਾਂ ਖਿਲਰੀਆਂ ਪਈਆਂ ਹਨ ਅਤੇ ਸੂਰਮਿਆਂ ਦੇ ਘਾਉ ਭਕ-ਭਕ ਕਰਦੇ ਹਨ,
ਤੀਰਾਂ ਦੀ ਬਰਖਾ ਹੋ ਰਹੀ ਹੈ ਅਤੇ ਤਲਵਾਰਾਂ ਚਮਕ ਰਹੀਆਂ ਹਨ।
ਹਾਥੀ ਘੁਲ ਰਹੇ ਹਨ, ਘੋੜੇ ਬਿਦਕ ਰਹੇ ਹਨ।
ਸੂਰਮਿਆਂ ਦੇ ਸਿਰਾਂ ਉੱਤੇ ਗੁੱਸੇ ਨਾਲ ਕਠੋਰ ਤਲਵਾਰਾਂ ਚੱਲ ਰਹੀਆਂ ਹਨ,