ਇਥੇ ਜਿਤਨੇ ਰਾਜੇ (ਬੈਠੇ) ਹਨ, ਉਹ ਸਾਰੇ ਵੇਖਦੇ ਹਨ ਕਿ ਜਾਂ ਮੈਂ ਹੀ ਨਹੀਂ ਰਹਾਂਗਾ ਜਾਂ ਤੂੰ ਹੀ ਨਹੀਂ ਰਹੇਂਗਾ ॥੨੩੩੮॥
ਸ਼ਿਸ਼ੁਪਾਲ ਨੇ ਕ੍ਰਿਸ਼ਨ ਨੂੰ ਕਿਹਾ:
ਸਵੈਯਾ:
ਜਦ (ਉਸ) ਅਭਿਮਾਨੀ (ਸ਼ਿਸ਼ੁਪਾਲ) ਨੇ ਇਸ ਤਰ੍ਹਾਂ ਸੁਣਿਆ (ਤਾਂ) ਉਸ ਨੇ ਕ੍ਰੋਧਿਤ ਹੋ ਕੇ ਉੱਤਰ ਦਿੱਤਾ।
ਓਇ ਗੁਜਰਾ! 'ਤੇਰੇ ਕਹਿਣ ਨਾਲ ਮੈਂ ਮਰ ਜਾਵਾਂਗਾ', ਇਹ ਗੱਲ ਉਸਨੇ ਮੁਖ ਵਿਚੋਂ ਕਹੀ।
ਹੋਰ ਕਿਹਾ, ਜੇ ਅਜਿਹੀ ਸਭਾ ਵਿਚ ਮੈਂ ਜੂਝ ਮਰਾਂਗਾ, (ਤਾਂ ਮੈਂ ਸਮਝਾਂਗਾ ਕਿ ਮੇਰੀ) ਮੌਤ ਹੀ ਨੇੜੇ ਸੀ।
ਓਇ! ਤਦ ਹੀ ਵੇਦਾਂ ਅਤੇ ਪੁਰਾਣਾਂ ਵਿਚ ਚਾਰ ਯੁਗਾਂ ਤਕ ਜਗਤ ਵਿਚ (ਮੇਰੀ ਮੌਤ ਦੀ) ਕਹਾਣੀ ਚਲੇਗੀ ॥੨੩੩੯॥
ਕੀ ਹੋਇਆ ਜੇ ਚੱਕਰ ਨੂੰ ਚਮਕਾ ਕੇ (ਤੂੰ) ਇਸ ਤਰ੍ਹਾਂ ਕਿਹਾ ਕਿ ਤੈਨੂੰ ਮਾਰ ਦਿਆਂਗਾ।
ਹੇ ਗੁਜਰਾ! ਛਤ੍ਰੀ ਅਖਵਾ ਕੇ ਅਜਿਹੀ ਸਭਾ ਵਿਚੋਂ (ਮੈਂ) ਤੇਰੇ ਕੋਲੋਂ ਭਜ ਜਾਵਾਂਗਾ।
(ਮੈਨੂੰ) ਮਾਤਾ, ਪਿਤਾ ਅਤੇ ਭਰਾ ਦੀ ਸੌਂਹ, ਓਇ! ਤੈਨੂੰ ਮਾਰ ਦਿਆਂਗਾ ਜਾਂ ਆਪ ਮਰ ਜਾਵਾਂਗਾ।
ਹੇ ਕ੍ਰਿਸ਼ਨ! ਰੁਕਮਨੀ (ਨੂੰ ਖੋਹ ਦੇਣ ਦੇ) ਕ੍ਰੋਧ ਨੂੰ (ਮਨ ਵਿਚ) ਧਾਰਨ ਕਰ ਕੇ ਅਜ ਤੇਰੇ ਨਾਲ ਓੜਕ ਦੀ ਬਾਜ਼ੀ ਲਗਾਵਾਂਗਾ ॥੨੩੪੦॥
ਜਦ ਇਹ ਗੱਲਾਂ ਸ਼ਿਸ਼ੁਪਾਲ ਨੇ ਕਹੀਆਂ ਤਦ ਸ੍ਰੀ ਕ੍ਰਿਸ਼ਨ ਨੇ ਪ੍ਰਚੰਡ ਕ੍ਰੋਧ ਕਰ ਲਿਆ।
ਕ੍ਰਿਸ਼ਨ ਨੇ ਕਿਹਾ, ਹੇ ਮੂਰਖ! (ਤੂੰ) ਮੌਤ ਚਾਹੁੰਦਾ ਹੈ, (ਮੈਂ ਤੁਸਾਂ) ਸਾਰਿਆਂ ਲੋਕਾਂ ਅਤੇ ਸੂਰਜ ਨੂੰ ਸਾਖੀ ਕੀਤਾ ਹੈ।
(ਫਿਰ) ਸੁਦਰਸ਼ਨ ਚੱਕਰ ਨੂੰ ਹੱਥ ਵਿਚ ਲੈ ਕੇ ਕੁਦ ਕੇ ਸਾਰੀ ਸਭਾ ਉਪਰੋਂ ਟਪ ਗਏ।
ਕਵੀ ਸ਼ਿਆਮ ਕਹਿੰਦੇ ਹਨ, ਉਸ ਦੇ ਬਧ ਦੀ ਇੱਛਾ ਨਾਲ ਅਗੇ ਨੂੰ ਭਜ ਚਲੇ ॥੨੩੪੧॥
ਇਧਰੋਂ ਕ੍ਰਿਸ਼ਨ ਜੀ ਭਜ ਕੇ ਅਗੇ ਹੋਏ ਅਤੇ ਉਧਰੋਂ ਉਹ (ਸ਼ਿਸ਼ੁਪਾਲ) ਸਾਹਮਣੇ ਆ ਡਟਿਆ।
ਮਨ ਵਿਚ ਬਹੁਤ ਕ੍ਰੋਧ ਵਧਾ ਕੇ ਅਤੇ ਵੈਰੀ ਨੂੰ ਤਕ ਕੇ (ਕ੍ਰਿਸ਼ਨ ਨੇ) ਚੱਕਰ ਚਲਾ ਦਿੱਤਾ।
(ਚੱਕਰ) ਜਾ ਕੇ ਉਸ ਦੀ ਗਿਚੀ ਉਤੇ ਲਗਿਆ ਅਤੇ (ਸਿਰ ਨੂੰ) ਕਟ ਦਿੱਤਾ (ਜੋ ਗਰਦਨ ਨਾਲੋਂ) ਵਖ ਹੋ ਕੇ ਧਰਤੀ ਉਤੇ ਆ ਪਿਆ।
(ਇਸ ਦ੍ਰਿਸ਼ ਬਾਰੇ ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਮਾਨੋ ਆਕਾਸ਼ ਤੋਂ ਸੂਰਜ ਨੂੰ (ਕਿਸੇ ਨੇ) ਮਾਰ ਕੇ ਸੁਟਿਆ ਹੋਵੇ ॥੨੩੪੨॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਰਾਜਸੂ ਯੱਗ ਕਰ ਕੇ ਸ਼ਿਸ਼ੁਪਾਲ ਦੇ ਬਧ ਦੇ ਅਧਿਆਇ ਦੀ ਸਮਾਪਤੀ।
ਹੁਣ ਕ੍ਰਿਸ਼ਨ ਦਾ ਕ੍ਰੋਧਿਤ ਹੋਣਾ ਅਤੇ ਯੁਧਿਸ਼ਠਰ ਦਾ ਖਿਮਾ ਮੰਗਣਾ
ਸਵੈਯਾ:
(ਕ੍ਰਿਸ਼ਨ ਨੇ) ਸ਼ਿਸ਼ੁਪਾਲ ਦਾ ਸਿਰ ਕਟ ਦਿੱਤਾ ਹੈ ਅਤੇ ਕ੍ਰੋਧ ਨਾਲ ਭਰੇ ਦੋਹਾਂ ਨੈਣਾਂ ਨਾਲ ਘੂਰ ਰਹੇ ਹਨ।
(ਫਿਰ ਕਹਿਣਾ ਲਗੇ) ਇਸ ਸਭਾ ਵਿਚ ਕਿਹੜਾ ਸੂਰਮਾ ਹੈ, ਜੋ ਮੇਰੇ ਨਾਲ ਯੁੱਧ ਕਰੇ।