ਸ਼੍ਰੀ ਦਸਮ ਗ੍ਰੰਥ

ਅੰਗ - 1020


ਅੜਿਲ ॥

ਅੜਿਲ:

ਸੁਨਿਹੋ ਪ੍ਰੀਤਮ ਰਾਜ ਕਾਜ ਮੁਰ ਕੀਜਿਯੈ ॥

ਹੇ ਮੇਰੇ ਪ੍ਰੀਤਮ ਰਾਜਨ! ਸੁਣੋ, ਮੇਰਾ (ਇਕ) ਕੰਮ ਕਰੋ।

ਕਛੁ ਧਨ ਛੋਰਿ ਭੰਡਾਰ ਹਮਾਰੋ ਲੀਜਿਯੈ ॥

ਕੁਝ ਧਨ ਛਡ ਕੇ ਮੇਰਾ ਸਾਰਾ ਖ਼ਜ਼ਾਨਾ ਲੈ ਲਵੋ।

ਖੋਦਿ ਭੂਮਿ ਤਰ ਮੰਡਪ ਏਕ ਬਨਾਇਯੈ ॥

ਧਰਤੀ ਨੂੰ ਪੁਟ ਕੇ ਹੇਠਾਂ ਇਕ ਮਠ ('ਮੰਡਪ') ਬਣਾਓ।

ਹੋ ਮੰਡਪ ਲਖਿਯੋ ਨ ਜਾਇ ਭੂਮਿ ਲਹਿ ਜਾਇਯੈ ॥੭॥

(ਉਹ) ਮਠ (ਉਪਰੋਂ) ਵੇਖਿਆ ਨਾ ਜਾ ਸਕੇ, ਬਸ ਭੂਮੀ ਦਾ ਹੀ ਪਤਾ ਲਗੇ ॥੭॥

ਤਬ ਤਿਨ ਛੋਰਿ ਭੰਡਾਰ ਅਮਿਤ ਧਨ ਕੋ ਲਿਯੋ ॥

ਫਿਰ ਉਸ ਨੇ (ਕੁਝ) ਭੰਡਾਰ ਛਡ ਕੇ ਅਮਿਤ ਧਨ ਨੂੰ ਲੈ ਲਿਆ।

ਖੋਦਿ ਭੂਮਿ ਕੇ ਤਰੇ ਬਨਾਵਤ ਮਟ ਭਯੋ ॥

ਭੂਮੀ ਨੂੰ ਪੁਟ ਕੇ ਹੇਠਾਂ ਮਠ ਬਣਵਾਇਆ।

ਕੈ ਸੋਈ ਸ੍ਯਾਨੋ ਲਖੈ ਨ ਦੇਵਲ ਪਾਇਯੈ ॥

ਉਸ ਮਠ ਨੂੰ ਕੋਈ ਵੀ ਸਿਆਣਾ ਵੇਖ ਨਹੀਂ ਸਕਦਾ ਸੀ।

ਹੋ ਔਰ ਭੂਮਿ ਸੀ ਸੋ ਭੂਅ ਚਿਤ ਮੈ ਲ੍ਯਾਇਯੈ ॥੮॥

ਉਹ ਬਾਕੀ ਧਰਤੀ ਵਾਂਗ ਹੀ ਮਨ ਨੂੰ ਲਗਦੀ ਸੀ ॥੮॥

ਚੌਪਈ ॥

ਚੌਪਈ:

ਰਾਜਹਿ ਰਾਨੀ ਰੋਜ ਬੁਲਾਵੈ ॥

(ਉਸ) ਰਾਜੇ ਨੂੰ ਰਾਣੀ ਰੋਜ਼ ਬੁਲਾਉਂਦੀ ਸੀ।

ਭਾਤਿ ਭਾਤਿ ਕੇ ਕੇਲ ਕਮਾਵੈ ॥

(ਉਸ ਨਾਲ) ਭਾਂਤ ਭਾਂਤ ਦੀ ਕੇਲਕ੍ਰੀੜਾ ਕਰਦੀ ਸੀ।

ਅਤਿ ਸਨੇਹ ਤਾ ਸੌ ਉਪਜਾਯੋ ॥

ਉਸ ਨੇ ਉਸ ਨਾਲ ਬਹੁਤ ਪ੍ਰੇਮ ਪਾਲ ਲਿਆ ਸੀ,

ਜਨੁਕ ਸਾਤ ਫੇਰਨ ਕੋ ਪਾਯੋ ॥੯॥

ਮਾਨੋ ਸੱਤ ਫੇਰੇ ਲੈ ਕੇ ਪ੍ਰਾਪਤ ਕੀਤਾ ਹੋਵੇ (ਅਰਥਾਤ ਵਿਆਹ ਕੀਤਾ ਹੋਵੇ) ॥੯॥

ਕੇਲ ਕਮਾਇ ਰਾਜ ਜਬ ਜਾਵੈ ॥

ਜਦ ਰਾਜਾ ਕਾਮ-ਕਲਾ ਕਰ ਕੇ ਚਲਾ ਜਾਂਦਾ

ਤਬ ਰਾਨੀ ਜੋਗਿਯਹਿ ਬੁਲਾਵੈ ॥

ਤਾਂ ਰਾਣੀ ਜੋਗੀ ਨੂੰ ਬੁਲਾ ਲੈਂਦੀ।

ਚਿਮਟਿ ਚਿਮਟਿ ਤਾ ਸੌ ਰਤਿ ਮਾਨੈ ॥

ਉਸ ਨਾਲ ਲਿਪਟ ਲਿਪਟ ਕੇ ਰਤੀ ਮਨਾਉਂਦੀ।

ਮੂਰਖ ਰਾਵ ਭੇਦ ਨਹਿ ਜਾਨੈ ॥੧੦॥

ਪਰ ਮੂਰਖ ਰਾਜਾ ਇਸ ਭੇਦ ਨੂੰ ਨਹੀਂ ਸਮਝ ਸਕਦਾ ॥੧੦॥

ਕਾਮ ਅਧਿਕ ਦਿਨ ਰਾਜ ਸੰਤਾਯੋ ॥

ਇਕ ਦਿਨ ਰਾਜੇ (ਭੂਧਰ ਸਿੰਘ) ਨੂੰ ਕਾਮ ਨੇ ਬਹੁਤ ਸਤਾਇਆ

ਬਿਨੁ ਬੋਲੇ ਰਾਨੀ ਕੇ ਆਯੋ ॥

ਅਤੇ ਰਾਣੀ ਦੇ ਬਿਨਾ ਬੁਲਾਇਆਂ ਆ ਗਿਆ।

ਕੇਲ ਕਰਤ ਸੋ ਤ੍ਰਿਯ ਲਖਿ ਪਾਈ ॥

(ਉਸ ਨੇ) ਉਸ ਇਸਤਰੀ ਨੂੰ ਕਾਮ ਕਰਦਿਆਂ ਵੇਖ ਲਿਆ।

ਤਾ ਕੇ ਕੋਪ ਜਗ੍ਯੋ ਜਿਯ ਆਈ ॥੧੧॥

(ਤਾਂ) ਉਸ ਦੇ ਮਨ ਵਿਚ ਬਹੁਤ ਕ੍ਰੋਧ ਪੈਦਾ ਹੋ ਗਿਆ ॥੧੧॥

ਅੜਿਲ ॥

ਅੜਿਲ:

ਕੇਲ ਕਰਤ ਰਾਨੀ ਤਿਹ ਲਖਿਯੋ ਬਨਾਇ ਕੈ ॥

(ਇਧਰ) ਕਾਮ-ਕ੍ਰੀੜਾ ਕਰਦੀ ਰਾਣੀ ਨੇ ਵੀ ਉਸ ਨੂੰ ਵੇਖ ਲਿਆ।

ਬਾਧਿ ਰਸਰਿਯਨ ਲਿਯੋ ਸੁ ਦਿਯੋ ਜਰਾਇ ਕੈ ॥

ਉਸ ਨੂੰ ਰੱਸੀਆਂ ਨਾਲ ਬੰਨ੍ਹ ਕੇ ਸਾੜ ਦਿੱਤਾ।

ਕ੍ਰਿਪਾ ਨਾਥ ਕੇ ਸਾਥ ਕਹਿਯੋ ਯੌ ਜਾਇ ਕਰਿ ॥

ਫਿਰ ਕ੍ਰਿਪਾ ਨਾਥ (ਜੋਗੀ) ਨੂੰ ਇਸ ਤਰ੍ਹਾਂ ਕਿਹਾ,

ਹੋ ਜੋ ਮੈ ਕਹੋ ਚਰਿਤ੍ਰ ਸੁ ਕਰਿਯੈ ਨਾਥ ਬਰ ॥੧੨॥

ਹੇ ਸ੍ਰੇਸ਼ਠ ਨਾਥ! ਜੋ ਮੈਂ ਚਰਿਤ੍ਰ ਕਹਾਂ, ਉਹੀ ਤੁਸੀਂ ਕਰੋ ॥੧੨॥

ਚੌਪਈ ॥

ਚੌਪਈ:

ਖਾਨ ਪਾਨ ਆਗੇ ਤਵ ਧਰਿਹੌ ॥

(ਮੈਂ) ਖਾਣ ਪੀਣ (ਦੀ ਸਾਮਗ੍ਰੀ) ਤੁਹਾਡੇ ਅਗੇ ਧਰ ਦੇਵਾਂਗੀ

ਮੁੰਦ੍ਰਿਤ ਮਠ ਕੋ ਦ੍ਵਾਰਨਿ ਕਰਿਹੌ ॥

ਅਤੇ ਮਠ ਦੇ ਦਰਵਾਜ਼ੇ ਬੰਦ ਕਰ ਦੇਵਾਂਗੀ।

ਖੋਦਿ ਭੂਮਿ ਇਕ ਚਰਿਤ੍ਰ ਦਿਖੈਹੌ ॥

ਫਿਰ ਭੂਮੀ ਪੁਟ ਕੇ ਇਕ ਹੋਰ ਚਰਿਤ੍ਰ ਵਿਖਾਵਾਂਗੀ

ਤਵ ਚਰਨਨ ਤਰ ਰਾਵ ਝੁਕੈਹੌ ॥੧੩॥

ਅਤੇ ਤੁਹਾਡੇ ਚਰਨਾਂ ਉਤੇ ਰਾਜੇ (ਬਿਕ੍ਰਮ ਸਿੰਘ) ਨੂੰ ਪਾ ਦਿਆਂਗੀ ॥੧੩॥

ਯੌ ਕਹਿ ਮੂੰਦਿ ਦੁਆਰਨ ਲਿਯੋ ॥

ਇਹ ਕਹਿ ਕੇ (ਉਸ ਨੇ) ਦਰਵਾਜ਼ਾ ਬੰਦ ਕਰ ਦਿੱਤਾ

ਆਗੇ ਢੇਰ ਭਸਮ ਤਿਹ ਕਿਯੋ ॥

ਅਤੇ ਉਸ ਅਗੇ ਭਸਮ (ਵਿਭੂਤੀ) ਦਾ ਢੇਰ ਲਗਾ ਦਿੱਤਾ।

ਆਪੁ ਰਾਵ ਸੌ ਜਾਇ ਜਤਾਯੋ ॥

ਆਪ ਜਾ ਕੇ ਰਾਜੇ ਨੂੰ ਦਸਿਆ

ਸੋਵਤ ਸਮੈ ਸੁਪਨ ਮੈ ਪਾਯੋ ॥੧੪॥

ਕਿ ਸੁੱਤੀ ਹੋਈ ਨੇ ਮੈਂ ਸੁਪਨਾ ਵੇਖਿਆ ਹੈ ॥੧੪॥

ਇਕ ਜੋਗੀ ਸੁਪਨੇ ਮੈ ਲਹਿਯੋ ॥

ਸੁਪਨੇ ਵਿਚ (ਮੈਂ) ਇਕ ਜੋਗੀ ਵੇਖਿਆ ਹੈ।

ਤਿਹ ਮੋ ਸੋ ਐਸੇ ਜਨੁ ਕਹਿਯੋ ॥

ਉਸ ਨੇ ਮੈਨੂੰ ਇਸ ਤਰ੍ਹਾਂ ਕਿਹਾ ਹੈ,

ਖੋਦਿ ਭੂਮਿ ਤੁਮ ਮੋਹਿ ਨਿਕਾਰੋ ॥

ਭੂਮੀ ਪੁਟ ਕੇ ਮੈਨੂੰ (ਬਾਹਰ) ਕਢੋ।

ਹ੍ਵੈ ਬਡੋ ਪ੍ਰਤਾਪ ਤਿਹਾਰੋ ॥੧੫॥

(ਇਸ ਕਰ ਕੇ) ਤੁਹਾਡਾ ਬਹੁਤ ਪ੍ਰਤਾਪ ਹੋਵੇਗਾ ॥੧੫॥

ਭੂਧਰ ਰਾਜ ਖੋਦਬੋ ਲਾਯੋ ॥

ਭੂਧਰ ਰਾਜੇ ਨੂੰ ਵੀ ਪੁਟਣ ਲਈ ਲਗਾਇਆ ਹੋਇਆ ਹੈ।

ਮੈ ਤੁਮ ਸੋ ਯੌ ਆਨਿ ਸੁਨਾਯੋ ॥

ਮੈਂ (ਇਹ ਵੇਖ ਕੇ) ਤੁਹਾਨੂੰ ਆ ਕੇ ਦਸਿਆ ਹੈ।

ਤੁਮਹੂੰ ਚਲੇ ਸੰਗ ਹ੍ਵੈ ਤਹਾ ॥

ਤੁਸੀਂ ਮੇਰੇ ਨਾਲ ਉਥੇ ਚਲੋ (ਅਤੇ ਵੇਖੋ)

ਕਹਾ ਚਰਿਤ੍ਰ ਹ੍ਵੈ ਹੈ ਧੌ ਉਹਾ ॥੧੬॥

ਉਥੇ ਕੀ ਵਾਪਰ ਰਿਹਾ ਹੈ ॥੧੬॥

ਯੌ ਕਹਿ ਨ੍ਰਿਪਤਿ ਸੰਗ ਲੈ ਆਈ ॥

ਇਸ ਤਰ੍ਹਾਂ ਕਹਿ ਕੇ (ਉਹ) ਰਾਜੇ ਨੂੰ ਨਾਲ ਲੈ ਆਈ

ਭੂਅ ਖੋਦਨ ਤ੍ਰਿਯ ਦਯੋ ਲਗਾਈ ॥

ਅਤੇ ਇਸਤਰੀਆਂ (ਗੋਲੀਆਂ) ਨੂੰ ਧਰਤੀ ਪੁਟਣ ਤੇ ਲਗਾ ਦਿੱਤਾ।

ਮੰਡਪ ਤਹਾ ਏਕ ਜਬ ਲਹਿਯੋ ॥

ਜਦ ਉਥੇ (ਰਾਜੇ ਨੇ) ਇਕ ਮਠ ਵੇਖਿਆ

ਧੰਨ੍ਯ ਧੰਨ੍ਯ ਪਤਿ ਤ੍ਰਿਯ ਸੋ ਕਹਿਯੋ ॥੧੭॥

ਤਾਂ ਪਤੀ ਨੇ ਇਸਤਰੀ ਨੂੰ ਧੰਨ ਧੰਨ ਕਿਹਾ ॥੧੭॥

ਜੋਗੀ ਨਿਰਖਿ ਸਖੀ ਭਜਿ ਆਈ ॥

ਜੋਗੀ ਨੂੰ ਵੇਖ ਕੇ (ਇਕ) ਸਖੀ ਭਜ ਕੇ ਆਈ

ਦੌਰਿ ਨ੍ਰਿਪਤਿ ਚਰਨਨ ਲਪਟਾਈ ॥

ਅਤੇ ਰਾਜੇ ਦੇ ਚਰਨਾਂ ਨਾਲ ਲਿਪਟ ਗਈ।

ਕਹਿਯੋ ਸੁ ਜਬ ਖੋਲਤ ਦ੍ਰਿਗ ਭਯੋ ॥

ਕਹਿਣ ਲਗੀ ਕਿ ਜਦ (ਜੋਗੀ ਨੇ) ਅੱਖਾਂ ਖੋਲ੍ਹੀਆਂ

ਤਬ ਹੀ ਰਾਜ ਭਸਮ ਹ੍ਵੈ ਗਯੋ ॥੧੮॥

ਤਾਂ ਉਦੋਂ ਹੀ ਰਾਜਾ (ਭੂਧਰ) ਭਸਮ ਹੋ ਗਿਆ ॥੧੮॥

ਤਬ ਰਾਨੀ ਯੌ ਬਚਨ ਉਚਾਰੇ ॥

ਤਦ ਰਾਣੀ ਨੇ ਇਸ ਤਰ੍ਹਾਂ ਕਿਹਾ,

ਸੁਨਹੋ ਰਾਵ ਪ੍ਰਾਨ ਤੇ ਪ੍ਯਾਰੇ ॥

ਹੇ ਮੇਰੇ ਪ੍ਰਾਣਾਂ ਤੋਂ ਪਿਆਰੇ ਰਾਜਨ! ਸੁਣੋ,

ਮੋ ਕੋ ਜਾਨ ਪ੍ਰਥਮ ਤਹ ਦੀਜੈ ॥

ਉਥੇ (ਤੁਸੀਂ) ਮੈਨੂੰ ਪਹਿਲਾਂ ਜਾਣ ਦਿਓ।

ਬਹੁਰੋ ਆਪੁ ਪਯਾਨੋ ਕੀਜੈ ॥੧੯॥

ਮਗਰੋਂ ਤੁਸੀਂ ਆਪ ਆਉਣਾ ॥੧੯॥

ਯੌ ਕਹਿ ਕੈ ਅਬਲਾ ਤਹ ਗਈ ॥

ਇਹ ਕਹਿ ਕੇ ਰਾਣੀ ਉਥੇ ਗਈ

ਤਾ ਸੋ ਕੇਲ ਕਮਾਵਤ ਭਈ ॥

ਅਤੇ ਉਸ (ਜੋਗੀ) ਨਾਲ ਕਾਮ-ਕ੍ਰੀੜਾ ਕੀਤੀ।

ਤਾ ਪਾਛੇ ਨ੍ਰਿਪ ਕੋ ਤਹ ਲ੍ਯਾਈ ॥

ਉਸ ਪਿਛੋਂ ਰਾਜੇ ਨੂੰ ਉਥੇ ਲਿਆਈ

ਜੋਗੀ ਕੀ ਝਾਈ ਦਿਖਰਾਈ ॥੨੦॥

ਅਤੇ ਜੋਗੀ ਦੀ ਪਰਛਾਈ ਵਿਖਾਈ ॥੨੦॥

ਤਬ ਜੋਗੀ ਯੌ ਬਚਨ ਉਚਾਰੇ ॥

ਤਦ ਜੋਗੀ ਨੇ ਇਸ ਤਰ੍ਹਾਂ ਕਿਹਾ,

ਬਹਤ ਜਾਨ੍ਰਹਵੀ ਅਬਿ ਲਗਿ ਥਾਰੇ ॥

ਤੁਹਾਡੇ ਨੇੜੇ ਹੁਣ ਗੰਗਾ ਵਗਦੀ ਹੈ।

ਤਾ ਕੋ ਹਮ ਕੋ ਨੀਰ ਦਿਖਰਿਯੈ ॥

ਉਸ ਦਾ ਮੈਨੂੰ ਜਲ ਵਿਖਾਓ

ਹਮ ਕੋ ਸੋਕ ਨਿਵਾਰਨ ਕਰਿਯੈ ॥੨੧॥

ਅਤੇ ਮੇਰਾ ਦੁਖ ਦੂਰ ਕਰੋ ॥੨੧॥

ਜਬ ਰਾਜੈ ਐਸੇ ਸੁਨਿ ਪਾਯੋ ॥

ਜਦ ਰਾਜੇ ਨੇ ਇਸ ਤਰ੍ਹਾਂ ਸੁਣਿਆ

ਭਰਿ ਗਾਗਰਿ ਗੰਗਾ ਜਲ ਲ੍ਯਾਯੋ ॥

ਤਾਂ ਗੰਗਾ-ਜਲ ਦੀ ਗਾਗਰ ਭਰ ਲਿਆਇਆ।

ਆਇ ਸੁ ਨੀਰ ਬਿਲੋਕਿਯੋ ਜਬ ਹੀ ॥

ਲਿਆਉਂਦੇ ਹੋਏ ਜਲ ਨੂੰ ਜਦ (ਜੋਗੀ ਨੇ) ਵੇਖਿਆ,

ਐਸੇ ਬਚਨ ਉਚਾਰੇ ਤਬ ਹੀ ॥੨੨॥

ਤਦ ਇਸ ਤਰ੍ਹਾਂ ਬਚਨ ਕੀਤਾ ॥੨੨॥

ਨਿਜੁ ਤੂੰਬਾ ਤੇ ਦੂਧ ਦਿਖਾਯੋ ॥

ਆਪਣੇ ਤੂੰਬੇ (ਵਿਚ ਪਿਆ) ਦੁੱਧ (ਜੋਗੀ ਨੇ) ਵਿਖਾਇਆ

ਗੰਗੋਦਕ ਤਹਿ ਕੋ ਠਹਰਾਯੋ ॥

ਅਤੇ ਉਸ ਨੂੰ ਗੰਗਾ-ਜਲ ਦਸਿਆ।

ਕਹਿਯੋ ਜਾਨ੍ਰਹਵੀ ਕੋ ਕਾ ਭਯੋ ॥

(ਫਿਰ) ਕਹਿਣ ਲਗਾ (ਪਤਾ ਨਹੀਂ) ਗੰਗਾ ਨੂੰ ਕੀ ਹੋ ਗਿਆ ਹੈ।

ਤਬ ਪੈ ਥੋ ਅਬ ਜਲ ਹ੍ਵੈ ਗਯੋ ॥੨੩॥

ਪਹਿਲਾਂ ਇਹ ਦੁੱਧ ('ਪੈ') ਸੀ, ਹੁਣ ਪਾਣੀ ਹੋ ਗਿਆ ਹੈ ॥੨੩॥