ਅਤੇ ਗਿਦੜ ਹੁੰਕਾਰ ('ਫਿਕਰੰਤ') ਰਹੇ ਸਨ ॥੧੪॥੧੩੬॥
ਲਹੂ ਵਿਚ ਰੰਗਣ ਵਾਲੀ
ਅਤੇ ਨਸ਼ਟ ਨਾ ਹੋ ਸਕਣ ਵਾਲੀ ਦੇਵੀ ਪ੍ਰਸੰਨ ਹੋ ਕੇ ਫਿਰ ਰਹੀ ਸੀ।
ਸ਼ੇਰ ('ਕੇਹਰ') ਦਹਾੜਦਾ ਹੋਇਆ ਘੁੰਮ ਰਿਹਾ ਸੀ
ਅਤੇ ਰਣ-ਭੂਮੀ ਵਿਚ ਨਿਰੰਤਰ ਕਲੋਲ ਕਰ ਰਿਹਾ ਸੀ ॥੧੫॥੧੩੭॥
ਢੋਲਾਂ ਦੀ ਢੰਮ ਢੰਮ ਢੰਮਕ ਹੋ ਰਹੀ ਸੀ,
ਬਰਛਿਆਂ ਦੀ ਧੰਮ ਧੰਮ ਦੀ ਧਮਕ ਹੋ ਰਹੀ ਸੀ।
(ਵੀਰ ਯੋਧੇ) ਕ੍ਰੋਧ ਨਾਲ ਬਹਿ ਬਹਿ ਕਰਦੀਆਂ ਕ੍ਰਿਪਾਨਾਂ ਚਲਾਉਂਦੇ ਸਨ
ਅਤੇ ਯੋਧੇ ਯੁੱਧ ਵਿਚ ਜੂਝ ਰਹੇ ਸਨ ॥੧੬॥੧੩੮॥
ਦੋਹਰਾ:
ਦੈਂਤਾਂ ਦੀ ਸਾਰੀ ਸੈਨਾ ਭਜ ਗਈ, (ਇਹ ਸਥਿਤੀ) ਸੁੰਭ ਨੇ ਆਪਣੀਆਂ ਅੱਖਾਂ ਨਾਲ ਵੇਖ ਲਈ।
(ਉਸ ਦੇ) ਨੇੜੇ ਜਿਤਨੇ ਵੀ ਲੜਾਕੇ ਸੂਰਮੇ (ਮੌਜੂਦ ਸਨ) ਉਨ੍ਹਾਂ ਪ੍ਰਤਿ (ਇਸ ਤਰ੍ਹਾਂ) ਬਚਨ ਬੋਲਿਆ ॥੧੭॥੧੩੯॥
ਨਰਾਜ ਛੰਦ:
ਕ੍ਰੋਧ ਨਾਲ ਸੁੰਭ ਨੇ ਧਰਤੀ ਉਤੇ
ਪੈਰ ਗਡਦੇ ਹੋਇਆਂ ਨਿਸੁੰਭ ਨੂੰ ਭੇਜਿਆ
ਅਤੇ ਕਿਹਾ ਕਿ ਜਲਦੀ ਜਾਓ
ਅਤੇ ਦੁਰਗਾ ਨੂੰ ਬੰਨ੍ਹ ਲਿਆਓ ॥੧੮॥੧੪੦॥
ਉਹ ਸੈਨਾ ਨੂੰ ਸਜਾ ਕੇ ਕ੍ਰੋਧਵਾਨ ਹੋਇਆ
ਅਤੇ ਚੜ੍ਹ ਪਿਆ।
(ਸੈਨਿਕ) ਵਾਜੇ ਵਜਾਉਂਦੇ ਹੋਏ ਡਟ ਗਏ।
(ਉਨ੍ਹਾਂ ਦੀ ਚੜ੍ਹਤ ਨੂੰ ਵੇਖ ਕੇ) ਇੰਦਰ ਭਜ ਚਲਿਆ ॥੧੯॥੧੪੧॥
ਅਣਗਿਣਤ ਸੂਰਮਿਆਂ ਨੂੰ ਨਾਲ ਲੈ ਕੇ
ਅਤੇ ਧੌਂਸਿਆਂ ਨੂੰ ਵਜਾ ਕੇ (ਨਿਸੁੰਭ) ਚੜ੍ਹ ਪਿਆ।
ਸਾਰਿਆਂ ਸੂਰਮਿਆਂ ਨੂੰ ਬੁਲਾ ਕੇ ਇਕੱਠਾ ('ਭਰੇ') ਕਰ ਲਿਆ
(ਜਿੰਨ੍ਹਾਂ ਨੂੰ) ਵੇਖ ਕੇ ਦੇਵਤੇ ਡਰ ਗਏ ॥੨੦॥੧੪੨॥
ਮਧੁਭਾਰ ਛੰਦ:
ਇੰਦਰ ਕੰਬ ਗਿਆ,
ਮਹੇਸ਼ ਨੇ (ਉਸ ਨੂੰ) ਕੋਲ ਬੁਲਾਇਆ,
(ਆਪਸ ਵਿਚ) ਸਲਾਹ ਕੀਤੀ
ਅਤੇ ਸੈਨਿਕਾਂ ਬਾਰੇ ਪੁਛਿਆ ॥੨੧॥੧੪੩॥
ਹੇ ਮਿਤਰ!
ਉਹ ਕਿਹੜਾ ਕੌਤਕ ਕਰੀਏ
ਜਿਸ ਨਾਲ ਦੁਰਗਾ ਮਾਤਾ ਦੀ
ਚੰਗੀ ਤਰ੍ਹਾਂ ਜਿਤ ਹੋ ਜਾਏ ॥੨੨॥੧੪੪॥
(ਆਪਣੀਆਂ ਅਪਾਰ) ਸ਼ਕਤੀਆਂ ਨੂੰ
ਕਢ ਲਵੋ
ਅਤੇ (ਯੁੱਧ ਵਿਚ) ਭੇਜ ਦਿਓ
(ਤਾਂ ਜੋ) ਜਾ ਕੇ ਕ੍ਰੋਧ ਨਾਲ ਵੈਰੀਆਂ ਨੂੰ ਮਾਰ ਦੇਣ ॥੨੩॥੧੪੫॥
(ਉਨ੍ਹਾਂ) ਪ੍ਰਬੀਨ ਦੇਵਤਿਆਂ ਨੇ
ਓਹੀ ਕੰਮ ਕੀਤਾ।
(ਆਪਣੀਆਂ) ਅਪਾਰ ਸ਼ਕਤੀਆਂ ਕਢ ਕੇ
ਭੇਜ ਦਿੱਤੀਆਂ ॥੨੪॥੧੪੬॥
ਬ੍ਰਿਧ ਨਰਾਜ ਛੰਦ:
(ਉਹ) ਸ਼ਕਤੀਆਂ ਤੁਰਤ ਹੱਥਾਂ ਵਿਚ ਤਲਵਾਰਾਂ ਧਾਰਨ ਕਰ ਕੇ (ਯੁੱਧ-ਭੂਮੀ ਵਲ) ਚਲ ਪਈਆਂ।
(ਉਨ੍ਹਾਂ ਨੂੰ ਤੁਰਦਿਆਂ ਵੇਖ ਕੇ) ਵੱਡੇ ਵੱਡੇ ਗਿੱਧ ਡੌਰ ਭੌਰ ਹੋ ਕੇ ਅਤੇ ਡਾਕਣੀਆਂ ਡਕਾਰ ਕੇ ਤੁਰ ਪਈਆਂ।
ਵਡੇ ਆਕਾਰ ਵਾਲੇ ਕਾਂ ਹਸਣ ਲਗੇ ਅਤੇ ਧੜ ਵੀ ਅੰਨ੍ਹੇ ਵਾਹ ਉਠਣ ਲਗੇ।
ਬਹੁਤ ਸਾਰੇ ਦੇਵਤੇ ਅਤੇ ਸੂਰਵੀਰ ਬਾਣਾਂ ਦੀ ਬਰਖਾ ਕਰਨ ਲਗੇ ॥੨੫॥੧੪੭॥
ਰਸਾਵਲ ਛੰਦ:
(ਦੇਵਤਿਆਂ ਦੀਆਂ) ਸਾਰੀਆਂ ਸ਼ਕਤੀਆਂ ਨੇ ਆ ਕੇ
ਸੀਸ ਝੁਕਾਏ ਅਤੇ (ਯੁੱਧ ਲਈ) ਚਾਲੇ ਪਾ ਦਿੱਤੇ।
(ਉਨ੍ਹਾਂ ਨੇ) ਮਹਾਨ ਅਸਤ੍ਰ ਧਾਰ ਕੇ
ਵੱਡੇ ਵੱਡੇ ਸੂਰਮਿਆਂ ਨੂੰ ਮਾਰ ਦਿੱਤਾ ॥੨੬॥੧੪੮॥
(ਉਨ੍ਹਾਂ ਦੇ) ਮੂੰਹਾਂ ਅਤੇ ਅੱਖਾਂ ਵਿਚੋਂ ਲਹੂ ਉਤਰ ਰਿਹਾ ਸੀ
ਅਤੇ ਕਠੋਰ ਬਚਨ ਬੋਲ ਰਹੀਆਂ ਸਨ।
(ਉਨ੍ਹਾਂ ਨੇ) ਹੱਥਾਂ ਵਿਚ ਅਸਤ੍ਰ
ਅਤੇ ਕਟਾਰਾਂ ਤੇ ਕ੍ਰਿਪਾਨਾਂ ਫੜੀਆਂ ਹੋਈਆਂ ਸਨ ॥੨੭॥੧੪੯॥
ਉਧਰੋਂ ਦੈਂਤ ਗਜਦੇ ਸਨ,
ਤੁਰੀਆਂ ਤੇ ਧੌਂਸੇ ਵਜਦੇ ਸਨ,
ਹੱਥਾਂ ਵਿਚ ਸੁੰਦਰ ਢਾਲਾਂ ਧਾਰਨ ਕੀਤੀਆਂ ਹੋਈਆਂ ਸਨ
ਅਤੇ ਕਠੋਰ ਕਵਚ ਪਹਿਨੇ ਹੋਏ ਸਨ ॥੨੮॥੧੫੦॥
ਚੌਹਾਂ ਪਾਸਿਆਂ ਤੋਂ (ਦੈਂਤ) ਗਜ ਰਹੇ ਹਨ,
(ਉਨ੍ਹਾਂ ਦੀ ਗਰਜ ਨੂੰ ਸੁਣ ਕੇ) ਸਾਰੇ ਦੇਵਤੇ ਕੰਬ ਰਹੇ ਸਨ।
ਤੀਖਣ ਤੀਰ ਛੁਟ ਰਹੇ ਸਨ ਅਤੇ
(ਉਨ੍ਹਾਂ ਦੇ ਲਗਣ ਨਾਲ) ਚੌਰਾਂ ਅਤੇ ਬਸਤ੍ਰ ਕਟੇ ਜਾ ਰਹੇ ਸਨ ॥੨੯॥੧੫੧॥
(ਸਾਰੇ) ਰੌਦਰ ਰਸ ਵਿਚ ਮਸਤ ਸਨ
ਅਤੇ ਬਹੁਤ ਅਧਿਕ ਤੇਜ ਨਾਲ ਭੜਕੇ ਹੋਏ ਸਨ।
ਬਾਣਾਂ ਦੀ ਬਰਖਾ ਕਰਦੇ ਸਨ।
ਦੇਵੀ ਆਨੰਦ ਨਾਲ ਭਰਪੂਰ ਸੀ ॥੩੦॥੧੫੨॥
ਇਧਰੋਂ ਦੇਵੀ ਮਾਰ ਰਹੀ ਸੀ,
ਉਧਰੋਂ ਸ਼ੇਰ ਪਾੜ ਰਿਹਾ ਹੈ।
(ਸ਼ਿਵ) ਗਣਾਂ ਦੀ ਗੰਭੀਰ ਗਰਜਨਾ ਹੋ ਰਹੀ ਸੀ
(ਜਿਸ ਕਰਕੇ) ਸਾਰੇ ਦੈਂਤ ਕੰਬ ਰਹੇ ਸਨ ॥੩੧॥੧੫੩॥