ਮੇਰੇ ਪੁਰਾਤਨ ਪਾਪ ਖ਼ਤਮ ਹੋ ਗਏ ਹਨ।
ਮੇਰਾ ਜਨਮ ਹੁਣ ਸਫਲ ਹੋ ਗਿਆ ਹੈ।
(ਉਸ ਨੇ) ਜਗਨ ਨਾਥ ਦਾ ਦਰਸ਼ਨ ਕੀਤਾ
ਅਤੇ ਹੱਥਾਂ ਨਾਲ ਪੈਰਾਂ ਨੂੰ ਛੋਹਿਆ ਹੈ ॥੪॥
ਤਦ ਤਕ ਰਾਜੇ ਦੀ ਪੁੱਤਰੀ ਉਥੇ ਆ ਗਈ।
(ਉਸ ਨੇ) ਪਿਤਾ ਨੂੰ ਸੁਣਾਉਂਦੇ ਹੋਇਆਂ ਇਸ ਤਰ੍ਹਾਂ ਕਿਹਾ,
ਸੁਣੋ! ਮੈਂ ਅਜ ਇਥੇ ਹੀ ਸੰਵਾਂਗੀ।
ਜਿਸ ਨੂੰ ਜਗਨ ਨਾਥ ਕਹਿਣ ਗੇ, ਉਸੇ ਨਾਲ ਵਿਆਹ ਕਰਾਂਗੀ ॥੫॥
ਜਦ ਉਥੇ ਸੁੱਤੀ ਹੋਈ (ਉਹ) ਸਵੇਰੇ ਜਾਗੀ
ਤਦ ਪਿਤਾ ਨਾਲ ਇਸ ਤਰ੍ਹਾਂ ਗੱਲ ਕੀਤੀ,
ਸੁਘਰ ਸੈਨ ਨਾਂ ਦਾ ਜੋ ਛਤ੍ਰੀ ਹੈ,
ਜਗਨ ਨਾਥ ਨੇ ਮੈਨੂੰ ਉਸ ਨੂੰ ਦੇ ਦਿੱਤਾ ਹੈ ॥੬॥
ਰਾਜੇ ਨੇ ਜਦ ਇਸ ਤਰ੍ਹਾਂ ਬਚਨ ਸੁਣਿਆ,
ਤਦ ਪੁੱਤਰੀ ਨੂੰ ਇਸ ਤਰ੍ਹਾਂ ਕਹਿਣ ਲਗਾ।
ਜਗਨ ਨਾਥ ਨੇ ਜਿਸ ਨੂੰ ਤੂੰ ਦਿੱਤੀ ਹੈਂ,
ਉਸ ਕੋਲੋਂ ਮੈਂ ਵਾਪਸ ਨਹੀਂ ਲੈ ਸਕਦਾ ॥੭॥
ਉਸ ਮੂਰਖ ਨੇ ਕੁਝ ਭੇਦ ਅਭੇਦ ਨਾ ਸਮਝਿਆ।
ਇਸ ਛਲ ਨਾਲ ਆਪਣਾ ਸਿਰ ਮੁੰਨਵਾ ਲਿਆ (ਭਾਵ ਠਗਿਆ ਗਿਆ)।
(ਰਾਜੇ ਨੇ ਉਸ ਨੂੰ) ਜਗਨ ਨਾਥ ਦਾ ਬਚਨ ਮੰਨਿਆ।
ਮਿਤਰ (ਸੁਘਰ ਸੈਨ) ਰਾਜ ਕੁਮਾਰੀ ਨੂੰ ਲੈ ਕੇ ਚਲਾ ਗਿਆ ॥੮॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੬੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬੦॥੬੫੮੦॥ ਚਲਦਾ॥
ਚੌਪਈ:
ਹੇ ਰਾਜਨ! (ਤੁਹਾਨੂੰ) ਇਕ ਪੁਰਾਤਨ ਕਥਾ ਸੁਣਾਉਂਦਾ ਹਾਂ,
ਜਿਵੇਂ ਪੰਡਿਤਾਂ ਅਤੇ ਮਹਾ ਮੁਨੀਆਂ ਨੇ ਕਹੀ ਹੈ।
ਇਕ ਮਹੇਸ੍ਰ ਸਿੰਘ ਨਾਂ ਦਾ ਰਾਜਾ ਸੀ
ਜਿਸ ਅਗੇ ਅਨੇਕ ਰਾਜੇ ਕਰ ਭਰਦੇ ਸਨ ॥੧॥
ਉਥੇ ਮਹੇਸ੍ਰਾਵਤੀ ਨਾਂ ਦਾ ਇਕ ਨਗਰ ਸੀ।
(ਉਹ ਨਗਰ ਇੰਜ ਲਗਦਾ ਸੀ) ਮਾਨੋ ਦੂਜੀ ਅਮਰਾਵਤੀ ਸੁਸ਼ੋਭਿਤ ਹੋਵੇ।
ਉਸ ਦੀ ਉਪਮਾ ਦਾ ਬਿਆਨ ਨਹੀਂ ਕੀਤਾ ਜਾ ਸਕਦਾ।
(ਉਸ ਨੂੰ) ਅਲਕਾ (ਕੁਬੇਰ ਦੀ ਪੁਰੀ) ਵੀ ਵੇਖ ਵੇਖ ਕੇ ਥਕ ਜਾਂਦੀ ਸੀ ॥੨॥
ਉਸ ਦੀ ਪੁੱਤਰੀ ਨੂੰ ਗਜ ਗਾਮਿਨੀ ਦੇ (ਦੇਈ) ਕਿਹਾ ਜਾਂਦਾ ਸੀ
ਜਿਸ ਦੇ ਮੁਖ ਦੀ ਉਪਮਾ ਚੰਦ੍ਰਮਾ ਅਤੇ ਸੂਰਜ ਨਾਲ ਦਿੱਤੀ ਜਾਂਦੀ ਸੀ।
ਉਸ ਦੀ ਸੁੰਦਰਤਾ ਦਾ ਬਖਾਨ ਨਹੀਂ ਕੀਤਾ ਜਾ ਸਕਦਾ।
ਰਾਜਾ ਅਤੇ ਰਾਣੀ ਵੀ (ਉਸ ਦੇ ਰੂਪ ਨੂੰ ਵੇਖ ਕੇ) ਥਕ ਜਾਂਦੇ ਸਨ (ਅਰਥਾਤ-ਉਸ ਤੋਂ ਵਾਰਨੇ ਜਾਂਦੇ ਸਨ) ॥੩॥
ਉਸ ਦਾ ਪ੍ਰੇਮ ਇਕ (ਵਿਅਕਤੀ) ਨਾਲ ਹੋ ਗਿਆ,
ਜਿਸ ਕਰ ਕੇ ਉਸ ਦੀ ਨੀਂਦਰ ਅਤੇ ਭੁਖ ਖ਼ਤਮ ਹੋ ਗਈ।
ਉਸ (ਵਿਅਕਤੀ) ਦਾ ਨਾਂ ਗਾਜੀ ਰਾਇ ਸੀ
ਜਿਸ ਨੂੰ ਵੇਖ ਕੇ ਇਸਤਰੀਆਂ ਥਕੀਆਂ ਰਹਿ ਜਾਂਦੀਆਂ ਸਨ ॥੪॥
ਜਦੋਂ ਹੋਰ ਕੋਈ ਦਾਓ ਨਾ ਲਗਿਆ,
ਤਾਂ (ਗਾਜੀ ਰਾਇ ਨੇ) ਆਪਣੇ ਪਾਸ ਇਕ ਬੇੜੀ ਮੰਗਵਾਈ।
ਉਸ (ਬੇੜੀ) ਦਾ ਨਾਂ 'ਰਾਜ ਕੁਮਾਰੀ' ਰਖਿਆ।
(ਇਹ ਗੱਲ) ਸਾਰੀਆਂ ਇਸਤਰੀਆਂ ਅਤੇ ਪੁਰਸ਼ ਜਾਣਨ ਲਗੇ ॥੫॥
ਗਾਜੀ ਰਾਇ ਉਸ (ਬੇੜੀ) ਉਰ ਬੈਠ ਗਿਆ
ਅਤੇ (ਤਰਦਾ ਤਰਦਾ) ਰਾਜੇ ਦੇ ਮੱਹਲਾਂ ਦੇ ਹੇਠਾਂ ਆ ਪਹੁੰਚਿਆ।
(ਆ ਕੇ ਕਹਿਣ ਲਗਾ ਕਿ) ਜੇ ਬੇੜੀ ਲੈਣੀ ਹੋਵੇ ਤਾਂ ਲੈ ਲਵੋ
ਨਹੀਂ ਤਾਂ ਮੈਨੂੰ ਕੁਝ ਉੱਤਰ ਦਿਓ ॥੬॥
ਮੈਂ ਰਾਜ ਕੁਮਾਰੀ (ਭਾਵ ਬੇੜੀ) ਨੂੰ ਲੈ ਜਾਵਾਂਗਾ
ਅਤੇ ਕਿਸੇ ਹੋਰ ਪਿੰਡ ਵਿਚ ਜਾ ਵੇਚਾਂਗਾ।
ਜੇ ਬੇੜੀ ਲੈਣੀ ਹੋਵੇ ਤਦ ਲਵੋ,
ਨਹੀਂ ਤਾਂ ਮੈਨੂੰ ਵਿਦਾ ਕਰ ਦਿਓ ॥੭॥
ਮੂਰਖ ਰਾਜੇ ਨੇ ਗੱਲ ਨਾ ਸਮਝੀ।
ਦਿਨ ਬੀਤ ਗਿਆ ਅਤੇ ਰਾਤ ਹੋ ਗਈ।
ਰਾਜ ਕੁਮਾਰੀ ਨੇ ਤਦ ਦੇਗ ਮੰਗਵਾਈ
ਅਤੇ ਉਸ ਵਿਚ ਜਾ ਕੇ ਬੈਠ ਗਈ ॥੮॥
(ਦੇਗ ਦਾ) ਮੂੰਹ ਬੰਦ ਕਰ ਕੇ ਬੇੜੀ ਨਾਲ ਬੰਨ੍ਹ ਦਿੱਤਾ
ਅਤੇ (ਬੇੜੀ ਨੂੰ) ਤਦ ਛਡਿਆ ਜਦ ਅੱਧ ਵਿਚਾਲੇ ਪਹੁੰਚ ਗਈ (ਅਰਥਾਂਤਰ- ਜਦ ਹਨੇਰੀ ਵਗਣ ਲਗ ਗਈ)।
ਜਦ ਰਾਜੇ ਨੇ ਸਵੇਰੇ ਦੀਵਾਨ ਲਗਾਇਆ,
ਤਦ ਉਸ (ਬੇੜੀ ਵਾਲੇ) ਨੇ ਉਥੇ ਇਕ ਬੰਦਾ ਭੇਜਿਆ ॥੯॥
ਜੇ ਤੁਸੀਂ ਬੇੜੀ ਦਾ ਮੁੱਲ ਨਹੀਂ ਚੁਕਾਓਗੇ
ਤਾਂ ਮੈਂ ਰਾਜ ਕੁਮਾਰੀ (ਬੇੜੀ) ਨੂੰ ਲੈ ਕੇ ਇਕ ਬਨ ਵਿਚ ਚਲਾ ਜਾਵਾਂਗਾ।
(ਰਾਜੇ ਨੇ ਕਿਹਾ) ਜਾਣ ਦਿਓ, (ਸਾਡਾ) ਉਸ ਨਾਲ ਮੁੱਲ ਨਹੀਂ ਬਣਿਆ ਹੈ।
ਮੇਰੇ ਪਾਸ (ਅਗੇ ਹੀ) ਬਹੁਤ ਬੇੜੀਆਂ ਹਨ ॥੧੦॥
ਰਾਜੇ ਨੂੰ ਦਸ ਕੇ ਉਸ ਦੀ ਕੁਮਾਰੀ ਨੂੰ ਕਢ ਕੇ ਲੈ ਗਿਆ।
ਮੂਰਖ (ਰਾਜਾ) ਭੇਦ ਨੂੰ ਸਮਝ ਨਾ ਸਕਿਆ।
ਜਦੋਂ ਸਵੇਰੇ ਪੁੱਤਰੀ ਬਾਰੇ ਪਤਾ ਲਗਿਆ,
ਤਾਂ ਸਿਰ ਨੀਵਾਂ ਕਰ ਕੇ ਬੈਠ ਰਿਹਾ ॥੧੧॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੬੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬੧॥੬੫੯੧॥ ਚਲਦਾ॥
ਚੌਪਈ:
ਹੇ ਰਾਜਨ! ਇਕ ਵਿਚਿਤ੍ਰ ਕਥਾ ਸੁਣੋ,
ਜਿਸ ਤਰ੍ਹਾਂ ਇਕ ਨਾਰੀ ਨੇ ਚਰਿਤ੍ਰ ਕੀਤਾ ਸੀ।
ਗੁਲੋ ਨਾਂ ਦੀ ਇਕ ਖਤਰਾਣੀ ਸੀ
ਜੋ ਜੇਠ ਮੱਲ ਨਾਂ ਦੇ ਛਤ੍ਰੀ ਨੂੰ ਵਿਆਹੀ ਹੋਈ ਸੀ ॥੧॥