ਸ਼੍ਰੀ ਦਸਮ ਗ੍ਰੰਥ

ਅੰਗ - 990


ਬਚਿਯੋ ਬੀਰ ਏਕੈ ਨ ਬਾਜੰਤ੍ਰ ਬਾਜੀ ॥

ਨਾ ਕੋਈ ਸੂਰਮਾ ਬਚਿਆ ਅਤੇ ਨਾ ਹੀ ਵਾਜੇ ਵਜਾਉਣ ਵਾਲੇ ਬਚੇ ਹਨ।

ਮਹਾ ਤ੍ਰਾਸ ਕੈ ਕੈ ਮਹਾ ਸੈਨ ਭਾਜੀ ॥੫॥

ਬਹੁਤ ਡਰ ਮੰਨ ਕੇ ਵੱਡੀ ਸੈਨਾ ਭਜ ਗਈ ਹੈ ॥੫॥

ਚੌਪਈ ॥

ਚੌਪਈ:

ਜਬ ਹੀ ਭਾਜਿ ਸੈਨ ਸਭ ਗਯੋ ॥

ਜਦੋਂ ਸਾਰੀ ਸੈਨਾ ਭਜ ਗਈ

ਕੋਪ ਤਬੈ ਰਾਜਾ ਕੋ ਭਯੋ ॥

ਤਦ ਰਾਜੇ ਨੂੰ ਗੁੱਸਾ ਆਇਆ।

ਸਾਮੁਹਿ ਹ੍ਵੈ ਕੈ ਜੁਧ ਮਚਾਯੋ ॥

(ਉਸ ਨੇ) ਸਾਹਮਣੇ ਹੋ ਕੇ ਯੁੱਧ ਮਚਾਇਆ ਜਿਸ ਨੂੰ ਵੇਖਣ ਲਈ

ਦੇਖਨ ਇੰਦ੍ਰ ਦੇਵ ਰਨ ਆਯੋ ॥੬॥

(ਖ਼ੁਦ) ਇੰਦਰ ਦੇਵ ਯੁੱਧ-ਭੂਮੀ ਵਿਚ ਆਇਆ ॥੬॥

ਬਿਸਨੁ ਦਤ ਅਤਿ ਹੀ ਸੁਭ ਕਾਰੀ ॥

ਬਿਸਨੁ ਦੱਤ ਨਾਂ ਦਾ ਇਕ ਚੰਗਾ ਯੋਧਾ

ਉਹਿ ਦਿਸਿ ਕੋ ਰਾਜਾ ਹੰਕਾਰੀ ॥

ਉਸ ਪਾਸੇ ਹੰਕਾਰੀ ਰਾਜਾ ਸੀ।

ਸੋ ਆਪਨ ਲਰਬੇ ਕੋ ਧਾਯੋ ॥

ਉਹ ਆਪ ਲੜਨ ਲਈ ਆਇਆ।

ਉਤ ਤੇ ਉਗ੍ਰ ਦਤ ਨ੍ਰਿਪ ਆਯੋ ॥੭॥

ਉਧਰੋਂ ਉਗ੍ਰਦੱਤ ਰਾਜਾ ਖ਼ੁਦ ਆ ਗਿਆ ॥੭॥

ਦੋਊ ਸੈਨ ਰਾਵ ਦੋਊ ਲੈ ਕੈ ॥

ਦੋਵੇਂ ਰਾਜੇ ਸੈਨਾ ਲੈ ਕੇ

ਰਨ ਕੌ ਚਲੇ ਕੋਪ ਅਤਿ ਕੈ ਕੈ ॥

ਅਤੇ ਬਹੁਤ ਕ੍ਰੋਧਿਤ ਹੋ ਕੇ ਰਣ-ਭੂਮੀ ਨੂੰ ਚਲੇ।

ਖੜਗ ਸੂਲ ਸੈਥੀ ਚਮਕਾਵਤ ॥

ਤਲਵਾਰਾਂ, ਤ੍ਰਿਸ਼ੂਲ ਅਤੇ ਬਰਛੀਆਂ ਚਮਕਾਉਂਦੇ ਸਨ

ਮਾਰੂ ਰਾਗ ਸਿਧਾਰੇ ਗਾਵਤ ॥੮॥

ਅਤੇ ਮਾਰੂ ਰਾਗ ਅਤੇ ਸੰਧੂਰੀਆ ਰਾਗ ਅਲਾਪਦੇ ਸਨ ॥੮॥

ਸਵੈਯਾ ॥

ਸਵੈਯਾ:

ਤਾਜ ਪਰੇ ਕਹੂੰ ਸਾਜ ਜਿਰੇ ਕਹੂੰ ਬਾਜ ਮਰੇ ਗਜਰਾਜ ਸੰਘਾਰੇ ॥

ਕਿਤੇ (ਰਾਜਿਆਂ ਦੇ) ਤਾਜ ਪਏ ਸਨ, ਕਿਤੇ ਸਾਜ ਸਾਜਾਵਟ ਦੇ ਸਾਮਾਨ ਅਤੇ ਕਵਚ ਪਏ ਸਨ ਕਿਤੇ ਘੋੜੇ ਅਤੇ ਕਿਤੇ ਵੱਡੇ ਹਾਥੀ ਮਰੇ ਪਏ ਸਨ।

ਗਾਵਤ ਬੀਰ ਬਿਤਾਲ ਫਿਰੈ ਕਹੂੰ ਨਾਚਤ ਭੂਤ ਭਯਾਨਕ ਭਾਰੇ ॥

ਕਿਤੇ ਬੀਰ ਬੈਤਾਲ ਗਾਉਂਦੇ ਫਿਰ ਰਹੇ ਸਨ ਅਤੇ ਕਿਤੇ ਭਿਆਨਕ ਭਾਰੇ ਭੂਤ ਨਚ ਰਹੇ ਸਨ।

ਭੀਤ ਭਜੇ ਲਖਿ ਭੀਰ ਪਰੀ ਅਤਿ ਤ੍ਰਾਸ ਭਰੇ ਸੁਨਿ ਨਾਦ ਨਗਾਰੇ ॥

ਭੀੜਾ ਦੀ ਘੜੀ ਵੇਖ ਕੇ ਅਤੇ ਨਗਾਰਿਆਂ ਦਾ ਨਾਦ ਸੁਣ ਕੇ ਭੈ ਭੀਤ ਡਰਪੋਕ ਭਜ ਗਏ ਸਨ।

ਕਾਪਤ ਹੈ ਇਹ ਭਾਤਿ ਮਨੌ ਗਨ ਗੋਰਨ ਕੇ ਜਨੁ ਓਰਨ ਮਾਰੇ ॥੯॥

ਇਸ ਤਰ੍ਹਾਂ ਕੰਬ ਰਹੇ ਸਨ, ਮਾਨੋ ਗੋਲਿਆਂ ਦੇ ਸਮੂਹ ਓਲਿਆਂ ਵਾਂਗ ਦਾਗ਼ੇ ਜਾ ਰਹੇ ਹੋਣ ॥੯॥

ਏਕ ਮਹਾ ਭਟ ਭੀਰ ਪਰੀ ਲਖਿ ਭੀਤ ਭਏ ਸੁ ਚਲੇ ਭਜਿ ਕੈ ॥

ਕਈ ਇਕ ਸੂਰਮੇ ਭਿਆਨਕ ਭੀੜ ਪੈਣ ਤੇ ਡਰਦੇ ਹੋਏ ਭਜ ਚਲੇ ਹਨ।

ਇਕ ਆਨਿ ਪਰੇ ਨ ਟਰੇ ਰਨ ਤੇ ਕਰਵਾਰ ਕਟਾਰਿਨ ਕੌ ਸਜਿ ਕੈ ॥

ਕਈ ਕਟਾਰਾਂ ਅਤੇ ਤਲਵਾਰਾਂ ਲੈ ਕੇ ਯੁੱਧ-ਭੂਮੀ ਵਿਚ ਆ ਪਏ ਹਨ ਅਤੇ ਟਲੇ ਨਹੀਂ ਹਨ।

ਇਕ ਪਾਨਿਹਿ ਪਾਨਿ ਰਟੈ ਮੁਖ ਤੇ ਇਕ ਮਾਰਹਿ ਮਾਰਿ ਕਹੈ ਗ੍ਰਜਿ ਕੈ ॥

ਇਕ ਮੂੰਹੋਂ ਪਾਣੀ ਹੀ ਪਾਣੀ ਮੰਗ ਰਹੇ ਹਨ ਅਤੇ ਇਕ ਗਜ ਕੇ ਮਾਰੋ-ਮਾਰੋ ਪੁਕਾਰ ਰਹੇ ਹਨ।

ਇਕ ਜੂਝਿ ਮਰੈ ਇਕ ਸ੍ਵਾਸਿ ਭਰੈ ਇਕ ਆਨਿ ਅਰੈ ਰਜਿਯਾ ਰਜਿ ਕੈ ॥੧੦॥

ਕਈ ਲੜ ਮੋਏ ਹਨ, ਕਈ ਸਾਹ ਲੈ ਰਹੇ ਹਨ ਅਤੇ ਇਕ ਰਾਜਪੂਤ ਆ ਕੇ ਲੜਦੇ ਹੋਏ ਤ੍ਰਿਪਤ ਹੋ ਰਹੇ ਹਨ ॥੧੦॥

ਦੋਹਰਾ ॥

ਦੋਹਰਾ:

ਤਰਫਰਾਹਿ ਸੂਰਾ ਧਰਨਿ ਬਰਖਿਯੋ ਸਾਰ ਅਪਾਰ ॥

ਬਹੁਤ ਹਥਿਆਰ ਚਲੇ ਹਨ ਅਤੇ ਸੂਰਮੇ ਧਰਤੀ ਉਤੇ ਤੜਫੜਾ ਰਹੇ ਹਨ।

ਜੇ ਅਬ੍ਰਿਣੀ ਠਾਢੇ ਹੁਤੇ ਬ੍ਰਿਣੀ ਕਰੇ ਕਰਤਾਰ ॥੧੧॥

ਜੋ ਜ਼ਖ਼ਮਾਂ ਤੋਂ ਅਜੇ ਬਚੇ ਹੋਏ ਖੜੋਤੇ ਸਨ, (ਉਨ੍ਹਾਂ ਨੂੰ ਵੀ) ਕਰਤਾਰ ਨੇ ਜ਼ਖ਼ਮੀ ਕਰ ਦਿੱਤਾ ਹੈ ॥੧੧॥

ਚੌਪਈ ॥

ਚੌਪਈ:

ਐਸੋ ਬੀਰ ਖੇਤ ਤਹ ਪਰਿਯੋ ॥

ਇਸ ਤਰ੍ਹਾਂ ਯੁੱਧ-ਭੂਮੀ ਵਿਚ ਸੂਰਮੇ ਪਏ ਸਨ।

ਏਕ ਬੀਰ ਸਾਬਤ ਨ ਉਬਰਿਯੋ ॥

ਇਕ ਵੀ ਸੂਰਮਾ ਸਾਬਤ ਸਬੂਤ ਨਹੀਂ ਬਚਿਆ ਸੀ।

ਰਾਜਾ ਜੂ ਖੇਤ ਗਿਰਿ ਗਏ ॥

ਰਾਜਾ ਵੀ ਯੁੱਧ-ਭੂਮੀ ਵਿਚ ਡਿਗ ਪਿਆ,

ਜੀਵਤ ਰਹੇ ਮ੍ਰਿਤਕ ਨਹਿ ਭਏ ॥੧੨॥

ਪਰ ਜੀਉਂਦਾ ਰਿਹਾ, ਮਰਿਆ ਨਹੀਂ ॥੧੨॥

ਦੋਹਰਾ ॥

ਦੋਹਰਾ:

ਖੇਤ ਪਰੇ ਨ੍ਰਿਪ ਕੌ ਨਿਰਖਿ ਭਾਜੇ ਸੁਭਟ ਅਨੇਕ ॥

ਯੁੱਧ-ਭੂਮੀ ਵਿਚ ਰਾਜੇ ਨੂੰ ਡਿਗਿਆ ਵੇਖ ਕੇ ਬਹੁਤ ਸਾਰੇ ਸੂਰਮੇ ਭਜ ਗਏ।

ਸ੍ਯਾਮ ਭਨੈ ਰਨ ਭੂਮਿ ਮੈ ਰਹਿਯੋ ਨ ਸੂਰਾ ਏਕ ॥੧੩॥

ਸ਼ਿਆਮ ਕਵੀ ਕਹਿੰਦੇ ਹਨ ਕਿ ਰਣ-ਭੂਮੀ ਵਿਚ ਇਕ ਵੀ ਸੂਰਮਾ ਨਹੀਂ ਰਿਹਾ ਹੈ ॥੧੩॥

ਕਬਿਤੁ ॥

ਕਬਿੱਤ:

ਭਾਰੇ ਭਾਰੇ ਸੂਰਮਾ ਪੁਕਾਰੈ ਕੈ ਕੈ ਮਹਾ ਨਾਦ ਰਾਨੀ ਹਮ ਮਾਰੇ ਰਾਜਾ ਜਿਯਤੇ ਸੰਘਾਰ ਹੈ ॥

ਵੱਡੇ ਵੱਡੇ ਸੂਰਮੇ ਉੱਚੀ ਆਵਾਜ਼ ਵਿਚ ਪੁਕਾਰਦੇ ਹੋਏ ਰਾਣੀ (ਨੂੰ ਕਹਿਣ ਲਗੇ) ਅਸੀਂ ਮਾਰੇ ਗਏ ਅਤੇ ਰਾਜਾ ਵੀ ਜੀਉਂਦੇ ਸੰਘਾਰੇ ਗਏ।

ਕੇਤੇ ਰਥ ਟੂਟੇ ਕੇਤੇ ਸੂਰਨ ਕੇ ਸੀਸ ਫੂਟੇ ਕੇਤੇ ਹਯ ਛੂਟੇ ਕੇਤੇ ਹਯਹੂੰ ਪ੍ਰਹਾਰੇ ਹੈ ॥

ਕਈ ਰਥ ਟੁਟ ਗਏ ਹਨ ਅਤੇ ਕਈਆਂ ਸੂਰਮਿਆਂ ਦੇ ਸਿਰ ਫੁਟ ਗਏ ਹਨ। ਕਈ ਘੋੜੇ ਭਜ ਗਏ ਹਨ ਅਤੇ ਕਈ ਘੋੜੇ ਮਾਰੇ ਗਏ ਹਨ।

ਕੇਤੇ ਕਰੀ ਮਾਰੇ ਕੇਤੇ ਕਰਹਿ ਬਿਦਾਰੇ ਕੇਤੇ ਜੁਧ ਤੇ ਨਿਵਾਰੇ ਕੇਤੇ ਪੈਦਲ ਲਤਾਰੇ ਹੈ ॥

ਕਿਤਨੇ ਹਾਥੀ ਮਾਰੇ ਗਏ ਹਨ ਅਤੇ ਕਿਤਨੇ ਚੀਰੇ ਗਏ ਹਨ। ਕਈ ਯੁੱਧ ਤੋਂ ਭਜ ਗਏ ਹਨ ਅਤੇ ਕਈ ਪੈਦਲ ਸਿਪਾਹੀ ਲਿਤਾੜੇ ਗਏ ਹਨ।

ਲੋਹ ਕੇ ਕਰਾਰੇ ਕੇਤੇ ਅਸ੍ਵ ਹੂੰ ਉਤਾਰੇ ਕੇਤੇ ਖੰਡੇ ਜਿਨਿ ਖੰਡ ਤੇ ਅਖੰਡ ਖੰਡ ਡਾਰੇ ਹੈ ॥੧੪॥

ਕਈ ਕਠੋਰਤਾ ਨਾਲ ਹਥਿਆਰ ਚਲਾਉਣ ਵਾਲਿਆਂ ਨੂੰ ਘੋੜਿਆਂ ਤੋਂ ਉਤਾਰ ਸੁਟਿਆ ਹੈ। ਕਈਆਂ ਨੂੰ ਖੰਡਿਆਂ ਨਾਲ ਖੰਡਿਤ ਕਰ ਦਿੱਤਾ ਅਤੇ ਖੰਡੇ ਨਾ ਜਾ ਸਕਣ ਵਾਲਿਆਂ ਨੂੰ ਖੰਡ ਖੰਡ ਕਰ ਦਿੱਤਾ ॥੧੪॥

ਸਵੈਯਾ ॥

ਸਵੈਯਾ:

ਜੋਰਿ ਸਭਾ ਸੁਭ ਬੋਲਿ ਬਡੇ ਭਟ ਔਰ ਉਪਾਇ ਕਹੌ ਸੁ ਕਰੈ ॥

(ਰਾਣੀ ਨੇ) ਵਡਿਆਂ ਸੂਰਮਿਆਂ ਦੀ ਸਭਾ ਬੁਲਾ ਲਈ ਅਤੇ ਵਿਚਾਰ ਕੀਤਾ ਕਿ ਹੁਣ ਦਸੋ, ਕੀ ਉਪਾ ਕੀਤਾ ਜਾਏ।

ਉਨ ਸੂਰਨ ਤੇ ਨਹਿ ਏਕ ਬਚਿਯੋ ਦੁਖ ਹੈ ਛਤਿਯਾ ਕਿਹ ਭਾਤਿ ਭਰੈ ॥

ਉਨ੍ਹਾਂ ਸੂਰਮਿਆਂ ਤੋਂ ਇਕ ਨਹੀਂ ਬਚਿਆ। ਮੇਰੀ ਛਾਤੀ ਵਿਚ ਦੁਖ ਭਰਿਆ ਪਿਆ ਹੈ, ਇਸ ਨੂੰ ਕਿਸ ਤਰ੍ਹਾਂ (ਦੂਰ ਕਰਾਂ)।

ਕ੍ਯੋ ਨ ਦੇਹੁ ਬਨਾਇ ਬਡੇ ਦਲ ਕੌ ਸੰਗ ਜਾਇ ਤਹੀ ਫਿਰਿ ਜੂਝਿ ਮਰੈ ॥

ਕਿਉਂ ਨਾ (ਸੈਨਾ ਦਾ) ਵੱਡਾ ਦਲ ਬਣਾ ਕੇ ਉਸ ਨਾਲ ਜਾ ਕੇ ਯੁੱਧ-ਭੂਮੀ ਵਿਚ ਫਿਰ ਜੂਝ ਮਰੀਏ।

ਫਿਰਿ ਹੈ ਕਿਧੌ ਜੀਤਿ ਅਯੋਧਨ ਕੋ ਨਹਿ ਰਾਇ ਮਰੇ ਤਹੀ ਜਾਇ ਮਰੈ ॥੧੫॥

ਜਾਂ ਮੈਂ ਜੰਗ ਨੂੰ ਜਿਤ ਕੇ ਪਰਤਾਂਗੀ, ਨਹੀਂ ਤਾਂ ਜਿਥੇ ਰਾਜਾ ਮਰਿਆ ਹੈ, ਉਥੇ ਜਾ ਮਰਾਂਗੀ ॥੧੫॥

ਦੋਹਰਾ ॥

ਦੋਹਰਾ:

ਭਾਤਿ ਭਾਤਿ ਮਾਰੂ ਮੰਡੇ ਕੰਤ ਜੁਝਿਯੋ ਰਨ ਮਾਹਿ ॥

ਤਰ੍ਹਾਂ ਤਰ੍ਹਾਂ ਦੇ ਮਾਰੂ ਨਗਾਰੇ ਵਜਣ ਲਗੇ ਕਿ ਪਤੀ ਰਣ ਵਿਚ ਜੂਝ ਮਰਿਆ ਹੈ।

ਸਾਜਿ ਸੈਨ ਚਤੁਰੰਗਨੀ ਚਲਹੁ ਤਹਾ ਕਹ ਜਾਇ ॥੧੬॥

ਚਤੁਰੰਗਨੀ ਸੈਨਾ ਸਜਾ ਕੇ ਉਥੇ ਜਾਣਾ ਬਣਦਾ ਹੈ ॥੧੬॥


Flag Counter