ਸ਼੍ਰੀ ਦਸਮ ਗ੍ਰੰਥ

ਅੰਗ - 303


ਬਾਤ ਸੁਨੋ ਪਤਿ ਕੀ ਪਤਨੀ ਤੁਮ ਡਾਰ ਦਈ ਦਧਿ ਕੀ ਸਭ ਖਾਰੀ ॥

ਹੇ ਜਸੋਧਾ! ਤੂੰ (ਸਾਡੀ) ਗੱਲ ਸੁਣ, (ਕਾਨ੍ਹ ਨੇ) ਦਹੀ ਦੀਆਂ ਚਾਟੀਆਂ ਸੁਟ ਦਿੱਤੀਆਂ ਹਨ।

ਕਾਨਹਿ ਕੇ ਡਰ ਤੇ ਹਮ ਚੋਰ ਕੈ ਰਾਖਤ ਹੈ ਚੜਿ ਊਚ ਅਟਾਰੀ ॥

ਅਸੀਂ ਕਾਨ੍ਹ ਦੇ ਡਰ ਕਰ ਕੇ (ਮੱਖਣ ਨੂੰ) ਲੁਕਾ ਕੇ ਉੱਚੀ ਅਟਾਰੀ 'ਤੇ ਰਖਦੀਆਂ ਹਾਂ।

ਊਖਲ ਕੋ ਧਰਿ ਕੈ ਮਨਹਾ ਪਰ ਖਾਤ ਹੈ ਲੰਗਰ ਦੈ ਕਰਿ ਗਾਰੀ ॥੧੨੪॥

ਪਰ (ਕਾਨ੍ਹ ਹੇਠਾਂ) ਊਖਲ ਧਰ ਕੇ, ਮਨ੍ਹੇ ਉਤੇ ਚੜ੍ਹ ਕੇ ਅਤੇ ਬੇਸ਼ਰਮ ('ਲੰਗਰ') ਹੋ ਕੇ ਗਾਲ੍ਹਾਂ ਕਢਦਾ (ਮੱਖਣ) ਖਾਂਦਾ ਹੈ ॥੧੨੪॥

ਹੋਤ ਨਹੀ ਜਿਹ ਕੇ ਘਰ ਮੈ ਦਧਿ ਦੈ ਕਰਿ ਗਾਰਨ ਸੋਰ ਕਰੈ ਹੈ ॥

ਜਿਸ ਦੇ ਘਰ ਵਿਚ ਦੁੱਧ ਦਹੀ ਨਹੀਂ ਹੁੰਦਾ, (ਉਸ ਨੂੰ) ਗਾਲ੍ਹੀਆਂ ਕਢ ਕੇ ਰੌਲਾ ਮਚਾਉਂਦਾ ਹੈ।

ਜੋ ਲਰਕਾ ਜਨਿ ਕੈ ਖਿਝ ਹੈ ਜਨ ਤੋ ਮਿਲਿ ਸੋਟਨ ਸਾਥ ਮਰੈ ਹੈ ॥

(ਕੋਈ) ਪੁਰਸ਼ ਜੇ ਲੜਕਾ ਜਾਣ ਕਰ ਕੇ ਗੁੱਸੇ ਹੁੰਦਾ ਹੈ, (ਤਾਂ ਉਸ ਨੂੰ ਸਾਰੇ ਬਾਲਕ) ਮਿਲ ਕੇ ਸੋਟਿਆਂ ਨਾਲ ਮਾਰਦੇ ਹਨ।

ਆਇ ਪਰੈ ਜੁ ਤ੍ਰੀਆ ਤਿਹ ਪੈ ਸਿਰ ਕੇ ਤਿਹ ਬਾਰ ਉਖਾਰ ਡਰੈ ਹੈ ॥

(ਜੇ) ਉਨ੍ਹਾਂ (ਮੱਖਣ ਚੁਰਾਉਂਦਿਆਂ) ਉਤੋਂ (ਕੋਈ) ਇਸਤਰੀ ਆ ਪਵੇ, ਤਾਂ ਉਸ ਦੇ ਸਿਰ ਦੇ ਵਾਲ ਪੁਟ ਦਿੰਦੇ ਹਨ।

ਬਾਤ ਸੁਨੋ ਜਸੁਦਾ ਸੁਤ ਕੀ ਸੁ ਬਿਨਾ ਉਤਪਾਤ ਨ ਕਾਨ੍ਰਹ ਟਰੈ ਹੈ ॥੧੨੫॥

ਹੇ ਜਸੋਧਾ! ਪੁੱਤਰ ਦੀ ਗੱਲ ਸੁਣ ਲੈ, ਕ੍ਰਿਸ਼ਨ ਉਪਦ੍ਰਵ ਕੀਤੇ ਬਿਨਾ ਨਹੀਂ ਟਲਦਾ ॥੧੨੫॥

ਬਾਤ ਸੁਨੀ ਜਬ ਗੋਪਿਨ ਕੀ ਜਸੁਦਾ ਤਬ ਹੀ ਮਨ ਮਾਹਿ ਖਿਝੀ ਹੈ ॥

ਜਦੋਂ ਜਸੋਧਾ ਨੇ ਗੋਪੀਆਂ ਦੀ ਗੱਲ ਸੁਣੀ, ਤਦੋਂ ਮਨ ਵਿਚ ਬਹੁਤ ਖਿਝੀ।

ਆਇ ਗਯੋ ਹਰਿ ਜੀ ਤਬ ਹੀ ਪਿਖਿ ਪੁਤ੍ਰਹਿ ਕੌ ਮਨ ਮਾਹਿ ਰਿਝੀ ਹੈ ॥

ਇਤਨੇ ਨੂੰ ਕ੍ਰਿਸ਼ਨ ਜੀ ਘਰ ਆ ਗਏ (ਅਤੇ) ਪੁੱਤਰ ਨੂੰ ਵੇਖ ਕੇ ਮਨ ਵਿਚ ਪ੍ਰਸੰਨ ਹੋਈ।

ਬੋਲ ਉਠੇ ਨੰਦ ਲਾਲ ਤਬੈ ਇਹ ਗਵਾਰ ਖਿਝਾਵਨ ਮੋਹਿ ਗਿਝੀ ਹੈ ॥

ਕ੍ਰਿਸ਼ਨ ਜੀ ਤਦੋਂ ਬੋਲ ਪਏ, ਮਾਤਾ! ਇਹ ਗਵਾਲਨ ਮੈਨੂੰ ਖਿਝਾਉਣਾ ਗਿੱਝ ਗਈ ਹੈ

ਮਾਤ ਕਹਾ ਦਧਿ ਦੋਸੁ ਲਗਾਵਤ ਮਾਰ ਬਿਨਾ ਇਹ ਨਾਹਿ ਸਿਝੀ ਹੈ ॥੧੨੬॥

ਅਤੇ ਦਹੀ ਦਾ (ਮੈਨੂੰ) ਕੀ ਦੋਸ ਲਗਾਉਂਦੀ ਹੈ? ਮਾਰ ਤੋਂ ਬਿਨਾ ਇਹ ਸਿੱਧੀ ਹੋਣ ਵਾਲੀ ਨਹੀਂ ਹੈ ॥੧੨੬॥

ਮਾਤ ਕਹਿਯੋ ਅਪਨੇ ਸੁਤ ਕੋ ਕਹੁ ਕਿਉ ਕਰਿ ਤੋਹਿ ਖਿਝਾਵਤ ਗੋਪੀ ॥

ਮਾਤਾ ਨੇ ਆਪਣੇ ਪੁੱਤਰ ਨੂੰ ਕਿਹਾ, ਦਸ ਤੈਨੂੰ ਗੋਪੀ ਕਿਵੇਂ ਖਿਝਾਉਂਦੀ ਹੈ?

ਮਾਤ ਸੌ ਬਾਤ ਕਹੀ ਸੁਤ ਯੌ ਕਰਿ ਸੋ ਗਹਿ ਭਾਗਤ ਹੈ ਮੁਹਿ ਟੋਪੀ ॥

ਪੁੱਤਰ ਨੇ ਮਾਤਾ ਨੂੰ ਇਸ ਤਰ੍ਹਾਂ ਗੱਲ ਕਹੀ (ਕਿ ਪਹਿਲਾਂ) ਮੇਰੀ ਟੋਪੀ ਹੱਥ ਨਾਲ ਫੜ ਕੇ ਭਜ ਜਾਂਦੀ ਹੈ।

ਡਾਰ ਕੈ ਨਾਸ ਬਿਖੈ ਅੰਗੁਰੀ ਸਿਰਿ ਮਾਰਤ ਹੈ ਮੁਝ ਕੋ ਵਹ ਥੋਪੀ ॥

ਫਿਰ ਮੇਰੀ ਨਾਸ ਵਿਚ ਉਂਗਲੀ ਪਾ ਕੇ ਮੇਰੇ ਸਿਰ ਉਤੇ ਧੱਫਾ ਮਾਰਦੀ ਹੈ।

ਨਾਕ ਘਸਾਇ ਹਸਾਇ ਉਨੈ ਫਿਰਿ ਲੇਤ ਤਬੈ ਵਹ ਦੇਤ ਹੈ ਟੋਪੀ ॥੧੨੭॥

(ਮੇਰੇ ਪਾਸੋਂ) ਨਕ ਨਾਲ ਲਕੀਰਾਂ ਕਢਵਾਉਂਦੀ ਹੈ, ਅਤੇ ਉਨ੍ਹਾਂ (ਬਾਲਕਾਂ) ਨੂੰ ਹਸਾਉਂਦੀ ਹੈ, ਤਦ ਫਿਰ ਉਹ ਮੈਨੂੰ ਟੋਪੀ ਦਿੰਦੀ ਹੈ ॥੧੨੭॥

ਜਸੁਧਾ ਬਾਚ ਗੋਪਿਨ ਸੋ ॥

ਜਸੋਧਾ ਨੇ ਗੋਪੀਆਂ ਨੂੰ ਕਿਹਾ:

ਸਵੈਯਾ ॥

ਸਵੈਯਾ:

ਮਾਤ ਖਿਝੀ ਉਨ ਗੋਪਿਨ ਕੋ ਤੁਮ ਕਿਉ ਸੁਤ ਮੋਹਿ ਖਿਝਾਵਤ ਹਉ ਰੀ ॥

ਮਾਤਾ (ਜਸੋਧਾ) ਉਨ੍ਹਾਂ ਨਾਲ ਗੁੱਸੇ ਹੋਈ ਅਤੇ (ਕਹਿਣ ਲਗੀ) ਕਿਉਂ ਨੀ! ਤੁਸੀਂ ਮੇਰੇ ਪੁੱਤਰ ਨੂੰ ਕਿਉਂ ਖਿਝਾਉਂਦੀਆਂ ਹੋ?

ਬੋਲਤ ਹੋ ਅਪਨੇ ਮੁਖ ਤੇ ਹਮਰੇ ਧਨ ਹੈ ਦਧਿ ਦਾਮ ਸੁ ਗਉ ਰੀ ॥

(ਉਲਟਾ) ਆ ਕੇ ਮੂੰਹੋਂ ਬੋਲਦੀਆਂ ਹੋ (ਉਲਾਂਭਾ ਦਿੰਦੀਆਂ ਹੋ)। ਮੇਰੇ (ਘਰ ਵਿਚ ਦੁੱਧ) ਦਹੀ, ਧਨ, ਧਾਨ ਅਤੇ ਗਊਆਂ (ਸਭ ਕੁਝ) ਹੈ।

ਮੂੜ ਅਹੀਰ ਨ ਜਾਨਤ ਹੈ ਬਢਿ ਬੋਲਤ ਹੋ ਸੁ ਰਹੋ ਤੁਮ ਠਉ ਰੀ ॥

ਮੂਰਖ ਗਵਾਲਣੋ! (ਕੁਝ) ਜਾਣਦੀਆਂ ਹੋ (ਕਾਨ੍ਹ ਨੂੰ ਕਿਸ ਗੱਲ ਦੀ ਪ੍ਰਵਾਹ ਹੈ)। ਬਹੁਤ ਬੋਲਦੀਆਂ ਹੋ, (ਆਪਣੇ) ਠਿਕਾਣੇ ਤੁਸੀਂ ਟਿਕੀਆਂ ਰਹੋ।

ਕਾਨਹਿ ਸਾਧ ਬਿਨਾ ਅਪਰਾਧਹਿ ਬੋਲਹਿਾਂਗੀ ਜੁ ਭਈ ਕਛੁ ਬਉਰੀ ॥੧੨੮॥

ਮੇਰਾ (ਕਾਨ੍ਹ) ਤਾਂ ਸਾਧ (ਸੁਭਾ ਵਾਲਾ ਹੈ) ਬਿਨਾ ਅਪਰਾਧ ਦੇ ਹੈ। ਉਸ ਬਾਰੇ ਜੋ ਵੀ ਕੁਝ ਕਹੇਗੀ (ਉਹ) ਬਾਵਲੀ ਹੋਵੇਗੀ ॥੧੨੮॥

ਦੋਹਰਾ ॥

ਦੋਹਰਾ:

ਬਿਨਤੀ ਕੈ ਜਸੁਦਾ ਤਬੈ ਦੋਊ ਦਏ ਮਿਲਾਇ ॥

ਜਸੋਧਾ ਨੇ ਬੇਨਤੀ ਕਰ ਕੇ, ਉਨ੍ਹਾਂ ਦੋਹਾਂ ਨੂੰ ਮਨਾ ਲਿਆ

ਕਾਨ੍ਰਹ ਬਿਗਾਰੈ ਸੇਰ ਦਧਿ ਲੇਹੁ ਮਨ ਕੁ ਤੁਮ ਆਇ ॥੧੨੯॥

ਅਤੇ (ਕਿਹਾ ਕਿ ਅਗੋਂ) ਕਾਨ੍ਹ (ਜੇ ਕਰ ਤੁਹਾਡਾ) ਸੇਰ ਦੁੱਧ ਦਹੀ ਵਿਗਾੜੇ, ਤਾਂ ਤੁਸੀਂ (ਮੇਰੇ ਕੋਲੋਂ) ਮਣ ਜਿੰਨਾ ਲੈ ਜਾਣਾ ॥੧੨੯॥

ਗੋਪੀ ਬਾਚ ਜਸੋਧਾ ਸੋ ॥

ਗੋਪੀਆਂ ਨੇ ਜਸੋਧਾ ਨੂੰ ਕਿਹਾ:

ਦੋਹਰਾ ॥

ਦੋਹਰਾ:

ਤਬ ਗੋਪੀ ਮਿਲਿ ਯੋ ਕਹੀ ਮੋਹਨ ਜੀਵੈ ਤੋਹਿ ॥

ਤਦ ਗੋਪੀਆਂ ਨੇ ਜਸੋਧਾ ਨੂੰ ਮਿਲ ਕੇ ਇੰਜ ਕਿਹਾ, "ਤੇਰਾ ਮੋਹਨ ਜੀਵੇ,

ਯਾਹਿ ਦੇਹਿ ਹਮ ਖਾਨ ਦਧਿ ਸਭ ਮਨਿ ਕਰੈ ਨ ਕ੍ਰੋਹਿ ॥੧੩੦॥

ਅਸੀਂ ਸਾਰੀਆਂ ਇਸ ਨੂੰ ਦਹੀ ਖਾਣ ਨੂੰ ਦੇਵਾਂਗੀਆਂ ਅਤੇ ਮਨ ਵਿਚ ਗੁੱਸਾ ਨਹੀਂ ਕਰਾਂਗੀਆਂ" ॥੧੩੦॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਮਾਖਨ ਚੁਰੈਬੋ ਬਰਨਨੰ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦਾ ਮੱਖਣ ਚੋਰੀ ਕਰਨ ਵਾਲੇ ਪ੍ਰਸੰਗ ਦੀ ਸਮਾਪਤੀ।

ਅਥ ਜਸੁਧਾ ਕੋ ਬਿਸਵ ਸਾਰੀ ਮੁਖ ਪਸਾਰਿ ਦਿਖੈਬੋ ॥

ਹੁਣ ਜਸੋਧਾ ਨੂੰ ਮੁਖ ਪਸਾਰ ਕੇ ਸਾਰਾ ਵਿਸ਼ਵ ਦਿਖਾਣਾ:

ਸਵੈਯਾ ॥

ਸਵੈਯਾ:

ਗੋਪੀ ਗਈ ਅਪੁਨੇ ਗ੍ਰਿਹ ਮੈ ਤਬ ਤੇ ਹਰਿ ਜੀ ਇਕ ਖੇਲ ਮਚਾਈ ॥

(ਉਲਾਂਭਾ ਲੈ ਕੇ ਆਈ) ਗੋਪੀ ਆਪਣੇ ਘਰ ਨੂੰ ਚਲੀ ਗਈ, ਤਦੋਂ ਸ੍ਰੀ ਕ੍ਰਿਸ਼ਨ ਨੇ ਇਕ ਕੌਤਕ ਰਚਿਆ।

ਸੰਗਿ ਲਯੋ ਅਪੁਨੇ ਮੁਸਲੀ ਧਰ ਦੇਖਤ ਤਾ ਮਿਟੀਆ ਇਨ ਖਾਈ ॥

ਆਪਣੇ ਨਾਲ ਬਲਭਦਰ ਨੂੰ ਲੈ ਲਿਆ। ਉਸ ਦੇ ਦੇਖਦਿਆਂ ਸ੍ਰੀ ਕ੍ਰਿਸ਼ਨ ਨੇ ਮਿੱਟੀ ਖਾ ਲਈ।

ਭੋਜਨ ਖਾਨਹਿ ਕੋ ਤਜਿ ਖੇਲੈ ਸੁ ਗੁਵਾਰ ਚਲੇ ਘਰ ਕੋ ਸਭ ਧਾਈ ॥

ਜਦੋਂ ਖੇਲ ਛਡ ਕੇ ਗਵਾਲ ਬਾਲਕ ਭੋਜਨ ਕਰਨ ਲਈ ਘਰਾਂ ਨੂੰ ਭਜ ਤੁਰੇ,

ਜਾਇ ਹਲੀ ਸੁ ਕਹਿਓ ਜਸੁਧਾ ਪਹਿ ਬਾਤ ਵਹੈ ਤਿਨ ਖੋਲਿ ਸੁਨਾਈ ॥੧੩੧॥

(ਤਦੋਂ) ਬਲਭਦਰ ਨੇ ਜਾ ਕੇ ਜਸੋਧਾ ਨੂੰ (ਮਿੱਟੀ ਖਾਣ ਵਾਲੀ) ਗੱਲ ਖੋਲ੍ਹ ਕੇ ਦਸ ਦਿੱਤੀ ॥੧੩੧॥

ਮਾਤ ਗਹਿਯੋ ਰਿਸ ਕੈ ਸੁਤ ਕੋ ਤਬ ਲੈ ਛਿਟੀਆ ਤਨ ਤਾਹਿ ਪ੍ਰਹਾਰਿਯੋ ॥

ਮਾਤਾ ਨੇ ਗੁੱਸੇ ਨਾਲ ਪੁੱਤਰ ਨੂੰ ਫੜ ਲਿਆ ਅਤੇ ਛਮਕ ਲੈ ਕੇ ਉਸ ਦੇ ਸ਼ਰੀਰ ਉਤੇ ਜੜ ਦਿੱਤੀ।

ਤਉ ਮਨ ਮਧਿ ਡਰਿਯੋ ਹਰਿ ਜੀ ਜਸੁਧਾ ਜਸੁਧਾ ਕਰਿ ਕੈ ਜੁ ਪੁਕਾਰਿਯੋ ॥

ਤਦ ਸ੍ਰੀ ਕ੍ਰਿਸਨ ਮਨ ਵਿਚ ਬਹੁਤ ਡਰ ਗਿਆ ਅਤੇ ਜਸੋਧਾ ਜਸੋਧਾ ਕਹਿ ਕੇ ਕੂਕਣ ਲਗਿਆ,

ਦੇਖਹੁ ਆਇ ਸਬੈ ਮੁਹਿ ਕੋ ਮੁਖ ਮਾਤ ਕਹਿਯੋ ਤਬ ਤਾਤ ਪਸਾਰਿਯੋ ॥

'ਸਾਰੇ ਆ ਕੇ ਮੇਰਾ ਮੂੰਹ ਵੇਖ ਲਵੋ। ' ਮਾਤਾ ਦੇ ਕਹਿਣ ਤੇ ਤਦ ਪੁੱਤਰ ਨੇ ਮੂੰਹ ਖੋਲ ਦਿੱਤਾ।

ਸ੍ਯਾਮ ਕਹੈ ਤਿਨ ਆਨਨ ਮੈ ਸਭ ਹੀ ਧਰ ਮੂਰਤਿ ਬਿਸਵ ਦਿਖਾਰਿਯੋ ॥੧੩੨॥

ਕਵੀ ਸ਼ਿਆਮ ਕਹਿੰਦੇ ਹਨ, ਉਸ ਨੇ (ਆਪਣੇ) ਮੂੰਹ ਵਿਚ ਸਾਰੇ ਵਿਸ਼ਵ ਨੂੰ ਮੂਰਤੀਮਾਨ ਕਰ ਕੇ ਵਿਖਾ ਦਿੱਤਾ ॥੧੩੨॥

ਸਿੰਧੁ ਧਰਾਧਰ ਅਉ ਧਰਨੀ ਸਭ ਥਾ ਬਲਿ ਕੋ ਪੁਰਿ ਅਉ ਪੁਰਿ ਨਾਗਨਿ ॥

ਸਮੁੰਦਰ, ਪਰਬਤ, ਧਰਤੀ, ਪਾਤਾਲ ਅਤੇ ਨਾਗਲੋਕ ਦੀਆਂ ਸਾਰੀਆਂ ਥਾਂਵਾਂ (ਮੂੰਹ ਵਿਚ ਵਿਖਾ ਦਿੱਤੀਆਂ)

ਅਉਰ ਸਭੈ ਨਿਰਖੇ ਤਿਹ ਮੈ ਪੁਰ ਬੇਦ ਪੜੈ ਬ੍ਰਹਮਾ ਗਨਿਤਾ ਗਨਿ ॥

ਅਤੇ ਹੋਰ ਵੀ ਸਭ ਕੁਝ ਉਸ ਵਿਚ ਵੇਖ ਲਿਆ ਅਤੇ ਵੇਦਾਂ ਨੂੰ ਪੜ੍ਹਦਿਆਂ ਬ੍ਰਹਮਾ ਨੂੰ ਵੀ ਵੇਖ ਲਿਆ।

ਰਿਧਿ ਅਉ ਸਿਧਿ ਅਉ ਆਪਨੇ ਦੇਖ ਕੈ ਜਾਨਿ ਅਭੇਵ ਲਗੀ ਪਗ ਲਾਗਨ ॥

ਰਿੱਧੀਆਂ ਅਤੇ ਸਿੱਧੀਆਂ ਅਤੇ ਆਪਣੇ ਆਪ ਨੂੰ ਵੀ (ਮੂੰਹ ਵਿਚ) ਵੇਖ ਕੇ (ਸ੍ਰੀ ਕ੍ਰਿਸ਼ਨ ਨੂੰ) ਪਰਮਾਤਮਾ ਸਮਝ ਕੇ ਜਸੋਧਾ ਪੈਰੀਂ ਆ ਲਗੀ।

ਸ੍ਯਾਮ ਕਹੈ ਤਿਨ ਚਛਨ ਸੋ ਸਭ ਦੇਖ ਲਯੋ ਜੁ ਬਡੀ ਬਡਿਭਾਗਨਿ ॥੧੩੩॥

ਸ਼ਿਆਮ ਕਵੀ ਕਹਿੰਦੇ ਹਨ ਕਿ (ਜਸੋਧਾ ਨੇ) ਅੱਖਾਂ ਨਾਲ ਸਭ ਕੁਝ ਵੇਖ ਲਿਆ। (ਸਚਮੁਚ) ਉਹ ਵਡਿਆਂ ਭਾਗਾਂ ਵਾਲੀ ਹੈ ॥੧੩੩॥

ਦੋਹਰਾ ॥

ਦੋਹਰਾ:

ਜੇਰਜ ਸੇਤਜ ਉਤਭੁਜਾ ਦੇਖੇ ਤਿਨ ਤਿਹ ਜਾਇ ॥

ਜੇਰ ਤੋਂ ਜਨਮੇ, ਮੁੜਕੇ ਤੋਂ ਪੈਦਾ ਹੋਣ ਵਾਲੇ ਅਤੇ ਧਰਤੀ ਤੋਂ ਨਿਕਲਣ ਵਾਲੇ ਜੀਵ-ਜੰਤੂਆਂ ਅਤੇ ਵਸਤੂਆਂ ਨੂੰ (ਜਸੋਧਾ ਨੇ) ਉਸ ਥਾਂ (ਮੂੰਹ) ਵਿਚ ਵੇਖ ਲਿਆ।

ਪੁਤ੍ਰ ਭਾਵ ਕੋ ਦੂਰ ਕਰਿ ਪਾਇਨ ਲਾਗੀ ਧਾਇ ॥੧੩੪॥

(ਫਲਸਰੂਪ) ਪੁੱਤਰ ਭਾਵ ਨੂੰ ਛਡ ਕੇ ਪੈਰਾਂ ਉਤੇ ਜਾ ਪਈ ॥੧੩੪॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਮਾਤ ਜਸੁਦਾ ਕਉ ਮੁਖ ਪਸਾਰਿ ਬਿਸ੍ਵ ਰੂਪ ਦਿਖੈਬੋ ॥

ਇਥੇ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਮਾਤਾ ਜਸੋਧਾ ਨੂੰ ਮੂੰਹ ਪਸਾਰ ਕੇ ਵਿਸ਼ਵ ਰੂਪ ਦਿਖਾਉਣ ਦੇ ਵਰਣਨ ਦੀ ਸਮਾਪਤੀ।

ਅਥ ਤਰੁ ਤੋਰਿ ਜੁਮਲਾਰਜੁਨ ਤਾਰਬੋ ॥

ਹੁਣ ਬ੍ਰਿਛ ਤੋੜ ਕੇ ਜਮਲਾਰਜੁਨ ਦਾ ਉੱਧਾਰ: