(ਉਸ ਤਲਾ ਵਿਚ ਰਹਿਣ ਵਾਲੇ) ਕਾਲੀ ਨਾਗ ਨੇ ਜਦੋਂ ਡੰਗਿਆ (ਤਾਂ) ਸਾਰੇ ਵੱਛੇ ਅਤੇ ਗਵਾਲ ਬਾਲਕ ਪ੍ਰਾਣ ਹੀਨ ਹੋ ਕੇ ਡਿਗ ਪਏ।
ਬਲਰਾਮ ਨੇ ਭਜ ਕੇ ਕ੍ਰਿਸ਼ਨ ਨੂੰ ਕਿਹਾ, ਤੇਰੀ ਸਾਰੀ ਮਿੱਤਰ ਸੈਨਾ ਸੱਪ ਨੇ ਮਾਰ ਦਿੱਤੀ ਹੈ ॥੨੦੪॥
ਦੋਹਰਾ:
(ਸ੍ਰੀ ਕ੍ਰਿਸ਼ਨ ਨੇ) ਉਨ੍ਹਾਂ ਵਲ ਕ੍ਰਿਪਾ ਦ੍ਰਿਸ਼ਟੀ ਨਾਲ ਵੇਖਿਆ
(ਤਾਂ ਉਹ) ਸਾਰੀਆਂ ਗਊਆਂ, ਉਨ੍ਹਾਂ ਦੇ ਬੱਚੇ ਅਤੇ ਸਾਰੇ ਗਵਾਲ ਬਾਲਕ ਤੁਰਤ ਜੀ ਪਏ ॥੨੦੫॥
ਉਸੇ ਵੇਲੇ ਉਠ ਕੇ (ਸ੍ਰੀ ਕ੍ਰਿਸ਼ਨ ਦੇ) ਚਰਨੀ ਲਗੇ ਅਤੇ ਵਡਿਆਈ ਕਰਨ ਲਗੇ
ਕਿ (ਤੁਸੀਂ) ਸਾਨੂੰ (ਅਜ) ਜੀਵਨ ਬਖਸ਼ਿਆ ਹੈ, ਇਸ ਤੋਂ ਵੱਡਾ ਹੋਰ ਕੋਈ ਦਾਨ ਨਹੀਂ ਹੈ ॥੨੦੬॥
ਹੁਣ ਕਾਲੀ ਨਾਗ ਨੂੰ ਨੱਥਣ ਦਾ ਪ੍ਰਸੰਗ:
ਦੋਹਰਾ:
ਗੋਪ (ਬਾਲਕਾਂ ਨੂੰ) ਆਪਣਾ ਜਾਣ ਕੇ (ਸ੍ਰੀ ਕ੍ਰਿਸ਼ਨ ਨੇ) ਮਨ ਵਿਚ ਵਿਚਾਰ ਕੀਤਾ
ਕਿ ਜੋ ਦੁਸ਼ਟ ਨਾਗ (ਇਸ) ਤਲਾ ਵਿਚ ਵਸਦਾ ਹੈ, ਉਸ ਨੂੰ ਕਢ ਲਵਾਂ ॥੨੦੭॥
ਸਵੈਯਾ:
ਉਥੇ ਕਦੰਬ ਦਾ ਇਕ ਉੱਚਾ ਬ੍ਰਿਛ ਸੀ। ਕ੍ਰਿਸ਼ਨ ਉਸ ਉਤੇ ਚੜ੍ਹ ਕੇ (ਤਲਾ ਵਿਚ) ਕੁਦ ਪਿਆ।
ਉਸ ਨੇ (ਛਾਲ ਮਾਰਨ ਵੇਲੇ) ਮਨ ਵਿਚ ਕੁਝ ਵੀ ਸ਼ੰਕਾ ਨਾ ਕੀਤੀ ਸਗੋਂ ਬੜਾ ਭਾਰਾ ਧੀਰਜ ਰਖਿਆ ਅਤੇ ਪਿਛੇ ਨਾ ਹਟਿਆ।
ਸੱਤ ਮਨੁੱਖਾਂ ਜਿਤਨਾ ਉੱਚਾ ਜਲ (ਉਸ ਤਲਾ ਤੋਂ) ਉਛਲਿਆ, ਤਦ ਵੱਡਾ ਨਾਗ ਵੀ ਬਾਹਰ ਨਿਕਲਿਆ, (ਉਸ ਨੂੰ ਵੇਖ ਕੇ) ਕ੍ਰਿਸ਼ਨ ਨਾ ਡਰਿਆ।
ਸ਼ਰੀਰ ਉਤੇ ਪੀਲੇ ਕਪੜੇ ਪਾਏ ਹੋਏ ਮਨੁੱਖ ਨੂੰ ਵੇਖ ਕੇ ਮਹਾਨ ਬਲੀ (ਕਾਲੀ ਨਾਗ ਨੇ) ਉਸ ਨਾਲ ਯੁੱਧ ਕਰਨਾ ਸ਼ੁਰੂ ਕੀਤਾ ॥੨੦੮॥
(ਕਾਲੀ ਨਾਗ ਨੇ) ਕ੍ਰਿਸ਼ਨ ਦੇ ਸ਼ਰੀਰ ਨੂੰ (ਵੱਲ ਪਾ ਕੇ) ਬੰਨ੍ਹ ਲਿਆ ਅਤੇ ਕ੍ਰੋਧ ਕਰ ਕੇ ਉਸ ਦੇ ਸ਼ਰੀਰ ਨੂੰ ਕਟਣ ਲਗਾ।
ਸ੍ਰੀ ਕ੍ਰਿਸ਼ਨ ਢਿੱਲੇ ਜਿਹੇ ਹੋਏ ਰਹੇ ਅਤੇ ਵੇਖਣ ਵਾਲਿਆਂ ਦੇ ਹਿਰਦੇ ਫਟਣ ਲਗੇ।
ਬ੍ਰਜ-ਭੂਮੀ ਦੀਆਂ ਇਸਤਰੀਆਂ ਰੋਂਦੀਆਂ (ਹੋਈਆਂ ਉਸ ਤਲਾ ਉਤੇ ਚਲੀਆਂ) ਆ ਰਹੀਆਂ ਹਨ ਅਤੇ ਮੂੰਹ ਨੂੰ ਪਿਟਦੀਆਂ ਅਤੇ ਝਾਟੇ ਪੁਟਦੀਆਂ ਹਨ।
ਨੰਦ ਉਨ੍ਹਾਂ ਨੂੰ ਇਹ ਕਹਿ ਕੇ ਡਾਂਟਦਾ ਹੈ ਕਿ (ਤੁਸੀਂ) ਨਾ ਰੋਵੋ, ਕ੍ਰਿਸ਼ਨ ਉਸ ਨੂੰ ਮਾਰ ਕੇ ਆ ਜਾਏਗਾ ॥੨੦੯॥
ਉਸ ਵੱਡੇ ਸੱਪ ਨੇ ਕ੍ਰਿਸ਼ਨ ਨੂੰ ਲਪੇਟ ਲਿਆ ਅਤੇ ਕ੍ਰੋਧਵਾਨ ਹੋ ਕੇ ਕਿਸ ਤਰ੍ਹਾਂ ਫੂੰਕਾਰੇ ਮਾਰਦਾ ਹੈ
ਜਿਵੇਂ (ਕੋਈ) ਧਨਵਾਨ, ਧਨ ਦੇ ਚਲੇ ਜਾਣ ਤੇ ਬਹੁਤ ਝੂਰਦਾ ਹੈ ਅਤੇ ਠੰਡੇ ਹੌਕੇ ਲੈਂਦਾ ਹੈ।
(ਜਾਂ) ਜਿਵੇਂ ਧੌਕਣੀ ('ਧਮੀਆ') ਬੋਲਦੀ ਹੈ, ਪਾਣੀ ਵਿਚੋਂ ਸੱਪ ਦੇ ਫੁੰਕਾਰੇ ਨਾਲ ਇਸ ਤਰ੍ਹਾਂ ਦੀ ਸੁਰ ਪੈਦਾ ਹੁੰਦੀ ਹੈ।
ਜਾਂ ਜਿਵੇਂ ਭੁੱਬਲ ਵਿਚ ਪਾਣੀ ਪੈ ਜਾਵੇ ਤਾਂ ਉਸ ਵਿਚੋਂ (ਸੂੰ ਸੂੰ ਦੀ) ਭਾਰੀ ਆਵਾਜ਼ ਆਉਂਦੀ ਹੈ ॥੨੧੦॥
ਬ੍ਰਜ ਬਾਲਕ ਹੈਰਾਨ ਹੋ ਕੇ (ਕਹਿ) ਰਹੇ ਹਨ, (ਕਿ) ਸ੍ਰੀ ਕ੍ਰਿਸ਼ਨ ਇਸ ਨਾਗ ਨੂੰ ਮਾਰ ਲੈਣਗੇ।
ਸੂਝਵਾਨ ਇਸਤਰੀਆਂ (ਇਕ ਦੂਜੇ ਦੀ) ਬਾਂਹ ਫੜ ਕੇ ਕਹਿ ਰਹੀਆਂ ਸਨ ਕਿ ਇਸ (ਸ੍ਰੀ ਕ੍ਰਿਸ਼ਨ) ਨੂੰ ਕੋਈ ਦੁਖ ਹੋ ਗਿਆ (ਤਾਂ ਸਾਰਿਆਂ ਦੇ) ਸੁਖ ਨਸ਼ਟ ਹੋ ਜਾਣਗੇ।
(ਉਧਰੋਂ) ਬ੍ਰਜ ਦੇ ਸਾਰੇ ਲੋਕ ਲਭਦੇ ਲਭਦੇ (ਉਥੇ ਆ ਗਏ ਅਤੇ) ਅਗੇ (ਹੋ ਕੇ) ਇਹ ਵੇਖ ਲਿਆ
(ਕਿ) ਕਾਲੇ (ਕ੍ਰਿਸ਼ਨ) ਨੂੰ ਵੱਡਾ ਕਾਲਾ ਸੱਪ (ਇੰਜ) ਕਟ ਰਿਹਾ ਹੈ, ਜਿਵੇਂ ਕੋਈ ਵਿਅਕਤੀ ਰੁਚੀ ਪੂਰਵਕ ਸਾਗ ਖਾਂਦਾ ਹੈ ॥੨੧੧॥
ਜਦੋਂ ਜਸੋਧਾ ਰੋਣ ਲਗੀ ਤਾਂ ਉਸ ਦੀਆਂ ਸਹੇਲੀਆਂ ਚੁਪ ਕਰਾਉਂਦੀਆਂ ਹਨ। (ਕਹਿੰਦੀਆਂ ਹਨ ਕਿ) ਇਹ ਕਾਨ੍ਹ ਬੜਾ ਬਲਵਾਨ ਹੈ
(ਜਿਸ ਨੇ) 'ਤ੍ਰਿਣਾਵ੍ਰਤ' ਅਤੇ ਬਕੀ ਤੇ ਬਕਾਸੁਰ ਦੈਂਤ ਨੂੰ ਮਾਰ ਮੁਕਾਇਆ ਸੀ।
ਬਲਰਾਮ ਨੇ (ਕੋਲੋਂ ਹੀ) ਕਹਿ ਦਿੱਤਾ ਕਿ ਇਸ ਸੱਪ ਨੂੰ ਮਾਰ ਕੇ ਹੁਣੇ ਹੀ ਸ੍ਰੀ ਕ੍ਰਿਸ਼ਨ ਆ ਜਾਂਦੇ ਹਨ।
ਕ੍ਰਿਪਾ ਦੇ ਸਮੁੰਦਰ (ਕ੍ਰਿਸ਼ਨ) ਜ਼ੋਰ ਤੇ ਛਲ (ਵਿਚ ਬਹੁਤ ਅਧਿਕ ਹਨ) ਇਸ ਦੇ ਸਾਰੇ ਫਨਾਂ ਨੂੰ ਤੋੜ ਸੁਟਣਗੇ ॥੨੧੨॥
ਕਵੀ ਨੇ ਕਿਹਾ:
ਸਵੈਯਾ:
(ਜਦੋਂ ਸ੍ਰੀ ਕ੍ਰਿਸ਼ਨ ਨੇ) ਆਪਣੇ ਲੋਕਾਂ ਨੂੰ ਦੁਖੀ ਜਾਣਿਆਂ ਤਦੋਂ ਆਪਣੇ ਸ਼ਰੀਰ ਨੂੰ ਉਸ ਕੋਲੋਂ ਛੁੜਵਾ ਲਿਆ।
ਉਸ ਸੱਪ ਦੇ ਵੱਡੇ ਮੂੰਹ ਨੂੰ ਵੇਖ ਕੇ ਫਿਰ ਇਨ੍ਹਾਂ ਦੇ ਮਨ ਵਿਚ ਕ੍ਰੋਧ ਪੈਦਾ ਹੋ ਗਿਆ।
(ਉਹ ਸੱਪ ਵੀ ਆਪਣੇ) ਸੌ ਫਣਾਂ ਨੂੰ ਖਿਲਾਰ ਕੇ ਅਤੇ ਉੱਚਾ ਕਰ ਕੇ (ਕ੍ਰਿਸ਼ਨ) ਦੇ ਸਾਹਮਣੇ ਧੁਸ ਦੇ ਕੇ ਗਿਆ।
ਸ੍ਰੀ ਕ੍ਰਿਸ਼ਨ ਦਾਉ ਬਚਾ ਕੇ ਅਤੇ ਪਲਾਕੀ ਮਾਰ ਕੇ (ਉਸ ਦੇ) ਸਿਰ ਉਤੇ ਚੜ੍ਹ ਕੇ ਖੜੋ ਗਏ ॥੨੧੩॥
ਉਸ ਦੇ ਸਿਰ ਉਤੇ ਚੜ੍ਹ ਕੇ (ਸ੍ਰੀ ਕ੍ਰਿਸ਼ਨ) ਕੁੱਦਦੇ ਹਨ, ਜਿਸ ਕਰ ਕੇ (ਉਸ ਦੇ) ਸਾਰਿਆਂ ਸਿਰਾਂ ਵਿਚੋਂ ਲਹੂ ਵਗ ਰਿਹਾ ਹੈ।
ਜਦ ਉਸ ਦੇ ਪ੍ਰਾਣ ਛੁਟਣ ਲੱਗੇ ਤਾਂ ਛਿਣ ਵਿਚ ਹੀ ਚੇਹਰੇ ਦੀ ਸ਼ੋਭਾ ('ਮੈਨ') ਉਡ ਗਈ।
ਤਦ ਸ੍ਰੀ ਕ੍ਰਿਸ਼ਨ ਨੇ ਕਈ ਤਰ੍ਹਾਂ ਨਾਲ ਜ਼ੋਰ ਲਗਾ ਕੇ ਉਸ ਦੇ ਸ਼ਰੀਰ ਨੂੰ ਤਲਾ ਦੇ ਕੰਢੇ ਉਤੇ ਕਢ ਲਿਆਂਦਾ।
ਸਰੋਵਰ ਦੇ ਕੰਢੇ ਉਤੇ (ਪਾਣੀ ਦੇ) ਜ਼ਿਆਦਾ ਵਹਾ ਕਰਕੇ ਚੌਹਾਂ ਪਾਸਿਆਂ ਤੋਂ ਰੱਸੇ ਬੰਨ ਕੇ ਉਸ ਨੂੰ ਖਿਚ ਲਿਆ ॥੨੧੪॥
ਕਾਲੀ ਨਾਗ ਦੀਆਂ ਇਸਤਰੀਆਂ ਨੇ ਕਿਹਾ:
ਸਵੈਯਾ:
ਤਦੋਂ ਉਸ ਦੀਆਂ ਸਾਰੀਆਂ ਇਸਤਰੀਆਂ ਪੁੱਤਰਾਂ ਸਹਿਤ ਹੱਥ ਜੋੜ ਕੇ ਇਸ ਤਰ੍ਹਾਂ ਗਿੜ-ਗਿੜਾਉਣ ਲੱਗੀਆਂ,
ਹੇ ਹਰੀ ਜੀ! ਇਸ ਦੀ ਰਖਿਆ ਕਰੋ। ਇਹੋ ਵਰਦਾਨ ਅਸੀਂ ਤੁਹਾਡੇ ਪਾਸੋਂ ਹਾਸਲ ਕਰਨਾ ਚਾਹੁੰਦੀਆਂ ਹਾਂ।
ਜੇ ਤੁਸੀਂ ਅੰਮ੍ਰਿਤ ਦਿੱਤਾ ਹੁੰਦਾ (ਤਾਂ) ਅਸੀਂ ਉਹੀ ਲਿਆਉਂਦੀਆਂ; ਪਰ (ਤੁਸਾਂ) ਬਿਖ ਦਿੱਤੀ ਹੈ, ਉਹੀ ਅਸੀਂ ਲਿਆਈਆਂ ਹਾਂ।
(ਇਸ ਲਈ) ਸਾਡੇ ਪਤੀ ਦਾ ਕੁਝ ਦੋਸ਼ ਨਹੀਂ ਹੈ। (ਇਹ) ਗੱਲ ਕਹੀ ਅਤੇ ਸਿਰ ਝੁਕਾ ਕੇ (ਖੜੋ ਰਹੀਆਂ) ॥੨੧੫॥