ਜਿਸ ਲਈ ਕ੍ਰਿਸ਼ਨ ਦੀ ਪਤਨੀ (ਸਤਿਭਾਮਾ) ਅਤੇ ਕ੍ਰਿਸ਼ਨ ਦੇ ਭਰਾ (ਬਲਰਾਮ) ਦੇ ਮਨ ਵਿਚ ਰੋਸੇ ਦੀ ਗੱਲ ਬੈਠ ਗਈ ਸੀ।
ਉਹ (ਮਣੀ ਅਕਰੂਰ ਪਾਸੋਂ ਲੈ ਕੇ) ਸਭ ਨੂੰ ਵਿਖਾ ਕੇ ਅਤੇ ਪ੍ਰਸੰਨ ਕਰ ਕੇ ਅਕਰੂਰ ਨੂੰ ਫਿਰ ਪਰਤਾ ਦਿੱਤੀ ਹੈ ॥੨੦੮੨॥
ਸੂਰਜ ਦੀ ਸੇਵਾ ਕਰ ਕੇ ਸਤ੍ਰਾਜਿਤ ਨੇ ਜੋ ਮਣੀ ਉਸ ਤੋਂ ਪ੍ਰਾਪਤ ਕੀਤੀ ਸੀ।
ਜਿਸ ਨੂੰ ਇਸ (ਸਤ੍ਰਾਜਿਤ) ਨੂੰ ਮਾਰ ਕੇ ਅਤੇ ਖੋਹ ਕੇ ਸਤਿਧੰਨੇ ਨੇ ਆਪਣੀ ਦੇਹ ਗਵਾਈ ਸੀ।
ਉਸ ਨੂੰ ਲੈ ਕੇ ਅਕਰੂਰ ਚਲਾ ਗਿਆ ਸੀ, ਉਸ ਕੋਲੋਂ ਫਿਰ ਮੁੜ ਕੇ ਸ੍ਰੀ ਕ੍ਰਿਸ਼ਨ ਕੋਲ ਆ ਗਈ।
ਸ੍ਰੀ ਕ੍ਰਿਸ਼ਨ ਨੇ ਉਹੀ ਉਸ ਨੂੰ ਮੋੜ ਦਿੱਤੀ। (ਇੰਜ ਪ੍ਰਤੀਤ ਹੁੰਦਾ ਹੈ) ਸ੍ਰੀ ਕ੍ਰਿਸ਼ਨ ਰੂਪ ਰਾਮਚੰਦਰ ਨੇ ਮੁੰਦਰੀ ਬਖ਼ਸ਼ੀ ਹੋਵੇ ॥੨੦੮੩॥
ਦੋਹਰਾ:
ਮਣੀ ਦੇ ਕੇ ਸ੍ਰੀ ਕ੍ਰਿਸ਼ਨ ਨੇ ਬਹੁਤ ਵੱਡਾ ਯਸ਼ ਪ੍ਰਾਪਤ ਕੀਤਾ।
(ਉਹ) ਦੁਸ਼ਟਾਂ ਦਾ ਸਿਰ ਕਟਣ ਵਾਲਾ ਅਤੇ ਸਾਧ ਜਨਾਂ ਦੀ ਪੀੜ ਨੂੰ ਨਸ਼ਟ ਕਰਨ ਵਾਲਾ ਹੈ ॥੨੦੮੪॥
ਇਥੇ ਸ੍ਰੀ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਦੇ ਕ੍ਰਿਸਨਾਵਤਾਰ ਵਿਚ ਸਤਿਧੰਨਾ ਦਾ ਬਧ ਕਰ ਕੇ ਅਕਰੂਰ ਨੂੰ ਮਣੀ ਦੇਣ ਦਾ ਪ੍ਰਸੰਗ ਸਮਾਪਤ ॥
ਕ੍ਰਿਸ਼ਨ ਜੀ ਦੇ ਦਿੱਲੀ ਵਿਚ ਆਗਮਨ ਦਾ ਕਥਨ:
ਚੌਪਈ:
ਜਦ ਅਕਰੂਰ ਨੂੰ ਮਣੀ ਦੇ ਦਿੱਤੀ
(ਤਦ) ਸ੍ਰੀ ਕ੍ਰਿਸ਼ਨ ਨੇ ਦਿੱਲੀ (ਜਾਣ ਦਾ) ਖਿਆਲ ਕੀਤਾ।
ਤਦ ਉਹ ਦਿੱਲੀ ਅੰਦਰ ਆ ਗਏ
(ਤਾਂ) ਪੰਜੇ ਪਾਂਡਵ ਚਰਨਾਂ ਵਿਚ ਆ ਪਏ ॥੨੦੮੫॥
ਦੋਹਰਾ:
ਤਦ ਕੁੰਤੀ ਦੇ ਘਰ ਗਏ ਅਤੇ ਜਾ ਕੇ ਸੁਖ-ਸਾਂਦ ਪੁਛੀ।
ਇਨ੍ਹਾਂ ਨੂੰ ਜੋ ਦੁਖ ਕੌਰਵਾਂ ਨੇ ਦਿੱਤੇ ਸਨ, ਉਹ ਸਾਰੇ (ਸ੍ਰੀ ਕ੍ਰਿਸ਼ਨ ਨੂੰ) ਦਸ ਦਿੱਤੇ ॥੨੦੮੬॥
ਇੰਦ੍ਰਪ੍ਰਸਤ (ਦਿੱਲੀ) ਵਿਚ ਕ੍ਰਿਸ਼ਨ ਜੀ ਜਦ ਚਾਰ ਮਹੀਨੇ ਰਹੇ,
ਤਦ ਇਕ ਦਿਨ ਅਰਜਨ ਨੂੰ ਲੈ ਕੇ ਸ਼ਿਕਾਰ ਚੜ੍ਹੇ ॥੨੦੮੭॥
ਸਵੈਯਾ:
ਸ਼ਿਕਾਰ ਦੀ ਸੂਹ ਲੈ ਕੇ ਜਿਥੇ ਸ਼ਿਕਾਰ ਅਧਿਕ ਸੀ, ਸ੍ਰੀ ਕ੍ਰਿਸ਼ਨ ਉਸ ਪਾਸੇ ਵਲ ਚਲੇ ਗਏ।
(ਉਥੇ) ਨੀਲ ਗਊਆਂ (ਬਨ ਗਊਆਂ) ਸੂਰ, ਵੱਡੇ ਵੱਡੇ ਰਿਛ, ਬਹੁਤ ਸਾਰੇ ਚਿਤਕਬਰੇ ਹਿਰਨ ਅਤੇ ਅਤਿ ਅਧਿਕ ਸਹੇ ਮਾਰੇ।
ਗੈਂਡੇ ਮਾਰੇ; ਝੋਟੇ, ਮਸਤ ਹਾਥੀ ਅਤੇ ਸ਼ੇਰਾਂ ਦੇ ਝੁੰਡਾਂ ਨੂੰ ਝਾੜਿਆ। ਜਿਨ੍ਹਾਂ ਨੂੰ ਕ੍ਰਿਸ਼ਨ ਨੇ ਬਾਣ ਮਾਰੇ,
ਉਨ੍ਹਾਂ ਨੂੰ ਬਿਲਕੁਲ (ਆਪਣੀ) ਸੰਭਾਲ ਨਾ ਰਹੀ ਅਤੇ ਬੇਸੁਧ ਹੋ ਕੇ ਡਿਗ ਪਏ ॥੨੦੮੮॥
ਅਰਜਨ (ਭਾਰਥ) ਨੂੰ ਨਾਲ ਲੈ ਕੇ ਸ੍ਰੀ ਕ੍ਰਿਸ਼ਨ ਨੇ ਬਨ ਵਿਚ ਧਸ ਕੇ ਬਹੁਤ ਸਾਰੇ ਹਿਰਨ ਮਾਰੇ।
ਇਕਨਾਂ ਨੂੰ ਤਲਵਾਰਾਂ ਨਾਲ ਮਾਰਿਆ ਅਤੇ ਇਕਨਾਂ ਦੇ ਸ਼ਰੀਰਾਂ ਨੂੰ ਤਕ ਤਕ ਕੇ ਬਾਣ ਮਾਰੇ।
ਘੋੜਿਆਂ ਨੂੰ ਦੌੜਾ ਕੇ ਅਤੇ ਕੁੱਤਿਆਂ ਨੂੰ ਭਜਾ ਕੇ ਉਨ੍ਹਾਂ ਨੂੰ ਵੀ ਮਾਰ ਦਿੱਤਾ ਜੋ (ਬਚ ਕੇ ਭਜ) ਚਲੇ ਸਨ।
ਸ੍ਰੀ ਕ੍ਰਿਸ਼ਨ ਦੇ ਅਗਿਓਂ ਜੋ (ਬਨ ਪਸ਼ੂ) ਉਠ ਕੇ ਭਜੇ ਸਨ, ਉਹ ਜਾ ਨਹੀਂ ਸਕੇ ॥੨੦੮੯॥
ਕਈਆਂ ਹਿਰਨਾਂ ਨੂੰ ਅਰਜਨ ਨੇ ਮਾਰਿਆ ਅਤੇ ਇਕਨਾਂ ਨੂੰ ਖ਼ੁਦ ਸ੍ਰੀ ਕ੍ਰਿਸ਼ਨ ਨੇ ਮਾਰ ਦਿੱਤਾ।
ਜੋ ਉਠ ਕੇ ਬਨ ਵਿਚ ਭਜ ਗਏ ਸਨ, ਉਨ੍ਹਾਂ ਦੇ ਪਿਛੇ ਕੁੱਤੇ ਛਡ ਕੇ ਸਭ ਨੂੰ ਪਕੜਵਾ ਲਿਆ।
ਜੋ ਤਿੱਤਰ ਉਡ ਕੇ ਆਕਾਸ਼ ਵਲ ਚਲੇ ਗਏ ਸਨ, ਉਨ੍ਹਾਂ ਪਿਛੇ ਸ੍ਰੀ ਕ੍ਰਿਸ਼ਨ ਨੇ ਬਾਜ਼ ਛਡ ਦਿੱਤੇ।
ਕਵੀ ਸ਼ਿਆਮ ਕਹਿੰਦੇ ਹਨ, ਕਈਆਂ ਹਿਰਨਾਂ ਨੂੰ ਚਿਤਰਿਆਂ ਨੇ ਪਕੜ ਕੇ ਯਮਲੋਕ ਭੇਜ ਦਿੱਤਾ ॥੨੦੯੦॥
(ਉਹ) ਬਹੁਤ ਸਾਰੇ ਬੇਸਰੇ, ਕੁਹੀਆਂ, ਬਹਿਰੀਆਂ, ਬਾਜ਼ ਅਤੇ ਜ਼ੁੱਰੇ ਨਾਲ ਲੈ ਕੇ ਗਏ ਸਨ
ਅਤੇ ਅਨੇਕਾਂ ਬਾਸ਼ਿਆਂ, ਲਗਰਾਂ, ਚਰਗਾਂ, ਸ਼ਿਕਰਿਆਂ ਤੋਂ ਚੰਗੀ ਤਰ੍ਹਾਂ ਝਪਟਾਂ ਮਰਵਾਈਆਂ ਸਨ।
ਧੂਤੀਆਂ, ਉਕਾਬਾਂ, ਬਸੀਨਾਂ ਆਦਿ ਨੂੰ ਗੱਲ ਵਿਚ ਘੁੰਘਰੂ ਪਾ ਕੇ ਅਤੇ ਨਵੇਂ ਤਸਮਿਆਂ ਨਾਲ ਸਜਾ ਕੇ
ਜਿਨ੍ਹਾਂ (ਪੰਛੀਆਂ ਦੇ) ਝੁੰਡਾਂ ਪਿਛੇ ਛਡ ਦਿੱਤਾ, (ਇਨ੍ਹਾਂ ਨੇ) ਉਨ੍ਹਾਂ ਪੰਛੀਆਂ ਵਿਚੋਂ ਇਕ ਵੀ ਜਾਣ ਨਾ ਦਿੱਤਾ ॥੨੦੯੧॥
ਜਦ ਅਰਜਨ ਅਤੇ ਕ੍ਰਿਸ਼ਨ ਨੇ ਮਿਲ ਕੇ ਸ਼ਿਕਾਰ ਕੀਤਾ ਤਾਂ ਬਹੁਤ ਸੁਖ ਪ੍ਰਾਪਤ ਕੀਤਾ।
ਕਵੀ ਸ਼ਿਆਮ ਕਹਿੰਦੇ ਹਨ, ਉਨ੍ਹਾਂ ਨੇ ਉਸ ਥਾਂ ਤੇ ਆਪਸ ਵਿਚ ਬਹੁਤ ਪ੍ਰੇਮ ਵਧਾਇਆ
ਅਤੇ ਦੋਹਾਂ ਦਾ ਮਨ ਜਲ ਪਾਨ ਕਰਨ ਲਈ ਉਸ ਥਾਂ (ਅਰਥਾਤ ਜਲ-ਆਸ਼ੇ) ਤੇ ਜਾਣ ਨੂੰ ਲਲਚਾਇਆ।
ਦੋਹਾਂ ਨੇ ਸ਼ਿਕਾਰ ਛਡ ਦਿੱਤਾ ਅਤੇ ਸ੍ਰੀ ਕ੍ਰਿਸ਼ਨ (ਅਤੇ ਅਰਜਨ) ਚਲ ਕੇ ਜਮਨਾ ਦੇ ਕੰਢੇ ਉਤੇ ਆਏ ॥੨੦੯੨॥
(ਜਦੋਂ ਉਹ) ਜਲ ਪੀਣ ਲਈ ਜਾ ਰਹੇ ਸਨ, ਉਸੇ ਸਮੇਂ ਉਨ੍ਹਾਂ ਨੇ ਇਕ ਸੁੰਦਰ ਇਸਤਰੀ ਵੇਖੀ।
ਸ੍ਰੀ ਕ੍ਰਿਸ਼ਨ ਨੇ ਅਰਜਨ ਦੇ ਨੇੜੇ ਜਾ ਕੇ ਕਿਹਾ, (ਇਸ ਨੂੰ ਜਾ ਕੇ) ਪੁੱਛ ਕਿ ਇਹ ਕੌਣ ਹੈ ਅਤੇ ਇਸ ਦਾ ਦੇਸ ਕਿਹੜਾ ਹੈ?
ਆਗਿਆ ਮੰਨ ਕੇ ਅਰਜਨ ਨੇ ਉਸ (ਇਸਤਰੀ) ਨਾਲ ਸਾਰੀ ਗੱਲ ਇਸ ਤਰ੍ਹਾਂ ਕੀਤੀ,
ਤੂੰ ਕਿਸ ਦੀ ਪੁੱਤਰੀ ਹੈਂ, ਤੇਰਾ ਦੇਸ਼ ਕਿਹੜਾ ਹੈ, ਤੇਰਾ ਭਰਾ ਕੌਣ ਹੈ ਅਤੇ ਕਿਸ ਦੀ ਇਸਤਰੀ ਹੈਂ? ॥੨੦੯੩॥
ਜਮਨਾ ਨੇ ਅਰਜਨ ਪ੍ਰਤਿ ਕਿਹਾ:
ਦੋਹਰਾ: