ਜਿਸ ਨੇ ਚੋਰੀ ਕਰ ਕੇ ਆਪਣੇ ਹੱਥ ਗੰਦੇ ਨਹੀਂ ਕੀਤੇ
ਅਤੇ ਹਰਾਮ ਖਾਣ ਲਈ ਆਪਣੇ ਹੱਥ ਨਹੀਂ ਵਧਾਏ ਹਨ ॥੩੪॥
ਜੋ ਆਪਣੇ ਹੱਥਾਂ ਨਾਲ (ਕਿਸੇ ਹੋਰ ਦਾ) ਮਾਲ ਹਥਿਆਉਣ ਦੀ ਇੱਛਾ ਨਹੀਂ ਰਖਦਾ,
ਪਰਜਾ ਨੂੰ ਦੁਖੀ ਨਹੀਂ ਕਰਦਾ ਅਤੇ ਨਾ ਹੀ ਗ਼ਰੀਬ ਦਾ ਨੁਕਸਾਨ ਕਰਦਾ ਹੈ ॥੩੫॥
ਜੋ ਕਿਸੇ ਦੂਜੇ ਦੀ ਇਸਤਰੀ ਨੂੰ ਆਪਣਾ ਹੱਥ ਨਹੀਂ ਪਾਉਂਦਾ
ਅਤੇ ਨਾ ਹੀ ਪਰਜਾ ਦੀ ਆਜ਼ਾਦੀ ਉਤੇ ਚੜ੍ਹਾਈ ਕਰਦਾ ਹੈ ॥੩੬॥
ਜੋ ਰਿਸ਼ਵਤ ਲੈ ਕੇ ਆਪਣੇ ਹੱਥ ਗੰਦੇ ਨਹੀਂ ਕਰਦਾ
ਅਤੇ ਬਾਦਸ਼ਾਹ ਦੇ ਦੁਸ਼ਮਨ ਨੂੰ ਮਿੱਟੀ ਵਿਚ ਰੋਲ ਦਿੰਦਾ ਹੈ ॥੩੭॥
ਜੋ ਜੰਗ ਵੇਲੇ ਵੈਰੀ ਨੂੰ ਵਾਰ ਕਰਨ ਦਾ ਮੌਕਾ ਨਹੀਂ ਦਿੰਦਾ,
ਜੋ ਤਲਵਾਰ ਚਲਾਉਂਦਾ ਹੈ ਅਤੇ ਭੱਥੇ ਵਿਚੋਂ ਤੀਰਾਂ ਦਾ ਮੀਂਹ ਵਰ੍ਹਾ ਦਿੰਦਾ ਹੈ ॥੩੮॥
ਜੋ ਕੰਮ ਵੇਲੇ (ਭਾਵ ਜੰਗ ਵੇਲੇ) ਘੋੜੇ ਨੂੰ ਆਰਾਮ ਨਹੀਂ ਕਰਨ ਦਿੰਦਾ
ਅਤੇ ਆਪਣੇ ਮੁਲਕ ਵਿਚ ਦੁਸ਼ਮਣ ਨੂੰ ਨਹੀਂ ਰਹਿਣ ਦਿੰਦਾ ॥੩੯॥
ਗੁਣਵਾਨ ਵਿਅਕਤੀ ਉਸੇ ਨੂੰ ਹੱਥਾਂ ਤੋਂ ਬਿਨਾ ਕਹਿੰਦਾ ਹੈ
ਜੋ ਬੁਰਾਈ ਲਈ ਲਕ ਨਹੀਂ ਬੰਨ੍ਹਦਾ ॥੪੦॥
ਜੋ ਵਿਅਕਤੀ ਆਪਣੀ ਜ਼ਬਾਨ ਤੋਂ ਮਾੜਾ ਸ਼ਬਦ ਨਹੀਂ ਬੋਲਦਾ,
ਉਹ ਇਸ ਸੰਸਾਰ ਵਿਚ ਸਪਸ਼ਟ ਤੌਰ ਤੇ ਬੇਜ਼ਬਾਨ (ਗੂੰਗਾ) ਹੈ ॥੪੧॥
ਜੋ ਕਿਸੇ ਦੀਆਂ ਮਾੜੀਆਂ ਗੱਲਾਂ ਕੰਨਾਂ ਨਾਲ ਨਹੀਂ ਸੁਣਦਾ।
ਉਸ ਨੂੰ ਸੂਝਵਾਨ ਕੰਨਾਂ ਤੋਂ ਬਿਨਾ ਕਹਿੰਦੇ ਹਨ ॥੪੨॥
ਜੋ ਕਿਸੇ ਦੀ ਪਰਦੇ ਪਿਛੇ ਚੁਗ਼ਲੀ ਨਹੀਂ ਸੁਣਦਾ,
ਉਸ ਨੂੰ ਆਪਣਾ ਬਾਦਸ਼ਾਹ ਸਮਝੋ ਅਤੇ ਕਹੋ ॥੪੩॥
ਜੋ ਕਿਸੇ ਦੇ ਬੁਰੇ ਕੰਮ ਦੀ ਬੂ ਨਹੀਂ ਲੈਂਦਾ,
ਉਸ ਨੂੰ ਨਕ ਤੋਂ ਬਿਨਾ ਨੇਕ ਸੁਭਾ ਵਾਲਾ ਸਮਝੋ ॥੪੪॥
ਜੋ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਕੋਲੋਂ ਨਹੀਂ ਡਰਦਾ
ਅਤੇ ਹਿੰਮਤ ਵਾਲਿਆਂ ਨੂੰ ਪੈਰਾਂ ਵਿਚ ਮਧੋਲ ਦਿੰਦਾ ਹੈ ॥੪੫॥
ਜੋ ਵਿਅਕਤੀ ਜੰਗ ਵੇਲੇ ਹੋਸ਼ ਵਿਚ ਰਹਿੰਦਾ ਹੈ
ਅਤੇ ਤੀਰ ਤੇ ਬੰਦੂਕ ਚਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ॥੪੬॥
ਜੋ ਇਨਸਾਫ਼ ਕਰਨ ਵੇਲੇ ਹਿੰਮਤ ਕਰਦਾ ਹੈ
ਅਤੇ ਗ਼ਰੀਬਾਂ ਸਾਹਮਣੇ ਆਪਣੇ ਆਪ ਨੂੰ ਆਜਿਜ਼ ਸਮਝਦਾ ਹੈ ॥੪੭॥
ਜੋ ਜੰਗ ਵੇਲੇ ਕੋਈ ਬਹਾਨਾ ਨਹੀਂ ਘੜਦਾ
ਅਤੇ ਬੇਸ਼ੁਮਾਰ ਵੈਰੀਆਂ ਨੂੰ ਵੇਖ ਕੇ ਡਰਦਾ ਨਹੀਂ ਹੈ ॥੪੮॥
ਜੋ ਕੋਈ ਇਸ ਤਰ੍ਹਾਂ ਦਾ ਬਹਾਦਰ ਹੋਇਆ ਹੈ
ਅਤੇ ਸੰਸਾਰ ਦੇ ਕੰਮਾਂ ਨੂੰ ਕਰਨ ਵੇਲੇ ਯੁੱਧ ਵਾਲੀ ਤਿਆਰੀ ਕਰਦਾ ਹੈ ॥੪੯॥
ਜਿਸ ਉਤੇ ਇਹ ਗੱਲਾਂ ਠੀਕ ਢੁਕਣਗੀਆਂ,
ਉਸ ਦੇ ਬਾਦਸ਼ਾਹ ਬਣਨ ਨਾਲ ਸੰਸਾਰ ਸਤਿਕਾਰ ਹਾਸਲ ਕਰੇਗਾ ॥੫੦॥
ਸਮਝਦਾਰ ਵਜ਼ੀਰਾਂ ਨੇ ਬਾਦਸ਼ਾਹ ਦੀ ਗੱਲ ਸਮਝ ਲਈ (ਅਤੇ ਇਹ ਵੀ ਸਾਫ਼ ਹੋ ਗਿਆ ਕਿ)
ਬਾਦਸ਼ਾਹ ਬਹੁਤ ਅਕਲਮੰਦ ਅਤੇ ਬੇਨਤੀ ਨੂੰ ਮੰਨਣ ਵਾਲਾ ਹੈ ॥੫੧॥
ਜਿਸ ਕਿਸੇ ਨੂੰ ਤੁਸੀਂ ਚੰਗੀ ਅਕਲ ਵਾਲਾ ਸਮਝ ਲਵੋ,
ਉਸ ਨੂੰ ਧਰਤੀ ਦਾ ਤਾਜ ਅਤੇ ਤਖ਼ਤ ਦੇ ਦਿਓ ॥੫੨॥
ਉਸ ਨੂੰ ਧਰਤੀ ਦਾ ਤਾਜ ਅਤੇ ਤਖ਼ਤ ਦੇ ਦੇਣਾ
ਜਿਸ ਨੂੰ ਤੁਸੀਂ ਪਰਜਾ ਨੂੰ ਪਾਲਣ ਵਾਲਾ ਸਮਝ ਲਵੋ ॥੫੩॥
(ਬਾਦਸ਼ਾਹ ਦੀ ਇਹ ਗੱਲ ਸੁਣ ਕੇ) ਚਾਰੇ ਪੁੱਤਰ ਬਹੁਤ ਹੈਰਾਨ ਹੋ ਗਏ
ਕਿ ਕੰਮ ਵੇਲੇ ਕੌਣ ਰਾਜ ਰੂਪੀ ਗੋਂਦ ਨੂੰ ਪਕੜ ਲਵੇਗਾ ॥੫੪॥
ਜਿਸ ਆਦਮੀ ਦੀ ਅਕਲ ਸਹਾਇਤਾ ਕਰਦੀ ਹੈ,
ਉਹ ਸੰਸਾਰ ਦੇ ਕੰਮਾਂ ਵਿਚ ਉਸ ਦੀ ਇੱਛਾ ਨੂੰ ਪੂਰਾ ਕਰ ਦਿੰਦੀ ਹੈ ॥੫੫॥
ਹੇ ਸਾਕੀ! ਮੈਨੂੰ ਹਰੇ ਰੰਗ (ਭਾਵ ਹਰਿਨਾਮ)
(ਦੀ ਸ਼ਰਾਬ) ਦਾ ਪਿਆਲਾ ਬਖ਼ਸ਼ ਜੋ ਜੰਗ ਵੇਲੇ ਮੇਰੇ ਕੰਮ ਆਵੇਗਾ ॥੫੬॥
ਹੇ ਸਾਕੀ! ਮੈਨੂੰ ਨੈਣਾਂ ਨੂੰ ਮਸਤ ਕਰ ਦੇਣ ਵਾਲਾ ਪਿਆਲਾ ਦੇ
ਜੋ ਸੌ ਸਾਲ ਦੇ ਬੁੱਢੇ ਨੂੰ ਵੀ ਜਵਾਨ ਕਰ ਦਿੰਦਾ ਹੈ ॥੫੭॥੩॥