ਸ਼੍ਰੀ ਦਸਮ ਗ੍ਰੰਥ

ਅੰਗ - 379


ਹਰਿ ਆਵਤ ਅਗ੍ਰ ਮਿਲੀ ਕੁਬਿਜਾ ਹਰਿ ਕੋ ਤਿਨਿ ਸੁੰਦਰ ਰੂਪ ਨਿਹਾਰਿਯੋ ॥

ਸ੍ਰੀ ਕ੍ਰਿਸ਼ਨ ਨੂੰ ਆਉਂਦਿਆਂ ਹੋਇਆ ਅਗੋਂ ਕੁਬਜਾ ਮਿਲ ਪਈ, ਉਸ ਨੇ ਸ੍ਰੀ ਕ੍ਰਿਸ਼ਨ ਦਾ ਸੁੰਦਰ ਰੂਪ ਵੇਖਿਆ,

ਗੰਧ ਲਏ ਨ੍ਰਿਪ ਲਾਵਨ ਕੋ ਸੁ ਲਗਾਊ ਹਉ ਯਾ ਮਨ ਬੀਚ ਬਿਚਾਰਿਯੋ ॥

(ਉਹ) ਰਾਜੇ ਨੂੰ ਸੁਗੰਧੀ ਲਗਾਉਣ ਲਈ ਲੈ ਜਾ ਰਹੀ ਸੀ। (ਉਸ ਨੇ) ਮਨ ਵਿਚ ਵਿਚਾਰ ਕੀਤਾ ਕਿ (ਉਹ ਸੁਗੰਧੀ) ਮੈਂ ਇਸ ਨੂੰ ਲਗਾਵਾਂ।

ਪ੍ਰੀਤਿ ਲਖੀ ਹਰਿ ਸੰਗ ਲਗੀ ਹਮਰੇ ਤਬ ਹੀ ਇਹ ਭਾਤਿ ਉਚਾਰਿਯੋ ॥

(ਜਦ) ਸ੍ਰੀ ਕ੍ਰਿਸ਼ਨ ਨੇ ਜਾਣ ਲਿਆ ਕਿ (ਇਸ ਦੀ) ਸਾਡੇ ਨਾਲ ਪ੍ਰੀਤ ਲਗ ਗਈ ਹੈ ਤਦ ਇਸ ਤਰ੍ਹਾਂ ਕਿਹਾ,

ਲ੍ਯਾਵਹੁ ਲਾਵਹੁ ਰੀ ਹਮ ਕੋ ਕਬਿ ਨੈ ਜਸੁ ਤਾ ਛਬਿ ਕੋ ਇਮ ਸਾਰਿਯੋ ॥੮੨੮॥

ਨੀ! ਸੁਗੰਧੀ ਲਿਆ ਕੇ ਸਾਨੂੰ ਲਗਾ ਦੇ। ਉਸ ਛਬੀ ਦੇ ਯਸ਼ ਨੂੰ ਕਵੀ ਨੇ ਇਸ ਤਰ੍ਹਾਂ ਨਿਭਾਇਆ ਹੈ ॥੮੨੮॥

ਜਦੁਰਾਇ ਕੋ ਆਇਸੁ ਮਾਨ ਤ੍ਰੀਯਾ ਨ੍ਰਿਪ ਕੋ ਇਹ ਚੰਦਨ ਦੇਹ ਲਗਾਯੋ ॥

ਸ੍ਰੀ ਕ੍ਰਿਸ਼ਨ ਦੀ ਆਗਿਆ ਮੰਨ ਕੇ (ਉਸ) ਇਸਤਰੀ ਨੇ ਰਾਜੇ ਨੂੰ (ਲਗਾਏ ਜਾਣ ਵਾਲਾ) ਚੰਦਨ ਇਨ੍ਹਾਂ ਦੀ ਦੇਹ ਉਤੇ ਲਗਾ ਦਿੱਤਾ।

ਸ੍ਯਾਮ ਕੋ ਰੂਪੁ ਨਿਹਾਰਤ ਹੀ ਕਬਿ ਸ੍ਯਾਮ ਮਨੈ ਅਤਿ ਹੀ ਸੁਖੁ ਪਾਯੋ ॥

ਕਵੀ ਸ਼ਿਆਮ (ਕਹਿੰਦੇ ਹਨ) ਸ੍ਰੀ ਕ੍ਰਿਸ਼ਨ ਦਾ ਰੂਪ ਵੇਖਦਿਆਂ ਹੀ (ਉਸ ਨੇ) ਮਨ ਵਿਚ ਬਹੁਤ ਸੁਖ ਪਾਇਆ।

ਜਾ ਕੋ ਨ ਅੰਤ ਲਖਿਯੋ ਬ੍ਰਹਮਾ ਕਰਿ ਕੈ ਮਨਿ ਪ੍ਰੇਮ ਕਈ ਦਿਨ ਗਾਯੋ ॥

ਬ੍ਰਹਮਾ ਨੇ ਜਿਸ ਦਾ ਪ੍ਰੇਮ ਕਰ ਕੇ ਮਨ ਵਿਚ ਕਈ ਦਿਨ ਯਸ਼ ਗਾਇਆ ਹੈ, ਪਰ (ਉਸ ਦੇ) ਅੰਤ ਨੂੰ ਜਾਣਿਆ ਨਹੀਂ ਹੈ।

ਭਾਗ ਬਡੋ ਇਹ ਮਾਲਿਨ ਕੇ ਹਰਿ ਕੇ ਤਨ ਕੋ ਜਿਨਿ ਹਾਥ ਛੁਹਾਯੋ ॥੮੨੯॥

ਇਸ ਮਾਲਣ ਦੇ ਵਡੇ ਭਾਗ ਹਨ ਜਿਸ ਨੇ ਸ੍ਰੀ ਕ੍ਰਿਸ਼ਨ ਦੇ ਸ਼ਰੀਰ ਨੂੰ ਹੱਥਾਂ ਨਾਲ ਛੋਹਿਆ ਹੈ ॥੮੨੯॥

ਹਰਿ ਏਕ ਧਰਿਯੋ ਪਗ ਪਾਇਨ ਪੈ ਅਰੁ ਹਾਥ ਸੋ ਹਾਥ ਗਹਿਯੋ ਕੁਬਜਾ ਕੋ ॥

ਸ੍ਰੀ ਕ੍ਰਿਸ਼ਨ ਨੇ ਇਕ ਪੈਰ ਉਸ (ਕੁਬਜਾ) ਦੇ ਪੈਰਾਂ ਉਤੇ ਧਰ ਦਿੱਤਾ ਅਤੇ (ਆਪਣੇ) ਹੱਥਾਂ ਨਾਲ ਕੁਬਜਾ ਦੇ ਹੱਥ ਪਕੜ ਲਏ।

ਸੀਧੀ ਕਰੀ ਕੁਬਰੀ ਤੇ ਸੋਊ ਇਤਨੋ ਬਲੁ ਹੈ ਜਗ ਮੈ ਕਹੁ ਕਾ ਕੋ ॥

(ਇਸ ਤਰ੍ਹਾਂ ਖਿਚ ਕੇ) ਕੁਬਜਾ ਨੂੰ ਸਿਧਾ ਕਰ ਦਿੱਤਾ; ਇਸ ਜਿਤਨਾ ਬਲ ਜਗਤ ਵਿਚ ਕਿਸ ਪਾਸ ਹੈ।

ਜਾਹਿ ਮਰਿਯੋ ਬਕ ਬੀਰ ਅਬੈ ਕਰਿ ਹੈ ਬਧ ਸੋ ਪਤਿ ਪੈ ਮਥੁਰਾ ਕੋ ॥

ਜਿਸ ਨੇ ਬਕਾਸੁਰ ਸੂਰਮੇ ਨੂੰ ਮਾਰ ਦਿੱਤਾ ਸੀ, ਹੁਣ ਉਹ ਮਥਰਾ ਦੇ ਸੁਆਮੀ (ਕੰਸ) ਦਾ ਨਾਸ ਕਰੇਗਾ।

ਭਾਗ ਬਡੇ ਇਹ ਕੇ ਜਿਹ ਕੋ ਉਪਚਾਰ ਕਰਿਯੋ ਹਰਿ ਬੈਦ ਹ੍ਵੈ ਤਾ ਕੋ ॥੮੩੦॥

ਇਸ (ਕੁਬਜਾ) ਦੇ ਵੱਡੇ ਭਾਗ ਹਨ ਜਿਸ ਦਾ ਉਪਚਾਰ ਸ੍ਰੀ ਕ੍ਰਿਸ਼ਨ ਨੇ (ਖ਼ੁਦ) ਵੈਦ ਹੋ ਕੇ ਕੀਤਾ ॥੮੩੦॥

ਪ੍ਰਤਿ ਉਤਰ ਬਾਚ ॥

ਪ੍ਰਤਿ ਉੱਤਰ ਵਿਚ ਕਿਹਾ:

ਸਵੈਯਾ ॥

ਸਵੈਯਾ:

ਪ੍ਰਭ ਧਾਮਿ ਅਬੈ ਚਲੀਯੈ ਹਮਰੇ ਇਹ ਭਾਤ ਕਹਿਯੋ ਕੁਬਜਾ ਹਰਿ ਸੋ ॥

ਕੁਬਜਾ ਨੇ ਸ੍ਰੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਿਹਾ, ਹੇ ਪ੍ਰਭੂ! ਹੁਣੇ ਮੇਰੇ ਘਰ ਨੂੰ ਚਲੋ।

ਅਤਿ ਹੀ ਮੁਖੁ ਦੇਖ ਕੈ ਰੀਝ ਰਹੀ ਸੁ ਕਹਿਯੋ ਨ੍ਰਿਪ ਕੇ ਬਿਨ ਹੀ ਡਰ ਸੋ ॥

(ਸ੍ਰੀ ਕ੍ਰਿਸ਼ਨ ਦਾ) ਮੁਖ ਵੇਖ ਕੇ (ਉਹ ਕੁਬਜਾ) ਬਹੁਤ ਪ੍ਰਸੰਨ ਹੋ ਗਈ ਅਤੇ ਰਾਜੇ ਦੇ ਡਰ ਤੋਂ ਬਿਨਾ ਹੀ ਕਿਹਾ।

ਹਰਿ ਜਾਨ੍ਯੋ ਕਿ ਮੋ ਮੈ ਰਹੀ ਬਸ ਹ੍ਵੈ ਇਹ ਭਾਤਿ ਕਹਿਯੋ ਤਿਹ ਸੋ ਛਰ ਸੋ ॥

ਸ੍ਰੀ ਕ੍ਰਿਸ਼ਨ ਨੇ ਜਾਣ ਲਿਆ ਕਿ (ਇਹ) ਮੇਰੇ (ਪ੍ਰੇਮ ਦੇ) ਵਸ ਵਿਚ ਹੋ ਗਈ ਹੈ ਅਤੇ ਉਸ ਨੂੰ ਛਲ ਪੂਰਵਕ ਕਿਹਾ-

ਕਰਿਹੌ ਤੁਮਰੋ ਸੁ ਮਨੋਰਥ ਪੂਰਨ ਕੰਸ ਕੋ ਕੈ ਬਧ ਹਉ ਬਰ ਸੋ ॥੮੩੧॥

ਪਹਿਲਾਂ ਮੈਂ ਬਲ ਨਾਲ ਕੰਸ ਦਾ ਬਧ ਕਰ ਲਵਾਂ, (ਫਿਰ) ਤੇਰਾ ਵੀ ਮਨੋਰਥ ਪੂਰਾ ਕਰ ਦਿਆਂਗਾ ॥੮੩੧॥

ਕੁਬਜਾ ਕੋ ਸੁਵਾਰ ਕੈ ਕਾਜ ਤਬੈ ਪੁਨਿ ਦੇਖਨ ਕੇ ਰਸ ਮੈ ਅਨੁਰਾਗਿਯੋ ॥

ਕੁਬਜਾ ਦਾ ਕਾਰਜ ਸੰਵਾਰ ਕੇ ਫਿਰ (ਨਗਰ ਨੂੰ) ਵੇਖਣ ਵਿਚ ਰੁਚਿਤ ਹੋਏ।

ਧਾਇ ਗਯੋ ਤਿਹ ਠਉਰ ਬਿਖੈ ਧਨੁ ਸੁੰਦਰ ਕੋ ਸੋ ਦੇਖਨ ਲਾਗਿਯੋ ॥

ਭਜ ਕੇ ਉਸ ਸਥਾਨ ਉਤੇ ਗਏ ਜਿਥੇ (ਰਾਜੇ ਦੇ) ਸੁੰਦਰ ਧਨੁਸ਼ ਪਏ ਸਨ ਅਤੇ ਉਨ੍ਹਾਂ ਨੂੰ ਵੇਖਣ ਲਗ ਗਏ।

ਭ੍ਰਿਤਨ ਕੇ ਕਰਤੇ ਸੁ ਮਨੈ ਹਰਿ ਕੇ ਮਨ ਮੈ ਅਤਿ ਹੀ ਕੁਪਿ ਜਾਗਿਯੋ ॥

ਨੌਕਰਾਂ ਦੇ ਮਨ੍ਹਾ ਕਰਨ ਤੇ ਸ੍ਰੀ ਕ੍ਰਿਸ਼ਨ ਦੇ ਮਨ ਵਿਚ ਬਹੁਤ ਕ੍ਰੋਧ ਜਾਗ ਪਿਆ।

ਗਾੜੀ ਕਸੀਸ ਦਈ ਧਨ ਕੋ ਦ੍ਰਿੜ ਕੈ ਜਿਹ ਤੇ ਨ੍ਰਿਪ ਕੋ ਧਨੁ ਭਾਗਿਯੋ ॥੮੩੨॥

(ਕ੍ਰਿਸ਼ਨ ਨੇ) ਧਨੁਸ਼ ਨੂੰ ਫੜ ਕੇ ਜ਼ੋਰ ਨਾਲ ਚਿੱਲਾ ਚੜ੍ਹਾਇਆ, ਜਿਸ ਕਰ ਕੇ ਰਾਜੇ ਦਾ ਧਨੁਸ਼ ਟੁੱਟ ਗਿਆ ॥੮੩੨॥

ਗਾੜੀ ਕਸੀਸ ਦਈ ਕੁਪਿ ਕੈ ਰੁਪਿ ਠਾਢ ਭਯੋ ਤਿਹ ਠਉਰ ਬਿਖੈ ॥

(ਕ੍ਰਿਸ਼ਨ ਨੇ) ਕ੍ਰੋਧ ਕਰ ਕੇ (ਧਨੁਸ਼ ਉਤੇ) ਜ਼ੋਰ ਦਾ ਚਿੱਲਾ ਚੜ੍ਹਾਇਆ ਅਤੇ ਉਸ ਸਥਾਨ ਉਤੇ ਡਟ ਕੇ ਖੜੋ ਗਿਆ।

ਬਰ ਸਿੰਘ ਮਨੋ ਦ੍ਰਿਗ ਕਾਢ ਕੈ ਠਾਢੋ ਹੈ ਪੇਖੈ ਜੋਊ ਗਿਰੈ ਭੂਮਿ ਬਿਖੈ ॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਬਲਵਾਨ ਸ਼ੇਰ ਅੱਖਾਂ ਕਢ ਕੇ ਖੜੋ ਰਿਹਾ ਹੋਵੇ; ਜਿਹੜਾ ਵੇਖਦਾ ਸੀ ਉਹੀ ਧਰਤੀ ਉਤੇ ਡਿਗ ਪੈਂਦਾ ਸੀ।

ਦੇਖਤ ਹੀ ਡਰਪਿਯੋ ਮਘਵਾ ਡਰਪਿਯੋ ਬ੍ਰਹਮਾ ਜੋਊ ਲੇਖ ਲਿਖੈ ॥

(ਉਸ ਨੂੰ) ਵੇਖਦਿਆਂ ਹੀ ਇੰਦਰ ਡਰ ਗਿਆ, ਬ੍ਰਹਮਾ ਵੀ ਡਰ ਗਿਆ ਅਤੇ (ਉਹ ਚਿਤਰ ਗੁਪਤ ਵੀ ਡਰ ਗਿਆ) ਜੋ ਜੀਵਾਂ ਦੇ ਲੇਖ ਲਿਖਦਾ ਹੈ।

ਧਨੁ ਕੇ ਟੁਕਰੇ ਸੰਗ ਜੋਧਨ ਮਾਰਤ ਸ੍ਯਾਮ ਕਹੈ ਅਤਿ ਹੀ ਸੁ ਤਿਖੈ ॥੮੩੩॥

(ਕਵੀ) ਸ਼ਿਆਮ ਕਹਿੰਦੇ ਹਨ, ਧਨੁਸ਼ ਦੇ ਟੁਕੜੇ, (ਜੋ) ਬਹੁਤ ਤਿਖੇ ਹਨ, (ਉਨ੍ਹਾਂ) ਨਾਲ ਸ੍ਰੀ ਕ੍ਰਿਸ਼ਨ ਯੋਧਿਆਂ ਨੂੰ ਮਾਰਦਾ ਜਾ ਰਿਹਾ ਹੈ ॥੮੩੩॥

ਕਬਿਯੋ ਬਾਚ ਦੋਹਰਾ ॥

ਕਵੀ ਨੇ ਕਿਹਾ ਦੋਹਰਾ:

ਧਨੁਖ ਤੇਜ ਮੈ ਬਰਨਿਓ ਕ੍ਰਿਸਨ ਕਥਾ ਕੇ ਕਾਜ ॥

ਕ੍ਰਿਸ਼ਨ ਦੀ ਕਥਾ ਲਈ ਹੀ ਮੈਂ ਧਨੁਸ਼ ਦੇ ਤੇਜ ਦਾ ਵਰਣਨ ਕੀਤਾ ਹੈ।

ਅਤਿ ਹੀ ਚੂਕ ਮੋ ਤੇ ਭਈ ਛਿਮੀਯੈ ਸੋ ਮਹਾਰਾਜ ॥੮੩੪॥

ਮੇਰੇ ਕੋਲੋਂ ਵੱਡੀ ਭੁਲ ਹੋ ਗਈ ਹੈ, ਹੇ ਮਹਾਰਾਜ! (ਮੈਨੂੰ) ਖਿਮਾ ਕਰ ਦਿਓ ॥੮੩੪॥

ਸਵੈਯਾ ॥

ਸਵੈਯਾ:

ਧਨੁ ਕੋ ਟੁਕਰਾ ਕਰਿ ਲੈ ਹਰਿ ਜੀ ਬਰ ਬੀਰਨ ਕੋ ਸੋਊ ਮਾਰਨ ਲਾਗਿਯੋ ॥

ਧਨੁਸ਼ ਦੇ ਟੋਟੇ ਹੱਥ ਵਿਚ ਲੈ ਕੇ ਸ੍ਰੀ ਕ੍ਰਿਸ਼ਨ ਉਨ੍ਹਾਂ ਨਾਲ ਵੱਡੇ ਵੱਡੇ ਸੂਰਮਿਆਂ ਨੂੰ ਮਾਰਨ ਲਗੇ।

ਧਾਇ ਪਰੇ ਨ੍ਰਿਪ ਬੀਰ ਤਬੈ ਤਿਨ ਕੇ ਮਨ ਮੈ ਅਤਿ ਹੀ ਕੁਪਿ ਜਾਗਿਯੋ ॥

ਉਸ ਵੇਲੇ ਰਾਜੇ ਦੇ ਯੋਧੇ ਵੀ ਧਾ ਕੇ ਪੈ ਗਏ, ਉਨ੍ਹਾਂ ਦੇ ਮਨ ਵਿਚ ਬਹੁਤ ਕ੍ਰੋਧ ਜਾਗ ਪਿਆ।

ਫੇਰਿ ਲਗਿਯੋ ਤਿਨ ਕੋ ਹਰਿ ਮਾਰਨ ਜੁਧਹ ਕੇ ਰਸ ਮੋ ਅਨੁਰਾਗਿਯੋ ॥

ਸ੍ਰੀ ਕ੍ਰਿਸ਼ਨ ਉਨ੍ਹਾਂ ਨੂੰ ਫਿਰ ਮਾਰਨ ਲਗ ਗਏ, (ਉਹ) ਯੁੱਧ ਦੇ ਰਸ ਵਿਚ (ਪੂਰੀ ਤਰ੍ਹਾਂ) ਗੜੁਚ ਸਨ।

ਸੋਰ ਭਯੋ ਅਤਿ ਠਉਰ ਤਹਾ ਸੁਨ ਕੈ ਜਿਹ ਕੋ ਸਿਵ ਜੂ ਉਠਿ ਭਾਗਿਯੋ ॥੮੩੫॥

ਉਸ ਸਥਾਨ ਉਤੇ ਬਹੁਤ ਸ਼ੋਰ ਮਚ ਗਿਆ ਜਿਸ ਨੂੰ ਸੁਣ ਕੇ ਸ਼ਿਵ ਜੀ (ਸਮਾਧੀ ਛਡ ਕੇ) ਉਠ ਕੇ ਭਜ ਗਿਆ ॥੮੩੫॥

ਕਬਿਤੁ ॥

ਕਬਿੱਤ:

ਤੀਨੋ ਲੋਕ ਪਤਿ ਅਤਿ ਜੁਧੁ ਕਰਿ ਕੋਪਿ ਭਰੇ ਤਊਨੇ ਠਉਰ ਜਹਾ ਬਰਬੀਰ ਅਤਿ ਸ੍ਵੈ ਰਹੇ ॥

ਤਿੰਨਾਂ ਲੋਕਾਂ ਦੇ ਸੁਆਮੀ (ਸ੍ਰੀ ਕ੍ਰਿਸ਼ਨ) ਕ੍ਰੋਧ ਨਾਲ ਭਰੇ ਹੋਏ ਬਹੁਤ ਯੁੱਧ ਕਰਦੇ ਹਨ ਜਿਥੇ ਬਹੁਤ ਸਾਰੇ ਬਲਵਾਨ ਯੋਧੇ (ਮੌਤ ਦੀ) ਨੀਂਦਰ ਸੌਂ ਰਹੇ ਹਨ। ਸੂਰਮੇ ਇਸ ਤਰ੍ਹਾਂ ਗਿਰੇ ਪਏ ਹਨ,

ਐਸੇ ਬੀਰ ਗਿਰੇ ਜੈਸੇ ਬਾਢੀ ਕੇ ਕਟੇ ਤੇ ਰੂਖ ਗਿਰੇ ਬਿਸੰਭਾਰੁ ਅਸਿ ਹਾਥਨ ਨਹੀ ਗਹੇ ॥

ਜਿਵੇਂ ਤਰਖਾਣ ਦੇ ਕਟੇ ਹੋਏ ਬ੍ਰਿਛ ਡਿਗੇ ਹੋਏ ਹੁੰਦੇ ਹਨ। (ਸਾਰੇ) ਬੇਸੁਧ ਹਨ, ਤਲਵਾਰਾਂ ਨੂੰ ਹੱਥ ਵਿਚ ਪਕੜ ਨਹੀਂ ਸਕਦੇ।

ਅਤਿ ਹੀ ਤਰੰਗਨੀ ਉਠੀ ਹੈ ਤਹਾ ਜੋਧਨ ਤੈ ਸੀਸ ਸਮ ਬਟੇ ਅਸਿ ਨਕ੍ਰ ਭਾਤਿ ਹ੍ਵੈ ਬਹੇ ॥

(ਉਥੇ) ਵੱਡੀ ਨਦੀ ਉਠ ਖੜੋਤੀ ਹੈ (ਅਰਥਾਤ ਪੈਦਾ ਹੋ ਗਈ ਹੈ) ਉਸ ਵਿਚ ਯੋਧਿਆਂ ਦੇ ਸਿਰ ਵਟਿਆਂ ਵਾਂਗ ਹਨ, (ਪਾਣੀ ਰੂਪ ਲਹੂ ਵਿਚ) ਤਲਵਾਰਾਂ ਤੰਦੂਇਆਂ ਦੇ ਸਮਾਨ ਵਹਿ ਰਹੀਆਂ ਹਨ।

ਗੋਰੇ ਪੈ ਬਰਦ ਚੜਿ ਆਇ ਥੇ ਬਰਦ ਪਤਿ ਗੋਰੀ ਗਉਰਾ ਗੋਰੇ ਰੁਦ੍ਰ ਰਾਤੇ ਰਾਤੇ ਹ੍ਵੈ ਰਹੇ ॥੮੩੬॥

(ਉਥੇ) ਚਿੱਟੇ ਬਲਦ ਉਪਰ ਸ਼ਿਵ ਚੜ੍ਹ ਕੇ ਆਇਆ ਸੀ, ਪਾਰਬਤੀ ਗੋਰੀ ਸੀ, ਰੁਦਰ ਗੋਰਾ ਸੀ, ਪਰ (ਲਹੂ ਨਾਲ) ਲਾਲੋ ਲਾਲ ਹੋ ਗਏ ਹਨ ॥੮੩੬॥

ਕ੍ਰੋਧ ਭਰੇ ਕਾਨ੍ਰਹ ਬਲਭਦ੍ਰ ਜੂ ਨੈ ਕੀਨੋ ਰਨ ਭਾਗ ਗਏ ਭਟ ਨ ਸੁਭਟ ਠਾਢ ਕੁਇ ਰਹਿਯੋ ॥

ਕ੍ਰੋਧ ਨਾਲ ਭਰੇ ਹੋਏ ਕ੍ਰਿਸ਼ਨ ਅਤੇ ਬਲਰਾਮ ਜੀ ਨੇ (ਅਜਿਹਾ) ਯੁੱਧ ਕੀਤਾ ਕਿ ਸਾਰੇ ਯੋਧੇ ਭਜ ਗਏ (ਅਤੇ ਕੋਈ ਇਕ) ਵੱਡਾ ਸੂਰਮਾ (ਉਥੇ) ਖੜੋਤਾ ਨਾ ਰਹਿ ਸਕਿਆ।

ਐਸੇ ਝੂਮਿ ਪਰੇ ਬੀਰ ਮਾਰੇ ਧਨ ਟੂਕਨ ਕੇ ਮਾਨੋ ਕੰਸ ਰਾਜਾ ਜੂ ਕੋ ਸਾਰੋ ਦਲੁ ਸ੍ਵੈ ਰਹਿਯੋ ॥

ਧਨੁਸ਼ ਦੇ ਟੋਟਿਆਂ ਨਾਲ ਮਾਰੇ ਹੋਏ ਯੋਧੇ ਇਸ ਪ੍ਰਕਾਰ ਘੁੰਮੇਰੀ ਖਾ ਕੇ (ਧਰਤੀ ਉਤੇ) ਡਿਗੇ ਪਏ ਸਨ, ਮਾਨੋ ਕੰਸ ਰਾਜਾ ਦੇ ਸਾਰੇ ਦਲ ਸੌਂ ਰਹੇ ਹੋਣ।

ਕੇਤੇ ਉਠਿ ਭਾਗੇ ਕੇਤੇ ਜੁਧ ਹੀ ਕੋ ਫੇਰਿ ਲਾਗੇ ਸੋਊ ਸਮ ਬਨ ਹਰ ਹਰਿ ਤਾਤੋ ਹ੍ਵੈ ਕਹਿਯੋ ॥

(ਸੁਰਤ ਪਰਤਣ ਤੇ) ਕਈ ਉਠ ਕੇ ਭਜ ਗਏ ਹਨ, ਕਈ ਫਿਰ ਯੁੱਧ ਵਿਚ ਲਗ ਗਏ ਹਨ, ਜੰਗਲ ਦੀ ਅੱਗ ਵਾਂਗ ਤਪ ਕੇ ਕ੍ਰਿਸ਼ਨ ਨੇ ਉਨ੍ਹਾਂ ਨੂੰ ਵੰਗਾਰਿਆ ਹੈ।

ਗਜਨ ਕੇ ਸੁੰਡਨ ਤੇ ਐਸੇ ਛੀਟੈ ਛੂਟੀ ਜਾ ਤੇ ਅੰਬਰ ਅਨੂਪ ਲਾਲ ਛੀਟ ਛਬਿ ਹ੍ਵੈ ਰਹਿਯੋ ॥੮੩੭॥

ਹਾਥੀਆਂ ਦੇ ਸੁੰਡਾਂ ਵਿਚੋਂ (ਲਹੂ ਦੀਆਂ) ਛਿੱਟਾਂ ਇਸ ਤਰ੍ਹਾਂ ਛੁਟੀਆਂ ਹਨ, ਜਿਸ ਕਰ ਕੇ ਆਕਾਸ਼ ਲਾਲ ਰੰਗ ਦੀ ਅਨੂਪਮ ਛੀਂਟ ਵਰਗੀ ਸੁੰਦਰਤਾ ਵਾਲਾ ਹੋ ਰਿਹਾ ਹੈ ॥੮੩੭॥

ਦੋਹਰਾ ॥

ਦੋਹਰਾ:

ਕ੍ਰਿਸਨ ਹਲੀ ਧਨੁ ਟੂਕ ਸੋ ਘਨ ਦਲ ਦਯੋ ਨਿਘਾਇ ॥

ਕ੍ਰਿਸ਼ਨ ਅਤੇ ਬਲਰਾਮ ਨੇ ਧਨੁਸ਼ ਦੇ ਟੁਕੜਿਆਂ ਨਾਲ ਬਹੁਤ ਸਾਰੀ ਸੈਨਾ ਨੂੰ ਨਸ਼ਟ ਕਰ ਦਿੱਤਾ।

ਤਿਨ ਸੁਨ ਕੈ ਬਧ ਸ੍ਰਉਨਿ ਨ੍ਰਿਪ ਅਉ ਪੁਨਿ ਦਯੋ ਪਠਾਇ ॥੮੩੮॥

ਉਨ੍ਹਾਂ ਦੇ ਬਧ (ਦੀ ਗੱਲ) ਕੰਨਾਂ ਨਾਲ ਸੁਣ ਕੇ ਰਾਜੇ ਨੇ ਫਿਰ ਹੋਰ (ਸੈਨਾ) ਭੇਜ ਦਿੱਤੀ ॥੮੩੮॥

ਸਵੈਯਾ ॥

ਸਵੈਯਾ:

ਬੀਚ ਚਮੂੰ ਧਸਿ ਬੀਰਨ ਕੀ ਧਨ ਟੂਕਨ ਸੋ ਬਹੁ ਬੀਰ ਸੰਘਾਰੇ ॥

ਯੋਧਿਆਂ ਦੀ ਸੈਨਾ ਵਿਚ ਧਸ ਕੇ (ਦੋਹਾਂ ਭਰਾਵਾਂ ਨੇ) ਧਨੁਸ਼ ਦੇ ਟੋਟਿਆਂ ਨਾਲ ਬਹੁਤ ਸਾਰੇ ਯੋਧੇ ਮਾਰ ਦਿੱਤੇ।