ਸ਼੍ਰੀ ਦਸਮ ਗ੍ਰੰਥ

ਅੰਗ - 950


ਦੋਹਰਾ ॥

ਦੋਹਰਾ:

ਤਿਨ ਚਾਰੌ ਗਹਿ ਤਿਹ ਲਯੋ ਭਖਿਯੋ ਤਾ ਕਹ ਜਾਇ ॥

ਉਨ੍ਹਾਂ ਚੌਹਾਂ (ਯਾਰਾਂ ਨੇ) ਉਸ (ਬਕਰੇ ਨੂੰ) ਪਕੜ ਲਿਆ ਅਤੇ ਉਸ ਨੂੰ ਲੈ ਜਾ ਕੇ ਖਾਇਆ।

ਅਜਿ ਤਜ ਭਜਿ ਜੜਿ ਘਰ ਗਯੋ ਛਲ ਨਹਿ ਲਖ੍ਯੋ ਬਨਾਇ ॥੬॥

(ਉਹ) ਮੂਰਖ ਬਕਰਾ ਛਡ ਕੇ ਭਜ ਕੇ ਘਰ ਚਲਾ ਗਿਆ, (ਪਰ ਉਨ੍ਹਾਂ ਦੇ) ਛਲ ਨੂੰ ਨਾ ਸਮਝ ਸਕਿਆ ॥੬॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਟਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੬॥੧੯੬੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਛੇਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੦੬॥੧੯੬੮॥ ਚਲਦਾ॥

ਚੌਪਈ ॥

ਚੌਪਈ:

ਜੋਧਨ ਦੇਵ ਜਾਟ ਇਕ ਰਹੈ ॥

ਇਕ ਜੋਧਨ ਦੇਵ ਨਾਂ ਦਾ ਜੱਟ ਰਹਿੰਦਾ ਸੀ।

ਮੈਨ ਕੁਅਰਿ ਤਿਹ ਤ੍ਰਿਯ ਜਗ ਅਹੈ ॥

ਉਸ ਦੀ ਇਸਤਰੀ ਮੈਨ ਕੁਅਰਿ ਸੀ।

ਜੋਧਨ ਦੇਵ ਸੋਇ ਜਬ ਜਾਵੈ ॥

ਜਦ ਜੋਧਨ ਦੇਵ ਸੌਂ ਜਾਂਦਾ

ਜਾਰ ਤੀਰ ਤਬ ਤ੍ਰਿਯਾ ਸਿਧਾਵੈ ॥੧॥

ਤਾਂ (ਉਸ ਦੀ) ਇਸਤਰੀ ਯਾਰ ਕੋਲ ਚਲੀ ਜਾਂਦੀ ॥੧॥

ਜਬ ਸੋਯੋ ਜੋਧਨ ਬਡਭਾਗੀ ॥

ਜਦ ਵਡਭਾਗੀ ਜੋਧਨ ਸੌਂ ਗਿਆ,

ਤਬ ਹੀ ਮੈਨ ਕੁਅਰਿ ਜੀ ਜਾਗੀ ॥

ਤਦ ਹੀ ਮੈਨ ਕੁਅਰਿ ਜਾਗ ਪਈ।

ਪਤਿ ਕੌ ਛੋਰਿ ਜਾਰ ਪੈ ਗਈ ॥

(ਉਹ) ਪਤੀ ਨੂੰ ਛਡ ਕੇ ਯਾਰ ਕੋਲ ਗਈ।

ਲਾਗੀ ਸਾਧਿ ਦ੍ਰਿਸਟਿ ਪਰ ਗਈ ॥੨॥

(ਉਸ ਦੀ) ਨਜ਼ਰ ਲਗੀ ਹੋਈ ਸੰਨ੍ਹ ਉਤੇ ਪਈ ॥੨॥

ਤਬ ਗ੍ਰਿਹ ਪਲਟਿ ਬਹੁਰਿ ਵਹੁ ਆਈ ॥

ਤਦ ਉਹ ਫਿਰ ਘਰ ਨੂੰ ਪਰਤ ਕੇ ਆਈ

ਜੋਧਨ ਦੇਵਹਿ ਦਯੋ ਜਗਾਈ ॥

ਅਤੇ ਜੋਧਨ ਦੇਵ ਨੂੰ ਆ ਕੇ ਜਗਾਇਆ

ਤੇਰੀ ਮਤਿ ਕੌਨ ਕਹੁ ਹਰੀ ॥

(ਅਤੇ ਕਿਹਾ-) ਤੇਰੀ ਮਤ ਕਿਉਂ ਮਾਰੀ ਗਈ ਹੈ

ਲਾਗੀ ਸੰਧਿ ਦ੍ਰਿਸਟਿ ਨਹਿ ਪਰੀ ॥੩॥

ਕਿ ਸੰਨ੍ਹ ਲਗੀ ਹੋਈ ਹੈ ਅਤੇ ਤੇਰੀ ਨਜ਼ਰ (ਉਸ ਉਤੇ) ਨਹੀਂ ਪਈ ਹੈ ॥੩॥

ਜੋਧਨ ਜਗਤ ਲੋਗ ਸਭ ਜਾਗੇ ॥

ਜੋਧਨ ਦੇ ਜਾਗਣ ਤੇ ਸਾਰੇ ਲੋਕ ਜਾਗ ਗਏ।

ਗ੍ਰਿਹ ਤੇ ਨਿਕਸਿ ਚੋਰ ਤਬ ਭਾਗੇ ॥

ਤਦ ਚੋਰ ਘਰ ਵਿਚੋਂ ਨਿਕਲ ਕੇ ਭਜ ਗਏ।

ਕੇਤੇ ਹਨੇ ਬਾਧਿ ਕਈ ਲਏ ॥

(ਉਨ੍ਹਾਂ ਚੋਰਾਂ ਵਿਚੋਂ) ਕਈ ਮਾਰ ਦਿੱਤੇ, ਕਈ ਬੰਨ੍ਹ ਲਏ

ਕੇਤੇ ਤ੍ਰਸਤ ਭਾਜਿ ਕੈ ਗਏ ॥੪॥

ਅਤੇ ਕਈ ਡਰ ਦੇ ਮਾਰਿਆਂ ਭਜ ਗਏ ॥੪॥

ਜੋਧਨ ਦੇਵ ਫੁਲਿਤ ਭਯੋ ॥

ਜੋਧਨ ਦੇਵ ਬਹੁਤ ਪ੍ਰਸੰਨ ਹੋਇਆ

ਮੇਰੌ ਧਾਮ ਰਾਖਿ ਇਹ ਲਯੋ ॥

ਕਿ ਇਸ ਨੇ ਮੇਰਾ ਘਰ ਬਚਾ ਲਿਆ ਹੈ।

ਤ੍ਰਿਯ ਕੀ ਅਧਿਕ ਬਡਾਈ ਕਰੀ ॥

(ਉਸ ਨੇ) ਇਸਤਰੀ ਦੀ ਬਹੁਤ ਵਡਿਆਈ ਕੀਤੀ,

ਜੜ ਕੌ ਕਛੂ ਖਬਰ ਨਹਿ ਪਰੀ ॥੫॥

(ਪਰ ਉਸ) ਮੂਰਖ ਨੂੰ (ਵਾਸਤਵਿਕਤਾ ਦੀ) ਕੁਝ ਖ਼ਬਰ ਵੀ ਨਾ ਹੋਈ ॥੫॥

ਦੋਹਰਾ ॥

ਦੋਹਰਾ:

ਧਾਮ ਉਬਾਰਿਯੋ ਆਪਨੋ ਕੀਨੋ ਚੋਰ ਖੁਆਰ ॥

ਆਪਣੇ ਘਰ ਨੂੰ ਬਚਾ ਲਿਆ ਅਤੇ ਚੋਰਾਂ ਨੂੰ ਖੁਆਰ ਕੀਤਾ।

ਮੀਤ ਜਗਾਯੋ ਆਨਿ ਕੈ ਧੰਨਿ ਸੁ ਮੈਨ ਕੁਆਰ ॥੬॥

ਮਿਤਰ ਨੂੰ ਆਣ ਕੇ ਜਗਾਇਆ। (ਇਹ) ਮੈਨ ਕੁਅਰਿ (ਸਚਮੁਚ) ਧੰਨ ਹੈ ॥੬॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਾਤ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੭॥੧੯੭੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਯਾ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਸਤਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੦੭॥੧੯੭੪॥ ਚਲਦਾ॥

ਦੋਹਰਾ ॥

ਦੋਹਰਾ:

ਏਕ ਦਿਵਸ ਸ੍ਰੀ ਕਪਿਲ ਮੁਨਿ ਇਕ ਠਾ ਕਿਯੋ ਪਯਾਨ ॥

ਇਕ ਦਿਨ ਸ੍ਰੀ ਕਪਿਲ ਮੁਨੀ ਕਿਸੇ ਥਾਂ ਤੇ ਗਏ।

ਹੇਰਿ ਅਪਸਰਾ ਬਸਿ ਭਯੋ ਸੋ ਤੁਮ ਸੁਨਹੁ ਸੁਜਾਨ ॥੧॥

(ਉਹ ਇਕ) ਅਪੱਛਰਾ ਨੂੰ ਵੇਖ ਕੇ ਉਸ ਦੇ ਵਸ ਵਿਚ ਹੋ ਗਏ। ਹੇ ਸੁਜਾਨ (ਰਾਜੇ!) ਤੁਸੀਂ ਉਹ (ਕਥਾ) ਸੁਣੋ ॥੧॥

ਰੰਭਾ ਨਾਮਾ ਅਪਸਰਾ ਤਾ ਕੋ ਰੂਪ ਨਿਹਾਰਿ ॥

ਰੰਭਾ ਨਾਂ ਦੀ ਅਪੱਛਰਾ ਦੇ ਬਹੁਤ ਸੁੰਦਰ ਰੂਪ ਨੂੰ ਵੇਖ ਕੇ

ਮੁਨਿ ਕੋ ਗਿਰਿਯੋ ਤੁਰਤ ਹੀ ਬੀਰਜ ਭੂਮਿ ਮਝਾਰ ॥੨॥

ਮੁਨੀ ਦਾ ਵੀਰਜ ਤੁਰਤ ਧਰਤੀ ਉਤੇ ਡਿਗ ਪਿਆ ॥੨॥

ਗਿਰਿਯੋ ਰੇਤਿ ਮੁਨਿ ਕੇ ਜਬੈ ਰੰਭਾ ਰਹਿਯੋ ਅਧਾਨ ॥

ਜਦੋਂ ਮੁਨੀ ਦਾ ਵੀਰਜ ਡਿਗਿਆ ਤਾਂ ਰੰਭਾ ਨੂੰ ਗਰਭ ਹੋ ਗਿਆ।

ਡਾਰਿ ਸਿੰਧੁ ਸਰਿਤਾ ਤਿਸੈ ਸੁਰ ਪੁਰ ਕਰਿਯੋ ਪਯਾਨ ॥੩॥

(ਉਸ ਗਰਭ ਤੋਂ ਇਕ ਕੰਨਿਆ ਪੈਦਾ ਹੋਈ) ਉਸ ਨੂੰ (ਉਹ) ਸਿੰਧ ਨਦੀ ਵਿਚ ਸੁਟ ਕੇ ਸਵਰਗ ਲੋਕ ਨੂੰ ਚਲੀ ਗਈ ॥੩॥

ਚੌਪਈ ॥

ਚੌਪਈ:

ਬਹਤ ਬਹਤ ਕੰਨਿਯਾ ਤਹ ਆਈ ॥

(ਉਹ) ਕੰਨਿਆ ਰੁੜ੍ਹਦਿਆਂ ਰੁੜ੍ਹਦਿਆਂ ਉਥੇ ਆ ਪਹੁੰਚੀ

ਆਗੇ ਜਹਾ ਸਿੰਧ ਕੋ ਰਾਈ ॥

ਜਿਥੇ ਅਗੇ ਸਿੰਧ (ਖੇਤਰ) ਦਾ ਰਾਜਾ (ਰਹਿੰਦਾ) ਸੀ।

ਬ੍ਰਹਮਦਤ ਸੋ ਨੈਨ ਨਿਹਾਰੀ ॥

ਬ੍ਰਹਮਦੱਤ (ਰਾਜੇ) ਨੇ ਉਸ (ਕੰਨਿਆ) ਨੂੰ ਅੱਖਾਂ ਨਾਲ ਵੇਖਿਆ।

ਤਹ ਤੇ ਕਾਢਿ ਸੁਤਾ ਕਰਿ ਪਾਰੀ ॥੪॥

ਉਸ ਨੂੰ (ਨਦੀ ਵਿਚੋਂ) ਕਢਵਾ ਕੇ ਧੀ ਬਣਾ ਕੇ ਪਾਲਿਆ ॥੪॥

ਸਸਿਯਾ ਸੰਖਿਯਾ ਤਾ ਕੀ ਧਰੀ ॥

ਉਸ ਦਾ ਨਾਂ 'ਸਸਿਯਾ' (ਸਸੀ) ਰਖਿਆ

ਭਾਤਿ ਭਾਤਿ ਸੋ ਸੇਵਾ ਕਰੀ ॥

ਅਤੇ ਭਾਂਤ ਭਾਂਤ ਨਾਲ ਉਸ ਦੀ ਸੇਵਾ ਕੀਤੀ।

ਜਬ ਜੋਬਨ ਤਾ ਕੇ ਹ੍ਵੈ ਆਯੋ ॥

ਜਦ ਉਹ ਜੋਬਨਵਤੀ ਹੋ ਗਈ

ਤਬ ਰਾਜੇ ਇਹ ਮੰਤ੍ਰ ਪਕਾਯੋ ॥੫॥

ਤਦ ਰਾਜੇ ਨੇ ਇਸ ਤਰ੍ਹਾਂ ਸੋਚਿਆ ॥੫॥

ਪੁੰਨੂ ਪਾਤਿਸਾਹ ਕੌ ਚੀਨੋ ॥

(ਉਸ ਲਈ ਵਰ ਵਜੋਂ) ਪੁੰਨੂੰ ਰਾਜੇ ਨੂੰ ਸੋਚਿਆ

ਪਠੈ ਦੂਤ ਤਾ ਕੋ ਇਕ ਦੀਨੋ ॥

ਅਤੇ ਉਸ ਵਲ ਇਕ ਦੂਤ ਨੂੰ ਭੇਜ ਦਿੱਤਾ।

ਪੁੰਨੂ ਬਚਨ ਸੁਨਤ ਤਹ ਆਯੋ ॥

ਪੁੰਨੂੰ ਬਚਨ ਸੁਣ ਕੇ ਉਥੇ ਆਇਆ


Flag Counter