ਅਤੇ ਨਾ ਹੀ (ਹਰਿ ਨਾਮ ਦੀ) ਚਰਚਾ ਹੋਵੇਗੀ ॥੧੬੦॥
ਮਧੁਭਾਰ ਛੰਦ:
ਸਾਰੇ ਦੇਸਾਂ ਦਾ ਇਹੀ ਚਲਨ ਹੋਵੇਗਾ,
ਜਿਥੇ ਕਿਥੇ ਕੁਰੀਤਾਂ ਹੋਣਗੀਆਂ।
ਜਿਥੇ ਕਿਥੇ ਅਨਰਥ (ਹੋਵੇਗਾ)
(ਕਿਤੇ ਵੀ) ਪੁਰਸ਼ਾਰਥ ਨਹੀਂ ਹੋਵੇਗਾ ॥੧੬੧॥
ਸਾਰਿਆਂ ਦੇਸਾਂ ਦੇ ਰਾਜੇ
ਨਿੱਤ ਪ੍ਰਤਿ ਮਾੜੇ ਕੰਮ ਕਰਨਗੇ।
ਨਿਆਂ ਨਹੀਂ ਹੋਵੇਗਾ,
ਜਿਥੇ ਕਿਥੇ ਅਨਿਆਂ ਹੋਵੇਗਾ ॥੧੬੨॥
ਧਰਤੀ ਸ਼ੂਦ੍ਰ (ਰੁਚੀ ਵਾਲੀ) ਹੋ ਜਾਵੇਗੀ।
ਨੀਵੇਂ ਕਰਮ ਕਰਨ ਲਗੇਗੀ।
ਤਦ ਇਕ ਬ੍ਰਾਹਮਣ (ਹੋਵੇਗਾ)
ਜਿਸ ਵਿਚ ਅਨੇਕ ਗੁਣ ਹੋਣਗੇ ॥੧੬੩॥
ਪਾਧਰੀ ਛੰਦ:
(ਉਹ) ਬ੍ਰਾਹਮਣ ਨਿੱਤ ਪ੍ਰਚੰਡ ਦੇਵੀ ਦਾ ਜਾਪ ਕਰਦਾ ਹੋਵੇਗਾ,
ਜਿਸ (ਦੇਵੀ) ਨੇ ਧੂਮ੍ਰਲੋਚਨ ਦੇ ਦੋ ਖੰਡ ਕੀਤੇ ਸਨ,
ਜਿਸ ਨੇ ਦੇਵਤਿਆਂ ਅਤੇ ਦੇਵਰਾਜ (ਇੰਦਰ) ਦੀ ਮੱਦਦ ਕੀਤੀ ਸੀ,
ਜਿਸ ਨੇ ਹੱਥ ਦੇ ਕੇ ਸ਼ਿਵ ਨੂੰ ਬਚਾ ਲਿਆ ਸੀ ॥੧੬੪॥
ਜਿਸ ਨੇ ਸ਼ੁੰਭ ਅਤੇ ਨਿਸ਼ੁੰਭ (ਨਾਂ ਵਾਲੇ) ਸੂਰਮਿਆਂ ਨੂੰ ਮਾਰ ਦਿੱਤਾ ਸੀ,
ਜਿਨ੍ਹਾਂ (ਦੈਂਤਾਂ) ਨੇ ਇੰਦਰ ਨੂੰ ਜਿਤ ਕੇ ਫ਼ਕੀਰ ਬਣਾ ਦਿੱਤਾ ਸੀ।
ਉਸ (ਇੰਦਰ) ਨੇ ਜਗ ਮਾਤ (ਦੇਵੀ) ਦੀ ਸ਼ਰਨ ਗ੍ਰਹਿਣ ਕੀਤੀ ਸੀ।
ਉਸ ਨੂੰ ਚੰਡਿਕਾ ਦੇਵੀ ਨੇ (ਫਿਰ) ਦੇਵਤਿਆਂ ਦਾ ਰਾਜਾ ਬਣਾ ਦਿੱਤਾ ਸੀ ॥੧੬੫॥
(ਉਹ) ਉਦਾਰ ਬ੍ਰਾਹਮਣ ਉਸ (ਦੇਵੀ) ਨੂੰ ਦਿਨ ਰਾਤ ਜਪਦਾ ਸੀ।
ਜਿਸ ਨੇ ਕ੍ਰੋਧਿਤ ਹੋ ਕੇ ਰਣ ਵਿਚ ਇੰਦਰ ਦੇ ਵੈਰੀ ('ਬਾਸਵਾਰ' ਮਹਿਖਾਸੁਰ) ਨੂੰ ਮਾਰਿਆ ਸੀ।
ਉਸ (ਬ੍ਰਾਹਮਣ) ਦੇ ਘਰ ਮਾੜੇ ਆਚਾਰ ਵਾਲੀ ਇਸਤਰੀ ਸੀ।
ਉਸ ਨੇ ਇਕ ਦਿਨ (ਆਪਣੇ) ਪਤੀ ਨੂੰ (ਦੇਵੀ ਦੀ ਪੂਜਾ ਕਰਦੇ ਹੋਇਆਂ) ਵੇਖ ਕੇ ਪਕੜ ਲਿਆ ॥੧੬੬॥
ਇਸਤਰੀ ਨੇ ਪਤੀ ਨੂੰ ਕਿਹਾ:
ਹੇ ਮੂਰਖ! ਤੂੰ ਕਿਸ ਕੰਮ ਲਈ ਦੇਵੀ ਦੀ ਪੂਜਾ ਕਰ ਰਿਹਾ ਹੈਂ।
ਉਸ ਨੂੰ ਕਿਸ ਵਾਸਤੇ 'ਅਭੇਵਿ' (ਜਿਸ ਦਾ ਭੇਦ ਨਾ ਪਾਇਆ ਜਾ ਸਕੇ) ਕਹਿੰਦਾ ਹੈਂ।
ਕਿਸ ਕਰ ਕੇ (ਤੂੰ) ਉਸ ਦੇ ਪੈਰਾਂ ਉਤੇ ਡਿਗਦਾ ਹੈਂ।
ਜਾਣ ਬੁਝ ਕੇ ਨਰਕ ਵਿਚ ਕਿਉਂ ਡਿਗਦਾ ਹੈਂ ॥੧੬੭॥
ਹੇ ਮੂਰਖ! (ਤੂੰ) ਕਿਸ ਲਈ ਉਸ ਦਾ ਜਾਪ ਜਪਦਾ ਹੈਂ?
ਉਸ ਦੀ ਸਥਾਪਨਾ ਕਰਦਿਆਂ (ਤੂੰ) ਡਰਦਾ ਨਹੀਂ।
(ਮੈਂ) ਰਾਜੇ ਕੋਲ ਜਾ ਕੇ ਪੁਕਾਰ ਕਰਾਂਗੀ।
ਉਹ ਤੈਨੂੰ ਬੰਨ੍ਹ ਕੇ ਦੇਸ ਨਿਕਾਲਾ ਦੇ ਦੇਵੇਗਾ ॥੧੬੮॥
ਉਸ ਮਾੜੀ ਇਸਤਰੀ ਨੇ ਬ੍ਰਾਹਮਣ (ਦੀ ਸ਼ਕਤੀ) ਨੂੰ ਨਹੀਂ ਸਮਝਿਆ।
(ਕਾਲ ਪੁਰਖ ਨੇ) ਧਰਮ ਦੇ ਪ੍ਰਸਾਰ ਲਈ ਆਣ ਕੇ ਅਵਤਾਰ ਲਿਆ ਹੈ।
ਸਾਰੇ ਸ਼ੂਦ੍ਰਾਂ ਦੇ ਵਿਨਾਸ਼ ਲਈ
ਅਤੇ (ਲੋਕਾਂ ਨੂੰ) ਸਚੇਤ ਕਰਨ ਲਈ ਕਲਕੀ ਅਵਤਾਰ ਲਿਆ ਹੈ ॥੧੬੯॥
ਉਸ ਦਾ ਹਿਤ ਜਾਣ ਕੇ (ਬ੍ਰਾਹਮਣ ਨੇ) ਮਾੜੀ ਇਸਤਰੀ ਨੂੰ ਰੋਕਿਆ।
ਪਰ ਲੋਕ ਡਰ ਤੋਂ ਪਤੀ ਬੋਲਿਆ ਨਹੀਂ।
ਤਦ ਉਹ ਚਿਤ ਵਿਚ ਕ੍ਰੋਧ ਕਰ ਕੇ ਕੁੜ੍ਹਨ ਲਗੀ
ਅਤੇ (ਅੰਤ ਵਿਚ ਉਸ ਨੇ) ਸੰਭਲ ਦੇ ਰਾਜੇ ਤਕ ਆ ਕੇ (ਸਾਰੀ ਗੱਲ) ਕਹਿ ਦਿੱਤੀ ॥੧੭੦॥
(ਪਤੀ ਦੁਆਰਾ) ਦੇਵੀ ਨੂੰ ਪੂਜਦਿਆਂ (ਰਾਜੇ ਨੂੰ) ਵਿਖਾ ਦਿੱਤਾ।
(ਤਦ) ਸ਼ੂਦ੍ਰ ਰਾਜੇ ਨੇ ਕ੍ਰੋਧ ਕਰ ਕੇ ਉਸ ਨੂੰ ਪਕੜ ਲਿਆ।
ਉਸ ਨੂੰ ਪਕੜ ਕੇ ਬਹੁਤ ਸਜ਼ਾ ਦਿੱਤੀ (ਅਤੇ ਕਿਹਾ)
ਜਾਂ ਤਾਂ ਤੈਨੂੰ ਮਾਰ ਦਿਆਂਗਾ ਜਾਂ ਦੇਵੀ ਦੀ ਪੂਜਾ ਨਾ ਕਰ ॥੧੭੧॥