ਸ਼੍ਰੀ ਦਸਮ ਗ੍ਰੰਥ

ਅੰਗ - 420


ਸੋਊ ਬਚੇ ਤਿਹ ਤੇ ਬਲ ਬੀਰ ਜੋਊ ਭਜਿ ਆਪਨੇ ਪ੍ਰਾਨ ਬਚਾਵੈ ॥

ਉਸ ਬਲਵਾਨ ਪਾਸੋਂ ਓਹੀ ਬਚਦਾ ਹੈ ਜੋ ਭਜ ਕੇ ਆਪਣੇ ਪ੍ਰਾਣ ਬਚਾਉਂਦਾ ਹੈ।

ਅਉਰਨ ਕੀ ਸੁ ਕਹਾ ਗਨਤੀ ਜੁ ਬਡੇ ਭਟ ਜੀਵਤ ਜਾਨ ਨ ਪਾਵੈ ॥੧੨੨੩॥

ਹੋਰਾਂ ਦੀ ਤਾਂ ਕੀ ਗਿਣਤੀ ਹੈ, ਜੋ ਵੱਡੇ ਵੱਡੇ ਯੋਧੇ ਹਨ, (ਉਹ ਵੀ) ਜੀਉਂਦੇ ਜਾ ਨਹੀਂ ਸਕਦੇ ॥੧੨੨੩॥

ਮੂਸਲ ਅਉਰ ਲਏ ਮੁਸਲੀ ਚੜਿ ਸ੍ਯੰਦਨ ਪੈ ਬਹੁਰੋ ਫਿਰਿ ਧਾਯੋ ॥

ਬਲਰਾਮ ਨੇ ਹੋਰ ਮੂਸਲ ਲੈ ਲਿਆ ਅਤੇ ਰਥ ਉਤੇ ਚੜ੍ਹ ਕੇ ਫਿਰ (ਯੁੱਧ-ਭੂਮੀ ਵਿਚ) ਆ ਗਿਆ।

ਆਵਤ ਹੀ ਬਲ ਕੈ ਨ੍ਰਿਪ ਸੋ ਚਤੁਰੰਗ ਪ੍ਰਕਾਰ ਕੋ ਜੁਧੁ ਮਚਾਯੋ ॥

ਆਉਂਦਿਆਂ ਹੀ ਬਲਰਾਮ ਨੇ ਰਾਜੇ ਨਾਲ ਚਾਰ ਪ੍ਰਕਾਰ ਦਾ ਜੁੱਧ ਮਚਾ ਦਿੱਤਾ।

ਅਉਰ ਜਿਤੇ ਭਟ ਠਾਢੇ ਹੁਤੇ ਰਿਸ ਕੈ ਮੁਖਿ ਤੇ ਇਹ ਭਾਤਿ ਸੁਨਾਯੋ ॥

ਹੋਰ ਵੀ ਜਿੰਨੇ ਯੋਧੇ ਖੜੋਤੇ ਸਨ, (ਬਲਰਾਮ ਨੇ ਉਨ੍ਹਾਂ ਪ੍ਰਤਿ) ਕ੍ਰੋਧਿਤ ਹੋ ਕੇ, ਮੁਖ ਤੋਂ ਇਸ ਤਰ੍ਹਾਂ ਸੁਣਾਇਆ।

ਜਾਨਿ ਨ ਦੇਹੁ ਅਰੇ ਅਰਿ ਕੋ ਸੁਨਿ ਕੈ ਹਰਿ ਕੇ ਦਲੁ ਕੋਪੁ ਬਢਾਯੋ ॥੧੨੨੪॥

ਓਇ! ਵੈਰੀ ਨੂੰ ਜਾਣ ਨਾ ਦਿਓ, ਇਹ ਸੁਣ ਕੇ ਕ੍ਰਿਸ਼ਨ ਦੀ ਸੈਨਾ ਨੇ ਕ੍ਰੋਧ ਵਧਾ ਲਿਆ ॥੧੨੨੪॥

ਐਸੇ ਹਲਾਯੁਧ ਕੋਪਿ ਕਹਿਯੋ ਤਬ ਜਾਦਵ ਬੀਰ ਸਬੈ ਮਿਲਿ ਧਾਏ ॥

ਬਲਰਾਮ ਨੇ ਇਸ ਤਰ੍ਹਾਂ ਕ੍ਰੋਧ ਨਾਲ ਕਿਹਾ, ਤਦ ਸਾਰੇ ਯਾਦਵ ਸੂਰਮਿਆਂ ਨੇ ਮਿਲ ਕੇ ਹਮਲਾ ਕਰ ਦਿੱਤਾ।

ਜੋ ਇਹ ਸਾਮੁਹੇ ਆਇ ਅਰੇ ਗ੍ਰਿਹ ਕੋ ਤੇਊ ਜੀਵਤ ਜਾਨਿ ਨ ਪਾਏ ॥

(ਉਸ ਵੇਲੇ) ਜੋ ਇਸ ਦੇ ਸਾਹਮਣੇ ਆ ਕੇ ਡਟ ਗਿਆ, (ਫਿਰ) ਉਹ ਘਰ ਨੂੰ ਜੀਉਂਦਾ ਨਾ ਪਰਤ ਸਕਿਆ।

ਅਉਰ ਜਿਤੇ ਤਹ ਠਾਢੇ ਹੁਤੇ ਅਸਿ ਲੈ ਬਰਛੈ ਪਰਸੇ ਗਹਿ ਆਏ ॥

ਹੋਰ ਵੀ ਜਿਤਨੇ ਉਸ ਸਥਾਨ ਉਤੇ ਸਨ, (ਉਹ) ਤਲਵਾਰਾਂ, ਬਰਛੇ ਅਤੇ ਕੁਹਾੜੇ ਪਕੜ ਕੇ ਆ ਗਏ।

ਤੇਊ ਭਿਰੇ ਜੋਊ ਲਾਜ ਭਰੇ ਅਰਿ ਕੋ ਬਰ ਕੈ ਤਿਨ ਘਾਇ ਲਗਾਏ ॥੧੨੨੫॥

ਜਿਹੜੇ ਲਾਜ ਦੇ ਭਰੇ ਹੋਏ ਸਨ, (ਉਹ) ਬੜੇ ਜ਼ੋਰ ਨਾਲ ਲੜੇ ਹਨ ਅਤੇ ਵੈਰੀ ਨੂੰ ਬਲ ਪੂਰਵਕ ਘਾਓ ਲਗਾਏ ਹਨ ॥੧੨੨੫॥

ਦੋਹਰਾ ॥

ਦੋਹਰਾ:

ਅਮਿਟ ਸਿੰਘ ਅਤਿ ਕੋਪ ਹ੍ਵੈ ਅਮਿਤ ਚਲਾਏ ਬਾਨ ॥

ਅਮਿਟ ਸਿੰਘ ਨੇ ਬਹੁਤ ਕ੍ਰੋਧਿਤ ਹੋ ਕੇ ਬੇਹਿਸਾਬੇ ਬਾਣ ਚਲਾਏ।

ਹਰਿ ਸੈਨਾ ਤਮ ਜਿਉ ਭਜੀ ਸਰ ਮਾਨੋ ਕਰਿ ਭਾਨੁ ॥੧੨੨੬॥

ਸ੍ਰੀ ਕ੍ਰਿਸ਼ਨ ਦੀ ਸੈਨਾ ਹਨੇਰੇ ਵਾਂਗ ਭਜ ਗਈ, (ਅਮਿਟ ਸਿੰਘ ਦੇ) ਬਾਣ ਮਾਨੋ ਸੂਰਜ ਦੀਆਂ ਕਿਰਨਾਂ ਹੋਣ ॥੧੨੨੬॥

ਸਵੈਯਾ ॥

ਸਵੈਯਾ:

ਜਾਤ ਭਜੇ ਜਦਵੀਰ ਪ੍ਰਿਤਨਾ ਰਨ ਮੈ ਮੁਸਲੀ ਇਹ ਭਾਤਿ ਪਚਾਰੇ ॥

ਜਦ ਯਾਦਵੀ ਸੈਨਾ ਰਣ ਵਿਚੋਂ ਭਜ ਕੇ ਜਾਣ ਲਗੀ, (ਤਾਂ) ਬਲਰਾਮ ਨੇ ਸੈਨਾ ਨੂੰ ਇਸ ਤਰ੍ਹਾਂ ਕਿਹਾ,

ਛਤ੍ਰਨਿ ਕੇ ਕੁਲ ਮੈ ਉਪਜੇ ਕਿਹ ਭਾਤਿ ਪਰਾਵਤ ਹੋ ਬਲੁ ਹਾਰੇ ॥

ਛਤ੍ਰੀਆਂ ਦੇ ਕੁਲ ਵਿਚ ਪੈਦਾ ਹੋ ਕੇ ਇਸ ਤਰ੍ਹਾਂ ਬਲ ਨੂੰ ਹਾਰ ਕੇ ਭਜੇ ਜਾ ਰਹੇ ਹੋ।

ਆਯੁਧ ਛਾਡਤ ਹੋ ਕਰ ਤੇ ਡਰੁ ਮਾਨਿ ਘਨੋ ਬਿਨ ਹੀ ਅਰਿ ਮਾਰੇ ॥

ਵੈਰੀ ਨੂੰ ਮਾਰੇ ਬਿਨਾ, ਬਹੁਤ ਡਰ ਮੰਨ ਕੇ ਹੱਥਾਂ ਵਿਚੋਂ ਸ਼ਸਤ੍ਰ ਛਡ ਰਹੇ ਹੋ।

ਤ੍ਰਾਸ ਕਰੋ ਨ ਕਛੂ ਰਨ ਮੈ ਜਬ ਲਉ ਤਨ ਮੈ ਥਿਰੁ ਪ੍ਰਾਨ ਹਮਾਰੇ ॥੧੨੨੭॥

ਜਦ ਤਕ ਸਾਡੇ ਤਨ ਵਿਚ ਪ੍ਰਾਣ ਹਨ, (ਤਦ ਤਕ) ਰਣ-ਭੂਮੀ ਵਿਚ ਕਿਸੇ ਦਾ ਵੀ ਡਰ ਨਾ ਮੰਨੋ ॥੧੨੨੭॥

ਦੋਹਰਾ ॥

ਦੋਹਰਾ:

ਕੋਪ ਅਯੋਧਨ ਮੈ ਹਲੀ ਸੁਭਟਨਿ ਕਹਿਯੋ ਪਚਾਰਿ ॥

ਯੁੱਧ ਖੇਤਰ ਵਿਚ ਬਲਰਾਮ ਨੇ ਕ੍ਰੋਧਿਤ ਹੋ ਕੇ ਸੂਰਮਿਆਂ ਨੂੰ ਲਲਕਾਰਿਆ

ਅਮਿਟ ਸਿੰਘ ਕੋ ਘੇਰ ਕੈ ਕਹਿਯੋ ਲੇਹੁ ਤੁਮ ਮਾਰ ॥੧੨੨੮॥

ਅਤੇ ਕਿਹਾ ਕਿ ਅਮਿਟ ਸਿੰਘ ਨੂੰ ਘੇਰ ਕੇ ਤੁਸੀਂ ਮਾਰ ਦਿਓ ॥੧੨੨੮॥

ਕਬਿਯੋ ਬਾਚ ॥

ਕਵੀ ਨੇ ਕਿਹਾ:

ਸਵੈਯਾ ॥

ਸਵੈਯਾ:

ਆਇਸ ਪਾਇ ਤਬੈ ਮੁਸਲੀ ਚਹੂੰ ਓਰ ਚਮੂੰ ਲਲਕਾਰ ਪਰੀ ॥

ਬਲਰਾਮ ਦੀ ਆਗਿਆ ਪ੍ਰਾਪਤ ਕਰ ਕੇ ਉਸੇ ਵੇਲੇ ਚੌਹਾਂ ਪਾਸਿਆਂ ਤੋਂ (ਯਾਦਵੀ) ਸੈਨਾ (ਅਮਿਟ ਸਿੰਘ) ਉਤੇ ਲਲਕਾਰ ਕੇ ਆ ਪਈ।

ਅਤਿ ਕੋਪ ਭਰੀ ਅਪੁਨੇ ਮਨ ਮੈ ਅਮਿਟੇਸ ਕੇ ਸਾਮੁਹੇ ਆਇ ਅਰੀ ॥

ਆਪਣੇ ਮਨ ਵਿਚ ਕ੍ਰੋਧ ਨਾਲ ਬਹੁਤ ਭਰ ਕੇ ਅਮਿਟ ਸਿੰਘ ਦੇ ਸਾਹਮਣੇ ਆ ਕੇ ਡਟ ਗਈ।

ਬਹੁ ਜੁਧੁ ਅਯੋਧਨ ਬੀਚ ਭਯੋ ਕਬ ਸ੍ਯਾਮ ਕਹੈ ਨਹੀ ਨੈਕੁ ਡਰੀ ॥

ਕਵੀ ਸ਼ਿਆਮ ਕਹਿੰਦੇ ਹਨ, ਯੁੱਧਭੂਮੀ ਵਿਚ ਘਮਸਾਨ ਜੰਗ ਹੋਈ ਅਤੇ (ਯਾਦਵੀ ਸੈਨਾ) ਬਿਲਕੁਲ ਨਾ ਡਰੀ।

ਨ੍ਰਿਪ ਬੀਰ ਸਰਾਸਨਿ ਲੈ ਕਰ ਬਾਨ ਘਨੀ ਪ੍ਰਿਤਨਾ ਬਿਨੁ ਪ੍ਰਾਨ ਕਰੀ ॥੧੨੨੯॥

ਬਲਬੀਰ ਰਾਜੇ ਨੇ ਹੱਥ ਵਿਚ ਧਨੁਸ਼ ਅਤੇ ਬਾਣ ਲੈ ਕੇ ਬਹੁਤ ਸਾਰੀ ਸੈਨਾ ਪ੍ਰਾਣਾਂ ਤੋਂ ਬਿਨਾ ਕਰ ਦਿੱਤੀ ॥੧੨੨੯॥

ਕਾਟਿ ਕਰੀ ਰਥ ਕਾਟਿ ਦਏ ਬਹੁ ਬੀਰ ਹਨੇ ਅਤਿ ਬਾਜ ਸੰਘਾਰੇ ॥

ਹਾਥੀ ਕਟ ਦਿੱਤੇ, ਰਥ ਕਟ ਦਿੱਤੇ, ਬਹੁਤ ਸੂਰਮੇ ਮਾਰੇ ਗਏ ਅਤੇ ਬੇਹਿਸਾਬੇ ਘੋੜੇ ਵੀ ਸੰਘਾਰ ਦਿੱਤੇ ਗਏ।

ਘਾਇਲ ਘੂਮਤ ਹੈ ਰਨ ਮੈ ਕਿਤਨੇ ਸਿਰ ਭੂਮਿ ਪਰੇ ਧਰ ਭਾਰੇ ॥

ਰਣ-ਭੂਮੀ ਵਿਚ ਘਾਇਲ ਘੁੰਮ ਰਹੇ ਹਨ, ਕਿਤਨੇ ਹੀ ਸਿਰ ਅਤੇ ਭਾਰੇ ਧੜ ਭੂਮੀ ਉਤੇ ਪਏ ਹਨ।

ਜੀਵਤ ਜੇ ਤੇਊ ਆਯੁਧ ਲੈ ਨ ਡਰੇ ਅਰਿ ਊਪਰਿ ਘਾਇ ਪ੍ਰਹਾਰੇ ॥

ਜੋ ਕੋਈ ਜੀਉਂਦਾ ਹੈ, ਉਹ ਸ਼ਸਤ੍ਰ ਲੈ ਕੇ ਅਤੇ ਨਿਡਰ ਹੋ ਕੇ ਵੈਰੀਆਂ ਉਤੇ ਘਾਓ ਕਰ ਰਿਹਾ ਹੈ।

ਤਉ ਤਿਨ ਕੇ ਤਨ ਆਹਵ ਮੈ ਅਸਿ ਲੈ ਨ੍ਰਿਪ ਖੰਡਨ ਖੰਡ ਕੈ ਡਾਰੇ ॥੧੨੩੦॥

ਤਦ ਰਾਜੇ ਨੇ ਤਲਵਾਰ ਲੈ ਕੇ ਉਨ੍ਹਾਂ ਦੇ ਸ਼ਰੀਰਾਂ ਦੇ ਟੋਟੇ ਟੋਟੇ ਕਰ ਕੇ ਸੁਟ ਦਿੱਤੇ ॥੧੨੩੦॥

ਜੁਧ ਬਿਖੈ ਅਤਿ ਤੀਰ ਲਗੇ ਬਹੁ ਬੀਰਨ ਕੋ ਤਨ ਸ੍ਰੋਣਤ ਭੀਨੇ ॥

ਯੁੱਧ ਵਿਚ ਬਹੁਤ ਬਾਣ ਲਗਦੇ ਹਨ ਅਤੇ ਬਹੁਤੇ ਸੂਰਮਿਆਂ ਦੇ ਤਨ ਲਹੂ ਨਾਲ ਭਿਜ ਗਏ ਹਨ।

ਕਾਇਰ ਭਾਜ ਗਏ ਰਨ ਤੇ ਅਤਿ ਹੀ ਡਰ ਸਿਉ ਜਿਹ ਗਾਤ ਪਸੀਨੇ ॥

ਕਾਇਰ ਰਣ-ਭੂਮੀ ਵਿਚੋਂ ਭਜ ਗਏ ਹਨ, ਜਿਨ੍ਹਾਂ ਦੇ ਸ਼ਰੀਰ ਬਹੁਤ ਡਰ ਕਰ ਕੇ ਪਸੀਨਾ ਪਸੀਨਾ ਹੋ ਗਏ ਹਨ।

ਭੂਤ ਪਿਸਾਚ ਕਰੈ ਕਿਲਕਾਰ ਫਿਰੈ ਰਨ ਜੋਗਿਨ ਖਪਰ ਲੀਨੇ ॥

ਭੂਤ ਅਤੇ ਪਿਸ਼ਾਚ ਕਿਲਕਾਰੀਆਂ ਮਾਰਦੇ ਹਨ ਅਤੇ ਰਣ-ਭੂਮੀ ਵਿਚ ਜੋਗਣਾਂ ਖੱਪਰ ਲੈ ਕੇ ਫਿਰ ਰਹੀਆਂ ਹਨ।

ਆਨਿ ਫਿਰਿਓ ਤਹ ਸ੍ਰੀ ਤ੍ਰਿਪੁਰਾਰਿ ਸੁ ਆਧੋਈ ਅੰਗ ਸਿਵਾ ਤਨ ਕੀਨੇ ॥੧੨੩੧॥

ਉਥੇ ਸ੍ਰੀ ਸ਼ਿਵ ('ਤ੍ਰਿਪੁਰਾਰਿ') ਆ ਕੇ ਫਿਰ ਰਿਹਾ ਹੈ, ਜਿਸ ਨੇ (ਆਪਣੇ) ਅੱਧੇ ਸ਼ਰੀਰ ਵਿਚ ਪਾਰਬਤੀ ਨੂੰ ਧਾਰਨ ਕੀਤਾ ਹੋਇਆ ਹੈ ॥੧੨੩੧॥

ਦੋਹਰਾ ॥

ਦੋਹਰਾ:

ਮੂਰਛਾ ਤੇ ਪਾਛੇ ਘਰੀ ਤੀਨਿ ਭਏ ਹਰਿ ਚੇਤ ॥

ਮੂਰਛਿਤ ਹੋਣ ਤੋਂ ਤਿੰਨ ਘੜੀਆਂ ਬਾਦ ਕ੍ਰਿਸ਼ਨ ਸਚੇਤ ਹੋ ਗਏ।

ਦਾਰੁਕ ਸੋ ਕਹਿਓ ਹਾਕਿ ਰਥੁ ਪੁਨਿ ਆਏ ਜਹ ਖੇਤੁ ॥੧੨੩੨॥

ਰਥਵਾਨ ਨੂੰ ਕਿਹਾ, ਰਥ ਨੂੰ ਚਲਾ। ਫਿਰ ਉਹ ਉਥੇ ਜੰਗ ਦੇ ਮੈਦਾਨ ਵਿਚ ਆ ਗਏ ॥੧੨੩੨॥

ਸਵੈਯਾ ॥

ਸਵੈਯਾ:

ਜਾਨੋ ਸਹਾਇ ਭਯੋ ਹਰਿ ਕੋ ਬਹੁਰੋ ਜਦੁ ਬੰਸਨਿ ਕੋਪ ਜਗਿਯੋ ॥

ਜਦੋਂ ਇਹ ਜਾਣ ਲਿਆ ਗਿਆ ਕਿ ਸ੍ਰੀ ਕ੍ਰਿਸ਼ਨ (ਸਾਡੇ) ਸਹਾਇਕ ਹਨ, (ਤਾਂ) ਫਿਰ ਯਦੁਬੰਸੀਆਂ ਦਾ ਕ੍ਰੋਧ ਜਾਗ ਪਿਆ।

ਅਮਿਟੇਸ ਸੋ ਧਾਇ ਅਰੇ ਰਨ ਮੈ ਤਿਹ ਜੋਧਨ ਸੋ ਨਹੀ ਏਕ ਭਗਿਯੋ ॥

ਰਣ-ਭੂਮੀ ਵਿਚ ਧਾ ਕੇ ਅਮਿਟ ਸਿੰਘ ਅਗੇ ਡਟ ਖੜੋਤੇ ਅਤੇ ਉਨ੍ਹਾਂ ਯੋਧਿਆਂ ਵਿਚੋਂ ਇਕ ਵੀ ਨਾ ਭਜਿਆ।

ਗਹਿ ਬਾਨ ਕਮਾਨ ਕ੍ਰਿਪਾਨ ਗਦਾ ਅਤਿ ਹੀ ਦਲੁ ਆਹਵ ਕੋ ਉਮਗਿਯੋ ॥

ਬਾਣ, ਕਮਾਨ, ਕ੍ਰਿਪਾਨ, ਗਦਾ (ਆਦਿਕ ਹਥਿਆਰ) ਪਕੜ ਕੇ, ਸਾਰੀ ਸੈਨਾ ਯੁੱਧ ਲਈ ਬਹੁਤ ਹੀ ਉਮਗ ਪਈ।

ਬਹੁ ਸ੍ਰਉਨ ਪਗੇ ਰੰਗਿ ਸ੍ਯਾਮ ਜਗੇ ਮਨੋ ਆਗਿ ਲਗੇ ਗਨ ਸਾਲ ਦਗਿਯੋ ॥੧੨੩੩॥

ਲਹੂ ਨਾਲ ਬਹੁਤ ਭਿਜ ਜਾਣ ਕਾਰਨ ਕਾਲੇ ਰੰਗ (ਵਾਲੇ ਸ਼ਰੀਰ ਇਸ ਤਰ੍ਹਾਂ) ਚਮਕਣ ਲਗ ਪਏ, ਮਾਨੋ ਅੱਗ ਲਗਣ ਤੇ ਬਾਰੂਦ-ਖ਼ਾਨਾ ਜਗਮਗਾਉਣ ਲਗ ਪਿਆ ਹੋਵੇ ॥੧੨੩੩॥

ਬਿਬਿਧਾਯੁਧ ਲੈ ਪੁਨਿ ਜੁਧੁ ਕੀਓ ਅਤਿ ਹੀ ਮਨ ਮੈ ਭਟ ਕੋਪ ਭਰੇ ॥

ਮਨ ਵਿਚ ਬਹੁਤ ਕ੍ਰੋਧ ਕਰ ਕੇ ਅਤੇ ਅਨੇਕ ਤਰ੍ਹਾਂ ਦੇ ਸ਼ਸਤ੍ਰ ਲੈ ਕੇ ਫਿਰ ਯੁੱਧ ਕਰਨਾ ਆਰੰਭ ਕਰ ਦਿੱਤਾ।

ਮੁਖ ਤੇ ਕਹਿ ਮਾਰੁ ਹੀ ਮਾਰ ਪਰੇ ਲਖਿ ਕੈ ਰਨ ਕਉ ਨਹੀ ਨੈਕੁ ਡਰੇ ॥

ਮੂੰਹ ਤੋਂ 'ਮਾਰ ਲੌ, ਮਾਰ ਲੌ' ਪੁਕਾਰ ਰਹੇ ਸਨ ਅਤੇ ਯੁੱਧਭੂਮੀ (ਦੀ ਭਿਆਨਕਤਾ ਨੂੰ) ਵੇਖ ਕੇ ਬਿਲਕੁਲ ਨਹੀਂ ਡਰੇ ਹਨ।

ਪੁਨਿ ਯਾ ਬਿਧਿ ਸਿਉ ਕਬਿ ਰਾਮੁ ਕਹੈ ਜਦੁਬੀਰ ਘਨੇ ਅਰਿ ਸਾਥ ਅਰੇ ॥

ਕਵੀ ਰਾਮ ਕਹਿੰਦੇ ਹਨ, ਫਿਰ ਇਸ ਜੁਗਤ ਨਾਲ ਬਹਤੁ ਸਾਰੇ ਯਾਦਵ ਸੂਰਮੇ ਵੈਰੀ ਨਾਲ ਅੜ ਖੜੋਤੇ।

ਰਿਸਿ ਭੂਪ ਤਬੈ ਬਲ ਕੈ ਅਸਿ ਲੈ ਰਿਪੁ ਕੇ ਤਨ ਦ੍ਵੈ ਕਰਿ ਚਾਰ ਕਰੇ ॥੧੨੩੪॥

ਤਦ ਰਾਜਾ (ਅਮਿਟ ਸਿੰਘ) ਨੇ ਕ੍ਰੋਧ ਕਰ ਕੇ ਅਤੇ ਤਲਵਾਰ ਲੈ ਕੇ ਬਲ ਪੂਰਵਕ ਵੈਰੀ (ਸੈਨਿਕਾਂ ਦੇ) ਸ਼ਰੀਰ ਦੋਫਾੜ ਅਤੇ ਚੌਫਾੜ ਕਰ ਦਿੱਤੇ ॥੧੨੩੪॥

ਐਸੀ ਨਿਹਾਰਿ ਕੈ ਮਾਰਿ ਮਚੀ ਜੋਊ ਜੀਵਤ ਥੇ ਤਜਿ ਜੁਧੁ ਪਰਾਨੇ ॥

ਅਜਿਹੀ ਮਾਰ ਨੂੰ ਮਚਿਆਂ ਵੇਖ ਕੇ, ਜੋ ਜੀਉਂਦੇ ਸਨ, ਉਹ ਯੁੱਧ ਤਿਆਗ ਕੇ ਭਜ ਗਏ।


Flag Counter