ਸ਼੍ਰੀ ਦਸਮ ਗ੍ਰੰਥ

ਅੰਗ - 144


ਕਿਧੌ ਰਾਗਮਾਲਾ ਰਚੀ ਰੰਗ ਰੂਪੰ ॥

ਜਾਂ ਰੂਪ-ਰੰਗ ਦੀ ਬਣੀ ਹੋਈ ਰਾਗਮਾਲਾ ਹੋਵੇ,

ਕਿਧੌ ਇਸਤ੍ਰਿ ਰਾਜਾ ਰਚੀ ਭੂਪ ਭੂਪੰ ॥

ਜਾਂ ਰਾਜਿਆਂ ਦੇ ਰਾਜੇ (ਪਰਮਾਤਮਾ) ਨੇ (ਉਸ ਨੂੰ) ਇਸਤਰੀਆਂ ਦਾ ਰਾਜਾ ਬਣਾਇਆ ਹੋਵੇ,

ਕਿਧੌ ਨਾਗ ਕੰਨਿਆ ਕਿਧੌ ਬਾਸਵੀ ਹੈ ॥

ਜਾਂ ਨਾਗ-ਕੰਨਿਆਂ ਹੋਵੇ, ਜਾਂ ਇੰਦਰ ਦੀ ਪਤਨੀ ਹੋਵੇ,

ਕਿਧੌ ਸੰਖਨੀ ਚਿਤ੍ਰਨੀ ਪਦਮਨੀ ਹੈ ॥੨੩॥੧੯੧॥

ਜਾਂ ਸੰਖਨੀ, ਚਿਤ੍ਰਨੀ (ਅਥਵਾ) ਪਦਮਨੀ ਹੋਵੇ ॥੨੩॥੧੯੧॥

ਲਸੈ ਚਿਤ੍ਰ ਰੂਪੰ ਬਚਿਤ੍ਰੰ ਅਪਾਰੰ ॥

(ਉਸ ਦਾ) ਅਪਾਰ ਅਤੇ ਵਿਚਿਤ੍ਰ ਚਿਤਰ ਵਰਗਾ ਸਰੂਪ ਚਮਕਦਾ ਸੀ,

ਮਹਾ ਰੂਪਵੰਤੀ ਮਹਾ ਜੋਬਨਾਰੰ ॥

(ਉਹ) ਮਹਾਨ ਰੂਪ ਵਾਲੀ ਅਤੇ ਭਰ-ਜੁਆਨ ਸੀ।

ਮਹਾ ਗਿਆਨਵੰਤੀ ਸੁ ਬਿਗਿਆਨ ਕਰਮੰ ॥

(ਉਹ) ਮਹਾਨ ਗਿਆਨ ਵਾਲੀ ਅਤੇ ਵਿਗਿਆਨਿਕ ਕਰਮ ਕਰਨ ਵਾਲੀ ਸੀ।

ਪੜੇ ਕੰਠਿ ਬਿਦਿਆ ਸੁ ਬਿਦਿਆਦਿ ਧਰਮੰ ॥੨੪॥੧੯੨॥

(ਉਹ) ਕੰਠ ਤੋਂ ਵਿਦਿਆ ਪੜ੍ਹਦੀ ਸੀ (ਇਸ ਲਈ ਆਪ ਹੀ) ਵਿਦਿਆ ਅਤੇ ਧਰਮ ਆਦਿ ਸੀ ॥੨੪॥੧੯੨॥

ਲਖੀ ਰਾਜ ਕੰਨਿਆਨ ਤੇ ਰੂਪਵੰਤੀ ॥

(ਜਨਮੇਜੇ) ਰਾਜੇ ਨੇ (ਉਸ ਨੂੰ) ਰਾਜ-ਕੰਨਿਆ ਤੋਂ ਵੀ (ਅਧਿਕ) ਰੂਪਵਾਨ ਵੇਖਿਆ।

ਲਸੈ ਜੋਤ ਜ੍ਵਾਲਾ ਅਪਾਰੰ ਅਨੰਤੀ ॥

(ਉਹ) ਅਪਾਰ ਅਤੇ ਅਨੰਤ ਜੁਆਲਾ ਦੀ ਜੋਤਿ ਵਾਂਗ ਚਮਕ ਰਹੀ ਸੀ।

ਲਖ੍ਯੋ ਤਾਹਿ ਜਨਮੇਜਏ ਆਪ ਰਾਜੰ ॥

ਰਾਜੇ ਜਨਮੇਜੇ ਨੇ ਆਪ ਉਸ ਨੂੰ ਇਸ ਤਰ੍ਹਾਂ ਜਾਣ ਕੇ

ਕਰੇ ਪਰਮ ਭੋਗੰ ਦੀਏ ਸਰਬ ਸਾਜੰ ॥੨੫॥੧੯੩॥

ਉਸ ਨਾਲ ਬਹੁਤ (ਪ੍ਰਸੰਨ ਹੋ ਕੇ) ਭੋਗ ਕੀਤਾ ਅਤੇ (ਉਸ ਨੂੰ) ਸਜਾਵਟ ਦੇ ਸਾਰੇ ਸਾਮਾਨ ਦਿੱਤੇ ॥੨੫॥੧੯੩॥

ਬਢਿਓ ਨੇਹੁ ਤਾ ਸੋ ਤਜੀ ਰਾਜ ਕੰਨਿਆ ॥

ਉਸ ਨਾਲ (ਜਨਮੇਜੇ ਦਾ) ਪ੍ਰੇਮ ਬਹੁਤ ਵਧ ਗਿਆ ਅਤੇ ਰਾਜ-ਪੁੱਤਰੀਆਂ ਨੂੰ ਛਡ ਦਿੱਤਾ।

ਹੁਤੀ ਸਿਸਟ ਕੀ ਦਿਸਟ ਮਹਿ ਪੁਸਟ ਧੰਨਿਆ ॥

(ਜੋ) ਸਿਸ਼ਟੀ ਦੀ ਦ੍ਰਿਸ਼ਟੀ ਵਿਚ (ਦਾਸੀ ਮੰਨੀ ਜਾਂਦੀ ਸੀ) ਹੁਣ ਵੱਡੇ ਭਾਗਾਂ ਵਾਲੀ ਹੋ ਗਈ।

ਭਇਓ ਏਕ ਪੁਤ੍ਰੰ ਮਹਾ ਸਸਤ੍ਰ ਧਾਰੀ ॥

(ਉਸ ਦੀ ਕੁੱਖੋਂ) ਇਕ ਮਹਾਨ ਸ਼ਸਤ੍ਰਧਾਰੀ ਪੁੱਤਰ ਪੈਦਾ ਹੋਇਆ

ਦਸੰ ਚਾਰ ਚਉਦਾਹ ਬਿਦਿਆ ਬਿਚਾਰੀ ॥੨੬॥੧੯੪॥

ਜੋ ਦਸ, ਚਾਰ ਅਤੇ ਚੌਦਾਂ ਵਿਦਿਆਵਾਂ ਵਿਚ ਪ੍ਰਬੀਨ ਸੀ ॥੨੬॥੧੯੪॥

ਧਰਿਓ ਅਸਮੇਧੰ ਪ੍ਰਿਥਮ ਪੁਤ੍ਰ ਨਾਮੰ ॥

(ਰਾਜੇ ਨੇ) ਪਹਿਲੇ ਪੁੱਤਰ ਦਾ ਨਾਂ 'ਅਸੁਮੇਧ' ਰਖਿਆ।

ਭਇਓ ਅਸਮੇਧਾਨ ਦੂਜੋ ਪ੍ਰਧਾਨੰ ॥

ਦੂਜਾ ਪੁੱਤਰ ਪ੍ਰਗਟ ਹੋਇਆ, (ਉਸ ਦਾ ਨਾਂ) 'ਅਸਮੇਧਾਨ' (ਰਖਿਆ)।

ਅਜੈ ਸਿੰਘ ਰਾਖ੍ਯੋ ਰਜੀ ਪੁਤ੍ਰ ਸੂਰੰ ॥

ਰਜੀ (ਦਾਸੀ) ਦੇ ਪੁੱਤਰ ਦਾ ਨਾਂ 'ਅਜੈ ਸਿੰਘ' ਰਖਿਆ (ਜੋ ਬਹੁਤ) ਸੂਰਵੀਰ,

ਮਹਾ ਜੰਗ ਜੋਧਾ ਮਹਾ ਜਸ ਪੂਰੰ ॥੨੭॥੧੯੫॥

ਜੰਗ ਕਰਨ ਵਾਲਾ ਮਹਾਨ ਯੋਧਾ ਅਤੇ ਵੱਡੇ ਯਸ਼ ਵਾਲਾ ਸੀ ॥੨੭॥੧੯੫॥

ਭਇਓ ਤਨ ਦੁਰੁਸਤੰ ਬਲਿਸਟੰ ਮਹਾਨੰ ॥

(ਉਹ) ਬਹੁਤ ਤੰਦਰੁਸਤ ਅਤੇ ਬਲਵਾਨ ਸਿੱਧ ਹੋਇਆ।

ਮਹਾਜੰਗ ਜੋਧਾ ਸੁ ਸਸਤ੍ਰੰ ਪ੍ਰਧਾਨੰ ॥

(ਉਹ) ਮਹਾਨ ਯੋਧਾ ਅਤੇ ਸ਼ਸਤ੍ਰ-ਵਿਦਿਆ ਵਿਚ ਪ੍ਰਬੀਨ ਸੀ।

ਹਣੈ ਦੁਸਟ ਪੁਸਟੰ ਮਹਾ ਸਸਤ੍ਰ ਧਾਰੰ ॥

(ਉਸ ਨੇ) ਸ਼ਸਤ੍ਰਾਂ ਦੇ ਧਾਰ ਨਾਲ ਵੱਡੇ ਵੱਡੇ ਦੁਸ਼ਟਾਂ ਨੂੰ ਮਾਰ ਦਿੱਤਾ

ਬਡੇ ਸਤ੍ਰ ਜੀਤੇ ਜਿਵੇ ਰਾਵਣਾਰੰ ॥੨੮॥੧੯੬॥

ਅਤੇ ਸ੍ਰੀ ਰਾਮ ਚੰਦਰ ('ਰਾਵਣਾਰੰ') ਵਾਂਗ ਤਕੜੇ ਵੈਰੀਆਂ ਨੂੰ ਜਿਤ ਲਿਆ ॥੨੮॥੧੯੬॥

ਚੜਿਓ ਏਕ ਦਿਵਸੰ ਅਖੇਟੰ ਨਰੇਸੰ ॥

ਇਕ ਦਿਨ ਰਾਜਾ (ਜਨਮੇਜਾ) ਸ਼ਿਕਾਰ ਨੂੰ ਚੜ੍ਹਿਆ।

ਲਖੇ ਮ੍ਰਿਗ ਧਾਯੋ ਗਯੋ ਅਉਰ ਦੇਸੰ ॥

(ਬਨ ਵਿਚ) ਇਕ ਮਿਰਗ ਵੇਖ ਕੇ (ਉਸ ਪਿਛੇ ਘੋੜਾ) ਭਜਾ ਦਿੱਤਾ ਅਤੇ ਦੂਜੇ ਦੇਸ਼ (ਦੀ ਸੀਮਾ) ਵਿਚ ਪਹੁੰਚ ਗਿਆ।

ਸ੍ਰਮਿਓ ਪਰਮ ਬਾਟੰ ਤਕਿਯੋ ਏਕ ਤਾਲੰ ॥

ਬਹੁਤ ਸਫ਼ਰ ਕਰਨ ਕਰਕੇ (ਰਾਜਾ) ਥਕ ਗਿਆ ਅਤੇ ਇਕ ਤਾਲਾਬ ਵੇਖਿਆ।

ਤਹਾ ਦਉਰ ਕੈ ਪੀਨ ਪਾਨੰ ਉਤਾਲੰ ॥੨੯॥੧੯੭॥

ਜਲਦੀ ਹੀ ਦੌੜ ਕੇ ਉਥੇ ਪਾਣੀ ਪੀਣ ਲਈ ਗਿਆ ॥੨੯॥੧੯੭॥

ਕਰਿਓ ਰਾਜ ਸੈਨੰ ਕਢਿਓ ਬਾਰ ਬਾਜੰ ॥

(ਜਲ ਪੀ ਕੇ) ਰਾਜਾ (ਉਥੇ) ਸੌਂ ਗਿਆ, (ਤਦੋਂ) ਜਲ ਵਿਚੋਂ (ਅਗੰਮੀ ਸ਼ਕਤੀ ਨੇ) ਇਕ ਘੋੜਾ ਕਢਿਆ।

ਤਕੀ ਬਾਜਨੀ ਰੂਪ ਰਾਜੰ ਸਮਾਜੰ ॥

(ਜਲ ਵਿਚੋਂ ਨਿਕਲੇ ਘੋੜੇ ਨੇ) ਰਾਜ ਦੇ ਠਾਠ-ਬਾਠ ਵਾਲੀ ਘੋੜੀ (ਬਾਜਨੀ) ਨੂੰ ਵੇਖਿਆ

ਲਗ੍ਯੋ ਆਨ ਤਾ ਕੋ ਰਹ੍ਯੋ ਤਾਹਿ ਗਰਭੰ ॥

ਅਤੇ ਉਸ (ਘੋੜੀ) ਨੂੰ ਆਣ ਲਗਿਆ, (ਜਿਸ ਦੇ ਫਲਸਰੂਪ) ਉਸ ਨੂੰ ਗਰਭ ਹੋ ਗਿਆ।

ਭਇਓ ਸਿਯਾਮ ਕਰਣੰ ਸੁ ਬਾਜੀ ਅਦਰਬੰ ॥੩੦॥੧੯੮॥

(ਸਮਾਂ ਪਾ ਕੇ ਉਸ ਘੋੜੀ ਨੇ) ਕਾਲੇ ਕੰਨਾਂ ਵਾਲੇ ਇਕ ਅਮੋਲਕ ਘੋੜੇ ਨੂੰ ਜਨਮ ਦਿੱਤਾ ॥੩੦॥੧੯੮॥

ਕਰਿਯੋ ਬਾਜ ਮੇਧੰ ਬਡੋ ਜਗ ਰਾਜਾ ॥

(ਉਸ ਘੋੜੇ ਦੀ ਪ੍ਰਾਪਤੀ ਤੋਂ ਬਾਦ) ਰਾਜੇ ਨੇ ਬਹੁਤ ਵੱਡਾ ਅਸ਼੍ਵਮੇਧ ਯੱਗ ਕੀਤਾ।

ਜਿਣੇ ਸਰਬ ਭੂਪੰ ਸਰੇ ਸਰਬ ਕਾਜਾ ॥

ਸਾਰੇ ਰਾਜੇ ਜਿਤ ਲਏ ਅਤੇ ਸਾਰੇ ਕੰਮ ਸੰਵਰ ਗਏ।

ਗਡ੍ਰਯੋ ਜਗ ਥੰਭੰ ਕਰਿਯੋ ਹੋਮ ਕੁੰਡੰ ॥

(ਫਿਰ) ਯੱਗ ਦਾ ਖੰਭਾ ਗਡ ਦਿੱਤਾ ਅਤੇ ਯੱਗ-ਕੁੰਡ ਬਣਾ ਲਿਆ।

ਭਲੀ ਭਾਤ ਪੋਖੇ ਬਲੀ ਬਿਪ੍ਰ ਝੁੰਡੰ ॥੩੧॥੧੯੯॥

ਬ੍ਰਾਹਮਣਾਂ ਦੀ ਮੰਡਲੀ ਨੂੰ ਚੰਗੀ ਤਰ੍ਹਾਂ ਰਜਾ ਪੁਜਾ ਦਿੱਤਾ ॥੩੧॥੧੯੯॥

ਦਏ ਕੋਟ ਦਾਨੰ ਪਕੇ ਪਰਮ ਪਾਕੰ ॥

ਕਰੋੜਾਂ ਦਾਨ ਦਿੱਤੇ ਅਤੇ ਵਧੀਆ ਪਕਵਾਨ ਤਿਆਰ ਕਰਵਾਏ।

ਕਲੂ ਮਧਿ ਕੀਨੋ ਬਡੋ ਧਰਮ ਸਾਕੰ ॥

(ਰਾਜੇ ਨੇ) ਕਲਿਯੁਗ ਵਿਚ ਬਹੁਤ ਵੱਡਾ ਧਰਮ ਦਾ ਸਾਕਾ ਕੀਤਾ।

ਲਗੀ ਦੇਖਨੇ ਆਪ ਜਿਉ ਰਾਜ ਬਾਲਾ ॥

ਜਿਉਂ ਹੀ ਰਾਣੀ ('ਰਾਜ-ਬਾਲਾ') (ਉਠ ਕੇ) ਵੇਖਣ ਲਗੀ

ਮਹਾ ਰੂਪਵੰਤੀ ਮਹਾ ਜੁਆਲ ਆਲਾ ॥੩੨॥੨੦੦॥

ਮਹਾਨ ਰੂਪ ਵਾਲੀ ਅਤੇ ਵੱਡੇ ਤੇਜ ਵਾਲੀ ਰਾਣੀ ('ਰਾਜ-ਬਾਲਾ')- ॥੩੨॥੨੦੦॥

ਉਡ੍ਯੋ ਪਉਨ ਕੇ ਬੇਗ ਸਿਯੋ ਅਗ੍ਰ ਪਤ੍ਰੰ ॥

(ਉਸ ਵੇਲੇ ਰਾਣੀ ਦੇ) ਅਗੇ ਦਾ ਬਸਤ੍ਰ ਹਵਾ ਦੇ ਬੁਲੇ ਨਾਲ ਉਡ ਗਿਆ

ਹਸੇ ਦੇਖ ਨਗਨੰ ਤ੍ਰੀਯੰ ਬਿਪ੍ਰ ਛਤ੍ਰੰ ॥

(ਅਤੇ ਰਾਣੀ ਨੰਗੀ ਹੋ ਗਈ, ਉਸ) ਇਸਤਰੀ ਨੂੰ ਨੰਗਿਆ ਵੇਖ ਕੇ ਬ੍ਰਾਹਮਣ ਅਤੇ ਛਤਰੀ ਹਸ ਪਏ।

ਭਇਓ ਕੋਪ ਰਾਜਾ ਗਹੇ ਬਿਪ੍ਰ ਸਰਬੰ ॥

(ਇਸ ਤਰ੍ਹਾਂ ਹੋਏ ਰਾਣੀ ਦੇ ਅਨਾਦਰ ਕਰਕੇ) ਰਾਜਾ ਕ੍ਰੋਧ ਨਾਲ ਭਰ ਗਿਆ ਅਤੇ ਸਾਰੇ ਬ੍ਰਾਹਮਣ ਪਕੜ ਲਏ।

ਦਹੇ ਖੀਰ ਖੰਡੰ ਬਡੇ ਪਰਮ ਗਰਬੰ ॥੩੩॥੨੦੧॥

ਬਹੁਤ ਹੰਕਾਰ ਕਰਨ ਵਾਲੇ ਬ੍ਰਾਹਮਣਾਂ ਨੂੰ ਖੀਰ ਅਤੇ ਖੰਡ (ਕੇ ਕੁੰਡਾਂ ਵਿਚ ਪਾ ਕੇ) ਸਾੜ ਦਿੱਤਾ ॥੩੩॥੨੦੧॥

ਪ੍ਰਿਥਮ ਬਾਧਿ ਕੈ ਸਰਬ ਮੂੰਡੇ ਮੁੰਡਾਏ ॥

ਪਹਿਲਾਂ (ਬੰਨ੍ਹ ਕੇ) ਸਾਰੇ (ਬ੍ਰਾਹਮਣਾਂ) ਦੇ ਸਿਰ ਮੁਨਵਾ ਦਿੱਤੇ।

ਪੁਨਰ ਏਡੂਆ ਸੀਸ ਤਾ ਕੇ ਟਿਕਾਏ ॥

ਫਿਰ ਉਨ੍ਹਾਂ ਦੇ ਸਿਰਾਂ ਉਤੇ ਇੰਨੂ ਟਿਕਾ ਦਿੱਤੇ।

ਪੁਨਰ ਤਪਤ ਕੈ ਖੀਰ ਕੇ ਮਧਿ ਡਾਰਿਓ ॥

ਫਿਰ ਉਨ੍ਹਾਂ ਵਿਚ ਤੱਤੀ ਖੀਰ ਪਾ ਦਿੱਤੀ।

ਇਮੰ ਸਰਬ ਬਿਪ੍ਰਾਨ ਕਉ ਜਾਰਿ ਮਾਰਿਓ ॥੩੪॥੨੦੨॥

ਇਸ ਤਰ੍ਹਾਂ ਸਾਰਿਆਂ ਬ੍ਰਾਹਮਣਾਂ ਨੂੰ ਸਾੜ ਕੇ ਮਾਰ ਦਿੱਤਾ ॥੩੪॥੨੦੨॥


Flag Counter