ਉਹ ਮੇਰੇ ਨਾਲ ਆ ਕੇ ਲੜੇ, ਜੇ ਨਹੀਂ ਲੜੇਗਾ, (ਤਾਂ) ਉਸ ਨੂੰ ਪਰਮੇਸ਼ਵਰ ਦੀ ਸੌਂਹ।
ਜੋ ਇਸ ਜੰਗ ਵਿਚੋਂ ਟਲ ਜਾਏਗਾ, ਉਹ ਸੂਰਮਾ ਸਿੰਘ ਨਹੀਂ, ਕਿਤੋਂ ਦਾ ਗਿਦੜ ਹੈ ॥੧੨੧੭॥
ਦੋਹਰਾ:
ਅਮਿਟ ਸਿੰਘ ਦੇ ਬਚਨ ਸੁਣ ਕੇ, ਸ੍ਰੀ ਕ੍ਰਿਸ਼ਨ ਨੇ ਮਨ ਵਿਚ ਕ੍ਰੋਧ ਵਧਾ ਲਿਆ।
ਸਾਰੇ ਸ਼ਸਤ੍ਰ ਹੱਥ ਵਿਚ ਲੈ ਕੇ ਭਜ ਕੇ (ਉਸ ਦੇ) ਸਾਹਮਣੇ ਪਹੁੰਚ ਗਿਆ ॥੧੨੧੮॥
ਸਵੈਯਾ:
ਸ੍ਰੀ ਕ੍ਰਿਸ਼ਨ ਨੂੰ ਆਉਂਦਿਆਂ ਵੇਖ ਕੇ ਬਲਵਾਨ (ਅਮਿਟ ਸਿੰਘ) ਨੇ ਆਪਣੇ ਮਨ ਵਿਚ ਬਹੁਤ ਕ੍ਰੋਧ ਵਧਾ ਲਿਆ।
(ਕ੍ਰਿਸ਼ਨ ਦੇ ਰਥ ਦੇ) ਚੌਹਾਂ ਘੋੜਿਆਂ ਨੂੰ ਘਾਇਲ ਕਰ ਕੇ (ਇਕ) ਤਿਖਾ ਤੀਰ ਰਥਵਾਨ ਦੀ ਛਾਤੀ ਵਿਚ ਮਾਰਿਆ।
ਦੂਜਾ ਤੀਰ ਕ੍ਰੋਧ ਕਰ ਕੇ ਕ੍ਰਿਸ਼ਨ ਦੇ ਸ਼ਰੀਰ ਉਤੇ ਉਥੇ ਮਾਰ ਦਿੱਤਾ ਜਿਸ ਥਾਂ ਉਤੇ ਉਸ ਦੀ ਨਜ਼ਰ ਪਈ।
(ਕਵੀ) ਸ਼ਿਆਮ ਕਹਿੰਦੇ ਹਨ, ਅਮਿਟ ਸਿੰਘ ਨੇ ਮਾਨੋ ਸ੍ਰੀ ਕ੍ਰਿਸ਼ਨ ਦੇ ਸ਼ਰੀਰ ਨੂੰ ਨਿਸ਼ਾਣਾ ਬਣਾਇਆ ਹੋਵੇ ॥੧੨੧੯॥
(ਅਮਿਟ ਸਿੰਘ ਨੇ) ਸ੍ਰੀ ਕ੍ਰਿਸ਼ਨ ਨੂੰ ਬਹੁਤ ਸਾਰੇ ਤੀਰ ਮਾਰੇ ਅਤੇ ਇਕ ਤਿਖਾ ਤੀਰ ਲੈ ਕੇ ਹੋਰ ਚਲਾਇਆ।
(ਤੀਰ ਦੇ) ਲਗਦਿਆਂ ਹੀ ਕ੍ਰਿਸ਼ਨ ਰਥ ਵਿਚ ਡਿਗ ਪਿਆ (ਅਤੇ ਉਸ ਸਮੇਂ) ਰਥਵਾਨ ਨੇ ਰਣ ਨੂੰ ਛਡ ਕੇ (ਰਥ ਨੂੰ) ਭਜਾ ਲਿਆ।
ਸ੍ਰੀ ਕ੍ਰਿਸ਼ਨ ਨੂੰ ਭਜਾ ਜਾਂਦਾ ਵੇਖ ਕੇ ਰਾਜੇ ਨੇ (ਆਪਣੀ) ਸੈਨਾ ਵਲ ਤਕਿਆ ਅਤੇ ਉਸ ਉਤੇ ਧਾਵਾ ਕਰ ਦਿੱਤਾ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਵਡੇ ਸਰੋਵਰ ਨੂੰ ਵੇਖ ਕੇ ਮਸਤ ਹਾਥੀ ਕੰਮੀਆਂ (ਕਮਲਨੀਆਂ) ਨੂੰ ਮਿਧਣ ਲਈ ਆਇਆ ਹੋਵੇ ॥੧੨੨੦॥
ਵੈਰੀ ਨੂੰ ਆਉਂਦਿਆਂ ਵੇਖ ਕੇ ਬਲਰਾਮ ਰਥ ਨੂੰ ਭਜਾ ਕੇ ਸਾਹਮਣੇ ਆ ਗਿਆ।
ਹੱਥ ਵਿਚ ਕਮਾਨ ਨੂੰ ਖਿਚ ਲਿਆ ਅਤੇ ਉਸ ਵਿਚ ਬਾਣ ਧਰ ਕੇ ਦੁਸ਼ਮਨ ਵਲ ਚਲਾ ਦਿੱਤਾ।
ਅਮਿਟ ਸਿੰਘ ਨੇ ਆਉਂਦੇ ਹੋਏ ਬਾਣਾਂ ਨੂੰ ਅੱਖਾਂ ਨਾਲ ਵੇਖ ਕੇ (ਝਟ ਬਾਣਾਂ ਨਾਲ) ਕਟ ਦਿੱਤਾ।
ਆਪਣੇ ਮਨ ਵਿਚ ਬਹੁਤ ਕ੍ਰੋਧ ਵਧਾ ਕੇ ਬਲਰਾਮ ਨਾਲ ਉਸੇ ਵੇਲੇ ਯੁੱਧ ਕਰਨ ਲਗਾ ॥੧੨੨੧॥
ਧੁਜਾ ਨੂੰ ਕਟ ਦਿੱਤਾ, ਰਥ ਨੂੰ ਵੀ ਕਟ ਦਿੱਤਾ ਅਤੇ ਤਲਵਾਰ ਤੇ ਧਨੁਸ਼ ਨੂੰ ਵੀ ਕਟ ਕੇ ਵਖਰਾ ਵਖਰਾ ਕਰ ਦਿੱਤਾ।
ਮੋਹਲੇ ਅਤੇ ਹਲ ਨੂੰ ਕਟ ਦਿੱਤਾ ਅਤੇ ਸ਼ਸਤ੍ਰਾਂ ਤੋਂ ਬਿਨਾ ਹੋ ਜਾਣ ਕਾਰਨ ਬਲਰਾਮ ਭਜ ਗਿਆ।
ਕਵੀ ਰਾਮ ਕਹਿੰਦੇ ਹਨ, (ਅਮਿਟ ਸਿੰਘ ਨੇ ਇਸ ਤਰ੍ਹਾਂ ਕਿਹਾ) ਹੇ ਬਲਰਾਮ! ਕਿਥੇ ਭਜ ਕੇ ਜਾ ਰਿਹਾ ਹੈਂ?
ਇਸ ਤਰ੍ਹਾਂ ਕਹਿ ਕੇ, ਤਲਵਾਰ ਨੂੰ ਫੜ ਕੇ ਅਤੇ (ਬਿਜਲੀ ਵਾਂਗ) ਚਮਕ ਕੇ ਯਾਦਵ ਦਲ ਨੂੰ ਲਲਕਾਰਿਆ ॥੧੨੨੨॥
ਜੋ ਸੂਰਮਾ ਵੀ ਇਸ ਦੇ ਸਾਹਮਣੇ ਆ ਕੇ ਲੜਦਾ ਹੈ, ਉਸੇ ਨੂੰ ਮਾਰ ਕੇ ਧਰਤੀ ਉਤੇ ਸੁਟ ਦਿੰਦਾ ਹੈ।
ਕੰਨ ਤਕ ਧਨੁਸ਼ ਨੂੰ ਖਿਚ ਕੇ ਵੈਰੀਆਂ ਦੇ ਤਨ ਵਿਚ ਬਹੁਤ ਬਾਣ ਮਾਰਦਾ ਹੈ।