ਸ਼੍ਰੀ ਦਸਮ ਗ੍ਰੰਥ

ਅੰਗ - 684


ਤਬ ਯਹ ਮੋਨ ਸਾਧਿ ਮਨਿ ਬੈਠੇ ਅਨਤ ਨ ਖੋਜਨ ਧਾਵੈ ॥

ਤਦ ਇਹ ਮਨ ਚੁਪ ਸਾਧ ਕੇ ਬੈਠਾ ਰਹੇਗਾ ਅਤੇ ਕਿਤੇ ਹੋਰ ਖੋਜਣ ਨਹੀਂ ਜਾਵੇਗਾ।

ਜਾ ਕੀ ਰੂਪ ਰੇਖ ਨਹੀ ਜਾਨੀਐ ਸਦਾ ਅਦ੍ਵੈਖ ਕਹਾਯੋ ॥

ਜਿਸ ਦੀ ਕੋਈ ਰੂਪ-ਰੇਖਾ ਨਹੀਂ ਜਾਣੀ ਜਾਂਦੀ ਅਤੇ ਜੋ ਸਦਾ ਅਦ੍ਵੈਸ਼ ਅਖਵਾਉਂਦਾ ਹੈ,

ਜਉਨ ਅਭੇਖ ਰੇਖ ਨਹੀ ਸੋ ਕਹੁ ਭੇਖ ਬਿਖੈ ਕਿਉ ਆਯੋ ॥੯੫॥

ਜਿਸ ਅਭੇਖ ਦੀ ਕੋਈ ਰੇਖਾ ਨਹੀਂ ਹੈ, ਦਸੋ (ਭਲਾ) ਉਹ ਭੇਖ ਵਿਚ ਕਿਸ ਤਰ੍ਹਾਂ ਆ ਸਕਦਾ ਹੈ ॥੯੫॥

ਬਿਸਨਪਦ ॥ ਸਾਰੰਗ ॥ ਤ੍ਵਪ੍ਰਸਾਦਿ ॥

ਬਿਸਨਪਦ: ਸਾਰੰਗ: ਤੇਰੀ ਕ੍ਰਿਪਾ ਨਾਲ:

ਜੇ ਜੇ ਤਿਨ ਮੈ ਹੁਤੇ ਸਯਾਨੇ ॥

ਜਿਹੜੇ ਜਿਹੜੇ ਉਨ੍ਹਾਂ ਵਿਚ ਸਿਆਣੇ ਸਨ,

ਪਾਰਸ ਪਰਮ ਤਤ ਕੇ ਬੇਤਾ ਮਹਾ ਪਰਮ ਕਰ ਮਾਨੇ ॥

(ਉਨ੍ਹਾਂ ਨੇ) ਪਾਰਸ ਨਾਥ ਨੂੰ ਪਰਮਤੱਤ ਦਾ ਜਾਣਨ ਵਾਲਾ ਅਤੇ ਮਹਾਨ ਤੇ ਪਰਮ ਸ੍ਰੇਸ਼ਠ ਕਰ ਕੇ ਮੰਨ ਲਿਆ।

ਸਬਹਨਿ ਸੀਸ ਨ੍ਯਾਇ ਕਰਿ ਜੋਰੇ ਇਹ ਬਿਧਿ ਸੰਗਿ ਬਖਾਨੇ ॥

ਸਭ ਨੇ ਸਿਰ ਨਿਵਾਏ ਅਤੇ ਹੱਥ ਜੋੜ ਕੇ ਇਸ ਤਰ੍ਹਾਂ (ਮੂੰਹ) ਨਾਲ ਕਿਹਾ,

ਜੋ ਜੋ ਗੁਰੂ ਕਹਾ ਸੋ ਕੀਨਾ ਅਉਰ ਹਮ ਕਛੂ ਨ ਜਾਨੇ ॥

ਜੋ ਜੋ ਗੁਰੂ (ਦੱਤਾਤ੍ਰੇ) ਨੇ ਕਿਹਾ ਸੀ, ਉਹੀ ਅਸੀਂ ਕੀਤਾ ਅਤੇ (ਉਸ ਤੋਂ ਭਿੰਨ) ਹੋਰ ਅਸੀਂ ਕੁਝ ਨਹੀਂ ਜਾਣਦੇ।

ਸੁਨਹੋ ਮਹਾਰਾਜ ਰਾਜਨ ਕੇ ਜੋ ਤੁਮ ਬਚਨ ਬਖਾਨੇ ॥

ਹੇ ਰਾਜਿਆਂ ਦੇ ਮਹਾਰਾਜ! ਜੋ ਬਚਨ ਤੁਸੀਂ ਕਹੇ ਹਨ (ਉਹ ਸਾਰੇ ਅਸੀਂ) ਸੁਣ ਲਏ ਹਨ।

ਸੋ ਹਮ ਦਤ ਬਕਤ੍ਰ ਤੇ ਸੁਨ ਕਰਿ ਸਾਚ ਹੀਐ ਅਨੁਮਾਨੇ ॥

(ਪਰ) ਉਹ (ਬਚਨ) ਦੱਤਾਤ੍ਰੇ ਦੇ ਮੁਖ ਤੋਂ ਸੁਣ ਕੇ ਹਿਰਦੇ ਵਿਚ ਸਚ ਕਰ ਕੇ ਅਨੁਮਾਨ ਕੀਤੇ ਸਨ।

ਜਾਨੁਕ ਪਰਮ ਅੰਮ੍ਰਿਤ ਤੇ ਨਿਕਸੇ ਮਹਾ ਰਸਨ ਰਸ ਸਾਨੇ ॥

(ਉਹ ਬਚਨ) ਰਸਾਂ ਨਾਲ ਇਸ ਤਰ੍ਹਾਂ ਭਿਜੇ ਹੋਏ ਸਨ, ਮਾਨੋ ਪਰਮ ਅੰਮ੍ਰਿਤ ਵਿਚੋਂ ਹੀ ਨਿਕਲੇ ਹੋਣ।

ਜੋ ਜੋ ਬਚਨ ਭਏ ਇਹ ਮੁਖਿ ਤੇ ਸੋ ਸੋ ਸਬ ਹਮ ਮਾਨੇ ॥੯੬॥

ਜੋ ਜੋ ਵੀ ਬਚਨ ਇਨ੍ਹਾਂ ਦੇ ਮੁਖ ਤੋਂ ਪ੍ਰਗਟ ਹੋਏ ਹਨ, ਉਹ ਉਹ ਸਭ ਅਸੀਂ ਮੰਨ ਲਏ ਹਨ ॥੯੬॥

ਬਿਸਨਪਦ ॥ ਸੋਰਠਿ ॥

ਬਿਸਨਪਦ: ਸੋਰਠਿ:

ਜੋਗੀ ਜੋਗੁ ਜਟਨ ਮੋ ਨਾਹੀ ॥

ਹੇ ਜੋਗੀ! ਜੋਗ ਜਟਾਂ ਵਿਚ ਨਹੀਂ ਹੈ।

ਭ੍ਰਮ ਭ੍ਰਮ ਮਰਤ ਕਹਾ ਪਚਿ ਪਚਿ ਕਰਿ ਦੇਖਿ ਸਮਝ ਮਨ ਮਾਹੀ ॥

ਭੌਂ ਭੌਂ ਕੇ ਅਤੇ ਪਚ ਪਚ ਕੇ ਕਿਸ ਲਈ ਮਰ ਰਹੇ ਹੋ। ਮਨ ਵਿਚ ਸਮਝ ਕੇ ਵੇਖੋ।

ਜੋ ਜਨ ਮਹਾ ਤਤ ਕਹੁ ਜਾਨੈ ਪਰਮ ਗ੍ਯਾਨ ਕਹੁ ਪਾਵੈ ॥

ਜੋ ਵਿਅਕਤੀ ਮਹਾ ਤੱਤ ਨੂੰ ਜਾਣਦਾ ਹੈ, ਉਹ ਪਰਮ ਗਿਆਨ ਨੂੰ ਪ੍ਰਾਪਤ ਕਰਦਾ ਹੈ।

ਤਬ ਯਹ ਏਕ ਠਉਰ ਮਨੁ ਰਾਖੈ ਦਰਿ ਦਰਿ ਭ੍ਰਮਤ ਨ ਧਾਵੈ ॥

ਤਦ ਉਹ ਇਕ ਸਥਾਨ ਉਤੇ ਮਨ ਨੂੰ ਟਿਕਾ ਲੈਂਦਾ ਹੈ ਅਤੇ ਦਰ ਦਰ ਭਰਮਦਾ ਫਿਰਦਾ ਨਹੀਂ ਹੈ।

ਕਹਾ ਭਯੋ ਗ੍ਰਿਹ ਤਜਿ ਉਠਿ ਭਾਗੇ ਬਨ ਮੈ ਕੀਨ ਨਿਵਾਸਾ ॥

ਕੀ ਹੋਇਆ ਜੇ ਘਰ ਛਡ ਕੇ (ਬਾਹਰ ਨੂੰ) ਭਜ ਗਿਆ ਹੈ ਅਤੇ ਬਨ ਵਿਚ ਨਿਵਾਸ ਕੀਤਾ ਹੈ।

ਮਨ ਤੋ ਰਹਾ ਸਦਾ ਘਰ ਹੀ ਮੋ ਸੋ ਨਹੀ ਭਯੋ ਉਦਾਸਾ ॥

(ਉਸ ਦਾ) ਮਨ ਤਾਂ ਸਦਾ ਘਰ ਵਿਚ ਹੀ ਰਿਹਾ ਹੈ, ਉਹ ਤਾਂ ਉਦਾਸ ਨਹੀਂ ਹੋਇਆ।

ਅਧਿਕ ਪ੍ਰਪੰਚ ਦਿਖਾਇਆ ਠਗਾ ਜਗ ਜਾਨਿ ਜੋਗ ਕੋ ਜੋਰਾ ॥

ਬਹੁਤ ਪ੍ਰਪੰਚ ਵਿਖਾ ਕੇ ਜਗਤ ਨੂੰ ਠਗ ਲਿਆ ਹੈ (ਅਤੇ ਇਸ ਨੂੰ) ਜੋਗ ਦੀ ਸ਼ਕਤੀ ਜਾਣ ਲਿਆ ਹੈ।

ਤੁਮ ਜੀਅ ਲਖਾ ਤਜੀ ਹਮ ਮਾਯਾ ਮਾਯਾ ਤੁਮੈ ਨ ਛੋਰਾ ॥੯੭॥

ਤੁਸੀਂ ਦਿਲ ਵਿਚ ਜਾਣ ਲਿਆ ਕਿ ਅਸੀਂ ਮਾਯਾ ਛਡ ਦਿੱਤੀ ਹੈ, ਪਰ ਮਾਯਾ ਨੇ ਤਾਂ ਤੁਹਾਨੂੰ ਨਹੀਂ ਛਡਿਆ ॥੯੭॥

ਬਿਸਨਪਦ ॥ ਸੋਰਠਿ ॥

ਬਿਸਨਪਦ: ਸੋਰਠਿ:

ਭੇਖੀ ਜੋਗ ਨ ਭੇਖ ਦਿਖਾਏ ॥

ਹੇ ਭੇਖ ਧਾਰਨ ਕਰਨ ਵਾਲੇ! ਜੋਗ ਭੇਖ ਦਿਖਾਣ ਵਿਚ ਨਹੀਂ ਹੈ।

ਨਾਹਨ ਜਟਾ ਬਿਭੂਤ ਨਖਨ ਮੈ ਨਾਹਿਨ ਬਸਤ੍ਰ ਰੰਗਾਏ ॥

ਨਾ ਜਟਾਂ ਵਿਚ, ਨਾ ਵਿਭੂਤੀ ਵਿਚ, ਨਾ ਨੌਹਾਂ ਵਿਚ ਅਤੇ ਨਾ ਹੀ ਬਸਤ੍ਰ ਰੰਗਾਉਣ ਵਿਚ ਹੈ।

ਜੋ ਬਨਿ ਬਸੈ ਜੋਗ ਕਹੁ ਪਈਐ ਪੰਛੀ ਸਦਾ ਬਸਤ ਬਨਿ ॥

ਜੇ ਬਨ ਵਿਚ ਵਸਣ ਨਾਲ ਜੋਗ ਦੀ ਪ੍ਰਾਪਤੀ ਹੁੰਦੀ ਹੋਵੇ, ਤਾਂ ਪੰਛੀ ਸਦਾ ਬਨ ਵਿਚ ਹੀ ਵਸਦੇ ਹਨ।

ਕੁੰਚਰ ਸਦਾ ਧੂਰਿ ਸਿਰਿ ਮੇਲਤ ਦੇਖਹੁ ਸਮਝ ਤੁਮ ਹੀ ਮਨਿ ॥

(ਜੇ ਸਿਰ ਵਿਚ ਵਿਭੂਤੀ ਲਗਾਣ ਨਾਲ ਜੋਗ ਪ੍ਰਾਪਤ ਹੁੰਦਾ ਹੋਵੇ ਤਾਂ) ਹਾਥੀ ਸਦਾ ਹੀ ਸਿਰ ਵਿਚ ਮਿੱਟੀ ਪਾਉਂਦਾ ਹੈ, ਤੁਸੀਂ (ਆਪਣੇ) ਮਨ ਵਿਚ ਇਸ ਗੱਲ ਨੂੰ ਸਮਝੋ।

ਦਾਦੁਰ ਮੀਨ ਸਦਾ ਤੀਰਥ ਮੋ ਕਰ੍ਯੋ ਕਰਤ ਇਸਨਾਨਾ ॥

(ਜੇ ਤੀਰਥਾਂ ਵਿਚ ਇਸ਼ਨਾਨ ਕਰਨ ਤੇ ਜੋਗ ਪਾਈਦਾ ਹੈ ਤਾਂ) ਡੱਡੂ ਅਤੇ ਮੱਛਲੀਆਂ ਸਦਾ ਤੀਰਥਾਂ ਵਿਚ ਹੀ ਇਸ਼ਨਾਨ ਕਰਦੀਆਂ ਹਨ।

ਧ੍ਰਯਾਨ ਬਿੜਾਲ ਬਕੀ ਬਕ ਲਾਵਤ ਤਿਨ ਕਿਆ ਜੋਗੁ ਪਛਾਨਾ ॥

(ਜੇ ਧਿਆਨ ਲਗਾਣ ਨਾਲ ਜੋਗ ਮਿਲਦਾ ਹੋਵੇ ਤਾਂ) ਬਿਲਾ, ਬਗਲਾ ਅਤੇ ਬਗਲੀ ਧਿਆਨ ਲਗਾਈ ਰਖਦੇ ਹਨ, ਕੀ ਉਨ੍ਹਾਂ ਨੇ ਜੋਗ ਨੂੰ ਪਛਾਣ ਲਿਆ ਹੈ।

ਜੈਸੇ ਕਸਟ ਠਗਨ ਕਰ ਠਾਟਤ ਐਸੇ ਹਰਿ ਹਿਤ ਕੀਜੈ ॥

(ਲੋਕਾਂ ਨੂੰ) ਠੱਗਣ ਲਈ ਜਿਸ ਤਰ੍ਹਾਂ ਦੇ ਕਸ਼ਟ ਸਹਾਰੇ ਜਾਂਦੇ ਹਨ, ਜੇ ਉਸ ਤਰ੍ਹਾਂ ਦੇ ਹਰਿ (ਦੀ ਪ੍ਰਾਪਤੀ ਲਈ) ਕੀਤੇ ਜਾਣ,

ਤਬ ਹੀ ਮਹਾ ਗ੍ਯਾਨ ਕੋ ਜਾਨੈ ਪਰਮ ਪਯੂਖਹਿ ਪੀਜੈ ॥੯੮॥

ਤਦ ਹੀ ਮਹਾਨ ਗਿਆਨ ਨੂੰ ਜਾਣਿਆ ਜਾਏਗਾ ਅਤੇ ਪਰਮ ਅੰਮ੍ਰਿਤ ਨੂੰ ਪੀ ਲਿਆ ਜਾਵੇਗਾ ॥੯੮॥

ਬਿਸਨਪਦ ॥ ਸਾਰੰਗ ॥

ਬਿਸਨਪਦ: ਸਾਰੰਗ:

ਸੁਨਿ ਸੁਨਿ ਐਸੇ ਬਚਨ ਸਿਯਾਨੇ ॥

ਇਸ ਤਰ੍ਹਾਂ ਦੇ ਸਿਆਣੇ ਬਚਨ ਸੁਣ ਸੁਣ ਕੇ

ਉਠਿ ਉਠਿ ਮਹਾ ਬੀਰ ਪਾਰਸ ਕੇ ਪਾਇਨ ਸੋ ਲਪਟਾਨੇ ॥

(ਸਾਰੇ) ਮਹਾਬੀਰ ਉਠ ਉਠ ਕੇ ਪਾਰਸ ਨਾਥ ਦੇ ਪੈਰਾਂ ਨਾਲ ਲਿਪਟ ਗਏ।

ਜੇ ਜੇ ਹੁਤੇ ਮੂੜ ਅਗਿਆਨੀ ਤਿਨ ਤਿਨ ਬੈਨ ਨ ਮਾਨੇ ॥

ਜੋ ਜੋ ਮੂਰਖ ਅਗਿਆਨੀ ਸਨ, ਉਨ੍ਹਾਂ ਉਨ੍ਹਾਂ ਨੇ ਬਚਨ ਨਾ ਮੰਨੇ।

ਉਠਿ ਉਠਿ ਲਗੇ ਕਰਨ ਬਕਬਾਦਹ ਮੂਰਖ ਮੁਗਧ ਇਆਨੇ ॥

(ਉਹ) ਮੂਰਖ, ਬੇਅਕਲ ਅਤੇ ਇਆਣੇ ਉਠ ਉਠ ਕੇ ਬਕਵਾਦ ਕਰਨ ਲਗ ਗਏ।

ਉਠਿ ਉਠਿ ਭਜੇ ਕਿਤੇ ਕਾਨਨ ਕੋ ਕੇਤਕਿ ਜਲਹਿ ਸਮਾਨੇ ॥

ਕਿਤਨੇ ਹੀ ਉਠ ਉਠ ਕੇ ਬਨ ਨੂੰ ਤੁਰ ਗਏ ਅਤੇ ਕਿਤਨੇ ਹੀ ਜਲ ਵਿਚ ਸਮਾ ਗਏ।

ਕੇਤਕ ਭਏ ਜੁਧ ਕਹਿ ਪ੍ਰਾਪਤਿ ਸੁਨਤ ਸਬਦੁ ਘਹਰਾਨੇ ॥

(ਇਨ੍ਹਾਂ) ਗਰਜਵਿਆਂ ਸ਼ਬਦਾਂ ਨੂੰ ਸੁਣ ਕੇ ਕਈ ਯੁੱਧ ਲਈ ਡਟ ਗਏ।

ਕੇਤਕ ਆਨਿ ਆਨਿ ਸਨਮੁਖਿ ਭਏ ਕੇਤਕ ਛੋਰਿ ਪਰਾਨੇ ॥

ਕਿਤਨੇ ਹੀ ਆ ਆ ਕੇ ਸਨਮੁਖ ਹੋਏ ਹਨ ਅਤੇ ਕਿਤਨੇ ਹੀ ਰਣ-ਭੂਮੀ ਛਡ ਕੇ ਭਜ ਗਏ।

ਕੇਤਕ ਜੂਝਿ ਸੋਭੇ ਰਣ ਮੰਡਲ ਬਾਸਵ ਲੋਕਿ ਸਿਧਾਨੇ ॥੯੯॥

ਕਿਤਨੇ ਹੀ ਰਣ-ਭੂਮੀ ਵਿਚ ਯੁੱਧ ਕਰਦੇ ਹੋਏ ਸ਼ੋਭਾ ਪਾ ਕੇ ਇੰਦਰ ਲੋਕ ਨੂੰ ਚਲੇ ਗਏ ॥੯੯॥

ਬਿਸਨਪਦ ॥ ਤਿਲੰਗ ॥ ਤ੍ਵਪ੍ਰਸਾਦਿ ਕਥਤਾ ॥

ਬਿਸਨਪਦ: ਤਿਲੰਗ: ਤੇਰੀ ਕ੍ਰਿਪਾ ਨਾਲ ਕਹਿੰਦਾ ਹਾਂ:

ਜਬ ਹੀ ਸੰਖ ਸਬਦ ਘਹਰਾਏ ॥

ਜਦੋਂ ਹੀ (ਰਣ-ਭੂਮੀ ਵਿਚ) ਸੰਖਾਂ ਦੇ ਸ਼ਬਦ ਗੂੰਜੇ,

ਜੇ ਜੇ ਹੁਤੇ ਸੂਰ ਜਟਧਾਰੀ ਤਿਨ ਤਿਨ ਤੁਰੰਗ ਨਚਾਏ ॥

(ਉਸ ਵੇਲੇ) ਜੋ ਜੋ ਜਟਾਧਾਰੀ ਸੂਰਮੇ ਸਨ, ਉਨ੍ਹਾਂ ਉਨ੍ਹਾਂ ਨੇ (ਆਪਣੇ) ਘੋੜੇ ਨਚਾਏ।

ਚਕ੍ਰਤ ਭਈ ਗਗਨ ਕੀ ਤਰੁਨੀ ਦੇਵ ਅਦੇਵ ਤ੍ਰਸਾਏ ॥

ਆਕਾਸ਼ ਦੀਆਂ ਇਸਤਰੀਆਂ (ਅਪੱਛਰਾਵਾਂ) ਹੈਰਾਨ ਹੋ ਗਈਆਂ ਅਤੇ ਦੇਵਤੇ ਤੇ ਦੈਂਤ ਡਰਨ ਲਗੇ।

ਨਿਰਖਤ ਭਯੋ ਸੂਰ ਰਥ ਥੰਭਤ ਨੈਨ ਨਿਮੇਖ ਨ ਲਾਏ ॥

(ਉਨ੍ਹਾਂ ਨੂੰ) ਵੇਖਦਿਆਂ ਹੀ ਸੂਰਜ ਦਾ ਰਥ ਖੜੋ ਗਿਆ ਅਤੇ ਅੱਖਾਂ (ਉਧਰ) ਟਿਕ ਗਈਆਂ।

ਸਸਤ੍ਰ ਅਸਤ੍ਰ ਨਾਨਾ ਬਿਧਿ ਛਾਡੇ ਬਾਣ ਪ੍ਰਯੋਘ ਚਲਾਏ ॥

ਅਨੇਕ ਤਰ੍ਹਾਂ ਨਾਲ ਸ਼ਸਤ੍ਰ ਅਤੇ ਅਸਤ੍ਰ ਛਡੇ ਗਏ ਸਨ ਅਤੇ ਬਾਣਾਂ ਦੇ ਥੱਬੇ ਹੀ ਚਲਾ ਦਿੱਤੇ ਗਏ ਸਨ।

ਮਾਨਹੁ ਮਾਹ ਮੇਘ ਬੂੰਦਨ ਜ੍ਯੋਂ ਬਾਣ ਬ੍ਰਯੂਹ ਬਰਸਾਏ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਘਨਘੋਰ ਬਦਲਾਂ ਵਿਚੋਂ ਕਣੀਆਂ ਵਾਂਗ ਬਾਣਾਂ ਦੇ ਝੁੰਡ ਵਰ੍ਹ ਰਹੇ ਹੋਣ।

ਚਟਪਟ ਚਰਮ ਬਰਮ ਪਰ ਚਟਕੇ ਦਾਝਤ ਤ੍ਰਿਣਾ ਲਜਾਏ ॥

(ਬਾਣਾਂ ਦੇ ਵਜਣ ਨਾਲ) ਢਾਲਾਂ ਅਤੇ ਕਵਚਾਂ ਤੋਂ ਝਟਪਟ ਚਟਕਾਰੇ (ਜਾਂ ਚਿਣਗਾਂ) ਨਿਕਲ ਰਹੇ ਸਨ (ਮਾਨੋ) ਲਜਾ ਕੇ ਤਿਨਕਿਆਂ ਵਾਂਗ ਸੜ ਰਹੇ ਹੋਣ।

ਸ੍ਰੋਣਤ ਭਰੇ ਬਸਤ੍ਰ ਸੋਭਿਤ ਜਨੁ ਚਾਚਰ ਖੇਲਿ ਸਿਧਾਏ ॥੧੦੦॥

ਲਹੂ ਨਾਲ ਲਥ ਪਥ ਹੋਏ ਬਸਤ੍ਰ ਇੰਜ ਸ਼ੋਭ ਰਹੇ ਹਨ, ਮਾਨੋ (ਯੋਧੇ) ਹੋਲੀ ਖੇਡ ਕੇ ਆਏ ਹੋਣ ॥੧੦੦॥