(ਇਨ੍ਹਾਂ ਨੂੰ) ਤਿਆਗ ਗਏ ਅਤੇ (ਫਿਰ) ਇਨ੍ਹਾਂ ਦੀ ਸੁਧ ਨਹੀਂ ਲਈ; ਜੇ ਤੁਹਾਡੇ ਮਨ ਵਿਚ ਕੁਝ ਮੋਹ ਹੁੰਦਾ (ਤਾਂ ਇੰਜ ਨਾ ਕਰਦੇ)।
(ਤੁਸੀਂ) ਆਪ ਤਾਂ ਸ਼ਹਿਰਨਾਂ ਵਿਚ ਰਚ ਮਿਚ ਗਏ ਹੋ ਅਤੇ ਇਨ੍ਹਾਂ ਸਭ ਦਾ ਪ੍ਰੇਮ ਵਿਦਾ ਕਰ ਦਿੱਤਾ ਹੈ।
ਇਸ ਲਈ (ਤੁਸੀਂ) ਮਾਣ (ਰੋਸਾ) ਨਾ ਕਰੋ, ਫਿਰ (ਬ੍ਰਜ ਵਿਚ) ਆ ਜਾਓ; ਤੁਸੀਂ ਜਿਤ ਗਏ ਹੋ ਅਤੇ ਅਸੀਂ ਹਾਰ ਗਈਆਂ ਹਾਂ।
ਇਸ ਲਈ, ਹੇ ਸਾਰੀਆਂ ਗਊਆਂ ਦੇ ਰਖਵਾਲੇ! ਮਥੁਰਾ ਨੂੰ ਛਡ ਦਿਓ ਅਤੇ ਫਿਰ (ਬ੍ਰਜ ਵਿਚ) ਆ ਜਾਓ ॥੯੫੨॥
(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੂੰ ਯਾਦ ਕਰ ਕੇ ਸਾਰੀਆਂ ਗੋਪੀਆਂ ਮਨ ਵਿਚ ਦੁਖ ਪਾਉਂਦੀਆਂ ਹਨ।
ਇਕ ਧਰਤੀ ਉਤੇ ਮੂਰਛਿਤ ਹੋ ਕੇ ਡਿਗ ਪਈ ਹੈ ਅਤੇ ਇਕ ਵਿਯੋਗ ਦੀ ਭਰੀ ਹੋਈ ਬਿਰਹੋਂ ਦੇ ਗੁਣ ਗਾਉਂਦੀ ਹੈ।
ਕੋਈ ਮੁਖ ਤੋਂ 'ਹੇ ਕ੍ਰਿਸ਼ਨ' ਕਹਿੰਦੀ ਹੈ ਅਤੇ (ਕੋਈ ਹੋਰ ਗੋਪੀ) ਇਸ ਗੱਲ ਨੂੰ ਕੰਨਾਂ ਨਾਲ ਸੁਣ ਕੇ ਉਧਰ ਨੂੰ ਭਜ ਪੈਂਦੀ ਹੈ।
ਜਦ ਉਥੇ ਉਸ (ਕ੍ਰਿਸ਼ਨ) ਨੂੰ ਨਹੀਂ ਵੇਖਦੀ, (ਤਾਂ) ਉਹ ਕਹਿੰਦੀ ਹੈ ਕਿ ਹੁਣ ਕ੍ਰਿਸ਼ਨ ਸਾਡੇ ਹੱਥ ਨਹੀਂ ਲਗਣਗੇ ॥੯੫੩॥
ਸ੍ਰੀ ਕ੍ਰਿਸ਼ਨ ਦੇ ਆਉਣ ਦੀ ਖ਼ਬਰ ਨਾ ਮਿਲਣ ਕਰ ਕੇ ਗੋਪੀਆਂ ਚਿਤ ਵਿਚ ਵਿਆਕੁਲ ਹੋ ਗਈਆਂ।
ਰਾਧਾ ਵੀ ਚਿਤ ਵਿਚ ਵਿਆਕੁਲ ਹੋ ਗਈ ਅਤੇ ਮਨ ਤੋਂ ਮੁਰਝਾ ਗਈ।
ਜੋ ਮਨ ਦੀ ਮਾੜੀ ਹਾਲਤ ਸੀ, ਓਹੀ ਉਸ ਨੇ ਊਧਵ ਪਾਸ ਕਹਿ ਸੁਣਾਈ।
ਕ੍ਰਿਸ਼ਨ ਆਏ ਨਹੀਂ ਹਨ, ਉਸ ਕਰ ਕੇ ਬਹੁਤ ਦੁਖ ਹੋ ਰਿਹਾ ਹੈ, (ਜਿਸ ਦਾ) ਵਰਣਨ ਨਹੀਂ ਕੀਤਾ ਜਾ ਸਕਦਾ ॥੯੫੪॥
ਊਧਵ ਨੇ ਉੱਤਰ ਦਿੱਤਾ ਜੋ ਆਪਣੇ ਮਨ ਵਿਚ ਬਹੁਤ ਵਿਯੋਗ ਮਨਾ ਰਿਹਾ ਹੈ। ਕਵੀ ਸ਼ਿਆਮ ਕਹਿੰਦੇ ਹਨ,
ਜਿਹੜੀ ਗੱਲ ਗੋਪੀਆਂ ਦੇ ਮਨ ਵਿਚ ਚੰਗੀ ਲਗਦੀ ਹੈ (ਊਧਵ ਓਹੀ ਕਹਿਣ ਲਗਦਾ ਹੈ)।
(ਸ੍ਰੀ ਕ੍ਰਿਸ਼ਨ) ਥੋੜੇ ਹੀ ਦਿਨਾਂ ਵਿਚ (ਉਨ੍ਹਾਂ ਨੂੰ ਆ ਕੇ) ਮਿਲਣਗੇ ਜਿਨ੍ਹਾਂ ਦੇ ਮਨ ਵਿਚ ਕਿਸੇ ਕਿਸਮ ਦਾ ਭਰਮ ਨਹੀਂ ਹੈ।
ਜੋਗਣਾਂ ਹੋ ਕੇ ਸ੍ਰੀ ਕ੍ਰਿਸ਼ਨ ਨੂੰ ਜਪੋ (ਫਿਰ) ਮੂੰਹੋਂ ਜੋ ਮੰਗੋਗੀਆਂ, ਓਹੀ ਵਰ (ਤੁਹਾਨੂੰ) ਦੇਵੇਗਾ ॥੯੫੫॥
ਉਨ੍ਹਾਂ (ਗੋਪੀਆਂ) ਨੂੰ ਇਸ ਤਰ੍ਹਾਂ ਦਾ ਗਿਆਨ ਉਪਦੇਸ਼ ਦੇ ਕੇ ਊਧਵ ਚਲਿਆ ਅਤੇ ਚਲ ਕੇ ਨੰਦ ('ਜਸੁਧਾ ਪਤਿ') ਪਾਸ ਆ ਗਿਆ।
(ਉਸ ਦੇ) ਆਉਂਦਿਆਂ ਹੀ ਜਸੋਧਾ ਅਤੇ ਨੰਦ ਨੇ (ਉਸ ਦੇ) ਪੈਰਾਂ ਉਤੇ ਸਿਰ ਨਿਵਾ ਦਿੱਤੇ।
(ਊਧਵ ਨੇ ਉਨ੍ਹਾਂ ਪ੍ਰਤਿ ਕਿਹਾ) 'ਸਦਾ ਸ਼ਿਆਮ ਹੀ ਸ਼ਿਆਮ ਕਹਿੰਦੇ ਰਹੋ', ਇਹ ਕਹਿ ਕੇ ਮੈਨੂੰ ਸ੍ਰੀ ਕ੍ਰਿਸ਼ਨ ਨੇ ਭੇਜਿਆ ਹੈ।
ਇਸ ਤਰ੍ਹਾਂ ਕਹਿ ਕੇ ਅਤੇ ਰਥ ਉਤੇ ਚੜ੍ਹ ਕੇ (ਉਸ ਨੇ) ਰਥ ਨੂੰ ਮਥੁਰਾ ਵਲ ਚਲਾ ਦਿੱਤਾ ॥੯੫੬॥
ਊਧਵ ਨੇ ਕਾਨ੍ਹ ਜੀ ਨੂੰ ਕਿਹਾ:
ਸਵੈਯਾ:
(ਊਧਵ) ਤਦ ਮਥੁਰਾ ਨਗਰ ਵਿਚ ਆ ਕੇ ਬਲਰਾਮ ਅਤੇ ਕ੍ਰਿਸ਼ਨ ਦੇ ਪੈਰੀਂ ਪਿਆ।
ਅਤੇ ਕਿਹਾ ਕਿ ਜੋ ਤੁਸੀਂ ਮੈਨੂੰ ਕਹਿ ਕੇ ਭੇਜਿਆ ਸੀ, ਉਨ੍ਹਾਂ ਨੂੰ ਮੈਂ ਉਸੇ ਤਰ੍ਹਾਂ ਕਹਿ ਦਿੱਤਾ ਹੈ।