ਕਰਕੁਟ ਮੱਚੀ ਹੋਈ ਹੈ ਅਤੇ ਧੀਰਜਵਾਨ (ਯੋਧਿਆਂ ਨੂੰ ਵੀ) ਧੱਕੇ ਵਜ ਰਹੇ ਹਨ।
ਇਲਾਂ ਬੋਲ ਰਹੀਆਂ ਹਨ ਅਤੇ ਤੂਤੀਆਂ ਵਜ ਰਹੀਆਂ ਹਨ
ਮਾਨੋ ਭਿਆਨਕ (ਬੰਕੇ) ਸ਼ੇਰ ਭਬਕਦੇ ਹੋਏ ਵਿਚਰ ਰਹੇ ਹੋਣ ॥੮॥੮੫॥
ਇਧਰੋਂ ਸੂਰਬੀਰ ਰਕਤਬੀਜ ਕ੍ਰੋਧਿਤ ਹੋ ਕੇ ਆਇਆ
ਅਤੇ ਤੀਰਾਂ ਦਾ ਚੰਗੀ ਤਰ੍ਹਾਂ ਹਮਲਾ ਕਰ ਦਿੱਤਾ।
ਉਧਰੋਂ ਦੇਵੀ ਨੇ ਭਜ ਕੇ ਤਲਵਾਰ ਦਾ ਵਾਰ ਕੀਤਾ
ਕਿ (ਦੈਂਤ) ਮੂਰਛਿਤ ਹੋ ਕੇ ਡਿਗ ਪਿਆ, ਮਾਨੋ ਮਰ ਗਿਆ ਹੋਵੇ ॥੯॥੮੬॥
ਜਦੋਂ (ਉਸ ਦੀ) ਮੂਰਛਨਾ ਟੁਟੀ ਤਾਂ ਮਹਾਵੀਰ (ਦੈਂਤ) ਗੱਜਿਆ
ਅਤੇ ਚਾਰ ਘੜੀਆਂ ਤਕ ਲੋਹੇ ਨਾਲ ਲੋਹਾ ਖੜਕਿਆ।
ਬਾਣ ਲਗਣ ਨਾਲ ਯੁੱਧ-ਭੂਮੀ (ਵਿਚ ਰਕਤਬੀਜ ਦਾ ਜਿਤਨਾ) ਲਹੂ ਡਿਗਿਆ
ਉਤਨੇ ਹੀ (ਹੋਰ) ਵੀਰ-ਯੋਧਾ ਪੈਦਾ ਹੋ ਗਏ ਅਤੇ ਕ੍ਰੋਧ ਨਾਲ ਲਲਕਾਰਨ ਲਗ ਗਏ ॥੧੦॥੮੭॥
ਜਿਤਨੇ ਵੀਰ-ਯੋਧੇ (ਉਸ ਵੇਲੇ ਲਹੂ ਦੀਆਂ ਬੂੰਦਾਂ ਤੋਂ) ਪੈਦਾ ਹੋਏ, ਉਤਨੇ ਹੀ ਕਾਲੀ ਨੇ ਮਾਰ ਦਿੱਤੇ।
(ਯੁੱਧ-ਭੂਮੀ ਵਿਚ) ਕਿਤੇ ਢਾਲਾਂ, ਕਵਚ ਅਤੇ ਕਿਤੇ ਕਟੇ ਹੋਏ ਸ਼ਰੀਰ ਪਏ ਹੋਏ ਸਨ।
ਯੁੱਧ-ਭੂਮੀ ਵਿਚ ਜਿਤਨੀਆਂ ਵੀ ਲਹੂ ਦੀਆਂ ਬੂੰਦਾਂ ਡਿਗਦੀਆਂ ਸਨ,
ਉਤਨੇ ਹੀ (ਉਨ੍ਹਾਂ ਵਿਚੋਂ ਹੋਰ ਰਕਤਬੀਜ) ਸੂਰਮੇ ਪੈਦਾ ਹੋ ਕੇ ਮਾਰੋ-ਮਾਰੋ ਪੁਕਾਰਦੇ ਸਨ ॥੧੧॥੮੮॥
ਖੂਬ ਮਾਰ-ਕੁਟ ਹੋਈ ਹੈ, (ਸੂਰਵੀਰ) ਟੋਟੇ ਟੋਟੇ ਹੋ ਕੇ ਡਿਗੇ ਪਏ ਹਨ।
ਕਿਤੇ ਸਿਰ, ਕਿਤੇ ਮੂੰਹ ਅਤੇ ਕਿਤੇ ਮਾਸ ਦੇ ਲੋਥੜੇ ਰੁਲ ਰਹੇ ਹਨ।
ਚਾਰ ਸੌ ਕੋਹਾਂ ਤਕ ਯੁੱਧ-ਭੂਮੀ ਪਸਰ ਗਈ ਹੈ
(ਜਿਸ ਵਿਚ) ਬਹੁਤ ਸਾਰੇ ਸੂਰਮੇ ਅਚੇਤ ('ਬਿਦਾਰੇ') ਅਤੇ ਬੇਸੁਰਤ ਪਏ ਹ ਨਾ ॥੧੨॥੮੯॥
ਰਸਾਵਲ ਛੰਦ:
(ਵੀਰ ਯੋਧੇ) ਚੌਹਾਂ ਪਾਸਿਆਂ ਤੋਂ ਢੁਕ ਰਹੇ ਹਨ।
ਮੂੰਹੋਂ ਮਾਰੋ-ਮਾਰੋ ਕੂਕਦੇ ਹਨ।
ਪੱਕੀ ਤਰ੍ਹਾਂ ਝੰਡੇ ਗਡੇ ਹੋਏ ਹਨ।
ਕ੍ਰੋਧ ਵਧਾ ਕੇ (ਯੁੱਧ ਵਿਚ) ਗਹਿ-ਗਚ ਹਨ ॥੧੩॥੯੦॥
ਸੂਰਬੀਰ ਖੁਸ਼ੀ ਨਾਲ ਭਰੇ ਹੋਏ ਹਨ
ਅਤੇ ਤੀਰਾਂ ਦੀ ਬਰਖਾ ਕਰਦੇ ਹਨ।
ਚੌਹਾਂ (ਪਾਸਿਆਂ ਤੋਂ) ਚਾਰ ਪ੍ਰਕਾਰ ਦੀ ਸੈਨਾ ਢੁਕ ਰਹੀ ਹੈ
ਅਤੇ (ਆਪਣੇ ਆਪਣੇ) ਪੱਖਾਂ ਵਿਚ ਹੀ ਰੁਕੀ ਹੋਈ ਹੈ ॥੧੪॥੯੧॥
ਸ਼ਸਤ੍ਰਾਂ ਦੀ (ਖੂਬ) ਝਾੜ ਪਈ,
(ਫਲਸਰੂਪ) ਲਹੂ ਦੀ ਨਦੀ ਵਗ ਚਲੀ।
ਅਭਿਮਾਨੀ ਵੀਰ-ਸੈਨਿਕ ਉਠ ਖੜੋਤੇ ਹਨ
(ਜਿਨ੍ਹਾਂ ਨੇ ਆਪਣੇ) ਹੱਥ ਬਾਣਾਂ ਉਤੇ ਧਰੇ ਹੋਏ ਹਨ ॥੧੫॥੯੨॥
(ਉਹ) ਬਹੁਤ ਕ੍ਰੋਧ ਨਾਲ ਗੱਜ ਰਹੇ ਹਨ।
ਤੁਰੀਆਂ ਅਤੇ ਧੌਂਸੇ ਵਜ ਰਹੇ ਹਨ।
ਅਤਿ-ਅਧਿਕ ਕ੍ਰੋਧਵਾਨ ਹੋ ਕੇ
(ਵੱਡੇ) ਛਤ੍ਰਧਾਰੀ (ਯੁੱਧ-ਕਾਰਜ ਵਿਚ) ਮਗਨ ਹਨ ॥੧੬॥੯੩॥
ਲਲਕਾਰੇ ਤੇ ਲਲਕਾਰਾ ਮਾਰਿਆ ਜਾ ਰਿਹਾ ਹੈ,
ਸੈਨਾ (ਯੁੱਧ-ਭੂਮੀ ਵਿਚ) ਭਜੀ ਫਿਰਦੀ ਹੈ।
ਕ੍ਰੋਧ ਪੂਰਵਕ ਲੋਹੇ ਨਾਲ ਲੋਹਾ ਖੜਕ ਰਿਹਾ ਹੈ।
ਯੋਧੇ (ਯੁੱਧ ਵਿਚ) ਮਤੇ ਹੋਏ ਸੋਭ ਰਹੇ ਹਨ ॥੧੭॥੯੪॥
ਟੁਟੇ ਹੋਏ ਅੰਗ ਡਿਗੇ ਪਏ (ਇੰਜ) ਲਗਦੇ ਹਨ,
ਮਾਨੋ ਅੰਗਾਰੇ ਦਗ ਦਗ ਕਰ ਰਹੇ ਹੋਣ।
ਕਾੜ ਕਾੜ ਕਰਦੇ ਤੀਰ ਛੁਟਦੇ ਹਨ
ਅਤੇ ਝਣਕਾਰ ਪੈਦਾ ਹੁੰਦੀ ਹੈ ॥੧੮॥੯੫॥
ਕਟਾਕਟ (ਸ਼ਸਤ੍ਰ) ਚਲ ਰਹੇ ਹਨ
ਅਤੇ ਦੋਹਾਂ ਪਾਸਿਆਂ ਤੋਂ (ਵੀਰ-ਯੋਧੇ ਆਪਣੀ) ਜਿਤ ਦੇ ਚਾਹਵਾਨ (ਬਣੇ ਹੋਏ) ਹਨ।
(ਉਹ) ਬਹੁਤ ਮਦ-ਮਸਤ ਹਨ
ਅਤੇ ਆਪਣੇ ਤੇਜ ਨਾਲ ਬਹੁਤ ਤਪੇ ਹੋਏ ਹਨ ॥੧੯॥੯੬॥