ਸ਼੍ਰੀ ਦਸਮ ਗ੍ਰੰਥ

ਅੰਗ - 452


ਕਿਨਹੂੰ ਨ ਤਿਹ ਸੋ ਜੁਧੁ ਮਚਾਯੋ ॥

ਕਿਸੇ ਨੇ ਵੀ ਉਸ ਨਾਲ ਯੁੱਧ ਨਹੀਂ ਮਚਾਇਆ ਹੈ।

ਚਿਤਿ ਸਬ ਹੂੰ ਇਹ ਭਾਤਿ ਬਿਚਾਰਿਓ ॥

ਸਭ ਨੇ ਚਿਤ ਵਿਚ ਇਸ ਤਰ੍ਹਾਂ ਵਿਚਾਰਿਆ ਹੈ

ਇਹ ਨਹੀ ਮਰੈ ਕਿਸੀ ਤੇ ਮਾਰਿਓ ॥੧੫੪੯॥

ਕਿ ਇਹ ਕਿਸੇ ਦੇ ਮਾਰਿਆਂ ਨਹੀਂ ਮਰੇਗਾ ॥੧੫੪੯॥

ਤਬ ਬ੍ਰਹਮੇ ਹਰਿ ਨਿਕਟ ਉਚਾਰਿਓ ॥

ਜਦ ਸਾਰੀ ਸੈਨਾ ਰਾਜੇ ਨੇ ਮਾਰ ਦਿੱਤੀ

ਜਬ ਸਗਲੋ ਦਲ ਨ੍ਰਿਪਤਿ ਸੰਘਾਰਿਓ ॥

ਤਦ ਬ੍ਰਹਮਾ ਨੇ ਕ੍ਰਿਸ਼ਨ ਦੇ ਨੇੜੇ ਹੋ ਕੇ ਕਿਹਾ,

ਜਬ ਲਗਿ ਇਹ ਤੇਤਾ ਕਰਿ ਮੋ ਹੈ ॥

ਜਦ ਤਕ ਇਸ (ਖੜਗ ਸਿੰਘ) ਦੇ ਹੱਥ ਵਿਚ 'ਤੇਤਾ' (ਅਰਥਾਤ ਰਖਿਆ ਲਈ ਮੰਦਰਿਆ ਹੋਇਆ ਤਾਵੀਜ਼) ਹੈ,

ਤਬ ਲਗੁ ਬਜ੍ਰ ਸੂਲ ਧਰਿ ਕੋ ਹੈ ॥੧੫੫੦॥

ਤਦ ਤਕ ਵਜ੍ਰ-ਧਰ (ਇੰਦਰ) ਅਤੇ ਤ੍ਰਿਸ਼ੂਲਧਾਰੀ (ਸ਼ਿਵ) ਕੌਣ ਹਨ? (ਅਰਥਾਤ ਕੁਝ ਵੀ ਨਹੀਂ ਹਨ) ॥੧੫੫੦॥

ਤਾ ਤੇ ਇਹੈ ਕਾਜ ਅਬ ਕੀਜੈ ॥

ਇਸ ਲਈ ਹੁਣ ਇਹੋ ਕੰਮ ਕਰੋ

ਭਿਛਕਿ ਹੋਇ ਮਾਗਿ ਸੋ ਲੀਜੈ ॥

ਕਿ ਭਿਖਾਰੀ ਬਣ ਕੇ (ਉਸ ਕੋਲੋਂ) ਇਹ (ਤਾਵੀਜ਼) ਮੰਗ ਲਵੋ।

ਮੁਕਟ ਰਾਮ ਤੇ ਜੋ ਇਹ ਪਾਯੋ ॥

ਇਸ ਨੇ ਜੋ ਮੁਕਟ ਰਾਮ ਤੋਂ ਪ੍ਰਾਪਤ ਕੀਤਾ ਹੈ,

ਸੋ ਇੰਦ੍ਰਾਦਿਕ ਹਾਥਿ ਨ ਆਯੋ ॥੧੫੫੧॥

ਉਹ ਇੰਦਰ ਆਦਿਕ ਦੇ ਹੱਥ ਵੀ ਨਹੀਂ ਲਗਾ ॥੧੫੫੧॥

ਜਬ ਤੇਤਾ ਇਹ ਕਰ ਤੇ ਲੀਜੈ ॥

ਜਦੋਂ ਉਸ ਦੇ ਹੱਥ ਵਿਚੋਂ 'ਤੇਤਾ' ਲੈ ਲਵੋਗੇ,

ਤਬ ਯਾ ਕੋ ਬਧ ਛਿਨ ਮਹਿ ਕੀਜੈ ॥

ਤਾਂ ਉਸ ਦਾ ਛਿਣ ਵਿਚ ਬਧ ਕਰ ਸਕੋਗੇ।

ਜਿਹ ਉਪਾਇ ਕਰਿ ਤੇ ਪਰਹਰੈ ॥

ਜਿਸ ਕਿਸੇ ਉਪਾ ਨਾਲ (ਉਸ ਦੇ) ਹੱਥੋਂ ('ਤੇਤਾ') ਦੂਰ ਹੋਣਾ ਚਾਹੀਦਾ ਹੈ,

ਤਉ ਕਦਾਚ ਨ੍ਰਿਪ ਮਰੈ ਤੋ ਮਰੈ ॥੧੫੫੨॥

ਤਾਂ ਹੀ ਸ਼ਾਇਦ ਰਾਜਾ ਮਰੇ ਤਾਂ ਮਰੇ ॥੧੫੫੨॥

ਯੋ ਸੁਨਿ ਹਰਿ ਦਿਜ ਬੇਖ ਬਨਾਯੋ ॥

ਇਹ ਸੁਣ ਕੇ ਸ੍ਰੀ ਕ੍ਰਿਸ਼ਨ ਨੇ ਬ੍ਰਾਹਮਣ ਦਾ ਭੇਸ ਬਣਾਇਆ

ਮਾਗਨ ਤਿਹ ਪੈ ਹਰਿ ਬਿਧਿ ਆਯੋ ॥

ਅਤੇ ਸ੍ਰੀ ਕ੍ਰਿਸ਼ਨ ਅਤੇ ਬ੍ਰਹਮਾ ਉਸ ਕੋਲੋਂ ('ਤੇਤਾ') ਮੰਗਣ ਲਈ ਆਏ।

ਤਬ ਇਹ ਸ੍ਯਾਮ ਬ੍ਰਹਮ ਲਖਿ ਲੀਨੋ ॥

ਤਦ ਉਸ ਨੇ ਕ੍ਰਿਸ਼ਨ ਅਤੇ ਬ੍ਰਹਮਾ ਨੂੰ ਪਛਾਣ ਲਿਆ।

ਸ੍ਯਾਮ ਕਹੈ ਇਮ ਉਤਰ ਦੀਨੋ ॥੧੫੫੩॥

(ਕਵੀ) ਸ਼ਿਆਮ ਕਹਿੰਦੇ ਹਨ, (ਰਾਜੇ ਨੇ ਉਨ੍ਹਾਂ ਨੂੰ) ਇਸ ਤਰ੍ਹਾਂ ਦਾ ਉੱਤਰ ਦਿੱਤਾ ॥੧੫੫੩॥

ਖੜਗੇਸ ਬਾਚ ॥

ਖੜਗ ਸਿੰਘ ਨੇ ਕਿਹਾ:

ਸਵੈਯਾ ॥

ਸਵੈਯਾ:

ਬੇਖੁ ਕੀਓ ਹਰਿ ਬਾਮਨ ਕੋ ਬਲਿ ਬਾਵਨ ਜਿਉ ਛਲਬੇ ਕਹੁ ਆਯੋ ॥

ਹੇ ਕ੍ਰਿਸ਼ਨ! (ਤੂੰ) ਬ੍ਰਾਹਮਣ ਦਾ ਭੇਸ ਧਾਰਨ ਕੀਤਾ ਹੈ ਜਿਵੇਂ ਬਲਿ (ਰਾਜੇ) ਨੂੰ ਛਲਣ ਲਈ (ਵਿਸ਼ਣੂ ਨੇ) ਬਾਵਨ (ਦਾ ਰੂਪ ਧਾਰਿਆ ਸੀ)।

ਰੇ ਚਤੁਰਾਨਨ ਤੂ ਬਸਿ ਕਾਨਨ ਕਾ ਕੇ ਕਹੇ ਤਪਿਸਾ ਤਜ ਧਾਯੋ ॥

ਹੇ ਚਾਰ ਮੂੰਹਾਂ ਵਾਲੇ (ਬ੍ਰਹਮਾ!) ਤੂੰ ਬਨ ਵਿਚ ਨਿਵਾਸ ਕਰ, ਕਿਸ ਦੇ ਕਹੇ ਤੇ ਤਪਸਿਆ ਛਡ ਕੇ (ਇਥੇ ਕਿਉਂ) ਭਜਿਆ ਆਇਆ ਹੈਂ।

ਧੂਮ ਤੇ ਆਗ ਰਹੈ ਨ ਦੁਰੀ ਜਿਮ ਤਿਉ ਛਲ ਤੇ ਤੁਮ ਕੇ ਲਖਿ ਪਾਯੋ ॥

ਜਿਵੇਂ ਧੂੰਏਂ ਕਰ ਕੇ ਅੱਗ ਲੁਕੀ ਨਹੀਂ ਰਹਿੰਦੀ ਤਿਵੇਂ (ਤੁਹਾਡੇ) ਛਲ ਕੀਤੇ ਤੋਂ (ਮੈਂ) ਤੁਹਾਨੂੰ ਪਛਾਣ ਲਿਆ ਹੈ।

ਮਾਗਹੁ ਜੋ ਤੁਮਰੇ ਮਨ ਮੈ ਅਬ ਮਾਗਨਹਾਰੇ ਕੋ ਰੂਪ ਬਨਾਯੋ ॥੧੫੫੪॥

(ਕਿਉਂਕਿ) ਤੁਸੀਂ ਮੰਗਣ ਵਾਲਿਆਂ ਦਾ ਰੂਪ ਬਣਾਇਆ ਹੈ, ਇਸ ਲਈ ਹੁਣ ਮੰਗ ਲਵੋ, ਜੋ ਤੁਹਾਡੇ ਮਨ ਵਿਚ ਹੈ ॥੧੫੫੪॥

ਦੋਹਰਾ ॥

ਦੋਹਰਾ:

ਜਬ ਇਹ ਬਿਧਿ ਸੋ ਨ੍ਰਿਪ ਕਹਿਯੋ ਕਹੀ ਬ੍ਰਹਮ ਜਸ ਲੇਹੁ ॥

ਜਦੋਂ ਇਸ ਤਰ੍ਹਾਂ ਰਾਜੇ ਨੇ ਕਿਹਾ, (ਤਾਂ) ਬ੍ਰਹਮਾ ਨੇ ਕਿਹਾ, (ਹੇ ਰਾਜਨ! ਦਾਨ ਕਰ ਕੇ ਜਗਤ ਵਿਚ) ਯਸ਼ ਖਟੋ।

ਜਗ ਅਨਲ ਤੇ ਜੋ ਮੁਕਟਿ ਉਪਜਿਓ ਸੋ ਮੁਹਿ ਦੇਹੁ ॥੧੫੫੫॥

ਯੱਗ ਦੀ ਅਗਨੀ ਤੋਂ ਜੋ ਮੁਕੁਟ ਉਪਜਿਆ ਸੀ, ਉਹ ਮੈਨੂੰ ਦੇ ਦਿਓ ॥੧੫੫੫॥

ਜਬ ਚਤੁਰਾਨਨਿ ਯੌ ਕਹੀ ਪੁਨਿ ਬੋਲਿਓ ਜਦੁਬੀਰ ॥

ਜਦ ਬ੍ਰਹਮਾ ਨੇ ਇਸ ਤਰ੍ਹਾਂ ਕਿਹਾ, ਫਿਰ ਸ੍ਰੀ ਕ੍ਰਿਸ਼ਨ ਨੇ ਕਿਹਾ

ਗਉਰਾ ਤੇਤਾ ਤੁਹਿ ਦਯੋ ਸੋ ਮੁਹਿ ਦੇ ਨ੍ਰਿਪ ਧੀਰ ॥੧੫੫੬॥

ਕਿ ਪਾਰਬਤੀ ਨੇ ਜੋ 'ਤੇਤਾ' ਤੈਨੂੰ ਦਿੱਤਾ ਸੀ, ਉਹ ਹੇ ਧੀਰਜਵਾਨ ਰਾਜੇ! ਮੈਨੂੰ ਦੇ ਦਿਓ ॥੧੫੫੬॥

ਚੌਪਈ ॥

ਚੌਪਈ:

ਤਬ ਨ੍ਰਿਪ ਮਨ ਕੋ ਇਹ ਬਿਧਿ ਕਹੈ ॥

ਤਦ ਰਾਜਾ (ਖੜਗ ਸਿੰਘ) ਨੇ ਮਨ ਵਿਚ ਇਸ ਤਰ੍ਹਾਂ ਵਿਚਾਰ ਕੀਤਾ।

ਰੇ ਜੀਅ ਜੀਯਤ ਨ ਚਹੁੰ ਜੁਗ ਰਹੈ ॥

ਹੇ ਮਨ! (ਤੂੰ) ਚਾਰ ਯੁਗਾਂ ਤਕ ਜੀਉਂਦਾ ਤਾਂ ਨਹੀਂ ਰਹਿਣਾ।

ਤਾ ਤੇ ਸੁ ਧਰਮ ਢੀਲ ਨਹਿ ਕੀਜੈ ॥

ਇਸ ਲਈ ਉਤਮ ਧਰਮ (ਕਰਮ) ਕਰਨ ਵਿਚ ਢਿਲ ਨਹੀਂ ਕਰਨੀ ਚਾਹੀਦੀ

ਜੋ ਹਰਿ ਮਾਗਤ ਸੋ ਇਹ ਦੀਜੈ ॥੧੫੫੭॥

ਅਤੇ ਜੋ ਸ੍ਰੀ ਕ੍ਰਿਸ਼ਨ ਮੰਗਦਾ ਹੈ, ਉਹ ਇਸ ਨੂੰ ਦੇ ਦੇਣਾ ਚਾਹੀਦਾ ਹੈ ॥੧੫੫੭॥

ਸਵੈਯਾ ॥

ਸਵੈਯਾ:

ਕਿਉ ਤਨ ਕੀ ਮਨਿ ਸੰਕ ਕਰੈ ਥਿਰ ਤੋ ਜਗ ਮੈ ਅਬ ਤੂ ਨ ਰਹੈ ਹੈ ॥

ਹੇ ਮਨ! ਸ਼ਰੀਰ ਦੀ ਕਿਉਂ ਚਿੰਤਾ ਕਰਦਾ ਹੈਂ, ਹੁਣ ਤੂੰ ਜਗਤ ਵਿਚ ਸਥਿਰ ਤਾਂ ਨਹੀਂ ਰਹਿਣਾ ਹੈਂ।

ਯਾ ਤੇ ਭਲੋ ਨ ਕਛੂ ਇਹ ਤੇ ਜਸੁ ਲੈ ਰਨ ਅੰਤਹਿ ਮੋ ਤਜਿ ਜੈ ਹੈ ॥

ਇਸ ਲਈ ਇਸ ਤੋਂ ਹੋਰ ਕੁਝ ਵੀ ਚੰਗਾ ਨਹੀਂ ਹੈ (ਕਿਉਂਕਿ ਇਸ ਨਾਲ) ਰਣ-ਭੂਮੀ ਵਿਚ ਯਸ਼ ਲਵੇਂਗਾ ਅਤੇ ਅੰਤ ਵਿਚ (ਸ਼ਰੀਰ ਤਿਆਗ ਕੇ ਸੁਅਰਗ ਵਿਚ) ਜਾਵੇਂਗਾ।

ਰੇ ਮਨ ਢੀਲ ਰਹਿਯੋ ਗਹਿ ਕਾਹੇ ਤੇ ਅਉਸਰ ਬੀਤ ਗਏ ਪਛੁਤੈ ਹੈ ॥

ਹੇ ਮਨ! ਢਿੱਲ ਕਿਸ ਲਈ ਕਰ ਰਿਹਾ ਹੈਂ (ਕਿਉਂਕਿ) ਮੌਕੇ ਦੇ ਚੁਕ ਜਾਣ ਨਾਲ (ਫਿਰ) ਪਛਤਾਉਂਦਾ ਰਹੇਂਗਾ।

ਸੋਕ ਨਿਵਾਰਿ ਨਿਸੰਕ ਹੁਇ ਦੈ ਭਗਵਾਨ ਸੋ ਭਿਛਕ ਹਾਥਿ ਨ ਐ ਹੈ ॥੧੫੫੮॥

(ਤਾਂ ਤੇ) ਗ਼ਮ ਨੂੰ ਨਿਵਾਰ ਕੇ ਅਤੇ ਨਿਸੰਗ ਹੋ ਕੇ (ਦਾਨ) ਦੇ ਦਿਓ (ਕਿਉਂਕਿ) ਭਗਵਾਨ ਵਰਗਾ ਭਿਖਾਰੀ (ਫਿਰ) ਹੱਥ ਨਹੀਂ ਆਉਣਾ ॥੧੫੫੮॥

ਮਾਗਤ ਜੋ ਬਿਧਿ ਸ੍ਯਾਮ ਅਰੇ ਮਨ ਸੋ ਤਜਿ ਸੰਕ ਨਿਸੰਕ ਹੁਇ ਦੀਜੈ ॥

ਹੇ ਮਨ! ਜੋ ਬ੍ਰਹਮਾ ਅਤੇ ਕ੍ਰਿਸ਼ਨ ਮੰਗਦਾ ਹੈ, ਉਹ ਸ਼ੰਕੇ ਨੂੰ ਛਡ ਕੇ ਅਤੇ ਨਿਸੰਗ ਹੋ ਕੇ ਦੇ ਦਿਓ।

ਜਾਚਤ ਹੈ ਜਿਹ ਤੇ ਸਗਰੋ ਜਗ ਸੋ ਤੁਹਿ ਮਾਗਤ ਢੀਲ ਨ ਕੀਜੈ ॥

ਜਿਸ ਤੋਂ ਸਾਰਾ ਜਗਤ ਮੰਗਦਾ ਹੈ, ਉਹ ਤੇਰੇ ਪਾਸੋਂ ਮੰਗ ਰਿਹਾ ਹੈ, (ਇਸ ਵਾਸਤੇ ਉਸ ਨੂੰ ਦਾਨ ਦੇਣੋ) ਢਿਲ ਨਾ ਕਰੋ।

ਅਉਰ ਬਿਚਾਰ ਕਰੋ ਨ ਕਛੂ ਅਬ ਯਾ ਮਹਿ ਤੋ ਨ ਰਤੀ ਸੁਖ ਛੀਜੈ ॥

ਹੁਣ ਹੋਰ ਕੋਈ ਵਿਚਾਰ ਨਾ ਕਰੋ (ਕਿਉਂਕਿ) ਇਸ ਵਿਚ ਰਤਾ ਜਿੰਨਾ ਵੀ ਹਰਜ ਨਹੀਂ ਹੈ।

ਦਾਨਨ ਦੇਤ ਨ ਮਾਨ ਕਰੋ ਬਸੁ ਦੈ ਅਸੁ ਦੈ ਜਗ ਮੈ ਜਸੁ ਲੀਜੈ ॥੧੫੫੯॥

ਦਾਨ ਦਿੰਦਿਆਂ ਅਭਿਮਾਨ ਨਾ ਕਰੋ ਅਤੇ ਧਰਤੀ ਤੇ ਧਨ ('ਅਸੁ') ਪ੍ਰਦਾਨ ਕਰ ਕੇ ਜਗਤ ਵਿਚ ਯਸ਼ ਲਵੋ ॥੧੫੫੯॥

ਬਾਮਨ ਬੇਖ ਕੈ ਸ੍ਯਾਮ ਜੁ ਚਾਹਤ ਸ੍ਰੀ ਹਰਿ ਕੋ ਤਿਹ ਭੂਪਤਿ ਦੀਨੋ ॥

ਬ੍ਰਾਹਮਣ ਦੇ ਭੇਸ ਵਿਚ ਸ਼ਿਆਮ ਨੂੰ ਜੋ ਕੁਝ ਚਾਹੁੰਦਾ ਸੀ, ਰਾਜੇ ਨੇ ਓਹੀ ਸ੍ਰੀ ਕ੍ਰਿਸ਼ਨ ਨੂੰ ਦੇ ਦਿੱਤਾ।

ਜੋ ਚਤੁਰਾਨਨ ਕੇ ਚਿਤ ਮੈ ਕਬਿ ਰਾਮ ਕਹੈ ਸੁ ਵਹੈ ਨ੍ਰਿਪ ਕੀਨੋ ॥

ਜੋ ਕੁਝ ਬ੍ਰਹਮਾ ਦੇ ਚਿੱਤ ਵਿਚ (ਇੱਛਾ) ਸੀ, ਕਵੀ ਰਾਮ ਕਹਿੰਦੇ ਹਨ, ਓਹੀ ਰਾਜੇ ਨੇ (ਪੂਰੀ) ਕਰ ਦਿੱਤੀ।

ਜੋ ਵਹ ਮਾਗਤਿ ਸੋਊ ਦਯੋ ਤਬ ਦੇਤ ਸਮੈ ਰਸ ਮੈ ਮਨ ਭੀਨੋ ॥

ਜੋ ਕੁਝ ਉਹ ਮੰਗਦੇ ਸਨ, ਓਹੀ ਉਸੇ ਵੇਲੇ ਦੇ ਦਿੱਤਾ ਅਤੇ ਦੇਣ ਵੇਲੇ (ਰਾਜੇ ਦਾ) ਮਨ (ਪ੍ਰੇਮ) ਰਸ ਵਿਚ ਭਿਜਿਆ ਹੋਇਆ ਸੀ।

ਦਾਨ ਕ੍ਰਿਪਾਨ ਦੁਹੂੰ ਬਿਧਿ ਕੈ ਤਿਹੁ ਲੋਕਨ ਮੈ ਅਤਿ ਹੀ ਜਸੁ ਲੀਨੋ ॥੧੫੬੦॥

ਦਾਨ ਅਤੇ ਕ੍ਰਿਪਾਨ ਦੇ ਦੋਹਾਂ ਢੰਗਾਂ ਨਾਲ (ਰਾਜੇ ਨੇ) ਤਿੰਨਾਂ ਲੋਕਾਂ ਵਿਚ ਅਤਿ ਅਧਿਕ ਯਸ਼ ਪ੍ਰਾਪਤ ਕਰ ਲਿਆ ॥੧੫੬੦॥


Flag Counter