ਉਥੇ ਸੀਤਾ (ਦੇ ਗਰਭ) ਤੋਂ ਇਕ ਪੁੱਤਰ ਪੈਦਾ ਹੋਇਆ।
ਮਾਨੋ ਰਾਮ ਨੇ (ਸੀਤਾ ਤੋਂ) ਦੂਜਾ ਰਾਮ ਉਤਪੰਨ ਕਰ ਲਿਆ ਹੋਵੇ।
ਉਹੀ ਸੁੰਦਰ ਚਿੰਨ੍ਹ ਅਤੇ ਉਹੀ ਪ੍ਰਬਲ ਤੇਜ ਹੈ,
ਮਾਨੋਂ ਰਾਮ ਨੇ ਆਪਣੀ ਅੰਸ ਨੂੰ ਕੱਢ ਕੇ ਦੂਜੀ ਦੇਹੀ ਵਿੱਚ ਭੇਜ ਦਿੱਤਾ ਹੋਵੇ ॥੭੨੫॥
ਰਿਖੀਸੁਰ (ਬਾਲਮੀਕ) ਨੇ ਬਾਲਕ ਲਈ ਇਕ ਪੰਘੂੜਾ (ਸੀਤਾ ਨੂੰ) ਦਿੱਤਾ,
ਜੋ ਚੰਦ੍ਰਮਾ ਵਰਗਾ ਚਮਕਦਾਰ ਸੀ, ਅਥਵਾ ਸੂਰਜ ਦੇ ਸਮਾਨ ਸੀ।
ਇਕ ਦਿਨ ਰਿਸ਼ੀ ਸੰਧਿਆ-ਪੂਜਾ ਲਈ ਗਿਆ।
(ਉਸੇ ਵੇਲੇ) ਬਾਲਕ ਨੂੰ ਨਾਲ ਲੈ ਕੇ ਸੀਤਾ ਇਸ਼ਨਾਨ ਕਰਨ ਲਈ ਚਲੀ ਗਈ ॥੭੨੬॥
ਸੀਤਾ ਦੇ ਚਲੇ ਜਾਣ ਤੋਂ ਬਾਦ ਮਹਾਮੁਨੀ ਨੇ ਜਦ ਸਮਾਧੀ ਖੋਲੀ
ਤਾਂ ਪਾਲਨੇ ਨੂੰ ਬਾਲਕ ਤੋਂ ਬਿਨਾਂ ਵੇਖ ਕੇ ਬਹੁਤ ਦੁਖੀ ਹੋਇਆ।
(ਉਸੇ ਵੇਲੇ) ਹੱਥ ਵਿਚ ਕੁਸ਼ਾ ਲੈ ਕੇ (ਬਾਲਮੀਕ ਨੇ) ਇਕ ਬਾਲਕ ਬਣਾ ਦਿੱਤਾ,
ਜੋ ਉਸੇ ਹੀ ਰੂਪ ਰੰਗ ਅਤੇ ਕਦ ਕਾਠ ਵਾਲਾ ਸੀ ॥੭੨੭॥
(ਜਦੋਂ) ਸੀਤਾ ਇਸ਼ਨਾਨ ਕਰਕੇ ਮੁੜੀ ਤਾਂ ਆ ਕੇ ਵੇਖਿਆ
ਕਿ ਉਸੇ ਰੂਪ ਵਾਲਾ ਇਕ ਹੋਰ ਬਾਲਕ ਪਾਲਨੇ ਵਿੱਚ ਮੌਜੂਦ ਹੈ।
(ਸੀਤਾ ਨੇ) ਮਹਾਮੁਨੀ ਦੀ ਆਪਣੇ ਉਤੇ ਵੱਡੀ ਕ੍ਰਿਪਾ ਕੀਤੀ ਜਾਣ ਲਈ
ਅਤੇ ਇਸੇ ਕਰ ਕੇ ਕ੍ਰਿਪਾ ਪੂਰਵਕ ਦੂਜਾ ਪੁੱਤਰ ਬਖਸ਼ ਦਿੱਤਾ ॥੭੨੮॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਰਾਮਾਵਤਾਰ ਦੇ ਦੋ ਪੁੱਤਰਾਂ ਦੇ ਪੈਦਾ ਹੋਣ ਦਾ ਅਧਿਆਇ ਸਮਾਪਤ ॥੨੧॥
ਹੁਣ ਯੱਗ ਦੇ ਆਰੰਭ ਦਾ ਕਥਨ
ਭੁਜੰਗ ਪ੍ਰਯਾਤ ਛੰਦ
ਉਧਰ (ਸੀਤਾ) ਬਾਲਕਾਂ ਨੂੰ ਪਾਲ ਰਹੀ ਹੈ, ਇਧਰ ਅਯੁਧਿਆ ਦੇ ਰਾਜੇ
(ਸ੍ਰੀ ਰਾਮ) ਨੇ ਯੱਗ ਲਈ ਬ੍ਰਾਹਮਣ ਬੁਲਾਏ ਅਤੇ ਇਕ ਘੋੜਾ ਛੱਡ ਦਿੱਤਾ।
ਸ਼ਤਰੂਘਨ ਨੂੰ ਉਸ ਘੋੜੇ ਦੇ ਨਾਲ ਕਰ ਦਿੱਤਾ,
ਜੋ ਬਹੁਤ ਸਾਰੀ ਸੈਨਾ ਲੈ ਕੇ ਉਸ ਨਾਲ ਤੁਰਿਆ ॥੭੨੯॥
(ਉਹ) ਘੋੜਾ ਰਾਜਿਆਂ ਦੇ ਦੇਸ ਦੇਸਾਂਤਰਾਂ ਵਿੱਚ ਫਿਰਿਆ,
ਕਿਸੇ ਨੇ ਵੀ ਉਸ ਨੂੰ ਨਾ ਬੰਨ੍ਹਿਆ, ਸਗੋਂ ਸਾਰੇ ਅੱਗੋਂ ਆ ਕੇ ਮਿਲੇ।
ਵੱਡੇ ਕਠੋਰ ਧਨੁਸ਼ਧਾਰੀ ਬਹੁਤ ਸਾਰੀ ਸੈਨਾ ਲੈ ਕੇ
ਅਤੇ ਵੱਡੀਆਂ ਭੇਟਾਂ ਦੇ ਕੇ, ਆ ਕੇ (ਸ਼ਤਰੂਘਨ ਦੇ) ਪੈਰੀਂ ਪੈ ਗਏ ॥੭੩੦॥
ਚੌਹਾਂ ਦਿਸ਼ਾਵਾਂ ਨੂੰ ਜਿੱਤ ਕੇ ਘੋੜਾ ਫਿਰ ਮੁੜ ਪਿਆ।
(ਉਹ) ਘੋੜਾ ਬਾਲਮੀਕ ਰਿਸ਼ੀ ਦੇ ਸਥਾਨ 'ਤੇ ਚਲਾ ਗਿਆ।
(ਉਸ ਦੇ) ਮੱਥੇ ਉਤੇ ਬੱਧੇ ਹੋਏ ਸੋਨੇ ਦੇ ਪੱਤਰੇ ਨੂੰ ਜਦੋਂ ਲਵ ਨੇ ਮੁੱਢ ਤੋਂ ਪੜ੍ਹਿਆ
ਤਾਂ ਵੱਡੇ ਪ੍ਰਚੰਡ ਧਨੁਸ਼ ਧਾਰਨ ਕਰਨ ਵਾਲਾ ਲਵ ਰੌਦ੍ਰ ਰਸ ਨਾਲ ਭਰ ਗਿਆ ॥੭੩੧॥
(ਉਸ ਨੇ) ਘੋੜੇ ਨੂੰ ਬ੍ਰਿਛ ਨਾਲ ਬੰਨ੍ਹ ਦਿੱਤਾ। (ਜਦੋਂ ਸ਼ਤਰੂਘਨ ਦੇ) ਸੈਨਿਕਾਂ ਨੇ ਵੇਖਿਆ,
ਤਾਂ ਸਾਰੀ ਸੈਨਾ ਬਹੁਤ ਜ਼ੋਰ ਨਾਲ ਬੋਲਣ ਲੱਗ ਪਈ-
'ਹੇ ਬਾਲਕ! ਘੋੜੇ ਨੂੰ ਕਿਥੇ ਲਈ ਜਾਂਦਾ ਹੈਂ?
ਇਸ ਨੂੰ ਛੱਡ ਦੇ, ਨਹੀਂ ਤਾਂ ਆ ਕੇ (ਸਾਡੇ ਨਾਲ) ਯੁੱਧ ਕਰ ॥੭੩੨॥
ਜਦੋਂ ਸੂਰਮੇ ਨੇ ਕੰਨਾਂ ਨਾਲ ਯੁੱਧ ਦਾ ਨਾਮ ਸੁਣਿਆ
ਅਤੇ ਵੱਡੇ ਸ਼ਸਤ੍ਰਧਾਰੀਆਂ ਨੂੰ, ਜੋ ਕਵਚਾਂ ਨਾਲ ਸਜੇ ਹੋਏ ਸਨ
ਅਤੇ ਜੋ ਬਹੁਤ ਹਠ ਵਾਲੇ ਸੂਰਮੇਂ ਸਨ, ਸਾਰੇ ਸ਼ਸਤ੍ਰ ਲੈ ਕੇ (ਯੁੱਧ ਲਈ ਤਿਆਰ ਵੇਖੇ)
ਤਾਂ ਲਵ ਜ਼ੋਰ ਦਾ ਲਲਕਾਰਾ ਮਾਰ ਕੇ ਸੈਨਾ ਵਿੱਚ ਜਾ ਵੜਿਆ ॥੭੩੩॥
ਸੂਰਮਿਆਂ ਨੂੰ (ਉਸ ਨੇ) ਵੰਗਾਰ-ਵੰਗਾਰ ਕੇ ਚੰਗੀ ਤਰ੍ਹਾਂ ਮਾਰਿਆ।
ਯੁੱਧ ਵਿੱਚ ਯੋਧਿਆਂ ਦੇ ਡਿੱਗਣ ਨਾਲ ਧਰਤੀ ਭਰੀ ਗਈ।
ਅਪਾਰ ਸੂਰਮਿਆਂ ਦੇ ਸ਼ਸਤ੍ਰਾਂ ਵਿੱਚੋਂ ਅੱਗ ਵਰ੍ਹਦੀ ਸੀ।
(ਕਿਤਨੇ) ਹੀ ਰੁੰਡ-ਮੁੰਡ ਰੁਲ ਰਹੇ ਸਨ ਅਤੇ (ਕਿਤਨੇ ਹੀ) ਤੀਰਾਂ ਦੇ ਪੱਛੇ ਹੋਏ ਫਿਰ ਰਹੇ ਸਨ ॥੭੩੪॥
ਲੋਥਾਂ ਉਤੇ ਲੋਥਾਂ ਡਿੱਗੀਆਂ ਪਈਆਂ ਸਨ, ਘੋੜਿਆਂ ਦੇ ਸਮੂਹ ਡਿੱਗੇ ਪਏ ਸਨ।
ਕਿੰਨੇ ਹੀ ਖ਼ਾਲੀ ਹਾਥੀ ਅਤੇ ਸੁਆਰਾਂ ਤੋਂ ਰਹਿਤ ਘੋੜੇ ਫਿਰ ਰਹੇ ਸਨ।
ਕਿੰਨੇ ਹੀ ਸੂਰਮੇਂ ਸ਼ਸਤ੍ਰਾਂ ਤੋਂ ਵੰਚਿਤ ਹੋ ਕੇ ਬੇ-ਸੁੱਧ ਡਿੱਗੇ ਪਏ ਸਨ।
ਰਣ-ਭੂਮੀ ਵਿੱਚ ਭੂਤ ਅਤੇ ਪ੍ਰੇਤ ਹੱਸਦੇ ਸਨ ਅਤੇ ਆਕਾਸ਼ ਵਿੱਚ ਹੂਰਾਂ ਫਿਰ ਰਹੀਆਂ ਸਨ ॥੭੩੫॥
ਬੱਦਲਾਂ ਦੀ ਗਰਜ ਵਾਂਗ ਅਪਾਰ ਧੌਂਸੇ ਵਜਦੇ ਸਨ।