ਇਸਤਰੀ ਨੇ ਵੀ ਸੁਖ ਪੂਰਵਕ ਉਸ ਨਾਲ ਭਾਂਤ ਭਾਂਤ ਦਾ ਰਮਣ ਕੀਤਾ
ਅਤੇ ਬਿਨਾ ਦੰਮਾਂ ਹੀ ਉਹ ਇਸਤਰੀ ਵਿਕ ਗਈ ॥੮॥
ਇਸਤਰੀ ਨੇ ਮਨ ਵਿਚ ਸੋਚਿਆ ਕਿ (ਹੁਣ) ਇਸ ਨਾਲ ਹੀ ਚਲੀ ਜਾਵਾਂ
ਅਤੇ ਆਪਣੇ ਪਤੀ ਨੂੰ ਫਿਰ ਸ਼ਕਲ ਨਾ ਵਿਖਾਵਾਂ।
ਇਸ ਲਈ ਕੁਝ ਚਰਿਤ੍ਰ ਅਜਿਹਾ ਕੀਤਾ ਜਾਏ
ਜਿਸ ਨਾਲ ਜਸ ਕਾਇਮ ਰਹੇ ਅਤੇ ਅਪਜਸ ਨਾ ਸੁਣਨਾ ਪਵੇ ॥੯॥
(ਉਸ ਨੇ) ਇਕ ਸਖੀ ਨੂੰ ਸਾਰਾ ਭੇਦ ਸਮਝਾ ਕੇ ਕਿਹਾ
ਕਿ ਜਾ ਕੇ (ਰਾਜੇ ਨੂੰ) ਕਹੀਂ ਕਿ ਹਿਰਨ (ਦਾ ਪਿਛਾ ਕਰਦੀ ਹੋਈ) ਰਾਣੀ ਡੁਬ (ਮੋਈ) ਹੈ।
ਗੱਲ ਸੁਣ ਕੇ ਸਖੀ ਉਧਰ ਨੂੰ ਚਲੀ ਗਈ
ਅਤੇ ਜੋ ਕੁਝ ਰਾਣੀ ਨੇ ਉਸ ਨੂੰ ਕਿਹਾ ਸੀ, (ਉਹ) ਖ਼ਬਰ ਰਾਜੇ ਨੂੰ ਪਹੁੰਚਾ ਦਿੱਤੀ ॥੧੦॥
(ਰਾਣੀ) ਆਪ ਤਾਂ ਕੁੰਵਰ ਦੇ ਨਾਲ ਸੁਖ ਪੂਰਵਕ ਚਲੀ ਗਈ,
ਪਰ ਰਾਜਾ ਰਾਣੀ ਦੇ ਡੁਬਣ ਦੀ ਗੱਲ ਸੁਣ ਕੇ ਸਿਰ ਨੀਵਾਂ ਕਰ ਕੇ ਰਹਿ ਗਿਆ।
ਇਸਤਰੀਆਂ ਦੇ ਚਰਿਤ੍ਰ ਨੂੰ ਕੋਈ ਮਰਦ ਨਹੀਂ ਜਾਣ ਸਕਦਾ।
ਇਹ ਭੇਦ (ਦੀ ਗੱਲ) ਸ਼ਾਸਤ੍ਰ, ਸਮ੍ਰਿਤੀਆਂ ਅਤੇ ਵੇਦ ਵੀ ਇਸੇ ਤਰ੍ਹਾਂ ਕਹਿੰਦੇ ਹਨ ॥੧੧॥
ਚੌਪਈ:
ਉਸ (ਇਸਤਰੀ) ਨੂੰ ਕੁੰਵਰ ਆਪਣੇ ਨਾਲ ਲੈ ਗਿਆ
ਅਤੇ ਉਸ ਨਾਲ ਭਾਂਤ ਭਾਂਤ ਦੇ ਭੋਗ ਕਰਨ ਲਗਾ।
ਇਸ ਮੂਰਖ (ਰਾਜੇ) ਨੇ ਕੁਝ ਵੀ ਗੱਲ ਨਾ ਸਮਝੀ
ਅਤੇ ਇਹੀ ਜਾਣਿਆ ਕਿ ਇਸਤਰੀ ਡੁਬ ਗਈ ਹੈ ॥੧੨॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੩੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੩੮॥੪੪੫੧॥ ਚਲਦਾ॥
ਦੋਹਰਾ:
ਸਿਰੌਜ ਨਗਰ ਵਿਚ ਇਕ ਸੁੰਦਰ ਸਰੂਪ ਵਾਲਾ ਰਾਜਾ ਰਹਿੰਦਾ ਸੀ।
(ਉਹ) ਕਾਮਕ੍ਰੀੜਾ ਵਿਚ ਚਤੁਰ ਅਤੇ ਅਨੂਪਮ ਸ਼ੇਰ-ਮਰਦ ਸੀ ॥੧॥
ਚੌਪਈ:
ਉਸ ਦੇ ਸ਼ੁਭ ਕਰਨੀ ਵਾਲੇ ਚਾਰ ਪੁੱਤਰ ਸਨ
ਜੋ ਸ਼ੂਰਵੀਰ ਅਤੇ ਹੰਕਾਰੀ ਸਨ।
(ਰਾਜੇ ਨੇ) ਜੋ ਹੋਰ ਰਾਣੀ ਵਿਆਹ ਲਿਆਂਦੀ,
ਉਹ ਵੀ ਗਰਭਵਤੀ ਹੋ ਕੇ ਪ੍ਰਸੂਤਾ ਹੋਈ ॥੨॥
ਉਸ ਦੇ ਇਕ (ਹੋਰ) ਪੁੱਤਰ ਪੈਦਾ ਹੋਇਆ
ਜਿਸ ਨੂੰ ਰਾਣੀ ਬੀਰ ਮਤੀ ਨੇ ਜਨਮਿਆ।
ਉਸ ਦਾ ਵਿਆਘ੍ਰ ਕੇਤੁ ਨਾਂ ਰਖਿਆ ਗਿਆ।
ਬ੍ਰਾਹਮਣਾਂ ਦੀ ਗ਼ਰੀਬੀ ਖ਼ਤਮ ਕਰ ਦਿੱਤੀ ਗਈ (ਅਰਥਾਤ ਉਨ੍ਹਾਂ ਨੂੰ ਬਹੁਤ ਦਾਨ ਦਿੱਤਾ) ॥੩॥
(ਪਹਿਲੇ) ਚਾਰੇ ਪੁੱਤਰ ਰਾਜ ਦੇ ਅਧਿਕਾਰੀ ਸਨ
(ਉਸ) ਇਸਤਰੀ (ਦੇ ਮਨ ਵਿਚ) ਇਹੀ ਬਹੁਤ ਵੱਡਾ ਦੁਖ ਸੀ।
ਜੇ ਕੋਈ ਉਨ੍ਹਾਂ ਚੌਹਾਂ ਨੂੰ ਮਾਰ ਦੇਵੇ,
ਤਦ ਹੀ ਪੰਜਵਾਂ ਪੁੱਤਰ ਰਾਜ ਪ੍ਰਾਪਤ ਕਰ ਸਕਦਾ ਸੀ ॥੪॥
(ਉਸ ਨੇ) ਵੱਡੇ ਪੁੱਤਰ ਵਲ ਬੰਦਾ ਭੇਜਿਆ
ਅਤੇ ਇਹ ਕਹਿ ਭੇਜਿਆ ਕਿ ਤੈਨੂੰ ਰਾਜੇ ਨੇ ਬੁਲਾਇਆ ਹੈ।
ਜਦ ਰਾਜ ਕੁਮਾਰ ਆ ਗਿਆ
ਤਦ (ਉਸ ਨੂੰ) ਮਾਰ ਕੇ ਕੋਠੜੀ ਵਿਚ ਸੁਟ ਦਿੱਤਾ ॥੫॥
ਇਸੇ ਤਰ੍ਹਾਂ (ਫਿਰ) ਦੂਜੇ ਨੂੰ ਬੁਲਾਇਆ।
ਉਸੇ ਤਲਵਾਰ ਨਾਲ ਉਸ ਨੂੰ ਵੀ ਮਾਰ ਦਿੱਤਾ।
ਇਸੇ ਤਰ੍ਹਾਂ (ਬਾਕੀ) ਦੋਹਾਂ ਨੂੰ ਬੁਲਾ ਕੇ
ਮਾਰ ਦਿੱਤਾ ਅਤੇ ਭੋਰੇ ਵਿਚ ਸੁਟ ਦਿੱਤਾ ॥੬॥
ਦੋਹਰਾ:
ਪਹਿਲਾਂ ਚਾਰ ਪੁੱਤਰਾਂ ਨੂੰ ਮਾਰਿਆ ਅਤੇ ਫਿਰ ਪਤੀ ਨੂੰ ਬੁਲਾ ਲਿਆ।
ਅੱਖਾਂ ਵਿਚੋਂ ਹੰਝੂ ਕੇਰਦੀ ਹੋਈ ਨੇ ਇਸ ਤਰ੍ਹਾਂ ਬੇਨਤੀ ਕੀਤੀ ॥੭॥
ਹੇ ਰਾਜਨ! ਸੁਣੋ, ਤੁਹਾਡੇ ਦੋ ਪੁੱਤਰ ਰਾਜ ਦੀ ਪ੍ਰਾਪਤੀ ਲਈ (ਆਪਸ ਵਿਚ) ਲੜ ਮਰੇ ਹਨ।