ਸ਼੍ਰੀ ਦਸਮ ਗ੍ਰੰਥ

ਅੰਗ - 999


ਤਾ ਪਰ ਏਕ ਤਵਾ ਕੌ ਡਾਰਿਯੋ ॥

ਅਤੇ ਉਸ ਉਤੇ ਇਕ ਤਵਾ (ਢੱਕਣ) ਦੇ ਦਿੱਤਾ।

ਮਖਨੀ ਲੈ ਘੇਇਯਾ ਤਿਹ ਕਰਿਯੋ ॥

ਮੱਖਣ ਦੀ ਪਿੰਨੀ ਲੈ ਕੇ ਉਸ ਨੂੰ ਥਿੰਧਾ ਕਰ ਦਿੱਤਾ।

ਤਪਤ ਮਿਟਾਇ ਤਵਨ ਪਰ ਧਰਿਯੋ ॥੧੪॥

ਤਪਸ਼ ਨੂੰ ਘਟਾ ਕੇ ਉਸ ਉਤੇ ਰਖ ਦਿੱਤਾ ॥੧੪॥

ਦੋਹਰਾ ॥

ਦੋਹਰਾ:

ਤਵਾ ਸੁ ਜਰਿ ਕੈ ਤਾਸੁ ਪੈ ਘੇਇਯਾ ਧਰਿਯੋ ਬਨਾਇ ॥

ਤਵੇ ਨੂੰ ਘਿਓ ਨਾਲ ਥਿੰਦਾ ਕਰ ਕੇ (ਉਸ ਉਤੇ) ਜੜ੍ਹ ਦਿੱਤਾ (ਭਾਵ ਰਖ ਦਿੱਤਾ)।

ਲੀਪਿ ਮ੍ਰਿਤਕਾ ਸੌ ਲਿਯੋ ਦੀਨੀ ਆਗਿ ਜਰਾਇ ॥੧੫॥

ਮਿਟੀ ਨਾਲ ਲਿੰਬ ਕੇ ਅੱਗ ਬਾਲ ਦਿੱਤੀ ॥੧੫॥

ਖੀਰ ਭਰੀ ਜਹ ਦੇਗ ਥੀ ਤਹੀ ਧਰੀ ਲੈ ਸੋਇ ॥

ਜਿਥੇ ਖੀਰ ਦੀ ਭਰੀ ਹੋਈ ਦੇਗ ਪਈ ਸੀ, ਉਸ ਨੂੰ ਵੀ ਉਥੇ ਲਿਆ ਕੇ ਰਖ ਦਿੱਤਾ।

ਦੁਗਧ ਫੇਨ ਸੋ ਜਾਨਿਯੈ ਜਾਰ ਨ ਚੀਨੈ ਕੋਇ ॥੧੬॥

ਉਸ ਨੂੰ ਸਾਰੇ ਦੁੱਧ ਦੀ ਝਗ ਸਮਝਦੇ ਸਨ, (ਉਸ ਨੂੰ) ਕੋਈ ਵੀ ਯਾਰ ਨਹੀਂ ਸਮਝਦਾ ਸੀ ॥੧੬॥

ਚੌਪਈ ॥

ਚੌਪਈ:

ਟਰਿ ਆਵਤ ਰਾਜ ਗੈ ਲੀਨੋ ॥

(ਉਸ ਨੇ) ਅਗੇ ਵੱਧ ਕੇ ਰਾਜੇ ਦਾ ਸੁਆਗਤ ਕੀਤਾ

ਭਾਤਿ ਭਾਤਿ ਸੋ ਆਦਰੁ ਕੀਨੋ ॥

ਅਤੇ ਭਾਂਤ ਭਾਂਤ ਨਾਲ ਆਦਰ ਮਾਣ ਕੀਤਾ।

ਨਏ ਮਹਲ ਜੇ ਹਮੈ ਸਵਾਰੇ ॥

ਜੋ ਨਵੇਂ ਮਹੱਲ ਮੈਂ ਬਣਵਾਏ ਹਨ,

ਤੇ ਤੁਮ ਰਾਇ ਦ੍ਰਿਸਟਿ ਨਹਿ ਡਾਰੇ ॥੧੭॥

ਹੇ ਰਾਜਨ! ਉਨ੍ਹਾਂ ਉਤੇ ਤੁਸੀਂ ਨਜ਼ਰ ਨਹੀਂ ਪਾਈ ॥੧੭॥

ਦੋਹਰਾ ॥

ਦੋਹਰਾ:

ਟਰਿ ਆਗੇ ਪਤਿ ਕੌ ਲਿਯੋ ਰਹੀ ਚਰਨ ਸੌ ਲਾਗਿ ॥

ਅਗੇ ਵੱਧ ਕੇ (ਉਸ ਨੇ) ਪਤੀ ਦਾ ਸੁਆਗਤ ਕੀਤਾ ਅਤੇ ਚਰਨਾਂ ਨਾਲ ਲਿਪਟ ਗਈ।

ਬਹੁਤ ਦਿਨਨ ਆਏ ਨ੍ਰਿਪਤਿ ਧੰਨ੍ਯ ਹਮਾਰੇ ਭਾਗ ॥੧੮॥

(ਅਤੇ ਕਹਿਣ ਲਗੀ) ਹੇ ਰਾਜਨ! ਬਹੁਤ ਦਿਨਾਂ ਬਾਦ ਤੁਸੀਂ ਆਏ ਹੋ, ਸਾਡਾ ਧੰਨ ਭਾਗ ਹੈ ॥੧੮॥

ਚੌਪਈ ॥

ਚੌਪਈ:

ਜੋ ਚਿਤ ਚਿੰਤ ਰਾਵ ਜੂ ਆਯੋ ॥

ਜਿਸ ਗੱਲ ਦੀ ਚਿੰਤਾ ਕਰ ਕੇ ਰਾਜਾ ਆਇਆ ਸੀ,

ਸੋ ਆਗੇ ਤ੍ਰਿਯ ਭਾਖਿ ਸੁਨਾਯੋ ॥

ਉਹ ਰਾਣੀ ਨੂੰ ਦਸ ਦਿੱਤੀ।

ਮੈ ਸਭ ਸਦਨ ਦ੍ਰਿਸਟਿ ਮੈ ਕੈ ਹੌ ॥

ਮੈਂ ਆਪ ਸਾਰਾ ਮਹੱਲ ਵੇਖਾਂਗਾ

ਜਾਰਿ ਪਕਰਿ ਜਮ ਧਾਮ ਪਠੈ ਹੌ ॥੧੯॥

ਅਤੇ ਯਾਰ ਨੂੰ ਪਕੜ ਕੇ ਯਮਲੋਕ ਭੇਜਾਂਗਾ ॥੧੯॥

ਸਕਲ ਸਦਨ ਫਿਰਿ ਨ੍ਰਿਪਹਿ ਦਿਖਾਏ ॥

ਉਸ ਨੇ ਫਿਰ ਕੇ ਸਾਰਾ ਮਹੱਲ ਰਾਜੇ ਨੂੰ ਵਿਖਾ ਦਿੱਤਾ।

ਰਹਿਯੋ ਬਿਲੋਕਿ ਚੋਰ ਨਹਿ ਪਾਏ ॥

ਵੇਖ ਹਟੇ, ਪਰ ਚੋਰ ਨਜ਼ਰ ਨਾ ਪਿਆ।

ਜਹਾ ਦੇਗ ਮੈ ਜਾਰਹਿ ਡਾਰਿਯੋ ॥

ਜਿਥੇ ਦੇਗ ਵਿਚ ਯਾਰ ਨੂੰ ਪਾਇਆ ਹੋਇਆ ਸੀ,

ਤਹੀ ਆਨਿ ਪਤਿ ਕੌ ਬੈਠਾਰਿਯੋ ॥੨੦॥

ਉਥੇ ਆ ਕੇ ਪਤੀ ਨੂੰ ਬਿਠਾ ਦਿੱਤਾ ॥੨੦॥

ਜਬ ਰਾਜਾ ਆਵਤ ਸੁਨਿ ਪਾਏ ॥

(ਅਤੇ ਕਹਿਣ ਲਗੀ) ਜਦ ਮੈਂ ਸੁਣਿਆ ਕਿ ਰਾਜਾ ਜੀ ਆ ਰਹੇ ਹਨ,

ਮੋਦ ਭਯੋ ਮਨ ਸੋਕ ਮਿਟਾਏ ॥

(ਤਾਂ) ਪ੍ਰਸੰਨ ਹੋ ਗਈ ਅਤੇ ਦੁਖ ਮਿਟ ਗਿਆ।

ਯਹ ਸਭ ਖਾਨ ਪਕ੍ਵਾਏ ਤਬ ਹੀ ॥

ਤਦ ਹੀ ਮੈਂ ਇਹ ਭੋਜਨ ਤਿਆਰ ਕਰਵਾਏ ਹਨ,

ਭੇਟਤ ਸੁਨੇ ਪਿਯਾਰੇ ਜਬ ਹੀ ॥੨੧॥

ਜਦੋਂ ਇਹ ਸੁਣਿਆ ਕਿ ਤੁਸੀਂ ਮਿਲਣ ਆਏ ਹੋ ॥੨੧॥

ਤਵਨ ਦੇਗ ਕੋ ਢਾਪਨੁਤਾਰਿਯੋ ॥

ਉਸ ਦੇਗ ਦਾ ਢੱਕਣ ਉਤਾਰਿਆ

ਪ੍ਰਥਮ ਦੂਧ ਪ੍ਯਾਰੇ ਕੋ ਪ੍ਰਯਾਰਿਯੋ ॥

ਅਤੇ ਪਹਿਲਾਂ ਆਪਣੇ ਪਿਆਰੇ (ਰਾਜੇ) ਨੂੰ ਦੁੱਧ ਪਿਲਾਇਆ।

ਬਹੁਰਿ ਬਾਟਿ ਲੋਗਨ ਕੌ ਦੀਨੋ ॥

ਫਿਰ ਲੋਕਾਂ ਵਿਚ ਵੰਡ ਦਿੱਤਾ,

ਮੂਰਖ ਰਾਵ ਭੇਦ ਨਹਿ ਚੀਨੋ ॥੨੨॥

ਪਰ ਮੂਰਖ ਰਾਜੇ ਨੇ ਭੇਦ ਨੂੰ ਨਹੀਂ ਪਾਇਆ ॥੨੨॥

ਏਕ ਦੇਗ ਅਤਿਥਾਨ ਪਠਾਈ ॥

ਇਕ ਦੇਗ ਜੋਗੀਆਂ ਵਲ ਭੇਜ ਦਿੱਤੀ

ਦੂਜੀ ਬੈਰਾਗਿਨ ਕੇ ਦ੍ਰਯਾਈ ॥

ਅਤੇ ਦੂਜੀ ਬੈਰਾਗੀਆਂ ਨੂੰ ਦੇ ਦਿੱਤੀ।

ਤੀਜੀ ਦੇਗ ਸੰਨ੍ਯਾਸਨ ਦਈ ॥

ਤੀਜੀ ਦੇਗ ਸੰਨਿਆਸੀਆਂ ਨੂੰ ਭੇਜੀ

ਚੌਥੀ ਬ੍ਰਹਮਚਾਰਿਯਨ ਲਈ ॥੨੩॥

ਅਤੇ ਚੌਥੀ ਬ੍ਰਹਮਚਾਰੀਆਂ ਨੇ ਲਈ ॥੨੩॥

ਪੰਚਈ ਦੇਗ ਚਾਕਰਨ ਦੀਨੀ ॥

ਪੰਜਵੀਂ ਦੇਗ ਨੌਕਰਾਂ ਨੂੰ ਦਿੱਤੀ

ਛਟਈ ਦੇਗ ਪਿਯਾਦਨ ਲੀਨੀ ॥

ਅਤੇ ਛੇਵੀਂ ਦੇਗ ਪਿਆਦਿਆਂ (ਸਿਪਾਹੀਆਂ) ਨੇ ਲਈ।

ਦੇਗ ਸਪਤਈ ਤਾਹਿ ਡਰਾਯੋ ॥

ਸੱਤਵੀਂ ਦੇਗ ਵਿਚ ਉਸ ਨੂੰ ਪਾਇਆ।

ਸਖੀ ਸੰਗ ਦੈ ਘਰੁ ਪਹਚਾਯੋ ॥੨੪॥

ਸਖੀ ਨੂੰ ਨਾਲ ਭੇਜ ਕੇ ਘਰ ਪਹੁੰਚਾਇਆ ॥੨੪॥

ਦੇਖਤ ਨ੍ਰਿਪ ਕੇ ਜਾਰ ਨਿਕਾਰਿਯੋ ॥

ਰਾਜੇ ਦੇ ਵੇਖਦਿਆਂ ਵੇਖਦਿਆਂ (ਉਥੋਂ) ਯਾਰ ਨੂੰ ਕਢ ਦਿੱਤਾ,

ਮੂੜ ਰਾਵ ਕਛੁ ਸੋ ਨ ਬਿਚਾਰਿਯੋ ॥

ਪਰ ਮੂਰਖ ਰਾਜਾ ਇਸ ਬਾਰੇ ਕੁਝ ਵੀ ਸਮਝ ਨਾ ਸਕਿਆ।

ਅਧਿਕ ਚਿਤ ਰਾਨੀ ਮੈ ਦੀਨੌ ॥

(ਉਹ) ਰਾਣੀ ਵਿਚ ਹੋਰ ਜ਼ਿਆਦਾ ਰੁਚੀ ਲੈਣ ਲਗਾ,

ਮੋਰੈ ਹਿਤਨ ਬਧਾਵੌ ਕੀਨੌ ॥੨੫॥

(ਕਿਉਂਕਿ) ਉਸ ਨੇ ਮੇਰੇ ਲਈ ਮੰਗਲ-ਕਾਰਜ ਕੀਤਾ ਹੈ (ਅਰਥਾਤ ਖੁਸ਼ੀ ਮਨਾਈ ਹੈ) ॥੨੫॥

ਦੋਹਰਾ ॥

ਦੋਹਰਾ:

ਮੁਖੁ ਦਿਸਿ ਜੜ ਦੇਖਤ ਰਹਿਯੋ ਤ੍ਰਿਯ ਸੋ ਨੇਹੁਪਜਾਇ ॥

ਉਹ ਮੂਰਖ (ਰਾਜਾ) ਪਿਆਰ ਵਧਾ ਕੇ ਰਾਣੀ ਦੇ ਮੂੰਹ ਵਲ ਵੇਖਦਾ ਰਿਹਾ।

ਦੇਗ ਡਾਰਿ ਰਾਨੀ ਤੁਰਤ ਜਾਰਹਿ ਦਯੋ ਲੰਘਾਇ ॥੨੬॥

(ਯਾਰ ਨੂੰ) ਦੇਗ ਵਿਚ ਪਾ ਕੇ ਰਾਣੀ ਨੇ ਯਾਰ ਨੂੰ ਬਾਹਰ ਕਢ ਦਿੱਤਾ ॥੨੬॥