ਸ਼੍ਰੀ ਦਸਮ ਗ੍ਰੰਥ

ਅੰਗ - 1278


ਅਚਲ ਦੇਇ ਤਾ ਕੇ ਘਰ ਰਾਨੀ ॥

ਅਚਲ ਦੇਈ ਨਾਂ ਦੀ ਉਸ ਦੇ ਘਰ ਰਾਣੀ ਸੀ।

ਸੁੰਦਰਿ ਭਵਨ ਚਤ੍ਰਦਸ ਜਾਨੀ ॥੧॥

ਉਹ ਚੌਦਾਂ ਲੋਕਾਂ ਵਿਚ ਸੁੰਦਰ ਸਮਝੀ ਜਾਂਦੀ ਸੀ ॥੧॥

ਅਚਲ ਮਤੀ ਦੂਸਰ ਤਿਹ ਦਾਰਾ ॥

ਅਚਲ ਮਤੀ ਉਸ ਦੀ ਦੂਜੀ ਰਾਣੀ ਸੀ।

ਤਾ ਤੇ ਸੁੰਦਰਿ ਹੁਤੀ ਅਪਾਰਾ ॥

ਜੋ ਉਸ (ਪਹਿਲੀ) ਨਾਲੋਂ ਅਧਿਕ ਸੁੰਦਰ ਸੀ।

ਤਾ ਸੌ ਨ੍ਰਿਪ ਕੋ ਨੇਹ ਅਪਾਰਾ ॥

ਉਸ ਨਾਲ ਰਾਜੇ ਨੂੰ ਬਹੁਤ ਅਧਿਕ ਪ੍ਰੇਮ ਸੀ।

ਜਾਨਤ ਊਚ ਨੀਚ ਤਿਹ ਪ੍ਯਾਰਾ ॥੨॥

ਉਨ੍ਹਾਂ ਦੇ ਪ੍ਰੇਮ ਨੂੰ ਅਮੀਰ ਗ਼ਰੀਬ ਸਭ ਸਮਝਦੇ ਸਨ ॥੨॥

ਦੁਤਿਯ ਨਾਰਿ ਅਸ ਚਰਿਤ ਬਿਚਾਰਿਯੋ ॥

ਦੂਜੀ (ਭਾਵ ਪਹਿਲੇ ਵਾਲੀ) ਰਾਣੀ ਨੇ ਇਹ ਚਰਿਤ੍ਰ ਕਰਨਾ ਵਿਚਾਰਿਆ

ਏਕ ਨਾਰਿ ਕੇ ਸਾਥ ਸਿਖਾਰਿਯੋ ॥

ਅਤੇ ਇਕ ਇਸਤਰੀ ਨੂੰ ਮਿਲ ਕੇ ਸਿਖਾਇਆ।

ਤਾ ਕੋ ਭਰਿਯੋ ਦਰਬ ਸੌ ਧਾਮਾ ॥

ਉਸ ਦਾ ਘਰ ਧਨ ਨਾਲ ਭਰ ਦਿੱਤਾ।

ਜਾਨਤ ਅਵਰ ਨ ਦੂਜੀ ਬਾਮਾ ॥੩॥

ਇਸ ਦਾ ਦੂਜੀ ਰਾਣੀ ਨੂੰ ਪਤਾ ਨਾ ਲਗਿਆ ॥੩॥

ਜਬ ਸਭ ਅਰਧ ਰਾਤ੍ਰਿ ਸ੍ਵੈ ਜਾਹਿ ॥

(ਰਾਣੀ ਨੇ ਉਸ ਇਸਤਰੀ ਨੂੰ ਸਿਖਾਇਆ) ਜਦ ਅੱਧੀ ਰਾਤ ਵੇਲੇ ਸਾਰੇ ਸੌਂ ਜਾਣ

ਜਾਗਤ ਰਹੈ ਏਕ ਜਨ ਨਾਹਿ ॥

ਅਤੇ ਇਕ ਵਿਅਕਤੀ ਵੀ ਜਾਗਦਾ ਹੋਇਆ ਨਾ ਰਹੇ।

ਦੀਪ ਜਰਿਯੋ ਧੌਲਰ ਜਬ ਲਹਿਯਹੁ ॥

ਜਦ ਮਹੱਲ ਉਤੇ ਦੀਵਾ ਬਲਦਾ ਹੋਇਆ ਵੇਖੇਂ

ਤਬ ਤੁਮ ਅਸ ਰਾਜਾ ਸੌ ਕਹਿਯਹੁ ॥੪॥

ਤਾਂ ਰਾਜੇ ਕੋਲ ਇਸ ਤਰ੍ਹਾਂ ਕਹੀਂ ॥੪॥

ਮਾਯਾ ਗਡੀ ਮੋਹਿ ਨ੍ਰਿਪ ਜਾਨੋ ॥

ਹੇ ਰਾਜਨ! ਤੁਸੀਂ ਮੈਨੂੰ (ਧਰਤੀ ਵਿਚ) ਗਡੀ ਹੋਈ ਮਾਇਆ ਸਮਝੋ।

ਏਕ ਬਾਤ ਮੈ ਤੁਮੈ ਬਖਾਨੋ ॥

ਇਕ ਗੱਲ ਮੈਂ ਤੁਹਾਨੂੰ ਕਹਾਂ

ਅਛਲਾ ਦੇ ਤ੍ਰਿਯ ਕੌ ਬਲਿ ਦੈ ਕੈ ॥

ਕਿ ਅਚਲਾ ਦੇਈ ਇਸਤਰੀ ਦੀ ਬਲੀ ਦੇ ਕੇ

ਗ੍ਰਿਹ ਲੈ ਜਾਹਿ ਕਾਢਿ ਮੁਹਿ ਲੈ ਕੈ ॥੫॥

ਅਤੇ ਮੈਨੂੰ (ਦਬੇ ਹੋਏ ਧਨ ਨੂੰ) ਕਢ ਕੇ ਘਰ ਲੈ ਜਾਓ ॥੫॥

ਅਛਲਾ ਦੇ ਜਬ ਹੀ ਸੁਨਿ ਪਾਯੋ ॥

ਅਛਲਾ ਦੇਈ ਨੇ ਜਦ ਇਹ ਸੁਣਿਆ,

ਉਲਟਿ ਭੇਦ ਤਿਹ ਤ੍ਰਿਯਹਿ ਸਿਖਾਯੋ ॥

ਤਾਂ ਉਸ ਇਸਤਰੀ (ਨੂੰ ਬੁਲਾ ਕੇ) ਉਲਟੀ ਗੱਲ ਸਮਝਾ ਦਿੱਤੀ।

ਏਕ ਬਾਤ ਮਾਗੇ ਮੁਹਿ ਦੇਹੁ ॥

ਇਕ ਬਚਨ ਮੰਗਦੀ ਹਾਂ, ਮੈਨੂੰ ਦੇ।

ਨ੍ਰਿਪ ਪਹਿ ਨਾਮ ਤਿਸੀ ਕਾ ਲੇਹੁ ॥੬॥

ਰਾਜੇ ਕੋਲ (ਮੇਰੀ ਥਾਂ ਤੇ) ਉਸ ਦਾ ਨਾਂ ਲੈ ॥੬॥

ਪ੍ਰਥਮੈ ਅਧਿਕ ਦਰਬੁ ਤਿਹ ਦਿਯਾ ॥

ਪਹਿਲੀ (ਰਾਣੀ ਨੇ) ਉਸ ਨੂੰ ਬਹੁਤ ਧਨ ਦਿੱਤਾ ਸੀ,

ਦੁਗਨੋ ਦਰਬ ਦੇਨ ਤਿਹ ਕਿਯਾ ॥

ਪਰ ਇਸ ਨੇ ਦੁਗਣਾ ਧਨ ਦੇਣਾ ਕੀਤਾ।

ਤਿਨ ਸਹੇਟ ਉਤ ਦੀਪ ਜਗਾਯੋ ॥

ਉਸ ਨੇ ਮਿਥੇ ਹੋਏ ਸਥਾਨ ਉਤੇ ਦੀਵਾ ਜਗਾਇਆ

ਇਤਿ ਇਸਤ੍ਰੀ ਇਮਿ ਭਾਖਿ ਸੁਨਾਯੋ ॥੭॥

ਅਤੇ ਇਧਰ ਇਸਤਰੀ ਨੇ ਉੱਚੀ ਆਵਾਜ਼ ਵਿਚ ਕਿਹਾ ॥੭॥

ਹੇ ਨ੍ਰਿਪ ਮੁਹਿ ਮਾਯਾ ਤੁਮ ਜਾਨੋ ॥

ਹੇ ਰਾਜਨ! ਤੁਸੀਂ ਮੈਨੂੰ ਮਾਇਆ ਜਾਣੋ।

ਬਿਕਟ ਕੇਤੁ ਕੀ ਗਡੀ ਪਛਾਨੋ ॥

ਬਿਕਟ ਕੇਤੁ (ਰਾਜੇ) ਦੀ ਦਬੀ ਹੋਈ ਸਮਝੋ।

ਅਪਨੀ ਇਸਤ੍ਰੀ ਕਹ ਬਲਿ ਦੈ ਕੈ ॥

ਆਪਣੀ ਇਸਤਰੀ ਦੀ ਬਲੀ ਦੇ ਕੇ

ਯਾ ਤੇ ਭਖਹੁ ਕਾਢਿ ਧਨ ਲੈ ਕੈ ॥੮॥

ਅਤੇ ਇਥੋਂ ਧਨ ਕਢ ਕੇ ਲੈ ਜਾਓ ਅਤੇ ਵਰਤੋ ॥੮॥

ਰਾਨੀ ਸਾਥ ਜਹਾ ਨ੍ਰਿਪ ਸੋਯੋ ॥

ਰਾਣੀ ਨਾਲ ਜਿਥੇ ਰਾਜਾ ਸੁਤਾ ਪਿਆ ਸੀ,

ਅਰਧਿਕ ਰਾਤ੍ਰਿ ਬਚਨ ਤਹ ਹੋਯੋ ॥

ਉਥੇ ਅੱਧੀ ਰਾਤ ਨੂੰ ਇਕ ਆਵਾਜ਼ ਹੋਈ।

ਮੁਹਿ ਮਾਯਾ ਕੌ ਘਰ ਹੀ ਰਾਖਹੁ ॥

ਮੈਨੂੰ ਮਾਇਆ ਨੂੰ ਆਪਣੇ ਘਰ ਵਿਚ ਹੀ ਰਖੋ

ਇਸਤ੍ਰੀ ਦੈ ਅਪਨੀ ਬਲਿ ਭਾਖਹੁ ॥੯॥

ਅਤੇ ਆਪਣੀ ਇਸਤਰੀ ਦੀ ਬਲੀ ਦੇ ਕੇ (ਮੈਨੂੰ) ਵਰਤੋ ॥੯॥

ਜਿਨ ਇਸਤ੍ਰੀ ਇਹ ਚਰਿਤ ਬਨਾਯੋ ॥

ਜਿਸ ਇਸਤਰੀ (ਰਾਣੀ) ਨੇ ਇਹ ਚਰਿਤ੍ਰ ਰਚਿਆ ਸੀ,

ਤਾ ਹੀ ਕੋ ਨ੍ਰਿਪ ਨਾਮ ਸੁਨਾਯੋ ॥

ਰਾਜੇ ਨੂੰ ਉਸੇ ਦਾ ਨਾਂ ਕਹਿ ਸੁਣਾਇਆ।

ਰਾਜਾ ਲੋਭ ਦਰਬ ਕੇ ਮਾਰੇ ॥

ਰਾਜੇ ਨੇ ਧਨ ਦੇ ਲਾਲਚ ਵਿਚ,

ਤਿਸੀ ਨਾਰਿ ਕਹ ਬਲਿ ਦੈ ਡਾਰੇ ॥੧੦॥

ਉਸ ਇਸਤਰੀ ਦੀ ਬਲੀ ਦੇ ਦਿੱਤੀ ॥੧੦॥

ਜਿਨਹੁ ਨਾਰਿ ਕੌ ਮਤੋ ਸਿਖਾਯੋ ॥

ਜਿਸ ਨੇ ਇਸਤਰੀ (ਦਾਸੀ) ਨੂੰ ਭੇਦ ਸਿਖਾਇਆ ਸੀ,

ਪਲਟਿ ਕਾਮ ਤਾਹੀ ਕੇ ਆਯੋ ॥

ਉਹ ਚਰਿਤ੍ਰ ਪਲਟ ਕੇ ਉਸ ਦੇ ਹੀ ਕੰਮ ਆਇਆ।

ਉਨ ਤ੍ਰਿਯ ਦਰਬ ਤਾਹਿ ਬਹੁ ਦ੍ਰਯਾਇ ॥

ਉਸ ਇਸਤਰੀ ਨੇ ਉਸ (ਦਾਸੀ) ਨੂੰ ਬਹੁਤ ਧਨ ਦਿੱਤਾ

ਨਾਰਿ ਤਿਸੀ ਕੌ ਹਨ੍ਯੌ ਬਨਾਇ ॥੧੧॥

ਪਰ ਉਸ ਇਸਤਰੀ ਨੇ ਉਸੇ ਨੂੰ ਮਾਰ ਦਿੱਤਾ ॥੧੧॥

ਬੁਰੀ ਬਾਤ ਜੋ ਕੋਈ ਬਨਾਵੈ ॥

ਜੇ ਕੋਈ ਮਾੜਾ ਕੰਮ ਕਰਦਾ ਹੈ,

ਉਲਟਿ ਕਾਮ ਤਾਹੀ ਕੇ ਆਵੈ ॥

ਉਹ ਉਲਟਾ ਉਸੇ ਦੇ ਸਿਰ ਪੈਂਦਾ ਹੈ।

ਜੈਸਾ ਕਿਯੋ ਤੈਸ ਫਲ ਪਾਯੋ ॥

ਜਿਹੋ ਜਿਹਾ (ਉਸ ਰਾਣੀ ਨੇ) ਕੀਤਾ ਸੀ, ਉਹੋ ਜਿਹਾ ਫਲ ਪਾ ਲਿਆ।

ਤਾਹਿ ਹਨਤ ਥੀ ਆਪੁ ਹਨਾਯੋ ॥੧੨॥

ਉਸ (ਦੂਜੀ ਰਾਣੀ) ਨੂੰ ਮਾਰਨਾ ਚਾਹੁੰਦੀ ਸੀ, ਪਰ ਆਪ ਹੀ ਮਾਰੀ ਗਈ ॥੧੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤਾਈਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨੭॥੬੧੬੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੨੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੨੭॥੬੧੬੪॥ ਚਲਦਾ॥

ਚੌਪਈ ॥

ਚੌਪਈ:


Flag Counter