ਸ਼੍ਰੀ ਦਸਮ ਗ੍ਰੰਥ

ਅੰਗ - 1162


ਅਜਿਤ ਮੰਜਰੀ ਗ੍ਰਿਹ ਜਾ ਕੇ ਤ੍ਰਿਯ ॥

ਉਸ ਦੇ ਘਰ ਅਜਿਤ ਮੰਜਰੀ ਨਾਂ ਦੀ ਇਸਤਰੀ ਸੀ

ਮਨ ਕ੍ਰਮ ਬਚ ਜਿਨ ਬਸਿ ਕੀਨਾ ਪਿਯ ॥੧॥

ਜਿਸ ਨੇ ਮਨ, ਬਚਨ ਅਤੇ ਕਰਮ ਕਰ ਕੇ ਪਤੀ ਨੂੰ ਵਸ ਵਿਚ ਕੀਤਾ ਹੋਇਆ ਸੀ ॥੧॥

ਭੁਜੰਗ ਮਤੀ ਤਾ ਕੀ ਦੁਹਿਤਾ ਇਕ ॥

ਉਸ ਦੀ ਭੁਜੰਗ ਮਤੀ ਨਾਂ ਦੀ ਇਕ ਲੜਕੀ ਸੀ।

ਪੜੀ ਕੋਕ ਬ੍ਯਾਕਰਨ ਸਾਸਤ੍ਰਨਿਕ ॥

ਜੋ ਕੋਕ ਵਿਦਿਆ, ਵਿਆਕਰਣ ਅਤੇ ਸ਼ਾਸਤ੍ਰ ਪੜ੍ਹੀ ਹੋਈ ਸੀ।

ਭਾਗਵਾਨ ਸੁੰਦਰਿ ਅਤਿ ਗੁਨੀ ॥

ਉਹ ਬੜੀ ਭਾਗਵਾਨ, ਸੁੰਦਰ ਅਤੇ ਗੁਣਵਾਨ ਸੀ।

ਜਾ ਸਮ ਲਖੀ ਨ ਕਾਨਨ ਸੁਨੀ ॥੨॥

ਉਸ ਵਰਗੀ ਨਾ ਕੋਈ ਵੇਖੀ ਸੀ ਅਤੇ ਨਾ ਹੀ ਕੰਨਾਂ ਨਾਲ ਸੁਣੀ ਹੈ ॥੨॥

ਸਾਹ ਪੁਤ੍ਰ ਬ੍ਰਿਖਭ ਧੁਜਿ ਇਕ ਤਹਿ ॥

ਉਥੇ ਬ੍ਰਿਖਭ ਧੁਜਿ ਨਾਂ ਦਾ ਇਕ ਸ਼ਾਹ ਦਾ ਪੁੱਤਰ (ਰਹਿੰਦਾ) ਸੀ।

ਰੂਪ ਸੀਲ ਸੁਚਿ ਬ੍ਰਤਤਾ ਜਾ ਮਹਿ ॥

ਉਹ ਰੂਪ, ਸ਼ੀਲ ਅਤੇ ਪਵਿਤ੍ਰਤਾ ਦੀ ਬਿਰਤੀ ਵਾਲਾ ਸੀ।

ਤੇਜਮਾਨ ਬਲਵਾਨ ਬਿਕਟ ਮਤਿ ॥

ਉਹ ਬਹੁਤ ਤੇਜ ਵਾਲਾ, ਬਲਵਾਨ ਅਤੇ ਵਿਕਟ ਬੁੱਧੀ ਵਾਲਾ ਸੀ।

ਅਲਖ ਕਰਮ ਲਖਿ ਤਾਹਿ ਰਿਸ੍ਰਯੋ ਰਤਿ ॥੩॥

ਉਸ ਦੇ ਅਦ੍ਰਿਸ਼ ਕਰਮਾਂ ਨੂੰ ਵੇਖ ਕੇ ਰਤੀ ਗੁੱਸਾ ਕਰਦੀ ਹੈ (ਕਿ ਇਸ ਦੇ ਗੁਣ ਮੇਰੇ ਪਤੀ ਕਾਮ ਦੇਵ ਤੋਂ ਵੱਧ ਕਿਉਂ ਹਨ) ॥੩॥

ਵਹੈ ਕੁਅਰ ਨ੍ਰਿਪ ਸੁਤਾ ਨਿਹਾਰਾ ॥

ਉਸ ਕੁੰਵਰ ਨੂੰ ਰਾਜੇ ਦੀ ਧੀ ਨੇ ਵੇਖਿਆ

ਸੂਰਬੀਰ ਬਲਵਾਨ ਬਿਚਾਰਾ ॥

ਅਤੇ (ਮਨ ਵਿਚ) ਸੋਚ ਕੀਤੀ ਕਿ ਇਹ ਬਲਵਾਨ ਅਤੇ ਸ਼ੂਰਵੀਰ ਹੈ।

ਹਿਤੂ ਸਹਚਰਿ ਇਕ ਨਿਕਟਿ ਬੁਲਾਇਸਿ ॥

(ਉਸ ਨੇ) ਇਕ ਹਿਤੈਸ਼ੀ ਦਾਸੀ ਨੂੰ ਕੋਲ ਬੁਲਾਇਆ

ਭੇਦ ਭਾਖਿ ਤਿਹ ਤੀਰ ਪਠਾਇਸਿ ॥੪॥

(ਅਤੇ ਉਸ ਨੂੰ) ਭੇਦ ਦੀ ਸਾਰੀ ਗੱਲ ਦਸ ਕੇ ਉਸ ਕੋਲ ਭੇਜਿਆ ॥੪॥

ਅੜਿਲ ॥

ਅੜਿਲ:

ਪਵਨ ਭੇਸ ਕਰਿ ਸਖੀ ਤਹਾ ਤੁਮ ਜਾਇਯਹੁ ॥

(ਰਾਜ ਕੁਮਾਰੀ ਨੇ ਕਿਹਾ) ਹੇ ਸਖੀ! ਤੂੰ ਪੌਣ ਦਾ ਰੂਪ ਧਾਰ ਕੇ ਉਥੇ ਜਾ

ਭਾਤਿ ਭਾਤਿ ਕਰਿ ਬਿਨਤੀ ਤਾਹਿ ਰਿਝਾਇਯਹੁ ॥

ਅਤੇ ਤਰ੍ਹਾਂ ਤਰ੍ਹਾਂ ਦੀਆਂ ਬੇਨਤੀਆਂ ਕਰ ਕੇ ਉਸ ਨੂੰ ਪ੍ਰਸੰਨ ਕਰ।

ਕੈ ਅਬ ਹੀ ਤੈ ਹਮਰੀ ਆਸ ਨ ਕੀਜਿਯੈ ॥

ਜਾਂ ਹੁਣ ਤੋਂ ਹੀ ਤੂੰ ਮੇਰੀ ਆਸ ਛਡ ਦੇ,

ਹੋ ਨਾਤਰ ਮੋਹਿ ਮਿਲਾਇ ਸਜਨ ਕੌ ਦੀਜਿਯੈ ॥੫॥

ਨਹੀਂ ਤਾਂ ਮੈਨੂੰ ਸੱਜਣ ਮਿਲਾ ਦੇ ॥੫॥

ਪਵਨ ਭੇਸ ਹ੍ਵੈ ਸਖੀ ਤਹਾ ਤੇ ਤਹ ਗਈ ॥

ਪੌਣ ਦਾ ਰੂਪ ਹੋ ਕੇ ਸਖੀ ਉਥੋਂ ਤੋਂ ਉਥੇ ਗਈ।

ਭਾਤਿ ਅਨੇਕ ਪ੍ਰਬੋਧ ਕਰਤ ਤਾ ਕੌ ਭਈ ॥

ਉਸ ਨੂੰ ਕਈ ਪ੍ਰਕਾਰ ਨਾਲ ਸਮਝਾਇਆ।

ਉਤਿਮ ਭੇਸ ਸੁ ਧਾਰ ਲ੍ਯਾਈ ਤਿਹ ਤਹਾ ॥

ਉਸ ਨੂੰ ਸੁੰਦਰ ਬਸਤ੍ਰ ਪਵਾ ਕੇ ਉਥੇ ਲੈ ਆਈ

ਹੋ ਭੁਜੰਗ ਮਤੀ ਨ੍ਰਿਪ ਸੁਤਾ ਬਹਿਠੀ ਥੀ ਜਹਾ ॥੬॥

ਜਿਥੇ ਰਾਜ ਕੁਮਾਰੀ ਭੁਜੰਗ ਮਤੀ ਬੈਠੀ ਹੋਈ ਸੀ ॥੬॥

ਉਠਿ ਸੁ ਕੁਅਰਿ ਤਿਨ ਲੀਨ ਗਰੇ ਸੌ ਲਾਇ ਕਰਿ ॥

(ਰਾਜ ਕੁਮਾਰੀ ਨੇ) ਉਠ ਕੇ ਉਸ ਨੂੰ ਗਲੇ ਨਾਲ ਲਗਾ ਲਿਆ

ਅਲਿੰਗਨ ਕਰਿ ਚੁੰਬਨ ਹਰਖ ਉਪਜਾਇ ਕਰਿ ॥

ਅਤੇ ਪ੍ਰਸੰਨਤਾ ਪੂਰਵਕ ਆਲਿੰਗਨ ਕੀਤਾ ਅਤੇ ਚੁੰਬਨ ਲਏ।

ਭਾਤਿ ਭਾਤਿ ਤਿਹ ਭਜਾ ਪਰਮ ਰੁਚਿ ਮਾਨਿ ਕੈ ॥

ਤਰ੍ਹਾਂ ਤਰ੍ਹਾਂ ਨਾਲ ਰੁਚੀ ਪੂਰਵਕ ਉਸ ਨਾਲ ਸੰਯੋਗ ਕੀਤਾ।

ਹੋ ਪ੍ਰਾਨਨ ਤੇ ਪ੍ਯਾਰੋ ਸਜਨ ਪਹਿਚਾਨਿ ਕੈ ॥੭॥

(ਅਤੇ ਉਸ ਨੂੰ) ਪ੍ਰਾਣਾਂ ਤੋਂ ਪਿਆਰਾ ਸੱਜਣ ਸਮਝਿਆ ॥੭॥

ਦੋਹਰਾ ॥

ਦੋਹਰਾ:

ਭਾਤਿ ਭਾਤਿ ਤਰੁਨੀ ਤਰਨ ਭਰਿਯੋ ਪਰਮ ਸੁਖ ਪਾਇ ॥

(ਉਹ) ਨੌਜਵਾਨ ਅਤੇ ਮੁਟਿਆਰ ਭਾਂਤ ਭਾਂਤ ਦੇ ਸੁਖ ਨਾਲ ਭਰੇ ਪੂਰੇ ਗਏ ਸਨ।

ਇਹੀ ਬਿਖੈ ਤਾ ਕੋ ਪਿਤਾ ਤਹੀ ਨਿਕਸਿਯੋ ਆਇ ॥੮॥

ਇਸੇ ਦੌਰਾਨ ਉਸ ਦਾ ਪਿਤਾ ਉਥੇ ਆ ਨਿਕਲਿਆ ॥੮॥

ਚੌਪਈ ॥

ਚੌਪਈ:

ਪਿਤੁ ਆਵਤ ਅੰਚਰ ਮੁਖ ਡਰਾ ॥

ਪਿਤਾ ਦੇ ਆਣ ਤੇ (ਉਸ ਨੇ) ਮੂੰਹ ਤੇ ਪੱਲਾ ਲੈ ਲਿਆ

ਲਾਗਿ ਗਰੇ ਰੋਦਨ ਬਹੁ ਕਰਾ ॥

ਅਤੇ ਗਲੇ ਨਾਲ ਲਗ ਕੇ ਬਹੁਤ ਰੋਣਾ ਧੋਣਾ ਕੀਤਾ।

ਕਹਿਯੋ ਦਰਸੁ ਬਹੁ ਦਿਨ ਮੋ ਪਾਯੋ ॥

ਕਹਿਣ ਲਗੀ ਕਿ ਮੈਂ (ਤੁਹਾਡਾ) ਦੀਦਾਰ ਬਹੁਤ ਦਿਨਾਂ ਬਾਦ ਪ੍ਰਾਪਤ ਕੀਤਾ ਹੈ।

ਤਾ ਤੇ ਮੋਰ ਉਮਗਿ ਹਿਯ ਆਯੋ ॥੯॥

ਇਸ ਲਈ ਮੇਰਾ ਹਿਰਦਾ (ਰੋਣ ਲਈ) ਉਛਲ ਪਿਆ ਹੈ ॥੯॥

ਜਬ ਤੇ ਮੈ ਸਸੁਰਾਰ ਸਿਧਾਈ ॥

ਜਿਸ ਦਿਨ ਦੀ ਮੈਂ ਸੌਹਰੇ ਗਈ ਸਾਂ

ਤਹ ਤੇ ਜਾਇ ਬਹੁਰਿ ਘਰ ਆਈ ॥

ਅਤੇ ਉਥੇ ਜਾ ਕੇ ਫਿਰ ਘਰ ਆਈ ਹਾਂ।

ਤਬ ਤੇ ਅਬ ਮੈ ਤਾਤ ਨਿਹਾਰਾ ॥

ਤਦ ਤੋਂ ਮੈਂ ਅਜ ਪਿਤਾ ਨੂੰ ਵੇਖਿਆ ਹੈ,

ਤਾ ਤੇ ਉਪਜਾ ਮੋਹ ਅਪਾਰਾ ॥੧੦॥

ਇਸ ਲਈ ਬਹੁਤ ਅਧਿਕ ਮੋਹ ਉਪਜ ਪਿਆ ਹੈ ॥੧੦॥

ਅਜਿਤ ਸਿੰਘ ਜਬ ਯੌ ਸੁਨਿ ਲਯੋ ॥

ਜਦ (ਰਾਜਾ) ਅਜੀਤ ਸਿੰਘ ਨੇ ਇਸ ਤਰ੍ਹਾਂ ਸੁਣ ਲਿਆ,

ਰੋਦਨ ਕਰਤ ਗਰੇ ਮਿਲਿ ਭਯੋ ॥

ਤਾਂ ਰੋਂਦਾ ਹੋਇਆ ਗਲ ਨਾਲ ਲਗ ਗਿਆ।

ਤਬ ਤਿਹ ਘਾਤ ਭਲੀ ਕਰ ਆਈ ॥

ਤਦ ਇਹ ਚੰਗਾ ਮੌਕਾ ਲਗ ਗਿਆ

ਸਖੀ ਦਯੋ ਗ੍ਰਿਹ ਮੀਤ ਪਠਾਈ ॥੧੧॥

ਅਤੇ ਸਖੀ ਨੇ ਮਿਤਰ ਨੂੰ ਘਰ ਭੇਜ ਦਿੱਤਾ ॥੧੧॥

ਦੋਹਰਾ ॥

ਦੋਹਰਾ:

ਪਿਤੁ ਕੇ ਅੰਚਰ ਡਾਰਿ ਸਿਰ ਆਂਖੈ ਲਈ ਦੁਰਾਇ ॥

ਪਿਤਾ ਦੇ ਸਿਰ ਉਤੇ ਪੱਲਾ ਸੁਟ ਕੇ (ਉਸ ਦੀਆਂ) ਅੱਖਾਂ ਲੁਕਾ ਲਈਆਂ।

ਮੋਹਿਤ ਭਯੋ ਰੋਵਤ ਰਹਿਯੋ ਮੀਤ ਦਿਯਾ ਪਹੁਚਾਇ ॥੧੨॥

(ਪਿਤਾ) ਮੋਹਿਤ ਹੋ ਕੇ ਰੋਂਦਾ ਰਿਹਾ (ਅਤੇ ਇਧਰ ਮੌਕਾ ਪਾ ਕੇ) ਮਿਤਰ ਨੂੰ ਘਰ ਪਹੁੰਚਾ ਦਿੱਤਾ ॥੧੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪਚਾਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੦॥੪੭੦੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੫੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੫੦॥੪੭੦੮॥ ਚਲਦਾ॥

ਚੌਪਈ ॥

ਚੌਪਈ:


Flag Counter