ਸਾਰੇ ਸੂਰਮੇ ਤ੍ਰਿਸ਼ੂਲ ਅਤੇ ਸੈਹਥੀਆਂ ਲੈ ਕੇ ਦੌੜੇ।
ਬਹੁਤ ਕ੍ਰੋਧਵਾਨ ਹੋ ਕੇ ਤੇਜ਼ ਘੋੜਿਆਂ ਨੂੰ ਨਚਾਇਆ ॥੪੪॥
ਚੌਪਈ:
ਕਿਤਨੇ ਹੀ ਬਲਵਾਨ ਸੂਰਮਿਆਂ ਨੂੰ ਨਿਰਬਲ ਕਰ ਦਿੱਤਾ
ਅਤੇ ਕਿਤਨਿਆਂ ਹੀ ਸੂਰਮਿਆਂ ਨੂੰ ਜਿਤ ਲਿਆ।
ਕਿਤਨੇ ਹੀ ਸੂਰਮੇ ਪ੍ਰਾਣਾਂ ਤੋਂ ਬਿਨਾ ਹੋ ਗਏ।
ਅਤੇ ਸ਼ਸਤ੍ਰਾਂ ਨੂੰ ਹੱਥਾਂ ਵਿਚ ਪਕੜੇ ਹੋਇਆਂ ਹੀ (ਯਮਲੋਕ ਵਲ) ਚਲੇ ਗਏ ॥੪੫॥
ਭੁਜੰਗ ਛੰਦ:
ਕਰੋੜਾਂ ਹਾਥੀ ਮਾਰ ਦਿੱਤੇ ਅਤੇ ਕਰੋੜਾਂ ਰਥਾਂ ਵਾਲੇ ਕੁਟ ਦਿੱਤੇ।
ਕਿਤਨੇ ਹੀ ਸਵਾਰ ਮਾਰ ਦਿੱਤੇ ਅਤੇ ਘੋੜੇ ਖੁਲ੍ਹੇ ਫਿਰਨ।
ਕਿਤਨੇ ਹੀ ਛਤ੍ਰ ਫਾੜ ਦਿੱਤੇ ਅਤੇ ਕਿਤਨੇ ਹੀ ਛਤ੍ਰ ਤੋੜ ਦਿੱਤੇ।
ਕਿਤਨੇ ਹੀ ਸੂਰਮੇ ਫੜ ਲਏ ਅਤੇ ਕਿਤਨੇ ਹੀ ਛਡ ਦਿੱਤੇ ॥੪੬॥
ਕਿਤਨੇ ਹੀ ਡਰਪੋਕ ('ਭੀਰੁ') ਭਜ ਗਏ ਅਤੇ ਕਿਤਨੇ ਹੀ ਕ੍ਰੋਧ ਨਾਲ ਭਰੇ ਹੋਏ (ਯੁੱਧ ਲਈ) ਆਣ ਢੁਕੇ।
ਚੌਹਾਂ ਪਾਸਿਆਂ ਤੋਂ 'ਮਾਰੋ ਮਾਰੋ' ਦੀਆਂ ਆਵਾਜ਼ਾਂ ਆ ਰਹੀਆਂ ਸਨ।
ਸਹਸ੍ਰਬਾਹੂ ਨੇ ਭਾਰੇ ਸ਼ਸਤ੍ਰ ਧਾਰਨ ਕਰ ਲਏ
ਅਤੇ ਕ੍ਰੋਧਿਤ ਹੋ ਕੇ ਚਲ ਪਿਆ ਅਤੇ ਸ਼ਾਹੀ ਨਗਾਰੇ ਵਜਣ ਲਗੇ ॥੪੭॥
ਦੋਹਰਾ:
ਕਿਹੋ ਜਿਹਾ ਯੁੱਧ ਹੋਇਆ, ਉਸ ਦਾ ਵਰਣਨ ਕਰਨ ਦੀ ਸੁਧ ਨਹੀਂ ਆਉਂਦੀ।
ਘਾਉਆਂ ਨਾਲ ਘਾਇਲ ਹੋਏ ਅਨਰੁਧ ਨੂੰ ਬੰਨ੍ਹ ਲਿਆ ॥੪੮॥
ਚੌਪਈ:
ਜਦੋਂ ਊਖਾ ਨੇ ਇਸ ਤਰ੍ਹਾਂ ਸੁਣਿਆ
ਕਿ ਮੇਰਾ ਪ੍ਰੀਤਮ ਬੰਨ੍ਹ ਲਿਆ ਗਿਆ ਹੈ।
ਤਦ ਰੇਖਾ ਨੂੰ ਸਦ ਲਿਆ
ਅਤੇ ਫਿਰ ਦ੍ਵਾਰਿਕਾ ਨਗਰ ਨੂੰ ਭੇਜ ਦਿੱਤਾ ॥੪੯॥
(ਉਸ ਨੂੰ ਕਿਹਾ) ਤੂੰ ਉਥੇ ਚਲ ਕੇ ਜਾ
ਜਿਥੇ ਸ੍ਰੀ ਕ੍ਰਿਸ਼ਨ ਬੈਠੇ ਹਨ।
ਮੇਰੀ ਚਿੱਠੀ ਦੇ ਕੇ (ਉਨ੍ਹਾਂ ਦੇ) ਪੈਰਾਂ ਉਤੇ ਡਿਗ ਪੈਣਾ
ਅਤੇ ਮੇਰੀ ਗੱਲ ਵਿਸਥਾਰ ਨਾਲ ਕਹਿਣਾ ॥੫੦॥
ਅੜਿਲ:
(ਉਨ੍ਹਾਂ ਨੂੰ ਕਹਿਣਾ) ਹੇ ਦੀਨਾ ਦੇ ਨਾਥ! ਸਾਡੀ ਰਖਿਆ ਕਰੋ
ਅਤੇ ਆ ਕੇ ਇਸ ਸੰਕਟ ਨੂੰ ਕਟ ਦਿਓ।
ਤੁਹਾਡੇ ਪੋਤਰੇ ਨੂੰ ਬੰਧਨ ਪੈ ਗਏ ਹਨ, ਹੁਣੇ (ਉਸ ਨੂੰ) ਛੁੜਾ ਲਵੋ।
ਤਦ ਆਪਣੇ ਆਪ ਨੂੰ ਦੀਨਾਂ ਦੇ ਰਖਿਅਕ ਅਖਵਾਓ ॥੫੧॥
ਪਹਿਲਾਂ ਆਪ ਨੇ ਬਕੀ ਨੂੰ ਮਾਰ ਕੇ ਫਿਰ ਬਗੁਲਾਸੁਰ ਨੂੰ ਮਾਰਿਆ।
ਫਿਰ ਸਕਟਾਸੁਰ ਅਤੇ ਕੇਸੀ ਨੂੰ ਮਾਰਿਆ ਅਤੇ ਕੰਸ ਨੂੰ ਕੇਸਾਂ ਤੋਂ ਪਕੜ ਕੇ ਪਛਾੜ ਦਿੱਤਾ।
ਅਘਾਸੁਰ, ਤ੍ਰਿਣਵਰਤ, ਮੁਸਟ ਅਤੇ ਚੰਡੂਰ ਨੂੰ ਮਾਰਿਆ।
ਹੁਣ ਸਾਨੂੰ ਬਚਾ ਲਵੋ। ਅਸੀਂ ਸਾਰੇ ਤੁਹਾਡੀ ਸ਼ਰਨ ਵਿਚ ਹਾਂ ॥੫੨॥
ਪਹਿਲਾਂ ਮਧੁ ਨੂੰ ਮਾਰਿਆ ਫਿਰ ਮੁਰ ਦੈਂਤ ਨੂੰ ਮਸਲ ਦਿੱਤਾ।
ਸਾਰਿਆਂ ਗੋਪਾਂ ਨੂੰ ਦਾਵਾਨਲ ਤੋਂ ਬਚਾ ਲਿਆ।
ਜਦੋਂ ਬਹੁਤ ਕ੍ਰੋਧਿਤ ਹੋ ਕੇ ਇੰਦਰ ਨੇ ਮੀਂਹ ਵਸਾਇਆ,
ਤਾਂ ਉਸ ਥਾਂ ਤੇ ਹੇ ਬ੍ਰਜਨਾਥ! ਤੁਸੀਂ (ਸਭ ਦੀ) ਸਹਾਇਤਾ ਕੀਤੀ ॥੫੩॥
ਦੋਹਰਾ:
ਜਿਥੇ ਜਿਥੇ ਵੀ ਸਾਧ ਪੁਰਸ਼ਾਂ ਉਤੇ ਸਕਟ ਬਣਿਆ ਹੈ, ਉਥੇ ਉਥੇ (ਤੁਸੀਂ) ਬਚਾ ਲਿਆ ਹੈ।
ਹੁਣ ਸਾਡੇ ਉਤੇ ਸੰਕਟ ਬਣਿਆ ਹੈ, ਸਾਡੀ ਆ ਕੇ ਸਹਾਇਤਾ ਕਰੋ ॥੫੪॥
ਅੜਿਲ:
ਚਿਤ੍ਰ ਕਲਾ ਨੇ ਜਦ ਬਹੁਤ ਆਜਿਜ਼ੀ ਨਾਲ ਇਸ ਤਰ੍ਹਾਂ ਕਿਹਾ।
ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਦੀ ਸਾਰੀ ਸਥਿਤੀ ਨੂੰ ਹਿਰਦੇ ਵਿਚ ਸਮਝ ਲਿਆ।
(ਉਹ) ਤੁਰਤ ਗਰੁੜ ਉਤੇ ਸਵਾਰ ਹੋ ਕੇ ਉਥੇ ਆ ਪਹੁੰਚੇ