ਫੌਜ ਦੇ ਸਾਰੇ ਸੂਰਮੇ-ਪੈਦਲ, ਰਥਾਂ, ਘੋੜਿਆਂ ਅਤੇ ਹਾਥੀਆਂ ਤੇ ਸਵਾਰ ਮਾਰੇ ਗਏ ਹਨ।
ਇਹ ਬਚਨ ਸੁਣ ਕੇ ਹੈਰਾਨ ਹੋਏ ਰਾਜੇ ਸੁੰਭ ਨੇ ਕ੍ਰੋਧ ਕੀਤਾ ॥੧੦੪॥
ਸੁੰਭ ਨੇ ਤਦ ਚੰਡ ਅਤੇ ਮੁੰਡ ਨਾਂ ਦੇ ਦੋਹਾਂ ਦੈਂਤਾਂ ਨੂੰ ਬੁਲਾ ਲਿਆ,
(ਜੋ) ਰਾਜੇ ਦੀ ਸਭਾ ਵਿਚ ਹੱਥਾਂ ਵਿਚ ਤਲਵਾਰਾਂ ਅਤੇ ਢਾਲਾਂ ਲੈ ਕੇ ਆ ਗਏ ॥੧੦੫॥
ਦੋਹਾਂ ਨੇ (ਰਾਜੇ ਨੂੰ) ਪ੍ਰਨਾਮ ('ਅਭਬੰਦਨ') ਕੀਤਾ, ਰਾਜੇ ਨੇ (ਉਨ੍ਹਾਂ ਨੂੰ) ਆਪਣੇ ਕੋਲ ਬਿਠਾ ਲਿਆ
ਅਤੇ ਪਾਨ (ਦਾ ਬੀੜਾ) ਦਿੰਦਿਆਂ ਹੋਇਆਂ ਮੁਖ ਤੋਂ ਕਿਹਾ ਕਿ ਤੁਸੀਂ ਦੋਵੇਂ ਮੇਰੇ ਬਲਵਾਨ ਯੋਧਾ ਹੋ ॥੧੦੬॥
(ਰਾਜੇ ਨੇ) ਆਪਣਾ ਕਮਰ-ਕੱਸਾ ਅਤੇ ਕਟਾਰ ਤੇ ਤਲਵਾਰ (ਉਨ੍ਹਾਂ ਨੂੰ) ਦਿੱਤੀਆਂ
(ਅਤੇ ਕਿਹਾ ਕਿ) ਚੰਡੀ ਨੂੰ ਬੰਨ੍ਹ ਲਿਆਓ, ਨਹੀਂ ਤਾਂ ਮਾਰ ਦਿਓ ॥੧੦੭॥
ਸ੍ਵੈਯਾ:
ਚੰਡ ਅਤੇ ਮੁੰਡ ਕ੍ਰੋਧਵਾਨ ਹੋ ਕੇ ਸ੍ਰੇਸ਼ਠ ਚਤੁਰੰਗਨੀ ਸੈਨਾ ਲੈ ਕੇ (ਚੰਡੀ ਨਾਲ) ਯੁੱਧ ਕਰਨ ਲਈ (ਚੜ੍ਹ ਚਲੇ)।
ਤਦ ਸ਼ੇਸ਼ਨਾਗ ਦੇ ਸਿਰ ਉਪਰਲੀ ਧਰਤੀ ਡੋਲ ਗਈ ਮਾਨੋ ਨਦੀ ('ਤਰੰਗਨਿ') ਵਿਚ ਬੇੜੀ ਡੋਲਦੀ ਹੋਵੇ।
ਘੋੜਿਆਂ ਦੇ ਖੁਰਾਂ ਨਾਲ ਆਕਾਸ਼ ਵਲ ਉਡੀ ਧੂੜ (ਨੂੰ ਵੇਖ ਕੇ) ਕਵੀ ਦੇ ਮਨ ਵਿਚੋਂ ਉਪਮਾ ਦੇਣ ਦਾ ਵਿਚਾਰ ਦੂਰ ਨਾ ਹੋਇਆ;
ਮਾਨੋ ਸੰਸਾਰ ਦੇ ਅਪਾਰ ਭਾਰ ਨੂੰ ਉਤਾਰਨ ਲਈ ਧਰਤੀ ਬ੍ਰਹਮ-ਲੋਕ ਨੂੰ ਚਲੀ ਹੋਵੇ ॥੧੦੮॥
ਦੋਹਰਾ:
ਚੰਡ ਅਤੇ ਮੁੰਡ ਦੋਹਾਂ ਦੈਂਤਾਂ ਨੇ (ਆਪਣੇ ਨਾਲ) ਬਲਵਾਨ ਅਤੇ ਪ੍ਰਬਲ ਸੂਰਮਿਆਂ ਦਾ ਦਲ ਲੈ ਲਿਆ।
ਪਰਬਤ ਦੇ ਨੇੜੇ ਜਾ ਕੇ ਘੇਰਾ ਪਾ ਲਿਆ ਅਤੇ ਖੂਬ ਹੱਲਾ-ਗੁੱਲਾ ਮਚਾ ਦਿੱਤਾ ॥੧੦੯॥
ਸ੍ਵੈਯਾ:
ਜਦ ਦੈਂਤਾਂ ਦਾ ਰੌਲਾ ਕੰਨਾਂ ਨਾਲ ਸੁਣਿਆ ਤਾਂ ਦੁਰਗਾ ਨੇ ਆਪਣੇ ਮਨ ਵਿਚ ਕ੍ਰੋਧ ਕੀਤਾ।
ਤਦੋਂ ਸ਼ਰੀਰ ਉਤੇ ਸਾਰੇ ਅਸਤ੍ਰ-ਸ਼ਸਤ੍ਰ ਸਜਾ ਕੇ, ਸੰਖ ਵਜਾਉਂਦੀ ਹੋਈ ਸ਼ੇਰ ਉਤੇ ਚੜ੍ਹ ਕੇ (ਯੁੱਧ ਲਈ ਵਧ) ਚਲੀ।
ਪਰਬਤ ਤੋਂ ਉਤਰ ਕੇ ਵੈਰੀਆਂ ਦੇ ਦਲ ਉਤੇ (ਇੰਜ) ਪਈ ਜਿਸ ਦੀ ਉਪਮਾ (ਮੇਰੇ) ਮਨ ਵਿਚ ਇਹ ਪੈਦਾ ਹੋਈ
ਮਾਨੋ ਕੂੰਜਾਂ ਦੀ ਡਾਰ ਨੂੰ ਵੇਖ ਕੇ ਆਕਾਸ਼ ਤੋਂ ਬਾਜ਼ ਨੇ ਝਪਟਾ ਮਾਰਿਆ ਹੋਵੇ ॥੧੧੦॥
ਚੰਡੀ ਦੀ ਕਮਾਨ ਤੋਂ ਛੁੱਟੇ ਤੀਰ ਇਕ ਤੋਂ ਦਸ ਅਤੇ ਸੌ ਤੋਂ ਹਜ਼ਾਰ (ਦੀ ਗਿਣਤੀ ਵਿਚ) ਵਧੀ ਜਾ ਰਹੇ ਸਨ।
ਅਤੇ ਫਿਰ ਲੱਖਾਂ ਹੋ ਕੇ ਦੈਂਤਾਂ ਦੇ ਤਨ ਵਿਚ ਵਜਦੇ ਸਨ ਅਤੇ ਪਕੇ ਤੌਰ ਤੇ (ਉਥੇ) ਗਡੇ ਜਾਂਦੇ ਸਨ।
ਕਿਹੜਾ ਕਵੀ ਉਨ੍ਹਾਂ ਦੀ ਸਿਫ਼ਤ ਕਰ ਸਕਦਾ ਹੈ? ਉਨ੍ਹਾਂ ਨੂੰ ਬਿਨਾ ਕਢਿਆਂ (ਦੀ ਸਥਿਤੀ ਦੀ) ਵਡੀ ਉਪਮਾ ਇਉਂ ਬਣਦੀ ਹੈ
ਮਾਨੋ ਫੱਗਣ ਦੀ ਹਵਾ ਦੇ ਚਲਣ ਨਾਲ ਪਤਰਾਂ ਤੋਂ ਵਾਂਝੇ ਬ੍ਰਿਛ ਖੜੋਤੇ ਹੋਣ ॥੧੧੧॥
ਮੁੰਡ (ਨਾਂ ਦੇ ਦੈਂਤ ਨੇ) ਤਲਵਾਰ ਫੜ ਕੇ ਅਤੇ ਲਲਕਾਰਾ ਮਾਰ ਕੇ ਸ਼ੇਰ ਦੇ ਅੰਗ ਪ੍ਰਤਿ ਅੰਗ ਉਤੇ ਵਾਰ ਕੀਤਾ।
ਫਿਰ ਭਜ ਕੇ ਦੁਰਗਾ ('ਗਉਰਿ') ਦੇ ਸ਼ਰੀਰ ਵਿਚ (ਤਲਵਾਰ) ਮਾਰੀ (ਜਿਸ ਨਾਲ ਉਸ ਦੇ) ਅੰਗ ਵਿਚੋਂ (ਲਹੂ ਦੀ) ਧਾਰ ਨਿਕਲੀ।
ਲਹੂ ਨਾਲ ਲਿਬੜੀ (ਤਲਵਾਰ) ਦੈਂਤ ਦੇ ਹੱਥ ਵਿਚ ਥਰਥਰਾ ਰਹੀ ਸੀ। (ਇਸ ਦੀ ਉਪਮਾ) ਕੋਈ ਹੋਰ ਕਵੀ ਪਿਆ ਵਿਚਾਰੇ (ਪਰ ਸਾਨੂੰ ਤਾਂ ਇੰਜ ਲਗਦੀ ਹੈ)
ਮਾਨੋ ਪੇਟ ਭਰਨ ਪਿਛੋਂ ਜਮਰਾਜ ਪਾਨ ਖਾ ਕੇ ਗੁਮਾਨ ਨਾਲ ਆਪਣੀ ਜੀਭ ਵੇਖ ਰਿਹਾ ਹੋਵੇ ॥੧੧੨॥
ਜਦੋਂ ਦੈਂਤ (ਦੇਵੀ ਨੂੰ) ਜ਼ਖ਼ਮੀ ਕਰਕੇ (ਵਾਪਸ) ਚਲਿਆ ਤਦੋਂ ਦੇਵੀ ਨੇ ਭੱਥੇ ਵਿਚੋਂ ਤੀਰ ਕੱਢ ਲਿਆ।
ਕਮਾਨ ਨੂੰ ਕੰਨ ਤਕ ਖਿਚ ਕੇ ਇਕ ਤੀਰ ਚਲਾਇਆ ਜੋ ਵਧ ਕੇ ਅਨੇਕ ਹੋ ਗਏ।
ਮੁੰਡ (ਦੈਂਤ) ਨੇ ਢਾਲ ਲੈ ਕੇ ਮੂੰਹ ਨੂੰ ਓਟ ਦਿੱਤੀ, (ਪਰ ਉਹ ਤੀਰ ਢਾਲ) ਵਿਚ ਧਸ ਕੇ ਉਥੇ ਹੀ ਗਡੇ ਗਏ
ਮਾਨੋ ਕੱਛੂ ਦੀ ਪਿਠ ਉਤੇ ਬੈਠੇ ਸ਼ੇਸ਼ਨਾਗ ਦੇ ਫਨ ਖੜੋਤੇ ਹੋਣ ॥੧੧੩॥
ਸ਼ੇਰ ਨੂੰ ਪ੍ਰੇਰ ਕੇ ਚੰਡੀ ਆਪਣੇ ਹੱਥ ਵਿਚ ਮਜ਼ਬੂਤ (ਬਰ) ਤਲਵਾਰ ਸੂਤ ਕੇ ਅਗੇ ਹੋਈ।
ਉਸ ਨੇ ਵੈਰੀਆਂ ਦੇ ਸਮੂਹ (ਪੂਰ) ਨੂੰ ਚਕਨਾਚੂਰ ਕਰ ਕੇ ਧੂੜ ਵਿਚ ਰੋਲ ਦਿੱਤਾ ਅਤੇ ਘਮਸਾਨ ਯੁੱਧ ਮਚਾਇਆ।
(ਫਿਰ) ਘੁੰਮ ਕੇ ਮੁੰਡ ਦੈਂਤ ਨੂੰ ਰਣ-ਭੂਮੀ ਵਿਚ ਘੇਰ ਲਿਆ ਅਤੇ ਉਸ ਦਾ ਸਿਰ (ਧੜ ਨਾਲੋਂ) ਵੱਖ ਕਰ ਦਿੱਤਾ।
(ਉਹ) ਧਰਤੀ ਉਪਰ ਇੰਜ ਜਾ ਕੇ ਡਿਗਿਆ ਜਿਵੇਂ ਵੇਲ ਨਾਲੋਂ ਕਦੂ ਕਟ ਕੇ ਸੁਟਿਆ ਜਾਂਦਾ ਹੈ ॥੧੧੪॥
ਸ਼ੇਰ ਉਤੇ ਸਵਾਰ ਅਤੇ ਮੂੰਹ ਨਾਲ ਸੰਖ ਵਜਾਉਂਦੀ ਹੋਈ (ਦੇਵੀ ਇੰਜ ਲਗ ਰਹੀ ਸੀ) ਜਿਵੇਂ ਬਦਲਾਂ ਵਿਚ ਬਿਜਲੀ ਦੀ ਚਮਕ ਫਬ ਰਹੀ ਹੈ।
ਚਕ੍ਰ ਚਲਾ ਕੇ (ਉਸ ਨੇ) ਵੈਰੀ ਨੂੰ ਡਿਗਾ ਦਿੱਤਾ ਅਤੇ ਵਡੇ ਵਡੇ ਬਲਵਾਨ ਦੈਂਤ ਭਜ ਗਏ।
ਭੂਤ ਅਤੇ ਪਿਸ਼ਾਚ ਮਾਸ ਖਾ ਰਹੇ ਸਨ ਅਤੇ ਸਿਰ ਦੇ ਵਾਲ ਖਿਲਾਰ ਕੇ ਕਿਲਕਾਰੀਆਂ ਮਾਰਦੇ ਸਨ।
(ਚੰਡੀ ਨੇ) ਮੁੰਡ ਦੈਂਤ ਦਾ ਸਿਰ ਉਤਾਰ ਦਿੱਤਾ, ਹੁਣ ਚੰਡ (ਦੈਂਤ) ਨੂੰ ਹੱਥ ਲਾਉਂਦੀ ਹੈ (ਅਰਥਾਤ ਯੁੱਧ ਕਰਦੀ ਹੈ) ॥੧੧੫॥
ਮੁੰਡ ਨੂੰ ਰਣ ਵਿਚ ਮਾਰ ਕੇ ਪ੍ਰਚੰਡ ਚੰਡੀ ਨੇ ਤਦ ਇਹ ਕੀਤਾ
ਕਿ ਚੰਡ (ਦੈਂਤ) ਨਾਲ ਯੁੱਧ ਕਰ ਕੇ (ਉਸ ਦੀ) ਸਾਰੀ ਸੈਨਾ ਨੂੰ ਮਾਰ ਕੇ ਨਸ਼ਟ ਕਰ ਦਿੱਤਾ।
ਹੱਥ ਵਿਚ ਬਰਛੀ ਲੈ ਕੇ ਵੈਰੀ ਦੇ ਸਿਰ ਵਿਚ ਜ਼ੋਰ ਨਾਲ ਮਾਰ ਕੇ (ਉਸ ਨੂੰ ਧੜ ਨਾਲੋਂ) ਵਖ ਕਰ ਦਿੱਤਾ,
ਮਾਨੋ ਸ਼ਿਵ ਨੇ ਤ੍ਰੈਸ਼ੂਲ ਲੈ ਕੇ ਗਣੇਸ਼ ਦੇ ਧੜ ਨੂੰ ਸਿਰ ਤੋਂ ਬਿਨਾ ਕਰ ਦਿੱਤਾ ਹੋਵੇ ॥੧੧੬॥
ਇਥੇ ਬਚਿਤ੍ਰ ਨਾਟਕ ਦੇ ਸ੍ਰੀ ਚੰਡੀ ਚਰਿਤ੍ਰ ਪ੍ਰਸੰਗ ਦੇ 'ਚੰਡ ਮੁੰਡ ਬਧ' ਨਾਂ ਦਾ ਚੌਥਾ ਅਧਿਆਇ ਸਮਾਪਤ ਹੋਇਆ ਸਭ ਸ਼ੁਭ ਹੈ ॥੪॥
ਸੋਰਠਾ:
ਤੜਪਦੇ ਹੋਏ ਕਰੋੜਾਂ ਘਾਇਲਾਂ (ਦੈਂਤਾਂ) ਨੇ ਜਾ ਕੇ ਸੁੰਭ (ਦੈਂਤ ਰਾਜੇ) ਅਗੇ ਪੁਕਾਰ ਕੀਤੀ