ਚੌਪਈ:
ਉਹ ਅਤਿਥ ਵੀ ਨਾਲ ਨਾਲ ਚਲ ਪਿਆ
(ਅਤੇ ਸੋਚਣ ਲਗਾ ਕਿ) ਇਹ ਤਮਾਸ਼ਾ ਚੰਗੀ ਤਰ੍ਹਾਂ ਵੇਖਿਆ ਜਾਏ।
ਉਸ ਨੇ ਉਸ (ਇਸਤਰੀ ਪ੍ਰਤਿ) ਕਿਹਾ
(ਕਿ) ਹੇ ਨਾਰੀ! ਤੂੰ ਮੇਰਾ ਬਚਨ ਸੁਣ ॥੧੭॥
ਦੋਹਰਾ:
(ਇਸਤਰੀ ਨੇ ਕਿਹਾ) ਉਹ ਕੀ ਕੀਤਾ, ਉਹ ਕੀ ਕੀਤਾ, ਇਹ ਕੀ ਮਾੜਾ ਕੰਮ ਕੀਤਾ।
ਇਹ ਜੋ ਤੂੰ ਕਿਹਾ ਹੈ, ਜੇ (ਮੈਨੂੰ) ਪਹਿਲਾਂ ਕਹਿੰਦਾ ਤਾਂ ਤੇਰੇ (ਵੀ ਮਾਰਨ ਦਾ) ਉਪਾ ਕਰ ਦਿੰਦੀ ॥੧੮॥
(ਉਸ ਨੇ) ਪੁੱਤਰ ਮਾਰਿਆ, ਮਿਤਰ ਮਾਰਿਆ ਅਤੇ ਆਪਣੇ ਹੱਥ ਨਾਲ ਪਤੀ ਨੂੰ ਵੀ ਮਾਰਿਆ।
ਉਸ ਤੋਂ ਬਾਦ ਆਪ ਢੋਲ ਮ੍ਰਿਦੰਗ ਵਜਾ ਕੇ ਸੜ ਮੋਈ ॥੧੯॥
ਅੜਿਲ:
ਆਪਣੇ ਮਨ ਦੀ ਗੱਲ ਇਸਤਰੀ ਨੂੰ ਕਦੇ ਵੀ ਦਸਣੀ ਨਹੀਂ ਚਾਹੀਦੀ।
ਉਸ ਦਾ ਚਿਤ ਸਦਾ ਚੁਰਾਈ ਰਖਣਾ ਚਾਹੀਦਾ ਹੈ।
ਜੇ ਆਪਣੇ ਮਨ ਦੀ ਗੱਲ ਉਸ ਨੂੰ ਸੁਣਾਓਗੇ,
ਉਹ ਬਾਹਰ ਪ੍ਰਗਟ ਹੋ ਜਾਏਗੀ, (ਫਿਰ) ਆਪ ਨੂੰ ਪਛਤਾਉਣਾ ਪਵੇਗਾ ॥੨੦॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਯਾਰ੍ਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੧॥੨੦੪॥ ਚਲਦਾ॥
ਦੋਹਰਾ:
ਬਿੰਦਰਾਬਨ ਵਿਚ ਰਾਧਿਕਾ ਨਾਂ ਦੀ ਬ੍ਰਿਖਭਾਨ ਦੀ ਪੁੱਤਰੀ ਸੀ।
ਉਸ ਇਸਤਰੀ ਨੇ ਦਿਨ ਦਿਹਾੜੇ ਹਰਿ (ਕ੍ਰਿਸ਼ਨ) ਨਾਲ ਚਰਿਤ੍ਰ ਕੀਤਾ (ਉਹ) ਮੈਂ ਕਹਿੰਦਾਂ ਹਾਂ ॥੧॥
ਕ੍ਰਿਸ਼ਨ ਦਾ ਰੂਪ ਵੇਖ ਕੇ ਉਹ ਮੋਹਿਤ ਹੋ ਗਈ ਅਤੇ ਰਾਤ ਦਿਨ ਉਸ ਨੂੰ ਵੇਖਣ ਲਗੀ,
ਜਿਸ ਦਾ ਭੇਦ ਬਿਆਸ, ਪਰਾਸ਼ਰ, ਅਸੁਰ, ਸੁਰ (ਕੋਈ ਵੀ) ਨਹੀਂ ਪਾ ਸਕਿਆ ॥੨॥
ਜਿਸ ਲਈ (ਮੈਂ) ਲੋਕ-ਲਾਜ ਛਡ ਦਿੱਤੀ ਅਤੇ ਧਨ-ਦੌਲਤ ਤੇ ਘਰ-ਬਾਰ ਤਿਆਗ ਦਿੱਤਾ।
(ਉਸ) ਪ੍ਰੀਤਮ ਨੂੰ ਕਿਸ ਤਰ੍ਹਾਂ ਪ੍ਰਾਪਤ ਕਰੀਏ ਕਿ (ਮਨ ਦੀ) ਕਾਮਨਾ ਪੂਰੀ ਹੋ ਜਾਏ ॥੩॥
(ਕ੍ਰਿਸ਼ਨ ਨੂੰ) ਮਿਲਣ ਲਈ (ਉਸ) ਸਿਆਣੀ (ਰਾਧਿਕਾ) ਨੇ ਇਕ ਸਖੀ ਨੂੰ ਭੇਜਿਆ।
(ਅਤੇ ਕਿਹਾ) ਹੇ ਸਖੀ! ਕਿਸੇ ਵੀ ਛਲ ਨਾਲ ਮੈਨੂੰ ਕਾਨ੍ਹ ਮਿਤਰ ਮਿਲਾ ਦੇ ॥੪॥
ਅੜਿਲ:
(ਜਿਸ ਦਾ) ਭੇਦ ਬ੍ਰਹਮਾ, ਬਿਆਸ ਅਤੇ ਵੇਦ ਵੀ ਨਹੀਂ ਜਾਣਦੇ,
(ਜਿਸ ਨੂੰ) ਸ਼ਿਵ, ਸਨਕਾਦਿਕ, ਸ਼ੇਸ਼ਨਾਗ ਨੇਤਿ ਨੇਤਿ ਕਰ ਕੇ ਮੰਨਦੇ ਹਨ,
(ਜਿਸ ਦੇ ਗੁਣਾਂ ਨੂੰ) ਸਭ ਤਰ੍ਹਾਂ ਨਾਲ ਸਦਾ ਜਗਤ ਵਿਚ ਗਾਇਆ ਜਾਂਦਾ ਹੈ,
ਹੇ ਸਜਨੀ! ਉਸ ਪੁਰਸ਼ ਨਾਲ ਮੈਨੂੰ ਮਿਲਾ ਦੇ ॥੫॥
ਕਬਿੱਤ:
(ਮੇਰੀਆਂ ਅੱਖਾਂ ਦੀ) ਚਿਟਿਆਈ ਬਿਭੂਤ ਹੈ ਅਤੇ ਅੱਖਾਂ ਦੀਆਂ ਝਿੰਮਣੀਆਂ ਦੀ ਮੇਖੁਲੀ (ਗੋਦੜੀ) ਹੈ, ਸੁਰਮੇ (ਦੀ ਧਾਰ) ਸੇਲੀ ਹੈ। ਇਹ ਸਾਡਾ ਸੁਭਾ (ਅਥਵਾ ਸਰੂਪ) ਜਾ ਕੇ ਚੰਗੀ ਤਰ੍ਹਾਂ ਦਸਣਾ।
ਸਾਡੇ ਨੈਣਾਂ ਦੀ ਲਾਲੀ ਨੂੰ ਭਗਵਾ ਵੇਸ ਸਮਝਣਾ। (ਜੰਗਲ ਵਿਚ) ਕੰਦ ਮੂਲ ਖਾਣ ਨੂੰ ਪ੍ਰੀਤਮ ਦਾ ਧਿਆਨ ਸਮਝਣਾ।
(ਉਸ ਦੇ ਵਿਯੋਗ ਵਿਚ) ਰੋਣਾ ਸਾਡਾ ਇਸ਼ਨਾਨ ਹੈ। (ਅੱਖਾਂ ਦੀ) ਪੁਤਲੀਆਂ ਵਸਤਾਂ ਰਖਣ ਦਾ ਪਾਤਰ ਹਨ ਅਤੇ (ਵਿਯੋਗ ਦੇ) ਗੀਤ ਗਾਣਾ ਗੀਤਾ ਹੈ। ਸਾਡੀ ਭਿਛਿਆ (ਉਸ ਦਾ) ਦਰਸ਼ਨ ਹੈ ਅਤੇ ਉਸ ਦਾ ਧਿਆਨ (ਸਾਡਾ) ਧੂੰਣੀ ਰਮਾਣਾ ਹੈ।
ਹੇ ਸਖੀ! ਇਨ੍ਹਾਂ ਗੋਪੀਆਂ ਦੀਆਂ ਅੱਖੀਆਂ ਦਾ ਸਾਰਾ ਜੋਗ ਨੰਦ ਦੇ ਕੁਮਾਰ (ਕ੍ਰਿਸ਼ਨ) ਨੂੰ ਜ਼ਰੂਰ ਜਾ ਕੇ ਕਹਿਣਾ ॥੬॥
(ਇਸ ਤਰ੍ਹਾਂ ਦਾ) ਸਾਰਾ ਸ਼ਿੰਗਾਰ ਕਰ ਕੇ (ਰਾਧਿਕਾ) ਸਖੀਆਂ ਵਿਚ ਬੈਠੀ ਸੀ ਕਿ ਇਸੇ ਦੌਰਾਨ ਕਾਨ੍ਹ ਜੀ ਆ ਕੇ ਦਰਸ਼ਨ ਦੇ ਗਏ।
ਹੇ ਮੇਰੀ ਮਾਂ! ਉਦੋਂ ਤੋਂ ਹੀ (ਕਾਨ੍ਹ) ਮੇਰਾ ਚਿਤ ਚੁਰਾ ਕੇ ਲੈ ਗਿਆ ਹੈ। ਮੈਨੂੰ ਅਜਿਹੀ ਚੇਟਕ ਲਗਾਈ ਹੈ, ਮਾਨੋ ਮੈਨੂੰ (ਆਪਣੀ) ਸੇਵਿਕਾ ਹੀ ਕਰ ਗਏ ਹੋਣ।
(ਮੈਂ) ਕੀ ਕਰਾਂ, ਕਿਥੇ ਜਾਵਾਂ, ਜਾਂ ਜ਼ਹਿਰ ਖਾ ਕੇ ਮਰ ਜਾਵਾਂ, (ਨਿਸਚੇ ਹੀ) ਮੇਰੀ ਜਾਨ ਨੂੰ (ਕੋਈ) ਬਿਛੂ ਡੰਗ ਗਿਆ ਹੈ।
(ਉਸ ਨੇ) ਅੱਖਾਂ ਨਾਲ ਵੇਖਣ ਤੇ ਮੇਰਾ ਚਿਤ ਚੁਰਾ ਲਿਆ ਹੈ (ਅਤੇ ਆਪਣੀ) ਬਾਂਕੀ ਪਗੜੀ ਨਾਲ ਲਪੇਟ ਕੇ (ਮੇਰਾ) ਮਨ ਲੈ ਗਏ ਹਨ ॥੭॥
ਦੋਹਰਾ:
ਹੇ ਲਾਲ! ਤੇਰੇ ਵਿਯੋਗ ਵਿਚ ਮਗਨ ਹਾਂ, ਮੇਰੇ ਕੋਲੋਂ ਰਿਹਾ ਨਹੀਂ ਜਾਂਦਾ।
ਤਾਂ ਤੇ ਮੈਂ ਆਪ ਵਿਆਕੁਲ ਹੋ ਕੇ (ਤੁਹਾਨੂੰ) ਪੱਤਰ ਲਿਖਿਆ ਹੈ ॥੮॥
ਕਬਿੱਤ:
(ਹੇ ਪ੍ਰੀਤਮ! ਤੇਰੇ ਨੇਤਰ) ਰੂਪ ਨਾਲ ਭਰੇ ਹੋਏ, ਪ੍ਰੇਮ ਨਾਲ ਭਰੇ ਹੋਏ ਅਤੇ ਸੁੰਦਰ ਬਖ਼ਤਾਂ ਨਾਲ ਭਰੇ ਹੋਏ ਹਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਹਿਰਨ ਅਤੇ ਮਮੋਲਿਆਂ (ਦੀਆਂ ਅੱਖਾਂ) ਦੀ ਇਹ ਖਾਣ ਹੋਣ।
ਮੱਛੀ (ਦੇ ਮਨ) ਵਿਚ ਹੀਨ ਭਾਵਨਾ ਭਰ ਰਹੇ ਹਨ ਅਤੇ ਗੁਲ-ਦਪਹਿਰੀ ਦੇ ਰੂਪ ਨੂੰ ਖੋਹ ਰਹੇ ਹਨ ਅਤੇ ਚਿਤ ਨੂੰ ਚੁਰਾਣ ਲਈ ਚੋਰਾਂ ਵਰਗੇ ਹਨ।
ਇਹ ਲੋਕਾਂ ਨੂੰ ਉਜਾਗਰ ਕਰਨ ਵਾਲੇ ਅਤੇ ਗੁਣਾਂ ਕਰ ਕੇ ਚਤੁਰ ਹਨ, ਸੁੰਦਰਤਾ ਦੇ ਸਾਗਰ ਹਨ ਅਤੇ ਸੋਭਾ ਦੇ ਖ਼ਜ਼ਾਨੇ ਹਨ।
ਹੇ ਸਖੀ! (ਸ੍ਰੀ ਕ੍ਰਿਸ਼ਨ ਦੇ ਨੈਣ) ਸਾਹਿਬੀ (ਮਹਾਨਤਾ) ਦੀ ਮਿਠਾਸ ਨਾਲ ਭਰਪੂਰ ਹਨ, ਜਾਦੂ ਕਰਨ ਵਾਲੀ ਚਿੱਠੀ ਹਨ, ਅਤੇ ਨੈਣ ਰਾਮਚੰਦਰ ਦੇ ਬਾਣਾਂ ਦੇ ਸਮਾਨ ਹਨ ॥੯॥
ਦੋਹਰਾ:
ਮੈਨ ਪ੍ਰਭਾ ਨਾਂ ਦੀ ਇਕ ਸਹੇਲੀ ਨੂੰ (ਰਾਧਿਕਾ ਨੇ) ਬੁਲਾ ਲਿਆ।
ਉਸ ਨੂੰ ਸਾਰੀ ਗੱਲ ਸਮਝਾ ਕੇ ਕ੍ਰਿਸ਼ਨ ਵਲ ਭੇਜ ਦਿੱਤਾ ॥੧੦॥
ਉਸ ਦੇ ਹੱਥ ਵਿਚ ਚਿੱਠੀ ਦੇ ਕੇ (ਕਿਹਾ) ਕ੍ਰਿਸ਼ਨ ਨੂੰ ਜਾ ਕੇ ਕਹਿਣਾ
ਕਿ ਤੁਹਾਡੇ ਵਿਯੋਗ ਨਾਲ ਰਾਧਾ ਵਿੰਨ੍ਹੀ ਪਈ ਹੈ, ਉਸ ਨੂੰ ਜਲਦੀ ਜਾ ਕੇ ਮਿਲੋ ॥੧੧॥
ਤੁਹਾਡੇ ਵਿਯੋਗ ਨਾਲ ਬ੍ਰਜ-ਬਾਲਾ (ਰਾਧਾ) ਵਿਯੋਗਣ ਹੋ ਗਈ ਹੈ।
ਕੋਈ ਪ੍ਰਸੰਗ ਪਾ ਕੇ ਉਥੇ ਤੂੰ ਇਹ ਕਥਾ ਕਹੀਂ ॥੧੨॥
ਜਦ ਰਾਧਾ ਨੇ ਮੈਨ ਪ੍ਰਭਾ ਨੂੰ ਇਸ ਤਰ੍ਹਾਂ ਕਿਹਾ,
(ਤਦ) ਮੈਨ ਪ੍ਰਭਾ ਚਲ ਕੇ ਉਥੇ ਗਈ, ਜਿਥੇ ਸ੍ਰੀ ਕ੍ਰਿਸ਼ਨ ਸਨ ॥੧੩॥
ਚੌਪਈ:
ਜਦ ਸ੍ਰੀ ਕ੍ਰਿਸ਼ਨ ਨੇ ਚਿੱਠੀ ਖੋਲ੍ਹ ਕੇ ਪੜ੍ਹੀ,
(ਤਦ) ਉਸ ਦੇ ਮਨ ਦੀ ਸੱਚੀ ਪ੍ਰੀਤ ਨੂੰ ਜਾਣਿਆ।
ਉਸ ਵਿਚ ਉਸ ਨੇ ਜੋ ਕਬਿੱਤ ਉਚਾਰੇ ਸਨ
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਹੀਰੇ ਅਤੇ ਲਾਲ ਜੜ੍ਹ ਦਿੱਤੇ ਹੋਣ ॥੧੪॥
ਸਵੈਯਾ:
ਹੇ ਸ੍ਰੀ ਕ੍ਰਿਸ਼ਨ! ਤੁਹਾਡੇ ਨੈਣ ਰੀਝ ਨਾਲ ਭਰੇ ਹੋਏ, ਪ੍ਰੇਮ ਦੀ ਰੀਤ ਨਾਲ ਭਰਪੂਰ, ਅਤਿਅਧਿਕ ਰੂਪ ਨਾਲ ਪੂਰਨ ਅਤੇ ਵੇਖਣ ਨਾਲ ਸੁਖ ਦੇਣ ਵਾਲੇ ਹਨ।
ਸੁੰਦਰ (ਨੈਣ) ਚਕੋਰ, ਕਮਲ, ਸਾਰਸ, ਮੱਛੀ, ਮਮੋਲੇ ਅਤੇ ਹਿਰਨ ਨੂੰ ਸੇਵਕ ਬਣਾਉਣ ਵਾਲੇ ਹਨ।
ਭਾਗਾਂ ਭਰੇ, ਪ੍ਰੇਮ ਭਰੇ, ਸੁਹਾਗ ਭਰੇ ਅਤੇ ਮੇਰੇ ਮਨ ਨੂੰ ਮੋਹਣ ਵਾਲੇ ਹਨ।
ਮਾਣ ਨਾਲ ਭਰੇ ਹੋਏ ਅਤੇ ਸਾਰੇ ਸੰਸਾਰ ਦੇ ਸੁਖਾਂ ਦੀ ਖਾਣ ਹਨ ॥੧੫॥
ਸ਼ੁੱਧ ਅਤੇ ਸੁਧਾਰੇ ਹੋਏ ਸੁਸ਼ੋਭਿਤ ਹਨ ਅਤੇ ਜੋਬਨ ਦੀ ਜੋਤਿ ਦੀ ਢਾਲ ਵਿਚ ਢਲੇ ਹੋਏ ਹਨ।
ਸਾਰਸ, ਚੰਦ੍ਰਮਾ, ਸ਼ਰਾਬ, ਤਿਖੇ ਬਾਣ, ਕਮਲ ਅਤੇ ਹਿਰਨ ਦੀ ਕਾਂਤਿ ਨੂੰ ਹਰਨ ਵਾਲੇ ਹਨ।
ਖੰਜਨ, ਕਾਮ ਦੇਵ ('ਮਕਰਧ੍ਵਜਾ') ਅਤੇ ਮੱਛੀ ਆਦਿ ਸਾਰੇ ਵੇਖ ਕੇ ਸ਼ਰਮ ਨਾਲ ਮਰ ਰਹੇ ਹਨ।
ਸ੍ਰੀ ਕ੍ਰਿਸ਼ਨ ਦੇ ਨੈਨ ਮਾਨੋ ਬਿਧਾਤਾ ਨੇ ਬਾਣਾਂ ਵਰਗੇ ਬਣਾ ਕੇ ਧਰੇ ਹੋਣ ॥੧੬॥
ਕਬਿੱਤ:
(ਮੈਨੂੰ) ਚੰਦਨ ਚਿੰਤਾ ਵਰਗਾ, ਦੀਵਾ ਚਿਤਾ ਦੇ ਸਮਾਨ, ਚਿਤਰ ਚੇਟਕ ਵਾਂਗ ਅਤੇ ਸੁੰਦਰ ਅਟਾਰੀਆਂ ਕੋਝੇ ਪਰਬਤਾਂ ਵਰਗੀਆਂ ਲਗਦੀਆਂ ਹਨ।