ਸ਼੍ਰੀ ਦਸਮ ਗ੍ਰੰਥ

ਅੰਗ - 117


ਜੈ ਸਬਦ ਦੇਵਨ ਉਚਾਰਿਯੋ ॥੬੦॥੨੧੬॥

(ਤਦੋਂ) ਦੇਵਤਿਆਂ ਨੇ (ਦੁਰਗਾ ਦਾ) ਜੈ-ਘੋਸ਼ ਕਰ ਦਿੱਤਾ ॥੬੦॥੨੧੬॥

ਨਭਿ ਮਧਿ ਬਾਜਨ ਬਾਜਹੀ ॥

ਆਕਾਸ਼ ਵਿਚ ਵਾਜੇ ਵਜਦੇ ਸਨ

ਅਵਿਲੋਕਿ ਦੇਵਾ ਗਾਜਹੀ ॥

ਅਤੇ (ਇਹ ਦ੍ਰਿਸ਼) ਵੇਖ ਕੇ ਦੇਵਤੇ ਗਜਣ ਲਗ ਗਏ ਸਨ।

ਲਖਿ ਦੇਵ ਬਾਰੰ ਬਾਰਹੀ ॥

ਸਾਰੇ ਦੇਵਤੇ (ਦੇਵੀ ਨੂੰ) ਬਾਰ ਬਾਰ ਵੇਖ ਕੇ

ਜੈ ਸਬਦ ਸਰਬ ਪੁਕਾਰਹੀ ॥੬੧॥੨੧੭॥

ਜੈ ਦਾ ਘੋਸ਼ ਕਰਨ ਲਗ ਗਏ ਸਨ ॥੬੧॥੨੧੭॥

ਰਣਿ ਕੋਪਿ ਕਾਲ ਕਰਾਲੀਯੰ ॥

ਰਣ-ਭੂਮੀ ਵਿਚ ਕਾਲੀ ਕ੍ਰੋਧ ਨਾਲ ਭਿਆਨਕ ਰੂਪ ਧਾਰ ਕੇ ਫਿਰ ਰਹੀ ਸੀ।

ਖਟ ਅੰਗ ਪਾਣਿ ਉਛਾਲੀਯੰ ॥

(ਉਸ ਨੇ) ਛੇ ਹੱਥਾਂ ਅਤੇ ਭੁਜਾਵਾਂ ਨੂੰ ਉਤੇ ਉਛਾਲਿਆ ਹੋਇਆ ਸੀ।

ਸਿਰਿ ਸੁੰਭ ਹਥ ਦੁਛੰਡੀਯੰ ॥

ਫਿਰ ਸੁੰਭ ਕੇ ਸਿਰ ਵਿਚ ਦੋਵੇਂ ਹੱਥ ਦੇ ਮਾਰੇ,

ਇਕ ਚੋਟਿ ਦੁਸਟ ਬਿਹੰਡੀਯੰ ॥੬੨॥੨੧੮॥

ਇਕੋ ਸਟ ਨਾਲ ਦੁਸ਼ਟ ਨੂੰ ਮਾਰ ਮੁਕਾਇਆ ॥੬੨॥੨੧੮॥

ਦੋਹਰਾ ॥

ਦੋਹਰਾ:

ਜਿਮ ਸੁੰਭਾਸੁਰ ਕੋ ਹਨਾ ਅਧਿਕ ਕੋਪ ਕੈ ਕਾਲਿ ॥

ਹੇ ਕਾਲੀ। ਜਿਵੇਂ (ਤੂੰ) ਬਹੁਤ ਕ੍ਰੋਧ ਕਰ ਕੇ ਸੁੰਭ ਦੈਂਤ ਨੂੰ ਮਾਰਿਆ ਸੀ,

ਤ੍ਰਯੋ ਸਾਧਨ ਕੇ ਸਤ੍ਰੁ ਸਭ ਚਾਬਤ ਜਾਹ ਕਰਾਲ ॥੬੩॥੨੧੯॥

(ਤਿਵੇਂ) ਸੰਤਾਂ ਦੇ ਸਾਰੇ ਵੈਰੀਆਂ ਨੂੰ ਭਿਆਨਕ ਰੂਪ ਧਾਰ ਕੇ ਚਬ ਜਾਇਆ ਕਰ ॥੬੩॥੨੧੯॥

ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਸੁੰਭ ਬਧਹ ਖਸਟਮੋ ਧਿਆਯ ਸੰਪੂਰਨਮ ਸਤੁ ਸੁਭਮ ਸਤੁ ॥੬॥

ਇਥੇ ਸ੍ਰੀ ਬਚਿਤ੍ਰ ਨਾਟਕ ਦੇ 'ਚੰਡੀ-ਚਰਿਤ੍ਰ' ਪ੍ਰਸੰਗ ਦੇ 'ਸੁੰਭ-ਬਧ' ਨਾਂ ਦੇ ਛੇਵੇਂ ਅਧਿਆਇ ਦੀ ਸ਼ੁਭ ਸਮਾਪਤੀ ॥੬॥

ਅਥ ਜੈਕਾਰ ਸਬਦ ਕਥਨੰ ॥

ਹੁਣ ਜੈਕਾਰ ਸ਼ਬਦ ਦਾ ਕਥਨ

ਬੇਲੀ ਬਿਦ੍ਰਮ ਛੰਦ ॥

ਬੇਲੀ ਬਿਦ੍ਰਮ ਛੰਦ:

ਜੈ ਸਬਦ ਦੇਵ ਪੁਕਾਰ ਹੀ ॥

ਦੇਵਤੇ ਜੈ-ਜੈ-ਕਾਰ ਦੇ ਸ਼ਬਦ ਬੋਲਦੇ ਸਨ,

ਸਬ ਫੂਲਿ ਫੂਲਨ ਡਾਰ ਹੀ ॥

ਸਭ ਖੁਸ਼ ਹੋ ਕੇ ਫੁਲ ਸੁਟਦੇ ਸਨ।

ਘਨਸਾਰ ਕੁੰਕਮ ਲਿਆਇ ਕੈ ॥

ਕੇਸਰ ਅਤੇ ਚੰਦਨ ਲਿਆ ਕੇ

ਟੀਕਾ ਦੀਯ ਹਰਖਾਇ ਕੈ ॥੧॥੨੨੦॥

(ਦੇਵਤਿਆਂ ਨੇ) ਖੁਸ਼ੀ ਨਾਲ (ਦੇਵੀ ਨੂੰ) ਤਿਲਕ ਕਰ ਦਿੱਤਾ ॥੧॥੨੨੦॥

ਚੌਪਈ ॥

ਚੌਪਈ:

ਉਸਤਤਿ ਸਬ ਹੂੰ ਕਰੀ ਅਪਾਰਾ ॥

ਸਭ ਨੇ ਮਿਲ ਕੇ (ਦੇਵੀ ਦੀ) ਬਹੁਤ ਉਸਤਤ ਕੀਤੀ।

ਬ੍ਰਹਮ ਕਵਚ ਕੋ ਜਾਪ ਉਚਾਰਾ ॥

'ਬ੍ਰਹਮ-ਕਵਚ' ਜਾਪ ਨੂੰ ਪੜ੍ਹਿਆ।

ਸੰਤ ਸੰਬੂਹ ਪ੍ਰਫੁਲਤ ਭਏ ॥

ਸਾਰੇ ਸੰਤ ਆਨੰਦਿਤ ਹੋ ਗਏ

ਦੁਸਟ ਅਰਿਸਟ ਨਾਸ ਹੁਐ ਗਏ ॥੨॥੨੨੧॥

ਕਿਉਂਕਿ ਸਾਰੇ ਵੱਡੇ ਦੁਸ਼ਟਾਂ ਦਾ ਨਾਸ਼ ਹੋ ਗਿਆ ਸੀ ॥੨॥੨੨੧॥

ਸਾਧਨ ਕੋ ਸੁਖ ਬਢੇ ਅਨੇਕਾ ॥

ਸਾਧਾਂ (ਦੇਵਤਿਆਂ) ਦਾ ਸੁਖ ਅਨੇਕ ਤਰ੍ਹਾਂ ਨਾਲ ਵਧਣ ਲਗਿਆ

ਦਾਨਵ ਦੁਸਟ ਨ ਬਾਚਾ ਏਕਾ ॥

ਕਿਉਂਕਿ ਇਕ ਵੀ ਦੁਸ਼ਟ ਦਾਨਵ ਬਾਕੀ ਨਹੀਂ ਬਚਿਆ।

ਸੰਤ ਸਹਾਇ ਸਦਾ ਜਗ ਮਾਈ ॥

ਜਗਤ ਮਾਤਾ (ਦੇਵੀ) ਸਦਾ ਸੰਤਾਂ ਦੀ ਸਹਾਇਕ ਹੈ

ਜਹ ਤਹ ਸਾਧਨ ਹੋਇ ਸਹਾਈ ॥੩॥੨੨੨॥

ਅਤੇ ਜਿਥੇ ਕਿਥੇ ਉਨ੍ਹਾਂ ਦੀ ਸਹਾਇਕ ਹੁੰਦੀ ਹੈ ॥੩॥੨੨੨॥

ਦੇਵੀ ਜੂ ਕੀ ਉਸਤਤਿ ॥

ਦੇਵੀ ਜੀ ਦੀ ਉਸਤਤ:

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਨਮੋ ਜੋਗ ਜ੍ਵਾਲੰ ਧਰੀਯੰ ਜੁਆਲੰ ॥

ਯੋਗ-ਅਗਨੀ ਦੀ ਅਗਨੀ ਨੂੰ ਧਾਰਨ ਕਰਨ ਵਾਲੀ (ਦੇਵੀ) ਨੂੰ ਨਮਸਕਾਰ ਹੈ;

ਨਮੋ ਸੁੰਭ ਹੰਤੀ ਨਮੋ ਕਰੂਰ ਕਾਲੰ ॥

ਸੁੰਭ ਨੂੰ ਮਾਰਨ ਵਾਲੀ ਨੂੰ ਨਮਸਕਾਰ ਹੈ; ਭਿਆਨਕ ਕਾਲ-ਰੂਪਣੀ ਨੂੰ ਨਮਸਕਾਰ ਹੈ;

ਨਮੋ ਸ੍ਰੋਣ ਬੀਰਜਾਰਦਨੀ ਧੂਮ੍ਰ ਹੰਤੀ ॥

ਰਕਤਬੀਜ ਨੂੰ ਮਾਰਨ ਵਾਲੀ ਅਤੇ ਧੂਮ੍ਰਲੋਚਨ ਨੂੰ ਨਸ਼ਟ ਕਰਨ ਵਾਲੀ ਨੂੰ ਨਮਸਕਾਰ ਹੈ;

ਨਮੋ ਕਾਲਿਕਾ ਰੂਪ ਜੁਆਲਾ ਜਯੰਤੀ ॥੪॥੨੨੩॥

ਜੁਆਲਾ ਰੂਪ ਵਾਲੀ ਅਤੇ ਜੇਤੂ ਕਾਲਕਾ ਨੂੰ ਨਮਸਕਾਰ ਹੈ ॥੪॥੨੨੩॥

ਨਮੋ ਅੰਬਿਕਾ ਜੰਭਹਾ ਜੋਤਿ ਰੂਪਾ ॥

ਅੰਬਕਾ, ਜੰਭਹਾ (ਜੰਭ ਦੈਂਤ ਨੂੰ ਮਾਰਨ ਵਾਲੀ) ਅਤੇ ਜੋਤ-ਸਰੂਪ ਨੂੰ ਨਮਸਕਾਰ ਹੈ;

ਨਮੋ ਚੰਡ ਮੁੰਡਾਰਦਨੀ ਭੂਪਿ ਭੂਪਾ ॥

ਚੰਡ-ਮੁੰਡ ਨੂੰ ਮਾਰਨ ਵਾਲੀ ਅਤੇ ਰਾਜ-ਰਾਜੇਸ਼੍ਵਰੀ ਨੂੰ ਨਮਸਕਾਰ ਹੈ;

ਨਮੋ ਚਾਮਰੰ ਚੀਰਣੀ ਚਿਤ੍ਰ ਰੂਪੰ ॥

ਚਾਮਰ ਦੈਂਤ ਨੂੰ ਚੀਰਨ ਵਾਲੀ ਚਿਤਰ-ਰੂਪਣੀ ਨੂੰ ਨਮਸਕਾਰ ਹੈ;

ਨਮੋ ਪਰਮ ਪ੍ਰਗਿਯਾ ਬਿਰਾਜੈ ਅਨੂਪੰ ॥੫॥੨੨੪॥

ਉਪਮਾ ਤੋਂ ਰਹਿਤ ਬਿਰਾਜਣ ਵਾਲੀ ਪਰਮ-ਪ੍ਰਗਿਆ ਨੂੰ ਨਮਸਕਾਰ ਹੈ ॥੫॥੨੨੪॥

ਨਮੋ ਪਰਮ ਰੂਪਾ ਨਮੋ ਕ੍ਰੂਰ ਕਰਮਾ ॥

ਪਰਮ-ਰੂਪਾ ਨੂੰ ਨਮਸਕਾਰ ਹੈ; ਭਿਆਨਕ ਕਰਮ ਕਰਨ ਵਾਲੀ ਨੂੰ ਨਮਸਕਾਰ ਹੈ;

ਨਮੋ ਰਾਜਸਾ ਸਾਤਕਾ ਪਰਮ ਬਰਮਾ ॥

ਰਜੋ, ਸਤੋ (ਆਦਿ ਗੁਣਾਂ ਨੂੰ ਧਾਰਨ ਕਰਨ ਵਾਲੀ) ਅਤੇ ਸ੍ਰੇਸ਼ਠ ਕਵਚ (ਬਰਮਾ) ਵਾਲੀ ਨੂੰ ਨਮਸਕਾਰ ਹੈ;

ਨਮੋ ਮਹਿਖ ਦਈਤ ਕੋ ਅੰਤ ਕਰਣੀ ॥

ਮਹਿਖਲੇ ਦੈਂਤ ਦਾ ਅੰਤ ਕਰਨ ਵਾਲੀ ਨੂੰ ਨਮਸਕਾਰ ਹੈ;

ਨਮੋ ਤੋਖਣੀ ਸੋਖਣੀ ਸਰਬ ਇਰਣੀ ॥੬॥੨੨੫॥

ਸਭ ਨੂੰ ਤ੍ਰਿਪਤ ਕਰਨ ਵਾਲੀ, ਸੁਕਾਉਣ ਵਾਲੀ ਅਤੇ ਪ੍ਰੇਰਨ ਵਾਲੀ ਨੂੰ ਨਮਸਕਾਰ ਹੈ ॥੬॥੨੨੫॥

ਬਿੜਾਲਾਛ ਹੰਤੀ ਕਰੂਰਾਛ ਘਾਯਾ ॥

ਬਿੜਾਲਾਛ (ਦੈਂਤ) ਨੂੰ ਮਾਰਨ ਵਾਲੀ ਅਤੇ ਕਰੂਰਾਛ (ਦੈਂਤ) ਨੂੰ ਨਸ਼ਟ ਕਰਨ ਵਾਲੀ,

ਦਿਜਗਿ ਦਯਾਰਦਨੀਅੰ ਨਮੋ ਜੋਗ ਮਾਯਾ ॥

ਬ੍ਰਾਹਮਣਾਂ ਦੇ ਮੁਖੀ (ਬ੍ਰਹਮਾ) ਉਤੇ ਪਸੀਜਣ ਵਾਲੀ ('ਅਰਦਨੀਅੰ') ਅਤੇ ਯੋਗਚੰਡੀ ਮਾਇਆ ਨੂੰ ਨਮਸਕਾਰ ਹੈ;

ਨਮੋ ਭਈਰਵੀ ਭਾਰਗਵੀਅੰ ਭਵਾਨੀ ॥

ਭੈਰਵੀ, ਭਾਰਗਵੀ ਅਤੇ ਭਵਾਨੀ ਨੂੰ ਨਮਸਕਾਰ ਹੈ;

ਨਮੋ ਜੋਗ ਜ੍ਵਾਲੰ ਧਰੀ ਸਰਬ ਮਾਨੀ ॥੭॥੨੨੬॥

ਯੋਗਅਗਨੀ ਨੂੰ ਧਾਰਨ ਕਰਨ ਵਾਲੀ ਅਤੇ ਸਭ ਤੋਂ ਮਾਨਤਾ ਪ੍ਰਾਪਤ ਕਰਨ ਵਾਲੀ ਨੂੰ ਨਮਸਕਾਰ ਹੈ ॥੭॥੨੨੬॥

ਅਧੀ ਉਰਧਵੀ ਆਪ ਰੂਪਾ ਅਪਾਰੀ ॥

ਉਪਰ-ਹੇਠਾਂ ਵਿਚ ਵਿਆਪਤ ਹੋਣ ਵਾਲੀ ਅਪਾਰ-ਰੂਪਾ (ਨੂੰ ਨਮਸਕਾਰ ਹੈ);

ਰਮਾ ਰਸਟਰੀ ਕਾਮ ਰੂਪਾ ਕੁਮਾਰੀ ॥

ਸਭ ਨੂੰ ਆਨੰਦ ਦੇਣ ਵਾਲੀ ('ਰਮਾ') ਰਾਜ-ਸਾਜ ('ਰਸਟਰੀ') ਕਰਨ ਵਾਲੀ, ਕਾਮ ਰੂਪ ਵਾਲੀ (ਕਾਮਾਖਿਆ) ਕੁਮਾਰੀ (ਨੂੰ ਨਮਸਕਾਰ ਹੈ);

ਭਵੀ ਭਾਵਨੀ ਭਈਰਵੀ ਭੀਮ ਰੂਪਾ ॥

ਭਵਾਨੀ, ਸ਼ਰਧਾ, ਭੈਰਵੀ ਅਤੇ ਭੀਮਾ (ਨੂੰ ਨਮਸਕਾਰ ਹੈ);

ਨਮੋ ਹਿੰਗੁਲਾ ਪਿੰਗੁਲਾਯੰ ਅਨੂਪਾ ॥੮॥੨੨੭॥

ਹਿੰਗੁਲਾ, ਪਿੰਗੁਲਾ ਅਤੇ ਅਨੂਪਮਾ ਨੂੰ ਨਮਸਕਾਰ ਹੈ ॥੮॥੨੨੭॥

ਨਮੋ ਜੁਧਨੀ ਕ੍ਰੁਧਨੀ ਕ੍ਰੂਰ ਕਰਮਾ ॥

ਯੁੱਧ ਕਰਨ ਵਾਲੀ, ਕ੍ਰੋਧ ਕਰਨ ਵਾਲੀ, ਭਿਆਨਕ ਕਰਮ ਕਰਨ ਵਾਲੀ ਨੂੰ ਨਮਸਕਾਰ ਹੈ;

ਮਹਾ ਬੁਧਿਨੀ ਸਿਧਿਨੀ ਸੁਧ ਕਰਮਾ ॥

ਮਹਾਨ ਬੁੱਧੀ ਵਾਲੀ, ਸਿੱਧੀਆਂ ਵਾਲੀ ਅਤੇ ਸ਼ੁੱਧ ਕਰਮਾਂ ਵਾਲੀ (ਨੂੰ ਨਮਸਕਾਰ ਹੈ);

ਪਰੀ ਪਦਮਿਨੀ ਪਾਰਬਤੀ ਪਰਮ ਰੂਪਾ ॥

ਅਪੱਛਰਾ, ਪਦਮਨੀ ਅਤੇ ਪਾਰਬਤੀ ਵਰਗੇ ਪਰਮ ਰੂਪਾਂ ਵਾਲੀ (ਨੂੰ ਨਮਸਕਾਰ ਹੈ);

ਸਿਵੀ ਬਾਸਵੀ ਬ੍ਰਾਹਮੀ ਰਿਧ ਕੂਪਾ ॥੯॥੨੨੮॥

ਸ਼ਿਵ-ਸ਼ਕਤੀ, ਇੰਦਰ-ਸ਼ਕਤੀ (ਬਾਸਵੀ) ਬ੍ਰਹਮਾ-ਸ਼ਕਤੀ ਅਤੇ ਕੁਬੇਰ ਸ਼ਕਤੀ ('ਰਿਧ-ਕੂਪਾ') (ਨੂੰ ਨਮਸਕਾਰ ਹੈ) ॥੯॥੨੨੮॥

ਮਿੜਾ ਮਾਰਜਨੀ ਸੂਰਤਵੀ ਮੋਹ ਕਰਤਾ ॥

ਮਿੜਾ (ਮ੍ਰਿੜ ਰੁਦ੍ਰ ਦੀ ਸ਼ਕਤੀ) ਮਾਰਜਨੀ (ਦੋਸ਼ਾਂ ਨੂੰ ਦੂਰ ਕਰਨ ਵਾਲੀ) ਸੂਰਤਵੀ (ਦਇਆ ਕਰਨ ਵਾਲੀ) ਅਤੇ ਮੋਹ ਕਰਨ ਵਾਲੀ (ਨੂੰ ਨਮਸਕਾਰ ਹੈ)

ਪਰਾ ਪਸਟਣੀ ਪਾਰਬਤੀ ਦੁਸਟ ਹਰਤਾ ॥

ਪਰਾ (ਬ੍ਰਹਮਵਿਦਿਆ) ਪਸਟਣੀ (ਪ੍ਰਸੰਨ ਹੋਣ ਵਾਲੀ) ਪਾਰਬਤੀ ਅਤੇ ਦੁਸ਼ਟਾਂ ਨੂੰ ਮਾਰਨ ਵਾਲੀ (ਨੂੰ ਨਮਸਕਾਰ ਹੈ);

ਨਮੋ ਹਿੰਗੁਲਾ ਪਿੰਗੁਲਾ ਤੋਤਲਾਯੰ ॥

ਹਿੰਗੁਲਾ, ਪਿੰਗੁਲਾ ਅਤੇ ਤੋਤਲਾ ਨੂੰ ਨਮਸਕਾਰ ਹੈ;

ਨਮੋ ਕਾਰਤਿਕ੍ਰਯਾਨੀ ਸਿਵਾ ਸੀਤਲਾਯੰ ॥੧੦॥੨੨੯॥

ਕਾਰਤਿਕਯਾਨੀ (ਕਾਰਤੀਕੇਯ-ਸ਼ਕਤੀ) ਸ਼ਿਵਾ ਅਤੇ ਸੀਤਲਾ ਨੂੰ ਨਮਸਕਾਰ ਹੈ ॥੧੦॥੨੨੯॥

ਭਵੀ ਭਾਰਗਵੀਯੰ ਨਮੋ ਸਸਤ੍ਰ ਪਾਣੰ ॥

ਭਵੀ (ਯਮ-ਸ਼ਕਤੀ) ਭਾਰਗਵੀ (ਭ੍ਰਿਗੂ-ਸ਼ਕਤੀ) ਅਤੇ ਸ਼ਸਤ੍ਰ ਧਾਰਨ ਕਰਨ ਵਾਲੀ ਨੂੰ ਨਮਸਕਾਰ ਹੈ;

ਨਮੋ ਅਸਤ੍ਰ ਧਰਤਾ ਨਮੋ ਤੇਜ ਮਾਣੰ ॥

ਅਸਤ੍ਰ ਧਾਰਨ ਕਰਨ ਵਾਲੀ ਨੂੰ ਨਮਸਕਾਰ ਹੈ; ਤੇਜ ਨੂੰ ਮਾਣ ਦੇਣ ਵਾਲੀ ਨੂੰ ਨਮਸਕਾਰ ਹੈ;

ਜਯਾ ਅਜਯਾ ਚਰਮਣੀ ਚਾਵਡਾਯੰ ॥

ਜਿਤ ਪ੍ਰਾਪਤ ਕਰਨ ਵਾਲੀ, ਨਾ ਜਿਤੇ ਜਾ ਸਕਣ ਵਾਲੀ, ਚੁੜੇਲਾਂ ਨੂੰ ਚਬਣ ਵਾਲੀ (ਨੂੰ ਨਮਸਕਾਰ ਹੈ);

ਕ੍ਰਿਪਾ ਕਾਲਿਕਾਯੰ ਨਯੰ ਨਿਤਿ ਨਿਆਯੰ ॥੧੧॥੨੩੦॥

ਕ੍ਰਿਪਾ (ਕਰਨ ਵਾਲੀ) ਕਾਲਕਾ ਰੂਪ ਵਾਲੀ, ਨਿੱਤ ਨਵੇਂ ਅਤੇ ਨਿਆਇਸ਼ੀਲ ਰੂਪ ਵਾਲੀ ਨੂੰ ਨਮਸਕਾਰ ਹੈ ॥੧੧॥੨੩੦॥

ਨਮੋ ਚਾਪਣੀ ਚਰਮਣੀ ਖੜਗ ਪਾਣੰ ॥

ਹੱਥ ਵਿਚ ਧਨੁਸ਼ ਧਾਰਨ ਕਰਨ ਵਾਲੀ ('ਚਾਪਣੀ') ਢਾਲ ਧਾਰਨ ਕਰਨ ਵਾਲੀ ('ਚਰਮਣੀ') ਹੱਥ ('ਪਾਣੰ') ਵਿਚ ਖੜਗ ਧਾਰਨ ਕਰਨ ਵਾਲੀ ਨੂੰ ਨਮਸਕਾਰ ਹੈ;

ਗਦਾ ਪਾਣਿਣੀ ਚਕ੍ਰਣੀ ਚਿਤ੍ਰ ਮਾਣੰ ॥

ਹੱਥ ਵਿਚ ਗਦਾ ਫੜਨ ਵਾਲੀ, ਚੱਕਰ ਧਾਰਨ ਕਰਨ ਵਾਲੀ ਅਤੇ ਚਿਤਰ ਸਰੂਪੀ ਨੂੰ ਨਮਸਕਾਰ ਹੈ;

ਨਮੋ ਸੂਲਣੀ ਸਹਥੀ ਪਾਣਿ ਮਾਤਾ ॥

ਹੱਥ ਵਿਚ ਤ੍ਰਿਸ਼ੂਲ ਧਾਰਨ ਕਰਨ ਵਾਲੀ ਅਤੇ ਸੈਹੱਥੀ ਫੜਨ ਵਾਲੀ ਮਾਤਾ ਨੂੰ ਨਮਸਕਾਰ ਹੈ;

ਨਮੋ ਗਿਆਨ ਬਿਗਿਆਨ ਕੀ ਗਿਆਨ ਗਿਆਤਾ ॥੧੨॥੨੩੧॥

ਗਿਆਨ ਅਤੇ ਵਿਗਿਆਨ ਦੇ ਗਿਆਨ ਨੂੰ ਜਾਣਨ ਵਾਲੀ ਨੂੰ ਨਮਸਕਾਰ ਹੈ ॥੧੨॥੨੩੧॥

ਨਮੋ ਪੋਖਣੀ ਸੋਖਣੀਅੰ ਮ੍ਰਿੜਾਲੀ ॥

ਪਾਲਨ ਕਰਨ ਵਾਲੀ, ਸੁਕਾਉਣ ਵਾਲੀ ਅਤੇ ਮ੍ਰਿੜਾਲੀ (ਮੁਰਦਿਆਂ ਦੀ ਸਵਾਰੀ ਕਰਨ ਵਾਲੀ) ਨੂੰ ਨਮਸਕਾਰ ਹੈ;

ਨਮੋ ਦੁਸਟ ਦੋਖਾਰਦਨੀ ਰੂਪ ਕਾਲੀ ॥

ਦੁਸ਼ਟਾਂ ਨੂੰ ਦੁਖ ਦੇਣ ਲਈ ਕਾਲੀ ਦਾ ਰੂਪ ਧਾਰਨ ਕਰਨ ਵਾਲੀ ਨੂੰ ਨਮਸਕਾਰ ਹੈ;

ਨਮੋ ਜੋਗ ਜੁਆਲਾ ਨਮੋ ਕਾਰਤਿਕ੍ਰਯਾਨੀ ॥

ਯੋਗ-ਅਗਨੀ ਨੂੰ ਨਮਸਕਾਰ ਹੈ; ਕਾਰਤੀਕੇਯ ਸ਼ਕਤੀ ਨੂੰ ਨਮਸਕਾਰ ਹੈ;

ਨਮੋ ਅੰਬਿਕਾ ਤੋਤਲਾ ਸ੍ਰੀ ਭਵਾਨੀ ॥੧੩॥੨੩੨॥

ਅੰਬਕਾ, ਤੋਤਲਾ ਅਤੇ ਸ੍ਰੀ ਭਵਾਨੀ ਨੂੰ ਨਮਸਕਾਰ ਹੈ ॥੧੩॥੨੩੨॥

ਨਮੋ ਦੋਖ ਦਾਹੀ ਨਮੋ ਦੁਖ੍ਯ ਹਰਤਾ ॥

ਦੁਖਾਂ ਨੂੰ ਸਾੜਨ ਵਾਲੀ ਨੂੰ ਨਮਸਕਾਰ ਹੈ, ਦੁਖਾਂ ਨੂੰ ਹਰਨ ਵਾਲੀ ਨੂੰ ਨਮਸਕਾਰ ਹੈ;

ਨਮੋ ਸਸਤ੍ਰਣੀ ਅਸਤ੍ਰਣੀ ਕਰਮ ਕਰਤਾ ॥

ਅਸਤ੍ਰਾਂ ਅਤੇ ਸ਼ਸਤ੍ਰਾਂ ਨਾਲ ਕਰਮ ਕਰਨ ਵਾਲੀ ਨੂੰ ਨਮਸਕਾਰ ਹੈ;