ਸ਼੍ਰੀ ਦਸਮ ਗ੍ਰੰਥ

ਅੰਗ - 353


ਕੰਠਸਿਰੀ ਅਰੁ ਬੇਸਰਿ ਮਾਗ ਧਰੈ ਜੋਊ ਸੁੰਦਰ ਸਾਜ ਨਵੀਨੋ ॥

ਕੰਠਾ ਅਤੇ ਬੁਲਾਕ (ਆਦਿਕ) ਜ਼ੇਵਰ ਪਾ ਕੇ ਅਤੇ ਮਾਂਗ (ਵਿਚ ਸੰਧੂਰ ਭਰ ਕੇ) ਜਿਨ੍ਹਾਂ ਗੋਪੀਆਂ ਨੇ ਨਵਾਂ ਨਵਾਂ ਸ਼ਿੰਗਾਰ ਕੀਤਾ ਹੋਇਆ ਸੀ।

ਜੋ ਅਵਤਾਰਨ ਤੇ ਅਵਤਾਰ ਕਹੈ ਕਬਿ ਸ੍ਯਾਮ ਜੁ ਹੈ ਸੁ ਨਗੀਨੋ ॥

ਕਵੀ ਸ਼ਿਆਮ ਕਹਿੰਦੇ ਹਨ, ਜੋ ਕ੍ਰਿਸ਼ਨ ਅਵਤਾਰਾਂ ਦਾ ਵੀ ਅਵਤਾਰ ਹੈ, ਉਹ (ਗੋਪੀਆਂ ਰੂਪ ਗਹਿਣੇ ਦਾ) ਨਗੀਨਾ ਹੈ।

ਤਾਹਿ ਕਿਧੌ ਅਤਿ ਹੀ ਛਲ ਕੈ ਸੁ ਚੁਰਾਇ ਮਨੋ ਮਨ ਗੋਪਿਨ ਲੀਨੋ ॥੫੮੮॥

ਜਾਂ ਮਾਨੋ ਉਸ ਨੇ ਬਹੁਤ ਛਲ ਕਰ ਕੇ ਗੋਪੀਆਂ ਦਾ ਮਨ ਚੁਰਾ ਲਿਆ ਹੋਵੇ ॥੫੮੮॥

ਕਾਨਰ ਸੋ ਬ੍ਰਿਖਭਾਨੁ ਸੁਤਾ ਹਸਿ ਬਾਤ ਕਹੀ ਸੰਗ ਸੁੰਦਰ ਐਸੇ ॥

ਰਾਧਾ ਨੇ ਕ੍ਰਿਸ਼ਨ ਨੂੰ ਇਸ ਤਰ੍ਹਾਂ ਸੁੰਦਰ ਢੰਗ ਨਾਲ ਹਸ ਕੇ ਗੱਲ ਕਹੀ। ਕਵੀ ਸ਼ਿਆਮ ਕਹਿੰਦੇ ਹਨ,

ਨੈਨ ਨਚਾਇ ਮਹਾ ਮ੍ਰਿਗ ਸੇ ਕਬਿ ਸ੍ਯਾਮ ਕਹੈ ਅਤਿ ਹੀ ਸੁ ਰੁਚੈ ਸੇ ॥

(ਉਸ ਨੇ) ਹਿਰਨ ਵਰਗੀਆਂ ਸੁੰਦਰ ਵੱਡੀਆਂ ਅੱਖਾਂ ਨੂੰ ਮਟਕਾ ਕੇ ਅਤੇ ਰੁਚੀ ਪੂਰਵਕ (ਕਿਹਾ)।

ਤਾ ਛਬਿ ਕੀ ਅਤਿ ਹੀ ਉਪਮਾ ਉਪਜੀ ਕਬਿ ਕੇ ਮਨ ਤੇ ਉਮਗੈ ਸੇ ॥

ਉਸ ਦ੍ਰਿਸ਼ ਦੀ ਬਹੁਤ ਹੀ ਸੁੰਦਰ ਉਪਮਾ ਕਵੀ ਦੇ ਮਨ ਵਿਚ ਉਮਗ ਪਈ। (ਇੰਜ ਪ੍ਰਤੀਤ ਹੁੰਦਾ ਹੈ)

ਮਾਨਹੁ ਆਨੰਦ ਕੈ ਅਤਿ ਹੀ ਮਨੋ ਕੇਲ ਕਰੈ ਪਤਿ ਸੋ ਰਤਿ ਜੈਸੇ ॥੫੮੯॥

ਮਾਨੋ ਮਨ ਵਿਚ ਬਹੁਤ ਆਨੰਦ ਪ੍ਰਾਪਤ ਕਰ ਕੇ 'ਰਤੀ' ਦੇ ਆਪਣੇ ਪਤੀ ਨਾਲ ਕੇਲ ਕਰਨ ਵਾਂਗ (ਕੇਲ ਕਰ ਰਹੀ ਹੋਵੇ) ॥੫੮੯॥

ਗ੍ਵਾਰਿਨ ਕੋ ਹਰਿ ਕੰਚਨ ਸੇ ਤਨ ਮੈ ਮਨਿ ਕੀ ਮਨ ਤੁਲਿ ਖੁਭਾ ਹੈ ॥

ਗੋਪੀਆਂ ਦੇ ਸੋਨੇ ਵਰਗੇ ਸ਼ਰੀਰਾਂ ਵਿਚ ਕ੍ਰਿਸ਼ਨ ਦਾ ਮਨ ਮਣੀ ਵਾਂਗ ਖੁਬਿਆ ਹੋਇਆ ਹੈ।

ਖੇਲਤ ਹੈ ਹਰਿ ਕੇ ਸੰਗ ਸੋ ਜਿਨ ਕੀ ਬਰਨੀ ਨਹੀ ਜਾਤ ਸੁਭਾ ਹੈ ॥

ਜਿਨ੍ਹਾਂ (ਗੋਪੀਆਂ) ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਉਹ ਸ੍ਰੀ ਕਿਸ਼ਨ ਨਾਲ ਖੇਡ ਰਹੀਆਂ ਹਨ।

ਖੇਲਨ ਕੋ ਭਗਵਾਨ ਰਚੀ ਰਸ ਕੇ ਹਿਤ ਚਿਤ੍ਰ ਬਚਿਤ੍ਰ ਸਭਾ ਹੈ ॥

ਸ੍ਰੀ ਕ੍ਰਿਸ਼ਨ ਨੇ ਖੇਡਣ ਲਈ (ਪ੍ਰੇਮ) ਰਸ ਦੀ ਚਿਤਰ ਵਰਗੀ ਮਹਾਨ ਸਭਾ ਰਚੀ ਹੈ।

ਯੌ ਉਪਜੀ ਉਪਮਾ ਤਿਨ ਮੈ ਬ੍ਰਿਖਭਾਨੁ ਸੁਤਾ ਮਨੋ ਚੰਦ੍ਰ ਪ੍ਰਭਾ ਹੈ ॥੫੯੦॥

(ਕਵੀ ਦੇ ਮਨ ਵਿਚ) ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਹੈ, ਮਾਨੋ ਉਨ੍ਹਾਂ (ਗੋਪੀਆਂ) ਵਿਚ ਰਾਧਾ ਚੰਦ੍ਰਮਾ ਦੀ ਚਮਕ ਹੋਵੇ ॥੫੯੦॥

ਬ੍ਰਿਖਭਾਨੁ ਸੁਤਾ ਹਰਿ ਆਇਸ ਮਾਨ ਕੈ ਖੇਲਤ ਭੀ ਅਤਿ ਹੀ ਸ੍ਰਮ ਕੈ ॥

ਸ੍ਰੀ ਕ੍ਰਿਸ਼ਨ ਦੀ ਆਗਿਆ ਮੰਨ ਕੇ ਰਾਧਾ ਬੜੇ ਉਦਮ ਨਾਲ ਖੇਡਣ ਲਗ ਪਈ।

ਗਹਿ ਹਾਥ ਸੋ ਹਾਥ ਤ੍ਰੀਯਾ ਸਭ ਸੁੰਦਰ ਨਾਚਤ ਰਾਸ ਬਿਖੈ ਭ੍ਰਮ ਕੈ ॥

ਹੱਥ ਨਾਲ ਹੱਥ ਪਕੜ ਕੇ ਸੁੰਦਰ ਇਸਤਰੀਆਂ ਗੋਲ ਦਾਇਰੇ ਵਿਚ ਨਚਣ ਲਗ ਪਈਆਂ।

ਤਿਹ ਕੀ ਸੁ ਕਥਾ ਮਨ ਬੀਚ ਬਿਚਾਰਿ ਕਰੈ ਕਬਿ ਸ੍ਯਾਮ ਕਹੀ ਕ੍ਰਮ ਕੈ ॥

ਕਵੀ ਸ਼ਿਆਮ ਕਹਿੰਦੇ ਹਨ, ਉਨ੍ਹਾਂ ਦੀ ਕਥਾ ਨੂੰ ਮਨ ਵਿਚ ਵਿਚਾਰ ਕੇ (ਕਵੀਆਂ ਨੇ) ਕ੍ਰਮ ਅਨੁਸਾਰ ਕਹਿ ਦਿੱਤੀ ਹੈ।

ਮਨੋ ਗੋਪਿਨ ਕੇ ਘਨ ਸੁੰਦਰ ਮੈ ਬ੍ਰਿਜ ਭਾਮਿਨਿ ਦਾਮਿਨਿ ਜਿਉ ਦਮਕੈ ॥੫੯੧॥

(ਇੰਜ ਪਤਾ ਲਗਦਾ ਹੈ) ਮਾਨੋ ਗੋਪੀਆਂ ਦੇ ਸੁੰਦਰ ਬਦਲ ਵਿਚ ਰਾਧਾ ਬਿਜਲੀ ਵਾਂਗ ਚਮਕਦੀ ਹੋਵੇ ॥੫੯੧॥

ਦੋਹਰਾ ॥

ਦੋਹਰਾ:

ਪਿਖਿ ਕੈ ਨਾਚਤ ਰਾਧਿਕਾ ਕ੍ਰਿਸਨ ਮਨੈ ਸੁਖ ਪਾਇ ॥

ਰਾਧਾ ਨੂੰ ਨਚਦਿਆਂ ਵੇਖ ਕੇ ਕ੍ਰਿਸ਼ਨ ਨੇ ਬਹੁਤ ਸੁਖ ਪ੍ਰਾਪਤ ਕੀਤਾ।

ਅਤਿ ਹੁਲਾਸ ਜੁਤ ਪ੍ਰੇਮ ਛਕਿ ਮੁਰਲੀ ਉਠਿਯੋ ਬਜਾਇ ॥੫੯੨॥

(ਫਿਰ) ਬਹੁਤ ਉਤਸਾਹ ਨਾਲ ਪ੍ਰੇਮ ਵਿਚ ਮਗਨ ਹੋ ਕੇ, ਉਠ ਕੇ ਮੁਰਲੀ ਵਜਾਉਣ ਲਗ ਪਿਆ ॥੫੯੨॥

ਸਵੈਯਾ ॥

ਸਵੈਯਾ:

ਨਟ ਨਾਇਕ ਸੁਧ ਮਲਾਰ ਬਿਲਾਵਲ ਗ੍ਵਾਰਿਨ ਬੀਚ ਧਮਾਰਨ ਗਾਵੈ ॥

ਨਟ ਨਾਇਕ, ਸ਼ੁੱਧ ਮਲ੍ਹਾਰ, ਬਿਲਾਵਲ ਅਤੇ ਧਮਾਰ (ਆਦਿ ਰਾਗ) ਗੋਪੀਆਂ ਵਿਚ ਗਾਉਂਦਾ ਹੈ।

ਸੋਰਠਿ ਸਾਰੰਗ ਰਾਮਕਲੀ ਸੁ ਬਿਭਾਸ ਭਲੇ ਹਿਤ ਸਾਥ ਬਸਾਵੈ ॥

ਸੋਰਠ, ਸਾਰੰਗ, ਰਾਮਕਲੀ, ਵਿਭਾਸ (ਆਦਿਕ ਰਾਗਾਂ) ਨੂੰ ਉਨ੍ਹਾਂ ਨਾਲ ਮੇਲਦਾ ਹੈ।

ਗਾਵਹੁ ਹ੍ਵੈ ਮ੍ਰਿਗਨੀ ਤ੍ਰੀਯ ਕੋ ਸੁ ਬੁਲਾਵਤ ਹੈ ਉਪਮਾ ਜੀਯ ਭਾਵੈ ॥

(ਉਸ ਦੇ) ਗਾਉਣ ਉਤੇ ਜੋ ਇਸਤਰੀਆਂ ਹਿਰਨੀ ਵਾਂਗ ਮਸਤ ਹੋ ਰਹੀਆਂ ਸਨ, (ਉਨ੍ਹਾਂ ਨੂੰ) ਬੁਲਾਉਂਦਾ ਹੈ, (ਉਸ ਦੀ) ਉਪਮਾ (ਕਵੀ ਦੇ) ਜੀ ਵਿਚ ਇੰਜ ਭਾਉਂਦੀ ਹੈ।

ਮਾਨਹੁ ਭਉਹਨ ਕੋ ਕਸਿ ਕੈ ਧਨੁ ਨੈਨਨ ਕੇ ਮਨੋ ਤੀਰ ਚਲਾਵੈ ॥੫੯੩॥

ਮਾਨੋ ਭੌਆਂ ਦੀ ਕਮਾਨ ਨੂੰ ਖਿਚ ਕੇ ਅੱਖਾਂ (ਦੇ ਸੰਕੇਤ) ਤੇ ਤੀਰ ਚਲਾਉਂਦਾ ਹੋਵੇ ॥੫੯੩॥

ਮੇਘ ਮਲਾਰ ਅਉ ਦੇਵਗੰਧਾਰਿ ਭਲੇ ਗਵਰੀ ਕਰਿ ਕੈ ਹਿਤ ਗਾਵੈ ॥

ਮੇਘ, ਮਲ੍ਹਾਰ, ਦੇਵ ਗੰਧਾਰੀ ਅਤੇ ਗੌੜੀ ਨੂੰ ਬੜੇ ਸੋਹਣੇ ਤਰੀਕੇ ਨਾਲ ਗਾਉਂਦਾ ਹੈ।

ਜੈਤਸਿਰੀ ਅਰੁ ਮਾਲਸਿਰੀ ਨਟ ਨਾਇਕ ਸੁੰਦਰ ਭਾਤਿ ਬਸਾਵੈ ॥

ਜੈਤਸਿਰੀ, ਮਾਲਸਿਰੀ ਅਤੇ ਨਟ ਨਾਇਕ (ਆਦਿਕ ਰਾਗਾਂ) ਨੂੰ ਚੰਗੇ ਢੰਗ ਨਾਲ ਮਿਲਾਉਂਦਾ ਹੈ।

ਰੀਝ ਰਹੀ ਬ੍ਰਿਜ ਕੀ ਸਭ ਗ੍ਵਾਰਿਨ ਰੀਝ ਰਹੈ ਸੁਰ ਜੋ ਸੁਨ ਪਾਵੈ ॥

(ਉਸ ਨੂੰ ਸੁਣ ਕੇ) ਬ੍ਰਜ ਦੀਆਂ ਸਾਰੀਆਂ ਗੋਪੀਆਂ ਪ੍ਰਸੰਨ ਹੋ ਰਹੀਆਂ ਹਨ ਅਤੇ ਦੇਵਤੇ ਵੀ ਰੀਝ ਰਹੇ ਹਨ ਅਤੇ (ਹੋਰ ਵੀ) ਜੋ ਸੁਣ ਲੈਂਦਾ ਹੈ।

ਅਉਰ ਕੀ ਬਾਤ ਕਹਾ ਕਹੀਯੈ ਤਜਿ ਇੰਦ੍ਰ ਸਭਾ ਸਭ ਆਸਨ ਆਵੈ ॥੫੯੪॥

ਹੋਰਾਂ ਦੀ ਗੱਲ ਕੀ ਕਰੀਏ, ਇੰਦਰ ਸਭਾ ਵੀ ਆਸਣ ਛਡ ਕੇ ਆ ਜਾਂਦੀ ਹੈ ॥੫੯੪॥

ਖੇਲਤ ਰਾਸ ਮੈ ਸ੍ਯਾਮ ਕਹੈ ਅਤਿ ਹੀ ਰਸ ਸੰਗ ਤ੍ਰੀਯਾ ਮਿਲਿ ਤੀਨੋ ॥

(ਕਵੀ) ਸ਼ਿਆਮ ਕਹਿੰਦੇ ਹਨ, ਤਿੰਨ ਗੋਪੀਆਂ (ਪ੍ਰੇਮ) ਰਸ (ਵਿਚ ਮਗਨ ਹੋ ਕੇ) ਮਿਲ ਕੇ ਗਾਉਂਦੀਆਂ ਹਨ।

ਚੰਦ੍ਰਭਗਾ ਅਰੁ ਚੰਦ੍ਰਮੁਖੀ ਬ੍ਰਿਖਭਾਨ ਸੁਤਾ ਸਜਿ ਸਾਜ ਨਵੀਨੋ ॥

(ਉਨ੍ਹਾਂ ਤਿੰਨਾਂ) ਚੰਦ੍ਰਭਗਾ, ਚੰਦ੍ਰਮੁਖੀ ਅਤੇ ਰਾਧਾ ਨੇ ਸੁੰਦਰ ਸ਼ਿੰਗਾਰ ਕੀਤਾ ਹੋਇਆ ਹੈ।

ਅੰਜਨ ਆਖਨ ਦੈ ਬਿੰਦੂਆ ਇਕ ਭਾਲ ਮੈ ਸੇਾਂਧੁਰ ਸੁੰਦਰ ਦੀਨੋ ॥

ਅੱਖਾਂ ਵਿਚ ਸੁਰਮਾ ਪਾ ਕੇ, ਮੱਥੇ ਉਤੇ ਇਕ ਬਿੰਦੀ ਲਾ ਕੇ ਅਤੇ (ਮਾਂਗ ਵਿਚ) ਸੰਧੂਰ ਭਰ ਕੇ ਸ਼ਿੰਗਾਰ ਕੀਤਾ ਹੋਇਆ ਹੈ।

ਯੌ ਉਜਪੀ ਉਪਮਾ ਤ੍ਰੀਯ ਕੈ ਸੁਭ ਭਾਗ ਪ੍ਰਕਾਸ ਅਬੈ ਮਨੋ ਕੀਨੋ ॥੫੯੫॥

ਉਸ ਦੀ ਉਪਮਾ (ਕਵੀ ਦੇ ਮਨ ਵਿਚ) ਇਸ ਤਰ੍ਹਾਂ ਦੀ ਪੈਦਾ ਹੋਈ ਹੈ, ਮਾਨੋ ਇਸਤਰੀ ਦਾ ਸ਼ੁਭ ਭਾਗ ਹੁਣੇ ਹੁਣੇ ਪ੍ਰਕਾਸ਼ ਵਿਚ ਆਇਆ ਹੋਵੇ ॥੫੯੫॥

ਖੇਲਤ ਕਾਨ੍ਰਹ ਸੋ ਚੰਦ੍ਰਭਗਾ ਕਬਿ ਸ੍ਯਾਮ ਕਹੈ ਰਸ ਜੋ ਉਮਹਿਯੋ ਹੈ ॥

ਕਵੀ ਸ਼ਿਆਮ ਕਹਿੰਦੇ ਹਨ, ਜਿਸ ਦੇ (ਮਨ ਵਿਚ ਪ੍ਰੇਮ) ਰਸ ਉਮਡਿਆ ਹੈ, ਉਹ ਚੰਦ੍ਰਭਗਾ ਕ੍ਰਿਸ਼ਨ ਨਾਲ ਖੇਡ ਰਹੀ ਹੈ।

ਪ੍ਰੀਤਿ ਕਰੀ ਅਤਿ ਹੀ ਤਿਹ ਸੋ ਬਹੁ ਲੋਗਨ ਕੋ ਉਪਹਾਸ ਸਹਿਯੋ ਹੈ ॥

ਉਸ (ਸ੍ਰੀ ਕ੍ਰਿਸ਼ਨ) ਨਾਲ ਬਹੁਤ ਅਧਿਕ ਪ੍ਰੇਮ ਕਰ ਕੇ ਲੋਕਾਂ ਦਾ ਬਹੁਤ ਮਜ਼ਾਕ ਸਹਿਨ ਕੀਤਾ ਹੈ।

ਮੋਤਿਨ ਮਾਲ ਢਰੀ ਗਰ ਤੇ ਕਬਿ ਨੇ ਤਿਹ ਕੋ ਜਸੁ ਐਸੇ ਕਹਿਯੋ ਹੈ ॥

ਉਸ ਦੇ ਗਲੇ ਵਿਚ ਮੋਤੀਆਂ ਦੀ ਮਾਲਾ ਢਲਕ ਗਈ ਹੈ, ਜਿਸ ਦੇ ਯਸ਼ ਨੂੰ ਕਵੀ ਨੇ ਇਸ ਤਰ੍ਹਾਂ ਕਿਹਾ ਹੈ।

ਆਨਨ ਚੰਦ੍ਰ ਮਨੋ ਪ੍ਰਗਟੇ ਛਪਿ ਕੈ ਅੰਧਿਆਰੁ ਪਤਾਰਿ ਗਯੋ ਹੈ ॥੫੯੬॥

ਮਾਨੋ ਮੁਖ ਰੂਪ ਚੰਦ੍ਰਮਾ ਦੇ ਪ੍ਰਗਟ ਹੋਣ ਨਾਲ ਅੰਧਕਾਰ ਪਾਤਾਲ ਵਿਚ ਜਾ ਲੁਕਿਆ ਹੈ ॥੫੯੬॥

ਦੋਹਰਾ ॥

ਦੋਹਰਾ:

ਗ੍ਵਾਰਿਨ ਰੂਪ ਨਿਹਾਰ ਕੈ ਇਉ ਉਪਜਯੋ ਜੀਯ ਭਾਵ ॥

ਗੋਪੀਆਂ ਦੇ ਰੂਪ ਨੂੰ ਵੇਖ ਕੇ, ਇਸ ਤਰ੍ਹਾਂ ਮਨ ਵਿਚ ਭਾਵ ਪੈਦਾ ਹੋਇਆ ਹੈ

ਰਾਜਤ ਜ੍ਯੋ ਮਹਿ ਚਾਦਨੀ ਕੰਜਨ ਸਹਿਤ ਤਲਾਵ ॥੫੯੭॥

ਜਿਵੇਂ ਚਾਂਦਨੀ (ਰਾਤ) ਵਿਚ ਕਮਲਾਂ ਸਮੇਤ ਤਾਲਾਬ ਸ਼ੋਭਾ ਪਾ ਰਿਹਾ ਹੈ ॥੫੯੭॥

ਸਵੈਯਾ ॥

ਸਵੈਯਾ:

ਲੋਚਨ ਹੈ ਜਿਨ ਕੇ ਸੁ ਪ੍ਰਭਾਧਰ ਆਨਨ ਹੈ ਜਿਨ ਕੋ ਸਮ ਮੈਨਾ ॥

ਜਿਨ੍ਹਾਂ ਦੀਆਂ ਅੱਖੀਆਂ ਕਮਲ ਦੇ ਸਮਾਨ ਹਨ ਅਤੇ ਜਿਨ੍ਹਾਂ ਦੇ ਮੁਖੜੇ ਕਾਮਦੇਵ ਵਰਗੇ ਹਨ।

ਕੈ ਕੈ ਕਟਾਛ ਚੁਰਾਇ ਲਯੋ ਮਨ ਪੈ ਤਿਨ ਕੋ ਜੋਊ ਰਛਕ ਧੈਨਾ ॥

(ਉਨ੍ਹਾਂ ਗੋਪੀਆਂ ਨੇ ਅੱਖਾਂ ਨਾਲ) ਸੰਕੇਤ ਕਰ ਕਰ ਕੇ (ਉਸ ਦਾ) ਮਨ ਚੁਰਾ ਲਿਆ ਹੈ ਜੋ ਗਊਆਂ ਦਾ ਰਖਿਅਕ ਹੈ।

ਕੇਹਰਿ ਸੀ ਜਿਨ ਕੀ ਕਟਿ ਹੈ ਸੁ ਕਪੋਤ ਸੋ ਕੰਠ ਸੁ ਕੋਕਿਲ ਬੈਨਾ ॥

ਜਿਨ੍ਹਾਂ ਦਾ ਲਕ ਸ਼ੇਰ ਵਰਗਾ ਪਤਲਾ ਹੈ, ਕਬੂਤਰ ਵਰਗੀ ਗਰਦਨ ਹੈ ਅਤੇ ਕੋਇਲ ਵਰਗੀ ਆਵਾਜ਼ ਹੈ।

ਤਾਹਿ ਲਯੋ ਹਰਿ ਕੈ ਹਰਿ ਕੋ ਮਨ ਭਉਹ ਨਚਾਇ ਨਚਾਇ ਕੈ ਨੈਨਾ ॥੫੯੮॥

ਉਨ੍ਹਾਂ ਨੇ ਹੀ ਅੱਖਾਂ ਨੂੰ ਮਟਕਾ ਕੇ ਅਤੇ ਭੌਆਂ ਨੂੰ ਨਚਾ ਕੇ ਕ੍ਰਿਸ਼ਨ ਦਾ ਮਨ ਹਰ ਲਿਆ ਹੈ ॥੫੯੮॥

ਕਾਨ੍ਰਹ ਬਿਰਾਜਤ ਗ੍ਵਾਰਿਨ ਮੈ ਕਬਿ ਸ੍ਯਾਮ ਕਹੈ ਜਿਨ ਕੋ ਕਛੁ ਭਉ ਨਾ ॥

ਕਵੀ ਸ਼ਿਆਮ ਕਹਿੰਦੇ ਹਨ, ਕ੍ਰਿਸ਼ਨ ਗੋਪੀਆਂ ਵਿਚ ਬਿਰਾਜ ਰਿਹਾ ਹੈ, ਜਿਸ ਦੇ ਮਨ ਵਿਚ ਕੋਈ ਭੈ ਨਹੀਂ ਹੈ।

ਤਾਤ ਕੀ ਬਾਤ ਕੋ ਨੈਕੁ ਸੁਨੈ ਜਿਨ ਕੇ ਸੰਗ ਭ੍ਰਾਤ ਕਰਿਯੋ ਬਨਿ ਗਉਨਾ ॥

ਜਿਸ ਨੇ ਪਿਤਾ (ਦਸ਼ਰਥ) ਦੀ ਗੱਲ ਜ਼ਰਾ ਕੁ ਸੁਣ ਕੇ, ਭਰਾ (ਲੱਛਮਣ) ਨੂੰ ਨਾਲ ਲੈ ਕੇ ਬਨ ਨੂੰ ਜਾਣ ਲਈ ਤਿਆਰ ਹੋ ਗਿਆ।

ਤਾ ਕੀ ਲਟੈ ਲਟਕੈ ਤਨ ਮੋ ਜੋਊ ਸਾਧਨ ਕੇ ਮਨਿ ਗਿਆਨ ਦਿਵਉਨਾ ॥

ਉਸ ਦੇ ਮੁਖੜੇ ਉਤੇ ਨਿੱਕੀਆਂ ਨਿੱਕੀਆਂ ਲਿਟਾਂ ਲਟਕ ਰਹੀਆਂ ਹਨ ਅਤੇ ਜੋ (ਸਾਰੇ) ਸਾਧਕਾਂ ਦੇ ਮਨ ਨੂੰ ਗਿਆਨ ਦਿਵਾਉਣ ਵਾਲਾ ਹੈ।

ਸੰਦਲ ਪੈ ਉਪਜੀ ਉਪਮਾ ਮਨੋ ਲਾਗ ਰਹੇ ਅਹਿ ਰਾਜਨ ਛਉਨਾ ॥੫੯੯॥

(ਉਸ ਦੀਆਂ ਲਿਟਾਂ ਨੂੰ ਵੇਖ ਕੇ ਕਵੀ ਦੇ ਮਨ ਵਿਚ) ਉਪਮਾ ਪੈਦਾ ਹੋਈ ਹੈ, ਮਾਨੋ ਚੰਦਨ ਦੇ ਬਿਰਛ ਨਾਲ ਨਾਗਾਂ ਦੇ ਨਿੱਕੇ ਨਿੱਕੇ ਬੱਚੇ ਲਟਕੇ ਹੋਏ ਹੋਣ ॥੫੯੯॥

ਖੇਲਤ ਹੈ ਸੋਊ ਗ੍ਵਾਰਿਨ ਮੈ ਜੋਊ ਊਪਰ ਪੀਤ ਧਰੇ ਉਪਰਉਨਾ ॥

ਜਿਸ ਨੇ (ਆਪਣੇ) ਉਪਰ ਪੀਲਾ ਦੁਪੱਟਾ ਧਾਰਨ ਕੀਤਾ ਹੋਇਆ ਹੈ, ਉਹ ਗੋਪੀਆਂ ਨਾਲ ਖੇਡ ਰਿਹਾ ਹੈ।