ਸ਼੍ਰੀ ਦਸਮ ਗ੍ਰੰਥ

ਅੰਗ - 549


ਬਡੋ ਸੁ ਜਸੁ ਜਗ ਭੀਤਰ ਲੈ ਹੋ ॥੨੪੭੦॥

ਅਤੇ ਜਗਤ ਵਿਚ ਬਹੁਤ ਯਸ਼ ਖਟੋ ॥੨੪੭੦॥

ਤਬ ਹਰਿ ਨਗਰ ਦੁਆਰਿਕਾ ਆਯੋ ॥

ਤਦ ਸ੍ਰੀ ਕ੍ਰਿਸ਼ਨ ਦੁਆਰਿਕਾ ਨਗਰ ਵਿਚ ਆ ਗਏ।

ਦਿਜ ਬਾਲਕ ਦੈ ਅਤਿ ਸੁਖ ਪਾਯੋ ॥

ਬ੍ਰਾਹਮਣ ਨੂੰ ਬਾਲਕ ਦੇ ਕੇ ਬਹੁਤ ਸੁਖ ਪ੍ਰਾਪਤ ਕੀਤਾ।

ਜਰਤ ਅਗਨਿ ਤੇ ਸੰਤ ਬਚਾਏ ॥

ਅਗਨੀ ਵਿਚ ਸੜਨ ਤੋਂ (ਆਪਣੇ) ਸੰਤ (ਭਗਤ, ਅਰਥਾਤ ਅਰਜਨ) ਨੂੰ ਬਚਾਇਆ।

ਇਉ ਪ੍ਰਭ ਜੂ ਸਭ ਸੰਤਨ ਗਾਏ ॥੨੪੭੧॥

ਇਸ ਤਰ੍ਹਾਂ ਸਾਰੇ ਸੰਤਾਂ ਨੇ ਕ੍ਰਿਸ਼ਨ ਜੀ ਦਾ ਗੁਣਗਾਨ ਕੀਤਾ ॥੨੪੭੧॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਦਿਜ ਕੋ ਜਮਲੋਕ ਤੇ ਸਾਤ ਪੁਤ੍ਰ ਲਯਾਇ ਦੇਤ ਭਏ ਧਯਾਇ ਸਮਾਪਤੰ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਬ੍ਰਾਹਮਣ ਨੂੰ ਯਮਲੋਕ ਤੋਂ ਸੱਤ ਪੁੱਤਰ ਲਿਆ ਦਿੱਤੇ, ਅਧਿਆਇ ਦੀ ਸਮਾਪਤੀ।

ਅਥ ਕਾਨ੍ਰਹ ਜੂ ਜਲ ਬਿਹਾਰ ਤ੍ਰੀਅਨ ਸੰਗ ॥

ਹੁਣ ਕ੍ਰਿਸ਼ਨ ਜੀ ਦਾ ਇਸਤਰੀਆਂ ਨਾਲ ਜਲ-ਵਿਹਾਰ ਦਾ ਕਥਨ

ਸਵੈਯਾ ॥

ਸਵੈਯਾ:

ਕੰਚਨ ਕੀ ਜਹਿ ਦੁਆਰਵਤੀ ਤਿਹ ਠਾ ਜਬ ਹੀ ਬ੍ਰਿਜਭੂਖਨ ਆਯੋ ॥

ਜਿਥੇ ਸੋਨੇ ਦੀ (ਨਗਰੀ) ਦੁਆਰਿਕਾ ਸੀ, ਉਥੇ ਜਦੋਂ ਸ੍ਰੀ ਕ੍ਰਿਸ਼ਨ ਆ ਗਏ।

ਲਾਲ ਲਗੇ ਜਿਹ ਠਾ ਮਨੋ ਬਜ੍ਰ ਭਲੇ ਬ੍ਰਿਜ ਨਾਇਕ ਬ੍ਯੋਤ ਬਨਾਯੋ ॥

ਜਿਸ ਥਾਂ ਉਤੇ ਲਾਲ ਲਗੇ ਹੋਏ ਸਨ, ਮਾਨੋ ਸ੍ਰੀ ਕ੍ਰਿਸ਼ਨ ਨੇ ਬੜੀ ਚੰਗੀ ਵਿਉਂਤ ਨਾਲ ਲਾਲ ਜੜ੍ਹੇ ਹਨ।

ਤਾਲ ਕੇ ਬੀਚ ਤਰੈ ਜਦੁ ਨੰਦਨ ਸੋਕ ਸਬੈ ਚਿਤ ਕੋ ਬਿਸਰਾਯੋ ॥

ਸ੍ਰੀ ਕ੍ਰਿਸ਼ਨ ਸਰੋਵਰ ਵਿਚ ਤਰ ਰਹੇ ਹਨ ਅਤੇ ਚਿਤ ਦੇ ਸਾਰੇ ਗ਼ਮ ਭੁਲਾ ਦਿੱਤੇ ਹਨ।

ਲੈ ਤ੍ਰੀਯਾ ਬਾਲਕ ਦੈ ਦਿਜ ਕਉ ਜਬ ਸ੍ਰੀ ਬ੍ਰਿਜਨਾਥ ਬਡੋ ਜਸੁ ਪਾਯੋ ॥੨੪੭੨॥

ਜਦ ਬ੍ਰਾਹਮਣ ਦੀ ਇਸਤਰੀ ਨੂੰ ਬਾਲਕ ਲਿਆ ਦੇ ਦਿੱਤੇ (ਤਦ) ਸ੍ਰੀ ਕ੍ਰਿਸ਼ਨ ਨੇ ਜਗਤ ਵਿਚ ਬਹੁਤ ਯਸ਼ ਪ੍ਰਾਪਤ ਕੀਤਾ ॥੨੪੭੨॥

ਤ੍ਰੀਅਨ ਸੈ ਜਲ ਮੈ ਬ੍ਰਿਜ ਨਾਇਕ ਸ੍ਯਾਮ ਭਨੈ ਰੁਚਿ ਸਿਉ ਲਪਟਾਏ ॥

(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਜਲ ਵਿਚ ਰੁਚੀ ਪੂਰਵਕ ਇਸਤਰੀਆਂ ਨਾਲ ਲਿਪਟ ਜਾਂਦੇ ਹਨ।

ਪ੍ਰੇਮ ਬਢਿਯੋ ਉਨ ਕੇ ਅਤਿ ਹੀ ਪ੍ਰਭ ਕੇ ਲਗੀ ਅੰਗਿ ਅਨੰਗ ਬਢਾਏ ॥

(ਉਨ੍ਹਾਂ (ਇਸਤਰੀਆਂ) ਦੇ ਮਨ ਵਿਚ ਪ੍ਰੇਮ ਬਹੁਤ ਵਧ ਗਿਆ ਹੈ। (ਜੋ) ਸ੍ਰੀ ਕ੍ਰਿਸ਼ਨ ਦੇ ਸ਼ਰੀਰ ਨਾਲ ਲਗੀਆਂ ਹਨ, (ਉਨ੍ਹਾਂ ਦੇ ਮਨ ਵਿਚ) ਕਾਮ ਭਾਵ ਵਿਕਸਿਤ ਹੋ ਗਿਆ ਹੈ।

ਪ੍ਰੇਮ ਸੋ ਏਕ ਹੀ ਹੁਇ ਗਈ ਸੁੰਦਰਿ ਰੂਪ ਨਿਹਾਰਿ ਰਹੀ ਉਰਝਾਏ ॥

(ਉਹ) ਪ੍ਰੇਮ ਨਾਲ ਇਕਮਿਕ ਹੋ ਗਈਆਂ ਹਨ। (ਸ੍ਰੀ ਕ੍ਰਿਸ਼ਨ ਦੇ) ਸੁੰਦਰ ਰੂਪ ਨੂੰ ਵੇਖ ਕੇ ਉਸ ਵਿਚ ਉਲਝ ਗਈਆਂ ਹਨ।

ਪਾਸ ਹੀ ਸ੍ਯਾਮ ਜੂ ਰੂਪ ਰਚੀ ਤ੍ਰੀਆ ਹੇਰਿ ਰਹੀ ਹਰਿ ਹਾਥਿ ਨ ਆਏ ॥੨੪੭੩॥

ਕ੍ਰਿਸ਼ਨ ਜੀ ਕੋਲ ਹੀ ਹਨ, (ਪਰ ਉਨ੍ਹਾਂ ਦੇ) ਰੂਪ ਵਿਚ ਗ਼ਰਕ ਹੋਈਆਂ ਇਸਤਰੀਆਂ, (ਭਾਵੇਂ ਉਨ੍ਹਾਂ ਨੂੰ) ਵੇਖ ਰਹੀਆਂ ਹਨ, (ਪਰੰਤੂ) ਸ੍ਰੀ ਕ੍ਰਿਸ਼ਨ ਪਕੜਾਈ ਨਹੀਂ ਦੇ ਰਹੇ ॥੨੪੭੩॥

ਰੂਪ ਰਚੀ ਸਭ ਸੁੰਦਰਿ ਸ੍ਯਾਮ ਕੇ ਸ੍ਯਾਮ ਭਨੈ ਦਸ ਹੂ ਦਿਸ ਦਉਰੈ ॥

(ਕਵੀ) ਸ਼ਿਆਮ ਕਹਿੰਦੇ ਹਨ, ਸੁੰਦਰ ਸ੍ਰੀ ਕ੍ਰਿਸ਼ਨ ਦੇ ਰੂਪ ਵਿਚ ਮਗਨ ਹੋਈਆਂ ਸਾਰੀਆਂ (ਇਸਤਰੀਆਂ) ਦਸਾਂ ਦਿਸ਼ਾਵਾਂ ਵਿਚ ਦੌੜੀਆਂ ਫਿਰਦੀਆਂ ਹਨ।

ਕੁੰਕਮ ਬੇਦੁ ਲਿਲਾਟ ਦੀਏ ਸੁ ਦੀਏ ਤਿਨ ਊਪਰ ਚੰਦਨ ਖਉਰੈ ॥

(ਉਨ੍ਹਾਂ ਨੇ) ਕੇਸਰ ਦੇ ਚੌਕ ਮੱਥੇ ਉਤੇ ਬਣਾਏ ਹੋਏ ਹਨ ਅਤੇ ਉਨ੍ਹਾਂ ਉਤੇ ਚੰਦਨ ਦੀਆਂ ਲਕੀਰਾਂ ਖਿਚੀਆਂ ਹੋਈਆਂ ਹਨ।

ਮੈਨ ਕੇ ਬਸਿ ਭਈ ਸਭ ਭਾਮਿਨ ਧਾਈ ਫਿਰੈ ਫੁਨਿ ਧਾਮਨ ਅਉਰੈ ॥

ਸਾਰੀਆਂ ਇਸਤੀਆਂ ਕਾਮ ਦੇ ਵਸ ਹੋ ਗਈਆਂ ਹਨ ਅਤੇ ਫਿਰ ਘਰ ਵਲ ਨੂੰ ਭਜੀਆਂ ਫਿਰਦੀਆਂ ਹਨ।

ਐਸੇ ਰਟੈ ਮੁਖ ਤੇ ਹਮ ਕਉ ਤਜਿ ਹੋ ਬ੍ਰਿਜਨਾਥ ਗਯੋ ਕਿਹ ਠਉਰੈ ॥੨੪੭੪॥

ਮੁਖ ਤੋਂ ਇਸ ਤਰ੍ਹਾਂ ਕਹਿੰਦੀਆਂ ਹਨ, ਹੇ ਸ੍ਰੀ ਕ੍ਰਿਸ਼ਨ! (ਤੂੰ) ਸਾਨੂੰ ਛਡ ਕੇ ਕਿਹੜੀ ਥਾਂ ਤੇ ਚਲਾ ਗਿਆ ਹੈਂ ॥੨੪੭੪॥

ਢੂੰਢਤ ਏਕ ਫਿਰੈ ਹਰਿ ਸੁੰਦਰਿ ਚਿਤ ਬਿਖੈ ਸਭ ਭਰਮ ਬਢਾਈ ॥

(ਕਈ) ਇਕ ਸੁੰਦਰੀਆਂ (ਸ੍ਰੀ ਕ੍ਰਿਸ਼ਨ ਨੂੰ) ਲਭਦੀਆਂ ਫਿਰਦੀਆਂ ਹਨ। (ਉਨ੍ਹਾਂ) ਸਾਰੀਆਂ ਦੇ ਚਿਤ ਵਿਚ ਭਰਮ ਵਧਿਆ ਹੋਇਆ ਹੈ।

ਬੇਖ ਅਨੂਪ ਸਜੇ ਤਨ ਪੈ ਤਿਨ ਬੇਖਨ ਕੋ ਬਰਨਿਓ ਨਹੀ ਜਾਈ ॥

ਉਨ੍ਹਾਂ ਦੇ ਸ਼ਰੀਰਾਂ ਉਤੇ ਅਨੂਪਮ ਵੇਸ ਸਜੇ ਹੋਏ ਹਨ। (ਉਨ੍ਹਾਂ) ਵੇਸਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਸੰਕ ਕਰੈ ਨ ਰਰੈ ਹਰਿ ਹੀ ਹਰਿ ਲਾਜਹਿ ਬੇਚਿ ਮਨੋ ਤਿਨ ਖਾਈ ॥

(ਕਿਸੇ ਤੋਂ) ਸੰਗ ਸੰਕੋਚ ਨਹੀਂ ਕਰਦੀਆਂ, ਕ੍ਰਿਸ਼ਨ ਹੀ ਕ੍ਰਿਸ਼ਨ ਕਹਿੰਦੀਆਂ ਹਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਉਨ੍ਹਾਂ ਨੇ ਸ਼ਰਮ ਨੂੰ ਵੇਚ ਖਾਇਆ ਹੋਵੇ।

ਐਸੇ ਕਹੈ ਤਜਿ ਗਯੋ ਕਿਹ ਠਾ ਤਿਹ ਹੋ ਬ੍ਰਿਜ ਨਾਇਕ ਦੇਹੁ ਦਿਖਾਈ ॥੨੪੭੫॥

ਇਸ ਤਰ੍ਹਾਂ ਕਹਿੰਦੀਆਂ ਹਨ, ਹੇ ਸ੍ਰੀ ਕ੍ਰਿਸ਼ਨ! (ਸਾਨੂੰ) ਕਿਸ ਥਾਂ ਉਤੇ ਛਡ ਗਿਆ ਹੈਂ; ਆ ਕੇ ਦੀਦਾਰ ਦੇ ॥੨੪੭੫॥

ਦੋਹਰਾ ॥

ਦੋਹਰਾ:

ਬਹੁਤੁ ਕਾਲ ਮੁਛਿਤ ਭਈ ਖੇਲਤ ਹਰਿ ਕੇ ਸਾਥ ॥

ਸ੍ਰੀ ਕ੍ਰਿਸ਼ਨ ਨਾਲ ਬਹੁਤ ਸਮਾਂ ਖੇਡਣ ਕਰ ਕੇ ਬੇਸੁਧ ਹੋ ਗਈਆਂ ਹਨ।

ਮੁਛਿਤ ਹ੍ਵੈ ਤਿਨ ਯੌ ਲਖਿਯੋ ਹਰਿ ਆਏ ਅਬ ਹਾਥਿ ॥੨੪੭੬॥

ਬੇਹੋਸ਼ੀ ਦੀ ਹਾਲਤ ਵਿਚ ਉਨ੍ਹਾਂ ਨੇ ਇਹ ਸਮਝਿਆ ਕਿ ਹੁਣ ਸ੍ਰੀ ਕ੍ਰਿਸ਼ਨ ਹੱਥ ਆ ਗਏ ਹਨ ॥੨੪੭੬॥

ਹਰਿ ਜਨ ਹਰਿ ਸੰਗ ਮਿਲਤ ਹੈ ਸੁਨਤ ਪ੍ਰੇਮ ਕੀ ਗਾਥ ॥

ਪ੍ਰੇਮ ਦੀ ਕਥਾ ਸੁਣਦਿਆਂ ਸੁਣਦਿਆਂ ਹਰਿ-ਜਨ (ਭਗਤ) ਹਰਿ ਨਾਲ (ਇੰਜ) ਮਿਲ ਜਾਂਦੇ ਹਨ,

ਜਿਉ ਡਾਰਿਓ ਮਿਲਿ ਜਾਤ ਹੈ ਨੀਰ ਨੀਰ ਕੇ ਸਾਥ ॥੨੪੭੭॥

ਜਿਵੇਂ ਸੁਟਿਆ ਅਥਵਾ ਰੋੜ੍ਹਿਆ ਹੋਇਆ ਪਾਣੀ ਪਾਣੀ ਨਾਲ ਮਿਲ ਜਾਂਦਾ ਹੈ ॥੨੪੭੭॥

ਚੌਪਈ ॥

ਚੌਪਈ:

ਜਲ ਤੇ ਤਬ ਹਰਿ ਬਾਹਰਿ ਆਏ ॥

ਤਦ ਸ੍ਰੀ ਕ੍ਰਿਸ਼ਨ ਜਲ ਤੋਂ ਬਾਹਰ ਆ ਗਏ।

ਅੰਗਹਿ ਸੁੰਦਰ ਬਸਤ੍ਰ ਬਨਾਏ ॥

ਸ਼ਰੀਰ ਉਤੇ ਸੁੰਦਰ ਬਸਤ੍ਰ ਸਜਾ ਲਏ।

ਕਾ ਉਪਮਾ ਤਿਹ ਕੀ ਕਬਿ ਕਹੈ ॥

ਕਵੀ ਉਸ ਦੀ ਕੀ ਉਪਮਾ ਕਹੇ।

ਪੇਖਤ ਮੈਨ ਰੀਝ ਕੈ ਰਹੈ ॥੨੪੭੮॥

(ਜਿਨ੍ਹਾਂ ਨੂੰ) ਵੇਖ ਕੇ ਕਾਮ ਦੇਵ ਵੀ ਮੋਹਿਤ ਹੋ ਜਾਂਦਾ ਹੈ ॥੨੪੭੮॥

ਬਸਤ੍ਰ ਤ੍ਰੀਅਨ ਹੂ ਸੁੰਦਰ ਧਰੇ ॥

ਇਸਤਰੀਆਂ ਨੇ ਵੀ ਸੁੰਦਰ ਬਸਤ੍ਰ ਪਾ ਲਏ।

ਦਾਨ ਬਹੁਤ ਬਿਪ੍ਰਨ ਕਉ ਕਰੇ ॥

ਬ੍ਰਾਹਮਣਾਂ ਨੂੰ ਬਹੁਤ ਦਾਨ ਕੀਤਾ।

ਜਿਹ ਤਿਹ ਠਾ ਹਰਿ ਕੋ ਗੁਨ ਗਾਯੋ ॥

ਜਿਨ੍ਹਾਂ ਨੇ ਉਸ ਥਾਂ ਤੇ ਸ੍ਰੀ ਕ੍ਰਿਸ਼ਨ ਦਾ ਗੁਣ ਗਾਨ ਕੀਤਾ ਹੈ,

ਤਿਹ ਦਾਰਿਦ ਧਨ ਦੇਇ ਗਵਾਯੋ ॥੨੪੭੯॥

ਧਨ ਦੇ ਕੇ ਉਨ੍ਹਾਂ ਦੀ ਗ਼ਰੀਬੀ ਕਟ ਦਿੱਤੀ ਹੈ ॥੨੪੭੯॥

ਅਥ ਪ੍ਰੇਮ ਕਥਾ ਕਥਨੰ ॥

ਹੁਣ ਪ੍ਰੇਮ ਕਥਾ ਦਾ ਕਥਨ:

ਕਬਿਯੋ ਬਾਚ ॥

ਕਵੀ ਨੇ ਕਿਹਾ:

ਚੌਪਈ ॥

ਚੌਪਈ:

ਹਰਿ ਕੇ ਸੰਤ ਕਬਢੀ ਸੁਨਾਊ ॥

ਹਰਿ ਦੇ ਸੰਤਾਂ ਨੇ ਕਬਿੱਤ ('ਕਬਢੀ') ਸੁਣਾਉਂਦਾ ਹਾਂ।

ਤਾ ਤੇ ਪ੍ਰਭ ਲੋਗਨ ਰਿਝਵਾਊ ॥

ਉਸ ਕਰ ਕੇ ਪ੍ਰਭੂ ਦੇ ਲੋਕਾਂ (ਭਗਤਾਂ) ਨੂੰ ਪ੍ਰਸੰਨ ਕਰਦਾ ਹਾਂ।

ਜੋ ਇਹ ਕਥਾ ਤਨਕ ਸੁਨਿ ਪਾਵੈ ॥

ਜੋ (ਵਿਅਕਤੀ) ਇਸ ਕਥਾ ਨੂੰ ਥੋੜਾ ਜਿੰਨਾ ਵੀ ਸੁਣ ਲਵੇਗਾ,

ਤਾ ਕੋ ਦੋਖ ਦੂਰ ਹੋਇ ਜਾਵੈ ॥੨੪੮੦॥

ਉਸ ਦਾ ਦੁਖ ਦੂਰ ਹੋ ਜਾਏਗਾ ॥੨੪੮੦॥

ਸਵੈਯਾ ॥

ਸਵੈਯਾ:

ਜੈਸੇ ਤ੍ਰਿਨਾਵ੍ਰਤ ਅਉ ਅਘ ਕੋ ਸੁ ਬਕਾਸੁਰ ਕੋ ਬਧ ਜਾ ਮੁਖ ਫਾਰਿਓ ॥

ਜਿਸ ਤਰ੍ਹਾਂ ਤ੍ਰਿਣਾਵਰਤ ਅਤੇ ਅਘ (ਦੈਂਤ) ਨੂੰ ਮਾਰਿਆ ਸੀ ਅਤੇ ਬਕਾਸੁਰ ਦਾ ਮੂੰਹ ਫਾੜ ਦਿੱਤਾ ਸੀ।

ਖੰਡ ਕੀਓ ਸਕਟਾਸੁਰ ਕੋ ਗਹਿ ਕੇਸਨ ਤੇ ਜਿਹ ਕੰਸ ਪਛਾਰਿਓ ॥

ਜਿਸ ਨੇ ਸਕਟਾਸੁਰ (ਦੈਂਤ) ਨੂੰ ਪਕੜ ਕੇ ਟੋਟੇ ਟੋਟੇ ਕਰ ਦਿੱਤਾ ਸੀ ਅਤੇ ਕੰਸ ਨੂੰ ਕੇਸਾਂ ਤੋਂ ਪਕੜ ਕੇ ਪਛਾੜ ਦਿੱਤਾ ਸੀ।


Flag Counter