ਸ੍ਰੀ ਕ੍ਰਿਸ਼ਨ ਨੇ ਰਣ ਭੂਮੀ ਵਿਚ ਬਲ ਪੂਰਵਕ ਸਾਰੇ ਵੈਰੀ ਸੈਨਿਕ ਵਸ ਵਿਚ ਕਰ ਲਏ ਹਨ ॥੧੭੭੭॥
ਇਧਰ ਬਲਦੇਵ ਨੇ ਬਹੁਤ ਸਾਰੇ ਯੋਧੇ ਮਾਰੇ ਹਨ ਅਤੇ ਉਧਰ ਕ੍ਰਿਸ਼ਨ ਨੇ ਬਹੁਤ ਸਾਰੇ ਸੂਰਮੇ ਮਾਰ ਦਿੱਤੇ ਹਨ।
ਜਿਹੜੇ ਸੂਰਮੇ ਸਾਰੇ ਜਗਤ ਨੂੰ ਜਿਤ ਕੇ ਪਰਤੇ ਹਨ ਅਤੇ ਸੰਕਟ ਪੈਣ ਤੇ ਰਾਜੇ ਦੇ ਕੰਮ ਸੰਵਾਰੇ ਹਨ,
ਉਨ੍ਹਾਂ ਨੂੰ ਸ੍ਰੀ ਕ੍ਰਿਸ਼ਨ ਨੇ ਯੁੱਧ-ਭੂਮੀ ਵਿਚ ਪ੍ਰਾਣਾਂ ਤੋਂ ਬਿਨਾ ਕਰ ਕੇ ਧਰਤੀ ਉਤੇ ਸੁਟ ਦਿੱਤਾ ਹੈ।
(ਉਨ੍ਹਾਂ ਬਾਰੇ ਕਵੀ ਦੇ ਮਨ ਵਿਚ) ਇਸ ਤਰ੍ਹਾਂ ਉਪਮਾ ਪੈਦਾ ਹੋਈ ਹੈ ਮਾਨੋ ਪ੍ਰਚੰਡ ਪੌਣ ਨੇ ਕੇਲੇ ਦੇ ਪੌਦੇ ਪੁਟ ਦਿੱਤੇ ਹੋਣ ॥੧੭੭੮॥
ਜੋ ਚੰਗੇ ਰਾਜੇ ਸ੍ਰੀ ਕ੍ਰਿਸ਼ਨ ਨਾਲ ਯੁੱਧ ਕਰਨ ਲਈ ਘਰਾਂ ਨੂੰ ਛਡ ਕੇ ਆਏ ਸਨ;
(ਜਿਨ੍ਹਾਂ ਵਿਚੋਂ) ਕਈ ਰਥਾਂ ਉਤੇ ਅਤੇ ਕਈ ਹਾਥੀਆਂ ਉਤੇ ਚੜ੍ਹ ਕੇ (ਆਏ ਸਨ) ਅਤੇ ਇਕ ਘੋੜਿਆਂ ਦੇ ਸਵਾਰਾਂ ਵਜੋਂ ਸ਼ੋਭਾ ਪਾ ਰਹੇ ਸਨ;
ਬਦਲ ਰੂਪ ਯੋਧਿਆਂ ਨੂੰ ਸ੍ਰੀ ਕ੍ਰਿਸ਼ਨ ਦੀ ਬਹਾਦਰੀ ਰੂਪ ਪੌਣ ਨੇ ਛਿਣ ਭਰ ਵਿਚ ਹੀ ਉਡਾ ਦਿੱਤਾ ਹੈ।
(ਉਹ) ਕਾਇਰ ਭਜੇ ਜਾਂਦੇ ਇੰਜ ਕਹਿੰਦੇ ਹਨ ਕਿ ਹੁਣ ਪ੍ਰਾਣ ਬਚ ਗਏ ਹਨ, ਮਾਨੋ ਲੱਖਾਂ ਦੀ ਪ੍ਰਾਪਤੀ ਕਰ ਲਈ ਹੋਵੇ ॥੧੭੭੯॥
ਕ੍ਰਿਸ਼ਨ ਦੇ ਬਾਣਾਂ ਅਤੇ ਚੱਕਰਾਂ ਦੇ ਛੁਟਦਿਆਂ ਹੀ ਉਹ ਹੈਰਾਨ ਹੋ ਕੇ ਰਥਾਂ ਦੇ ਚੱਕਰਾਂ (ਪਹੀਏ) ਨੂੰ ਘੁੰਮਾਉਂਦੇ ਹਨ (ਅਰਥਾਤ ਪਿਛੇ ਨੂੰ ਮੋੜਦੇ ਹਨ)।
ਕਈ ਇਕ ਬਲਵਾਨ ਸੂਰਮੇ ਕੁਲ ਦੀ ਲਾਜ ਰਖਦੇ ਹੋਇਆਂ ਦ੍ਰਿੜ੍ਹਤਾ ਪੂਰਵਕ ਸ੍ਰੀ ਕ੍ਰਿਸ਼ਨ ਨਾਲ ਯੁੱਧ ਮਚਾਉਂਦੇ ਹਨ।
ਹੋਰ ਵੀ ਕਈ ਵੱਡੇ ਰਾਜੇ ਰਾਜਾ (ਜਰਾਸੰਧ) ਦੀ ਆਗਿਆ ਲੈ ਕੇ ਚਲੇ ਆਉਂਦੇ ਹਨ ਅਤੇ ਬੜਕਾਂ ਮਾਰਦੇ ਹਨ।
ਕਈ ਬਲਵਾਨ ਯੋਧੇ ਸ੍ਰੀ ਕ੍ਰਿਸ਼ਨ ਨੂੰ ਵੇਖਣ ਦੇ ਸ਼ੌਕ ਨਾਲ ਲੜਨ ਲਈ ਚੜ੍ਹੇ ਆਉਂਦੇ ਹਨ ॥੧੭੮੦॥
ਸ੍ਰੀ ਕ੍ਰਿਸ਼ਨ ਉਸੇ ਸਮੇਂ ਧਨੁਸ਼ ਨੂੰ ਕਸ ਕੇ ਬਾਣਾਂ ਦੇ ਸਮੂਹ ਚਲਾਉਂਦੇ ਹਨ।
(ਉਹ ਤੀਰ) ਕਈਆਂ ਯੋਧਿਆਂ ਨੂੰ ਆ ਕੇ ਲਗਦੇ ਹਨ ਅਤੇ (ਉਹ) ਨਟਸ਼ਾਲਾ (ਦੇ ਨਟਾਂ ਵਾਂਗ ਕਲਾਬਾਜ਼ੀਆਂ ਖਾਂਦੇ) ਹੋਏ ਮਨ ਵਿਚ ਬਹੁਤ ਦੁਖ ਪਾਉਂਦੇ ਹਨ।
ਕਈਆਂ ਘੋੜਿਆਂ ਦੀਆਂ ਅਗਲੀਆਂ ਟੰਗਾਂ ਵਿਚ ਬਾਣ ਲਗੇ ਹੋਏ ਹਨ ਅਤੇ (ਕਵੀ) ਰਾਮ (ਕਹਿੰਦੇ ਹਨ, ਉਹ) ਬਹੁਤ ਸ਼ੋਭਾ ਪਾ ਰਹੇ ਸਨ,
ਮਾਨੋ 'ਸਾਲ' (ਸਾਲਿਹੋਤ੍ਰ) ਮੁਨੀ ਨੇ (ਘੋੜਿਆਂ ਦੇ ਜੋ ਖੰਭ) ਕਟੇ ਹੋਏ ਸਨ, ਉਹ ਸ੍ਰੀ ਕ੍ਰਿਸ਼ਨ ਨੇ (ਫਿਰ) ਬਣਾ ਦਿੱਤੇ ਹੋਣ ॥੧੭੮੧॥
ਚੌਪਈ:
ਤਦ ਸਾਰੇ ਵੈਰੀਆਂ ਦੇ ਮਨ ਵਿਚ ਕ੍ਰੋਧ ਭਰ ਗਿਆ ਹੈ
(ਅਤੇ ਉਨ੍ਹਾਂ ਨੇ) ਸ੍ਰੀ ਕ੍ਰਿਸ਼ਨ ਨੂੰ ਘੇਰ ਲਿਆ ਹੈ, ਪਰ ਬਿਲਕੁਲ ਡਰੇ ਨਹੀਂ ਹਨ।
ਵਿਵਿਧ ਪ੍ਰਕਾਰ ਦੇ ਹਥਿਆਰ ਲੈ ਕੇ ਯੁੱਧ ਕਰਦੇ ਹਨ
ਅਤੇ ਮੂੰਹੋਂ ਮਾਰੋ-ਮਾਰੋ ਪੁਕਾਰ ਰਹੇ ਹਨ ॥੧੭੮੨॥
ਸਵੈਯਾ:
ਕ੍ਰੁੱਧਤ ਸਿੰਘ ਨੇ ਕ੍ਰਿਪਾਨ ਨੂੰ ਸੰਭਾਲ ਕੇ ਅਤੇ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਹੋ ਕੇ ਵੰਗਾਰ ਕੇ ਕਿਹਾ,
ਬਲਵਾਨ ਖੜਗ ਸਿੰਘ ਨੇ (ਤੈਨੂੰ) ਕੇਸਾਂ ਤੋਂ ਪਕੜ ਲਿਆ ਸੀ, ਪਰ ਜਦੋਂ ਛਡਿਆ ਸੀ ਤਾਂ (ਤੂੰ ਫਿਰ) ਚੱਕਰ ਸੰਭਾਲ ਲਿਆ ਸੀ।
(ਜਦੋਂ ਤੂੰ) ਗਵਾਲਿਆਂ ਕੋਲੋਂ ਦੁੱਧ ਮੱਖਣ ਆਦਿ ਲੈ ਕੇ ਖਾਉਂਦਾ ਸੀ, ਉਹ ਦਿਨ (ਤੈਨੂੰ) ਭੁਲ ਗਏ ਹਨ ਅਤੇ ਹੁਣ ਯੁੱਧ ਕਰਨ ਦਾ ਵਿਚਾਰ ਕਰਦਾ ਹੈਂ।
(ਕਵੀ) ਸ਼ਿਆਮ ਕਹਿੰਦੇ ਹਨ, ਮਾਨੋ (ਉਸ ਕ੍ਰੁੱਧਤ ਸਿੰਘ ਨੇ) ਸ੍ਰੀ ਕ੍ਰਿਸ਼ਨ ਨੂੰ ਬੋਲਾਂ ਦੇ ਤੀਰਾਂ ਨਾਲ ਮਾਰ ਦਿੱਤਾ ਹੋਵੇ ॥੧੭੮੩॥
ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਸ੍ਰੀ ਕ੍ਰਿਸ਼ਨ ਨੇ ਕ੍ਰੋਧ ਕੀਤਾ ਅਤੇ ਹੱਥ ਵਿਚ ਸੁਦਰਸ਼ਨ ਚੱਕਰ ਧਾਰਨ ਕਰ ਲਿਆ।
ਹੱਥ ਵਿਚ ਥੋੜਾ ਘੁੰਮਾ ਕੇ, ਫਿਰ ਬਹੁਤ ਜ਼ੋਰ ਨਾਲ (ਵੈਰੀ ਦੀ) ਗਰਦਨ ਉਪਰ ਵਗਾ ਮਾਰਿਆ।
ਲਗਦਿਆਂ ਹੀ ਉਸ ਦਾ ਸਿਰ ਕਟਿਆ ਗਿਆ ਅਤੇ ਭੂਮੀ ਉਤੇ ਡਿਗ ਪਿਆ। (ਉਸ ਦੀ) ਉਪਮਾ (ਕਵੀ) ਸ਼ਿਆਮ ਨੇ ਇਸ ਤਰ੍ਹਾਂ ਕਹੀ ਹੈ,
ਮਾਨੋ ਕੁੰਮਿਹਾਰ ਨੇ ਹੱਥ ਵਿਚ ਤਾਰ ਲੈ ਕੇ ਚੱਕ ਉਪਰੋਂ ਤੁਰਤ ਘੜਾ ਉਤਾਰ ਦਿੱਤਾ ਹੋਵੇ ॥੧੭੮੪॥
(ਫਿਰ) ਸ੍ਰੀ ਕ੍ਰਿਸ਼ਨ ਨਾਲ ਜਗਤ ਵਿਚ 'ਸਤ੍ਰੁ-ਬਿਦਾਰ' ਦੇ ਨਾਂ ਨਾਲ ਪ੍ਰਸਿੱਧ ਹੋਏ (ਯੋਧੇ ਨੇ) ਯੁੱਧ ਕੀਤਾ।
ਜਿਸ ਨੇ ਦਸਾਂ ਦਿਸ਼ਾਵਾਂ ਨੂੰ ਹੀ ਜਿਤ ਲਿਆ ਸੀ, ਉਸ ਨੂੰ ਸ੍ਰੀ ਕ੍ਰਿਸ਼ਨ ਨੇ ਛਿਣ ਵਿਚ ਪ੍ਰਾਣਾਂ ਤੋਂ ਬਿਨਾ ਕਰ ਦਿੱਤਾ।
ਉਸ ਦੀ ਆਤਮਾ ਪ੍ਰਭੂ ਨਾਲ ਇਸ ਤਰ੍ਹਾਂ ਮਿਲ ਗਈ ਜਿਵੇਂ ਦੀਵੇ ਦੀ ਲੋ ਸੂਰਜ ਦੇ ਚਾਨਣ ਵਿਚ ਮਿਲ ਜਾਂਦੀ ਹੈ।
(ਉਸ ਦੇ) ਪ੍ਰਾਣ ਸੂਰਜ ਮੰਡਲ ਨੂੰ ਵਿੰਨ੍ਹ ਕੇ ਅਤੇ ਪਾਰ ਕਰ ਕੇ ਹਰਿ-ਧਾਮ (ਬੈਕੁੰਠ) ਵਲ ਚਲੇ ਗਏ ਹਨ ॥੧੭੮੫॥
ਜਦੋਂ ਸਤ੍ਰੁ-ਬਿਦਾਰ ਮਾਰਿਆ ਗਿਆ, ਤਦੋਂ ਸ੍ਰੀ ਕ੍ਰਿਸ਼ਨ ਦਾ ਮਨ ਕ੍ਰੋਧ ਨਾਲ ਭਰ ਗਿਆ।
(ਕਵੀ) ਸ਼ਿਆਮ ਕਹਿੰਦੇ ਹਨ, ਸਾਰਾ ਸੰਗ ਸੰਕੋਚ ਛਡ ਕੇ ਅਤੇ ਨਿਸੰਗ ਹੋ ਕੇ (ਸ੍ਰੀ ਕ੍ਰਿਸ਼ਨ) ਵੈਰੀਆਂ ਵਿਚ ਧਸ ਗਏ ਹਨ।
'ਭੈਰਵ' (ਨਾਂ ਵਾਲੇ) ਰਾਜੇ ਨਾਲ ਯੁੱਧ ਕੀਤਾ ਹੈ ਅਤੇ ਛਿਣ ਭਰ ਵਿਚ ਉਸ ਨੂੰ ਪ੍ਰਾਣਾਂ ਤੋਂ ਬਿਨਾ ਕਰ ਦਿੱਤਾ ਹੈ।
(ਉਹ) ਰਥ ਤੋਂ ਇਸ ਤਰ੍ਹਾਂ ਭੂਮੀ ਉਤੇ ਡਿਗਿਆ ਹੈ ਮਾਨੋ ਆਕਾਸ਼ ਤੋਂ ਤਾਰਾ ਟੁਟ ਕੇ (ਭੂਮੀ ਉਤੇ) ਆ ਪਿਆ ਹੋਵੇ ॥੧੭੮੬॥
ਕਈ ਯੋਧੇ ਲਹੂ ਲੁਹਾਨ ਹੋਏ ਰਣ-ਭੂਮੀ ਵਿਚ ਘੁੰਮਦੇ ਫਿਰ ਰਹੇ ਹਨ (ਅਤੇ ਉਨ੍ਹਾਂ ਦੇ) ਜ਼ਖ਼ਮਾਂ ਵਿਚੋਂ ਭਕ ਭਕ ਕਰਦਾ (ਲਹੂ ਵਗ ਰਿਹਾ ਹੈ)।
ਕਈ (ਯੋਧੇ) ਧਰਤੀ ਉਤੇ ਡਿਗੇ ਪਏ ਹਨ ਅਤੇ ਉਨ੍ਹਾਂ ਦੇ ਸ਼ਰੀਰ ਗਿਰਝਾਂ ਅਤੇ ਗਿਦੜ ਖਿਚ ਰਹੇ ਹਨ
ਅਤੇ ਕਈਆਂ ਦੇ ਮੂੰਹਾਂ, ਹੋਠਾਂ, ਅੱਖਾਂ ਆਦਿ ਨੂੰ ਚੁੰਜਾਂ ਨਾਲ ਟਕ ਟਕ ਕਰ ਕੇ ਨੋਚ ਰਹੇ ਹਨ।
ਕਈਆਂ ਦੀਆਂ ਪੇਟ ਦੀਆਂ ਆਂਦਰਾਂ ਨੂੰ ਕਢ ਕੇ ਜੋਗਣਾਂ ਹੱਥਾਂ ਨਾਲ ਉਛਾਲਦੀਆਂ ਹਨ ॥੧੭੮੭॥
ਅਭਿਮਾਨ ਨਾਲ ਭਰੇ ਹੋਏ ਅਤੇ ਹੱਥਾਂ ਵਿਚ ਤਲਵਾਰਾਂ ਲਏ ਹੋਏ ਵੈਰੀ ਚੌਹਾਂ ਪਾਸਿਆਂ ਤੋਂ ਫਿਰ ਆ ਗਏ ਹਨ।
ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਦੇ ਜਿਤਨੇ ਵੀ ਯੋਧੇ ਸਨ, ਉਹ ਵੀ ਇਧਰੋਂ (ਉਨ੍ਹਾਂ ਉਤੇ) ਜਾ ਪਏ ਹਨ।
(ਉਹ) ਬਾਣਾਂ, ਸੈਹਥੀਆਂ ਅਤੇ ਤਲਵਾਰਾਂ ਨਾਲ ਵੰਗਾਰ ਵੰਗਾਰ ਕੇ ਵਾਰ ਕਰਦੇ ਹਨ। ਇਕ ਆ ਕੇ ਖਹਿਬੜਦੇ ਹਨ,
ਇਕ ਜਿਤ ਲਏ ਗਏ ਹਨ, ਇਕ ਭਜ ਗਏ ਹਨ ਅਤੇ ਇਕਨਾਂ ਨੂੰ ਮਾਰ ਕੇ ਡਿਗਾ ਦਿੱਤਾ ਗਿਆ ਹੈ ॥੧੭੮੮॥
ਜਿਹੜੇ ਸੂਰਮੇ ਵੈਰੀ ਨਾਲ ਲੜ ਕੇ ਯੁੱਧ-ਭੂਮੀ ਤੋਂ ਕਦੇ ਇਕ ਕਦਮ ਵੀ ਪਿਛੇ ਨਹੀਂ ਹਟੇ ਸਨ,