ਸ਼੍ਰੀ ਦਸਮ ਗ੍ਰੰਥ

ਅੰਗ - 896


ਕਰ ਸੋ ਔਸੀ ਕਾਢਿ ਕੈ ਲਈ ਸਲਾਕ ਉਠਾਇ ॥

(ਇਸ ਤਰ੍ਹਾਂ) ਹੱਥ ਨਾਲ ਔਂਸੀ ਕਢੀ ਕੇ (ਸੋਨੇ ਦੀ) ਸਲਾਖ਼ ਨੂੰ ਚੁਕ ਲਿਆ

ਹ੍ਯਾਂ ਰੋਦਨ ਕੋਊ ਕਿਨ ਕਰੋ ਕਹਿ ਸਿਰ ਧਰੀ ਬਨਾਇ ॥੧੧॥

ਅਤੇ ਇਹ ਕਹਿ ਕੇ ਕਿ ਇਥੇ ਰੋਣਾ ਧੋਣਾ ਕਿਉਂ ਕਰਦਾ ਹੈਂ, (ਸੋਨੇ ਦੀ ਸਲਾਖ਼ ਨੂੰ) ਸਿਰ ਵਿਚ ਰਖ ਲਿਆ ॥੧੧॥

ਚੋਰ ਸੁਨਾਰੋ ਚੁਪ ਰਹਿਯੋ ਕਛੂ ਨ ਬੋਲਿਯੋ ਜਾਇ ॥

ਚੋਰ ਸੁਨਿਆਰਾ ਚੁਪ ਰਿਹਾ (ਉਸ ਤੋਂ) ਕੁਝ ਵੀ ਨਾ ਬੋਲਿਆ ਗਿਆ।

ਪਾਈ ਪਰੀ ਸਲਾਕ ਕਹਿ ਸੋਨਾ ਲਯੋ ਭਰਾਇ ॥੧੨॥

ਉਥੇ ਪਈ ਹੋਈ ਸਲਾਖ਼ ਇਸਤਰੀ ਨੇ ਲੈ ਲਈ ਅਤੇ (ਉਸ ਸਲਾਖ਼ ਕਰ ਕੇ ਘਟਿਆ ਹੋਇਆ) ਸੋਨਾ (ਉਸ ਤੋਂ) ਭਰਵਾ ਲਿਆ ॥੧੨॥

ਹਰੀ ਸਲਾਕ ਹਰੀ ਤ੍ਰਿਯਹਿ ਸ੍ਵਰਨ ਤੋਲਿ ਭਰਿ ਲੀਨ ॥

(ਸੁਨਿਆਰੇ ਦੁਆਰਾ) ਹਰੀ ਹੋਈ ਸਲਾਖ਼ ਇਸਤਰੀ ਨੇ ਹਰ ਲਈ ਅਤੇ ਉਸ ਦੇ ਬਰਾਬਰ ਵਜ਼ਨ ਦਾ ਸੋਨਾ ਵੀ (ਸੁਨਿਆਰੇ ਤੋਂ) ਭਰ ਲਿਆ।

ਚਲ੍ਯੋ ਦਰਬੁ ਦੈ ਗਾਠਿ ਕੋ ਦੁਖਿਤ ਸੁਨਾਰੋ ਦੀਨ ॥੧੩॥

(ਉਹ) ਵਿਚਾਰਾ ਸੁਨਿਆਰਾ ਆਪਣੀ ਗਠ ਦਾ ਧਨ ਦੇ ਕੇ ਦੁਖੀ ਹੋਇਆ ਚਲਾ ਗਿਆ ॥੧੩॥

ਛਲ ਰੂਪ ਛੈਲੀ ਸਦਾ ਛਕੀ ਰਹਤ ਛਿਤ ਮਾਹਿ ॥

ਛਲ ਕਪਟ ਕਰਨ ਵਾਲੀ ਇਸਤਰੀ ਧਰਤੀ ਉਤੇ ਸਦਾ ਪ੍ਰਸੰਨ ਰਹਿੰਦੀ ਹੈ।

ਅਛਲ ਛਲਤ ਛਿਤਪਤਿਨ ਕੋ ਛਲੀ ਕੌਨ ਤੇ ਜਾਹਿ ॥੧੪॥

(ਇਹ) ਨਾ ਛਲੀ ਜਾ ਸਕਣ ਵਾਲੀ ਰਾਜਿਆਂ ਨੂੰ ਛਲ ਲੈਂਦੀ ਹੈ, (ਪਰ ਆਪ) ਕਿਸੇ ਪਾਸੋਂ ਛਲੀ ਨਹੀਂ ਜਾ ਸਕਦੀ ॥੧੪॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੦॥੧੨੪੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਤ੍ਰੀਆ ਚਰਿਤ੍ਰ ਦੇ ਮੰਤੀ ਭੂਪ ਸੰਬਾਦ ਦੇ ੭੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੭੦॥੧੨੪੮॥ ਚਲਦਾ॥

ਦੋਹਰਾ ॥

ਦੋਹਰਾ:

ਨਗਰ ਪਾਵਟਾ ਬਹੁ ਬਸੈ ਸਾਰਮੌਰ ਕੇ ਦੇਸ ॥

ਸਿਰਮੌਰ ਦੇਸ਼ (ਰਿਆਸਤ) ਵਿਚ (ਇਕ) ਪਾਉਂਟਾ (ਨਾਂ ਦੀ) ਨਗਰੀ ਚੰਗੀ ਤਰ੍ਹਾਂ ਵਸਦੀ ਹੈ।

ਜਮੁਨਾ ਨਦੀ ਨਿਕਟਿ ਬਹੈ ਜਨੁਕ ਪੁਰੀ ਅਲਿਕੇਸ ॥੧॥

(ਉਸ ਦੇ) ਨੇੜੇ ਜਮਨਾ ਨਦੀ ਵਗਦੀ ਹੈ, ਮਾਨੋ ਉਹ ਕੁਬੇਰ ਦੀ ਨਗਰੀ ਹੋਵੇ ॥੧॥

ਨਦੀ ਜਮੁਨ ਕੇ ਤੀਰ ਮੈ ਤੀਰਥ ਮੁਚਨ ਕਪਾਲ ॥

ਉਸ ਨਦੀ ਦੇ ਕੰਢੇ ਕਪਾਲ ਮੋਚਨ ਦਾ ਤੀਰਥ ਵੀ ਸੀ।

ਨਗਰ ਪਾਵਟਾ ਛੋਰਿ ਹਮ ਆਏ ਤਹਾ ਉਤਾਲ ॥੨॥

ਅਸੀਂ ਪਾਉਂਟਾ ਨਗਰ ਨੂੰ ਛਡ ਕੇ ਜਲਦੀ ਨਾਲ ਉਸ ਥਾਂ ਉਤੇ ਆ ਗਏ ॥੨॥

ਚੌਪਈ ॥

ਚੌਪਈ:

ਖਿਲਤ ਅਖੇਟਕ ਸੂਕਰ ਮਾਰੇ ॥

(ਰਸਤੇ ਵਿਚ) ਸ਼ਿਕਾਰ ਖੇਡਦਿਆਂ ਸੂਰਾਂ ਨੂੰ ਮਾਰਿਆ

ਬਹੁਤੇ ਮ੍ਰਿਗ ਔਰੈ ਹਨਿ ਡਾਰੇ ॥

ਅਤੇ ਬਹੁਤ ਸਾਰੇ ਹਿਰਨ ਵੀ ਮਾਰ ਦਿੱਤੇ।

ਪੁਨਿ ਤਿਹ ਠਾ ਕੌ ਹਮ ਮਗੁ ਲੀਨੌ ॥

ਫਿਰ ਅਸੀਂ ਉਸ ਸਥਾਨ ਦਾ ਰਾਹ ਫੜਿਆ

ਵਾ ਤੀਰਥ ਕੇ ਦਰਸਨ ਕੀਨੌ ॥੩॥

ਅਤੇ (ਜਾ ਕੇ) ਉਸ ਤੀਰਥ ਦੇ ਦਰਸ਼ਨ ਕੀਤੇ ॥੩॥

ਦੋਹਰਾ ॥

ਦੋਹਰਾ:

ਤਹਾ ਹਮਾਰੇ ਸਿਖ੍ਯ ਸਭ ਅਮਿਤ ਪਹੂੰਚੇ ਆਇ ॥

ਉਥੇ ਸਾਡੇ ਬਹੁਤ ਸਾਰੇ ਸਿਖ ਆ ਪਹੁੰਚੇ।

ਤਿਨੈ ਦੈਨ ਕੋ ਚਾਹਿਯੈ ਜੋਰਿ ਭਲੋ ਸਿਰਪਾਇ ॥੪॥

ਉਨ੍ਹਾਂ ਨੂੰ ਦੇਣ ਲਈ (ਸਾਨੂੰ) ਬਹੁਤ ਸਾਰੇ ਸਿਰੋਪਿਆਂ ਦੀ ਲੋੜ ਸੀ ॥੪॥

ਨਗਰ ਪਾਵਟੇ ਬੂਰਿਯੈ ਪਠਏ ਲੋਕ ਬੁਲਾਇ ॥

ਅਸਾਂ ਆਪਣੇ ਲੋਕ ਬੁਲਾ ਕੇ ਪਾਉਂਟਾ ਅਤੇ ਬੂੜੀਆ ਨਗਰਾਂ ਵਲ ਭੇਜੇ,

ਏਕ ਪਾਗ ਪਾਈ ਨਹੀ ਨਿਹਫਲ ਪਹੁਚੇ ਆਇ ॥੫॥

(ਪਰ ਉਥੋਂ) ਇਕ ਪਗ ਵੀ ਨਾ ਮਿਲੀ, ਉਹ ਅਸਫਲ ਪਰਤ ਆਏ ॥੫॥

ਚੌਪਈ ॥

ਚੌਪਈ:

ਮੋਲਹਿ ਏਕ ਪਾਗ ਨਹਿ ਪਾਈ ॥

ਮੁਲ (ਖਰਚਣ) ਤੇ ਇਕ ਪਗੜੀ ਵੀ ਨਾ ਮਿਲੀ।

ਤਬ ਮਸਲਤਿ ਹਮ ਜਿਯਹਿ ਬਨਾਈ ॥

ਤਦ ਅਸੀਂ ਮਨ ਵਿਚ ਇਕ ਸਲਾਹ ਕੀਤੀ

ਜਾਹਿ ਇਹਾ ਮੂਤਤਿ ਲਖਿ ਪਾਵੋ ॥

ਕਿ ਇਥੇ ਜੋ ਕੋਈ ਮੂਤਦਾ ਨਜ਼ਰ ਆਵੇ,

ਤਾ ਕੀ ਛੀਨ ਪਗਰਿਯਾ ਲ੍ਯਾਵੋ ॥੬॥

ਉਸ ਦੀ ਪਗੜੀ ਖੋਹ ਲਿਆਓ ॥੬॥

ਜਬ ਪਯਾਦਨ ਐਸੇ ਸੁਨਿ ਪਾਯੋ ॥

ਜਦ ਪਿਆਦਿਆਂ (ਸਿਪਾਹੀਆਂ) ਨੇ ਇਸ ਤਰ੍ਹਾਂ ਸੁਣਿਆ

ਤਿਹੀ ਭਾਤਿ ਮਿਲਿ ਸਭਨ ਕਮਾਯੋ ॥

ਤਾਂ ਸਭ ਨੇ ਮਿਲ ਕੇ ਉਸੇ ਤਰ੍ਹਾਂ ਕੀਤਾ।

ਜੋ ਮਨਮੁਖ ਤੀਰਥ ਤਿਹ ਆਯੋ ॥

ਜੋ ਮਨਮੁਖ ਉਸ ਤੀਰਥ ਉਤੇ ਆਇਆ,

ਪਾਗ ਬਿਨਾ ਕਰਿ ਤਾਹਿ ਪਠਾਯੋ ॥੭॥

ਉਸ ਨੂੰ ਪਗ ਤੋਂ ਵਾਂਝਿਆ ਕਰ ਕੇ ਪਰਤਾਇਆ ॥੭॥

ਦੋਹਰਾ ॥

ਦੋਹਰਾ:

ਰਾਤਿ ਬੀਚ ਕਰਿ ਆਠ ਸੈ ਪਗਰੀ ਲਈ ਉਤਾਰਿ ॥

(ਇਸ ਤਰ੍ਹਾਂ) ਰਾਤ ਵਿਚ ਹੀ ਅੱਠ ਸੌ ਪਗੜੀਆਂ ਉਤਾਰ ਲਈ।

ਆਨਿ ਤਿਨੈ ਹਮ ਦੀਹ ਮੈ ਧੋਵਨਿ ਦਈ ਸੁਧਾਰਿ ॥੮॥

ਉਹ ਲੈ ਆ ਕੇ ਮੈਨੂੰ ਦਿੱਤੀਆਂ ਅਤੇ ਮੈਂ (ਉਨ੍ਹਾਂ ਨੂੰ) ਧੋ ਕੇ ਸਾਫ਼ ਕਰਵਾ ਦਿੱਤਾ ॥੮॥

ਚੌਪਈ ॥

ਚੌਪਈ:

ਪ੍ਰਾਤ ਲੇਤ ਸਭ ਧੋਇ ਮਗਾਈ ॥

ਉਨ੍ਹਾਂ ਨੂੰ ਧੁਆ ਕੇ ਸਵੇਰ ਵੇਲੇ ਮੰਗਵਾ ਲਿਆ

ਸਭ ਹੀ ਸਿਖ੍ਯਨ ਕੋ ਬੰਧਵਾਈ ॥

ਅਤੇ ਸਾਰੇ ਹੀ ਸਿੱਖਾਂ ਨੂੰ ਬੰਨ੍ਹਵਾ ਦਿੱਤੀਆਂ।

ਬਚੀ ਸੁ ਬੇਚਿ ਤੁਰਤ ਤਹ ਲਈ ॥

ਜੋ ਬਚੀਆਂ ਉਨ੍ਹਾਂ ਨੂੰ ਤੁਰਤ ਵੇਚ ਦਿੱਤਾ

ਬਾਕੀ ਬਚੀ ਸਿਪਾਹਿਨ ਦਈ ॥੯॥

ਅਤੇ (ਜੋ ਹੋਰ) ਬਾਕੀ ਬਚੀਆਂ ਉਹ ਸਿਪਾਹੀਆਂ ਨੂੰ ਦੇ ਦਿੱਤੀਆਂ ॥੯॥

ਦੋਹਰਾ ॥

ਦੋਹਰਾ:

ਬਟਿ ਕੈ ਪਗਰੀ ਨਗਰ ਕੋ ਜਾਤ ਭਏ ਸੁਖ ਪਾਇ ॥

ਪਗੜੀਆਂ ਵੇਚ ਕੇ ਸੁਖ ਪੂਰਵਕ ਘਰ ਨੂੰ ਚਲੇ ਗਏ।

ਭੇਦ ਮੂਰਖਨ ਨ ਲਹਿਯੋ ਕਹਾ ਗਯੋ ਕਰਿ ਰਾਇ ॥੧੦॥

ਕਿਸੇ ਮੂਰਖ ਨੇ ਭੇਦ ਨਾ ਸਮਝਿਆ ਕਿ ਰਾਜਾ ਕੀ ਕਰ ਕੇ ਗਿਆ ਹੈ ॥੧੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਹਤਰੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੧॥੧੨੫੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੭੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੭੧॥੧੨੫੮॥ ਚਲਦਾ॥

ਦੋਹਰਾ ॥

ਦੋਹਰਾ:

ਰਾਜਾ ਏਕ ਪਹਾਰ ਕੋ ਚਿਤ੍ਰਨਾਥ ਤਿਹ ਨਾਮ ॥

ਇਕ ਪਹਾੜ ਦਾ ਰਾਜਾ ਸੀ, ਜਿਸ ਦਾ ਨਾਂ ਚਿਤ੍ਰਨਾਥ ਸੀ।

ਤਾ ਕੋ ਜਨ ਸਭ ਦੇਸ ਕੇ ਜਪਤ ਆਠਹੂੰ ਜਾਮ ॥੧॥

ਉਸ ਨੂੰ ਸਾਰੇ ਦੇਸ ਦੇ ਲੋਕ ਅਠੇ ਪਹਿਰ ਯਾਦ ਕਰਦੇ ਸਨ ॥੧॥

ਇੰਦ੍ਰ ਮੁਖੀ ਰਾਨੀ ਰਹੈ ਤਾ ਕੇ ਰੂਪ ਅਨੂਪ ॥

ਉਸ ਦੀ ਇੰਦ੍ਰ ਮੁਖੀ ਨਾਂ ਦੀ ਬਹੁਤ ਸੁੰਦਰ ਰਾਣੀ ਸੀ।

ਸਚੀ ਜਾਨਿ ਕਰਿ ਜਕ ਰਹੈ ਜਾਹਿ ਆਪੁ ਪੁਰਹੂਤ ॥੨॥

ਜਿਸ ਨੂੰ ਸਚੀ ਵਰਗਾ ਸਮਝ ਕੇ ਆਪ ਇੰਦਰ ਹੈਰਾਨ ਹੋ ਜਾਂਦਾ ਸੀ ॥੨॥

ਚੌਪਈ ॥

ਚੌਪਈ:

ਨ੍ਰਿਪ ਪੁਰ ਤਰੈ ਨਦੀ ਇਕ ਬਹੈ ॥

(ਉਸ) ਰਾਜੇ ਦੇ ਨਗਰ ਦੇ ਹੇਠਲੇ ਪਾਸੇ ਇਕ ਨਦੀ ਵਗਦੀ ਸੀ।

ਚੰਦ੍ਰਭਗਾ ਤਾ ਕੋ ਜਗ ਕਹੈ ॥

ਉਸ ਨੂੰ ਸਾਰੇ ਚੰਦ੍ਰਭਗਾ (ਚਨਾਬ) ਕਹਿੰਦੇ ਸਨ।

ਤਟ ਟੀਲਾ ਪੈ ਮਹਲ ਉਸਾਰੇ ॥

ਉਸ ਦੇ ਕੰਢੇ ਦੇ ਟਿਲੇ ਉਤੇ ਮਹਿਲ ਬਣਾਏ ਗਏ ਸਨ,

ਜਨੁ ਬਿਸਕਰਮੈ ਕਰਨ ਸੁਧਾਰੇ ॥੩॥

ਮਾਨੋ ਵਿਸ਼ਵਕਰਮਾ ਨੇ ਆਪਣੇ ਹੱਥਾਂ ਨਾਲ ਬਣਾਏ ਹੋਣ ॥੩॥

ਦੋਹਰਾ ॥

ਦੋਹਰਾ:

ਗਹਿਰੋ ਜਾ ਕੋ ਜਲ ਰਹੈ ਜਾ ਸਮ ਨਦੀ ਨ ਆਨ ॥

ਉਸ ਦਾ ਪਾਣੀ ਬਹੁਤ ਡੂੰਘਾ ਸੀ; ਉਸ ਵਰਗੀ ਹੋਰ ਕੋਈ ਨਦੀ ਨਹੀਂ ਸੀ।

ਡਰਤ ਤੈਰਿ ਕੋਊ ਨ ਸਕੈ ਲਾਗਤ ਸਿੰਧੁ ਸਮਾਨ ॥੪॥

(ਡੁਬਣ ਦੇ) ਡਰ ਕਰ ਕੇ ਉਸ ਨੂੰ ਕੋਈ ਤਰ ਨਹੀਂ ਸੀ ਸਕਦਾ। (ਉਹ) ਸਮੁੰਦਰ ਵਰਗੀ ਲਗਦੀ ਸੀ ॥੪॥

ਸਾਹੁ ਏਕ ਗੁਜਰਾਤ ਕੋ ਘੋਰਾ ਬੇਚਨ ਕਾਜ ॥

ਗੁਜਰਾਤ ਦਾ ਇਕ ਸ਼ਾਹ ਘੋੜਾ ਵੇਚਣ ਲਈ

ਚਲਿ ਆਯੋ ਤਿਹ ਠਾ ਜਹਾ ਚਿਤ੍ਰਨਾਥ ਮਹਾਰਾਜ ॥੫॥

ਉਸ ਥਾਂ ਉਤੇ ਆਇਆ ਜਿਥੇ ਮਹਾਰਾਜ ਚਿਤ੍ਰਨਾਥ ਸੀ ॥੫॥

ਰੂਪ ਅਨੂਪਮ ਸਾਹੁ ਕੋ ਜੌਨ ਲਖੈ ਨਰ ਨਾਰਿ ॥

ਸ਼ਾਹ ਦਾ ਬਹੁਤ ਸੁੰਦਰ ਸਰੂਪ ਸੀ। (ਉਸ ਨੂੰ) ਜੋ ਨਰ ਨਾਰੀ ਵੇਖਦੇ,

ਧਨ ਆਪਨ ਕੀ ਕ੍ਯਾ ਚਲੀ ਤਨ ਮਨ ਡਾਰਹਿ ਵਾਰ ॥੬॥

ਧਨ ਦੀ ਤਾਂ ਕੀ ਗੱਲ, ਉਹ ਤਨ ਮਨ ਵੀ ਵਾਰਨ ਲਗਦੇ ॥੬॥

ਚੌਪਈ ॥

ਚੌਪਈ:

ਏਕ ਤ੍ਰਿਯਹਿ ਵਹੁ ਸਾਹਿ ਨਿਹਾਰਿਯੋ ॥

ਇਕ ਇਸਤਰੀ ਨੇ ਉਸ ਸ਼ਾਹ ਨੂੰ ਵੇਖਿਆ

ਇੰਦ੍ਰ ਮੁਖੀ ਕੇ ਨਿਕਟ ਉਚਾਰਿਯੋ ॥

ਅਤੇ (ਉਸ ਨੇ) ਇੰਦ੍ਰ ਮੁਖੀ ਕੋਲ ਕਿਹਾ,

ਐਸੋ ਪੁਰਖੁ ਭੋਗ ਕੋ ਪੈਯੈ ॥

ਜੇ ਅਜਿਹਾ ਪੁਰਸ਼ ਭੋਗ ਲਈ ਮਿਲ ਜਾਏ

ਪ੍ਰਾਨ ਸਹਿਤ ਤਾ ਕੇ ਬਲਿ ਜੈਯੈ ॥੭॥

ਤਾਂ ਉਸ ਉਤੋਂ ਪ੍ਰਾਣ ਤਕ ਨਿਛਾਵਰ ਕਰ ਦੇਈਏ ॥੭॥

ਸੁਨੁ ਰਾਨੀ ਤਿਹ ਬੋਲਿ ਪਠੈਯੈ ॥

ਹੇ ਰਾਣੀ! ਸੁਣ ਉਸ ਨੂੰ ਬੁਲਵਾ ਭੇਜੋ

ਮੈਨ ਭੋਗ ਤਿਹ ਸਾਥ ਕਮੈਯੈ ॥

ਅਤੇ ਉਸ ਨਾਲ ਕਾਮ-ਭੋਗ ਕਰੋ।

ਤੁਮ ਤੇ ਤਾ ਕੋ ਜੋ ਸੁਤ ਹੌ ਹੈ ॥

ਉਸ ਤੋਂ ਜੋ ਤੇਰਾ ਪੁੱਤਰ ਹੋਵੇਗਾ

ਤਾ ਕੇ ਰੂਪ ਤੁਲਿ ਕਹ ਕੋ ਹੈ ॥੮॥

ਉਸ ਦੇ ਸਮਾਨ ਭਲਾ ਹੋਰ ਕੌਣ ਹੋ ਸਕਦਾ ਹੈ ॥੮॥

ਤਾ ਕੋ ਜੋ ਇਸਤ੍ਰੀ ਲਖਿ ਪੈਹੈ ॥

ਉਸ ਨੂੰ ਜੋ ਇਸਤਰੀ ਵੀ ਵੇਖ ਲੈਂਦੀ ਹੈ,