ਸ਼੍ਰੀ ਦਸਮ ਗ੍ਰੰਥ

ਅੰਗ - 1388


ਕ੍ਰਿਪਾ ਦ੍ਰਿਸਟਿ ਤਨ ਜਾਹਿ ਨਿਹਰਿਹੋ ॥

(ਤੁਸੀਂ) ਜਿਸ ਨੂੰ ਕ੍ਰਿਪਾ ਦ੍ਰਿਸ਼ਟੀ ਨਾਲ ਵੇਖਦੇ ਹੋ,

ਤਾ ਕੇ ਤਾਪ ਤਨਕ ਮੋ ਹਰਿਹੋ ॥

ਉਨ੍ਹਾਂ ਦੇ (ਸਾਰੇ) ਦੁਖ ਛਿਣ ਵਿਚ ਹਰੇ ਜਾਂਦੇ ਹਨ।

ਰਿਧਿ ਸਿਧਿ ਘਰ ਮੋ ਸਭ ਹੋਈ ॥

(ਉਨ੍ਹਾਂ ਦੇ) ਘਰ ਵਿਚ ਸਭ ਰਿਧੀਆਂ ਅਤੇ ਸਿਧੀਆਂ ਹੋ ਜਾਂਦੀਆਂ ਹਨ

ਦੁਸਟ ਛਾਹ ਛ੍ਵੈ ਸਕੈ ਨ ਕੋਈ ॥੩੯੯॥

ਅਤੇ ਕੋਈ ਦੁਸ਼ਟ (ਦੁਸ਼ਮਨ) (ਉਨ੍ਹਾਂ ਦੀ) ਪਰਛਾਈ ਨੂੰ ਵੀ ਛੋਹ ਨਹੀਂ ਸਕਦਾ ॥੩੯੯॥

ਏਕ ਬਾਰ ਜਿਨ ਤੁਮੈ ਸੰਭਾਰਾ ॥

(ਹੇ ਪਰਮ ਸੱਤਾ!) ਜਿਸ ਨੇ ਇਕ ਵਾਰ ਤੁਹਾਨੂੰ ਯਾਦ ਕਰ ਲਿਆ,

ਕਾਲ ਫਾਸ ਤੇ ਤਾਹਿ ਉਬਾਰਾ ॥

ਉਸ ਨੂੰ (ਤੁਸੀਂ) ਕਾਲ ਦੀ ਫਾਹੀ ਤੋਂ ਬਚਾ ਲਿਆ।

ਜਿਨ ਨਰ ਨਾਮ ਤਿਹਾਰੋ ਕਹਾ ॥

ਜਿਸ ਵਿਅਕਤੀ ਨੇ ਤੁਹਾਡਾ ਨਾਮ ਉਚਾਰ ਦਿੱਤਾ,

ਦਾਰਿਦ ਦੁਸਟ ਦੋਖ ਤੇ ਰਹਾ ॥੪੦੦॥

(ਉਹ) ਦਰਿਦ੍ਰ (ਗ਼ਰੀਬੀ) ਦੁਸ਼ਟ (ਦੁਸ਼ਮਨ) ਅਤੇ ਦੁਖਾਂ ਤੋਂ ਬਚ ਗਿਆ ॥੪੦੦॥

ਖੜਗ ਕੇਤ ਮੈ ਸਰਣਿ ਤਿਹਾਰੀ ॥

ਹੇ ਖੜਗਕੇਤੁ! ਮੈਂ ਤੁਹਾਡੀ ਸ਼ਰਨ ਵਿਚ ਹਾਂ।

ਆਪ ਹਾਥ ਦੈ ਲੇਹੁ ਉਬਾਰੀ ॥

ਆਪਣਾ ਹੱਥ ਦੇ ਕੇ (ਮੈਨੂੰ) ਬਚਾ ਲਵੋ।

ਸਰਬ ਠੌਰ ਮੋ ਹੋਹੁ ਸਹਾਈ ॥

ਸਭ ਥਾਂਵਾਂ ਤੇ ਮੇਰੇ ਸਹਾਇਕ ਹੋ ਜਾਓ।

ਦੁਸਟ ਦੋਖ ਤੇ ਲੇਹੁ ਬਚਾਈ ॥੪੦੧॥

ਦੁਸ਼ਟ (ਦੁਸ਼ਮਨ) ਅਤੇ ਦੁਖ ਤੋਂ ਬਚਾ ਲਵੋ ॥੪੦੧॥

ਕ੍ਰਿਪਾ ਕਰੀ ਹਮ ਪਰ ਜਗਮਾਤਾ ॥

ਮੇਰੇ ਉਤੇ ਜਗਮਾਤਾ ਨੇ ਕ੍ਰਿਪਾ ਕੀਤੀ ਹੈ

ਗ੍ਰੰਥ ਕਰਾ ਪੂਰਨ ਸੁਭਰਾਤਾ ॥

(ਅਤੇ ਮੈਂ) ਸ਼ੁਭ ਗੁਣਾਂ ਨਾਲ ਭਰਪੂਰ ('ਸੁਭਰਾਤਾ') ਗ੍ਰੰਥ ਪੂਰਾ ਕੀਤਾ ਹੈ।

ਕਿਲਬਿਖ ਸਕਲ ਦੇਖ ਕੋ ਹਰਤਾ ॥

(ਉਹੀ) ਮੇਰੇ ਸ਼ਰੀਰ ਦੇ ਸਾਰੇ ਪਾਪਾਂ ਨੂੰ ਨਸ਼ਟ ਕਰਨ ਵਾਲੀ

ਦੁਸਟ ਦੋਖਿਯਨ ਕੋ ਛੈ ਕਰਤਾ ॥੪੦੨॥

ਅਤੇ ਦੁਸ਼ਟਾਂ (ਵੈਰੀਆਂ) ਅਤੇ ਦੋਖੀਆਂ ਨੂੰ ਨਸ਼ਟ ਕਰਨ ਵਾਲੀ ਹੈ ॥੪੦੨॥

ਸ੍ਰੀ ਅਸਿਧੁਜ ਜਬ ਭਏ ਦਯਾਲਾ ॥

ਜਦ ਸ੍ਰੀ ਅਸਿਧੁਜ (ਮਹਾ ਕਾਲ) ਦਿਆਲ ਹੋਏ,

ਪੂਰਨ ਕਰਾ ਗ੍ਰੰਥ ਤਤਕਾਲਾ ॥

ਤਾਂ ਉਸੇ ਵੇਲੇ (ਮੈਂ ਇਹ) ਗ੍ਰੰਥ ਮੁਕੰਮਲ ਕਰ ਲਿਆ।

ਮਨ ਬਾਛਤ ਫਲ ਪਾਵੈ ਸੋਈ ॥

(ਜੋ ਇਸ ਦਾ ਪਠਨ ਪਾਠਨ ਕਰੇਗਾ) ਉਹ ਮਨ-ਇੱਛਤ ਫਲ ਪ੍ਰਾਪਤ ਕਰੇਗਾ।

ਦੂਖ ਨ ਤਿਸੈ ਬਿਆਪਤ ਕੋਈ ॥੪੦੩॥

ਉਸ ਨੂੰ ਕੋਈ ਵੀ ਦੁਖ ਵਿਆਪਤ ਨਹੀਂ ਹੋਵੇਗਾ ॥੪੦੩॥

ਅੜਿਲ ॥

ਅੜਿਲ:

ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ ॥

ਇਸ ਗ੍ਰੰਥ ਨੂੰ ਜੇ ਗੁੰਗਾ ਸੁਣੇਗਾ, (ਤਾਂ) ਉਹ ਜੀਭ ਪ੍ਰਾਪਤ ਕਰ ਲਵੇਗਾ।

ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ ॥

ਜੇ ਮੂਰਖ ਚਿਤ ਲਗਾ ਕੇ ਸੁਣੇਗਾ, (ਤਾਂ ਉਸ ਦੇ ਅੰਦਰ) ਸਿਆਣਪ ਆ ਜਾਏਗੀ।

ਦੂਖ ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ ॥

ਉਸ ਵਿਅਕਤੀ ਦੇ ਨੇੜੇ ਦੁਖ, ਦਰਦ ਅਤੇ ਭੈ ਨਹੀਂ ਰਹੇਗਾ,

ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ ॥੪੦੪॥

ਜੋ ਇਕ ਵਾਰ ਇਸ ਚੌਪਈ ਦਾ ਪਾਠ ਕਰੇਗਾ ॥੪੦੪॥

ਚੌਪਈ ॥

ਚੌਪਈ:

ਸੰਬਤ ਸਤ੍ਰਹ ਸਹਸ ਭਣਿਜੈ ॥

(ਪਹਿਲਾਂ) ਸਤਾਰਾਂ ਸੌ ਸੰਮਤ ਕਹੋ

ਅਰਧ ਸਹਸ ਫੁਨਿ ਤੀਨਿ ਕਹਿਜੈ ॥

ਅਤੇ (ਫਿਰ ਉਸ ਨਾਲ) ਅੱਧਾ ਸੌ (੫੦) ਅਤੇ ਤਿੰਨ ਕਹੋ (ਅਰਥਾਤ ੧੭੫੩ ਬਿ.)।

ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ ॥

ਭਾਦੋਂ ਮਹੀਨੇ ਦੀ ਸੁਦੀ ਅੱਠਵੀਂ ਐਤਵਾਰ ਨੂੰ

ਤੀਰ ਸਤੁਦ੍ਰਵ ਗ੍ਰੰਥ ਸੁਧਾਰਾ ॥੪੦੫॥

ਸਤਲੁਜ ਨਦੀ ਦੇ ਕੰਢੇ (ਬੈਠ ਕੇ ਇਹ) ਗ੍ਰੰਥ ਸੰਪੂਰਨ ਕੀਤਾ ॥੪੦੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਪਾਂਚ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੦੫॥੭੫੫੮॥ ਅਫਜੂੰ ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੦੫ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੦੫॥੭੫੫੮॥ ਸਮਾਪਤਮ ॥


Flag Counter