ਸਾਰੇ ਨਗਰ ਵਾਸੀ ਉਸ ਨਾਲ ਤੁਰ ਪੈਂਦੇ।
(ਇੰਜ ਪ੍ਰਤੀਤ ਹੁੰਦਾ) ਮਾਨੋ (ਉਹ) ਕਦੇ ਨਗਰ ਵਿਚ ਵਸੇ ਹੀ ਨਾ ਹੋਣ ॥੩॥
ਜਿਸ ਜਿਸ ਰਾਹ ਤੋਂ ਕੁੰਵਰ ਲੰਘ ਜਾਂਦਾ,
(ਇੰਜ ਲਗਦਾ) ਮਾਨੋ ਕ੍ਰਿਪਾ ਦੀਆਂ ਬੂੰਦਾਂ ਵਰ੍ਹ ਗਈਆਂ ਹੋਣ।
ਉਸ ਦੇ ਮਾਰਗ ਉਤੇ ਲੋਕਾਂ ਦੀਆਂ ਅੱਖੀਆਂ ਲਗੀਆਂ ਰਹਿੰਦੀਆਂ,
ਮਾਨੋ (ਅੱਖੀਆਂ ਰੂਪੀ) ਬਾਣ ਅੰਮ੍ਰਿਤ ਨੂੰ ਚਟ ਰਹੇ ਹੋਣ ॥੪॥
ਦੋਹਰਾ:
ਜਿਸ ਜਿਸ ਮਾਰਗ ਵਿਚੋਂ ਕੁੰਵਰ ਲੰਘ ਕੇ ਜਾਂਦਾ ਸੀ,
(ਉਥੇ) ਸਾਰਿਆਂ ਦੇ ਨੈਣ ਰਾਂਗਲੇ ਹੋ ਜਾਂਦੇ ਸਨ ਅਤੇ ਭੂਮੀ ਸੁੰਦਰ ਹੋ ਜਾਂਦੀ ਸੀ ॥੫॥
ਚੌਪਈ:
ਉਸ ਨਗਰ ਵਿਚ ਬ੍ਰਿਖ ਧੁਜ ਨਾਂ ਦਾ ਇਕ ਸ਼ਾਹ (ਰਹਿੰਦਾ ਸੀ)
ਜਿਸ ਦੇ ਘਰ ਵਿਚ ਨਾਗਰਿ ਕੁਅਰਿ ਨਾਂ ਦੀ ਇਸਤਰੀ ਸੀ।
(ਉਸ ਦੀ) ਪੁੱਤਰੀ ਨਾਗਰਿ ਮਤੀ ਵੀ ਉਥੇ ਸ਼ੋਭਾਇਮਾਨ ਸੀ
ਜੋ ਨਗਰ ਦੇ ਨਾਗਰਾਂ (ਚਤੁਰਾਂ) ਨੂੰ ਵੀ ਮੋਹ ਲੈਂਦੀ ਸੀ ॥੬॥
ਉਸ (ਲੜਕੀ) ਨੇ ਉਹ ਕੁੰਵਰ ਅੱਖਾਂ ਨਾਲ ਵੇਖ ਲਿਆ
ਅਤੇ ਲਾਜ ਮਰਯਾਦਾ ਨੂੰ ਛਡ ਕੇ (ਉਸ ਨਾਲ) ਪ੍ਰੇਮ ਲਗਾ ਲਿਆ।
ਉਹ ਮਨ ਵਿਚ ਬਹੁਤ ਮਸਤ ਹੋ ਕੇ ਝੂਲਣ ਲਗ ਗਈ
ਅਤੇ ਮਾਤਾ ਪਿਤਾ ਦੀ ਸਾਰੀ ਸੁੱਧ ਬੁੱਧ ਭੁਲ ਗਈ ॥੭॥
ਜਿਸ ਮਾਰਗ ਤੋਂ ਰਾਜ ਕੁਮਾਰ ਚਲ ਕੇ ਆ ਜਾਂਦਾ,
ਉਥੇ ਹੀ ਸਖੀਆਂ ਸਹਿਤ ਕੁਮਾਰੀ ਗਾਣ ਲਗ ਜਾਂਦੀ।
ਉਹ ਸੁੰਦਰ ਸੁੰਦਰ ਨੇਤਰਾਂ ਨਾਲ ਵੇਖਦੀਆਂ
ਅਤੇ ਅੱਖਾਂ ਦੇ ਸੰਕੇਤ ਕਰ ਕੇ ਹਸਦੀਆਂ ਅਤੇ ਬੋਲਦੀਆਂ ॥੮॥
ਦੋਹਰਾ:
ਇਸ਼ਕ, ਮੁਸ਼ਕ, ਖਾਂਸੀ, ਖੁਰਕ ਲੁਕਾਣ ਤੇ ਵੀ ਨਹੀਂ ਲੁਕਦੇ।
ਅੰਤ ਵਿਚ ਸਾਰੇ ਜਗਤ ਅਤੇ ਸ੍ਰਿਸਟੀ ਵਿਚ ਪ੍ਰਗਟ ਹੋ ਜਾਂਦੇ ਹਨ ॥੯॥
ਚੌਪਈ:
ਨਗਰ ਵਿਚ ਇਹ ਗੱਲ ਪ੍ਰਚਲਿਤ ਹੋ ਗਈ
ਅਤੇ ਚਲਦੀ ਚਲਦੀ ਉਸ ਦੇ ਘਰ ਵਿਚ ਜਾ ਪਹੁੰਚੀ।
(ਉਸ ਨੂੰ) ਉਥੋਂ ਮਾਤਾ ਪਿਤਾ ਨੇ ਵਰਜ ਦਿੱਤਾ
ਅਤੇ ਮੂੰਹੋਂ ਕੌੜੇ ਕੌੜੇ ਬੋਲ ਬੋਲੇ ॥੧੦॥
(ਉਹ ਉਸ ਨੂੰ) ਰੋਕ ਕੇ ਰਖਦੇ, ਜਾਣ ਨਾ ਦਿੰਦੇ
ਅਤੇ ਭਾਂਤ ਭਾਂਤ ਨਾਲ ਰਖਿਆ ਕਰਦੇ।
ਇਸ ਕਰ ਕੇ ਕੁਮਾਰੀ ਬਹੁਤ ਦੁਖੀ ਹੁੰਦੀ
ਅਤੇ ਰੋਂਦਿਆਂ ਹੀ ਦਿਨ ਰਾਤ ਬਤੀਤ ਕਰਦੀ ॥੧੧॥
ਸੋਰਠਾ:
ਇਹ ਸੜ ਜਾਣੀ ਪ੍ਰੀਤ ਰਾਤ ਦਿਨ ਖਰੀ ਤੋਂ ਖਰੀ ਹੁੰਦੀ ਜਾਂਦੀ ਹੈ।
ਇਹ ਜਲ ਅਤੇ ਮੱਛਲੀ ਦੀ ਰੀਤ ਵਾਂਗ ਹੈ ਜੋ ਜਲ ਰੂਪ ਪ੍ਰੀਤਮ ਦੇ ਵਿਛੜਨ ਨਾਲ ਹੀ ਮਰ ਜਾਂਦੀ ਹੈ ॥੧੨॥
ਦੋਹਰਾ:
ਜੋ ਇਸਤਰੀ ਵਿਯੋਗਣ ਹੋ ਕੇ ਬਿਰਹੋਂ ਦਾ ਰਸਤਾ ਪਕੜ ਲੈਂਦੀ ਹੈ,
ਉਹ ਪ੍ਰੀਤਮ ਲਈ ਅੱਖ ਦੇ ਪਲਕਾਰੇ ਵਿਚ ਝਟਪਟ ਪ੍ਰਾਣ ਨਿਛਾਵਰ ਕਰ ਦਿੰਦੀ ਹੈ ॥੧੩॥
ਭੁਜੰਗ ਛੰਦ:
(ਉਸ ਨੇ) ਇਕ ਸਿਆਣੀ ਜਿਹੀ ਸਖੀ ਨੂੰ ਬੁਲਾ ਕੇ ਪ੍ਰੇਮ ਪੱਤਰ ਲਿਖਿਆ,
ਹੇ ਪਿਆਰੇ! ਰਾਮ ਸਾਖੀ ਹੈ (ਮੇਰੀ ਤੇਰੇ ਨਾਲ) ਪ੍ਰੀਤ ਲਗ ਗਈ ਹੈ।
(ਇਹ ਵੀ) ਆਖਿਆ ਕਿ ਜੇ ਅਜ ਮੈਂ ਤੈਨੂੰ ਨਹੀਂ ਵੇਖਾਂਗੀ
ਤਾਂ ਇਕ ਘੜੀ ਵਿਚ ਪ੍ਰਾਣ ਵਾਰ ਦਿਆਂਗੀ ॥੧੪॥
ਹੇ ਰਾਣੀ! ਦੇਰ ਨਾ ਕਰੋ, ਅਜ ਹੀ ਆਓ
ਅਤੇ ਇਥੋਂ ਕਢ ਕੇ ਮੈਨੂੰ ਆਪਣੇ ਨਾਲ ਲੈ ਜਾਓ।
ਹੇ ਮਾਨ ਕਰਨ ਵਾਲੇ! ਕਦੇ ਤਾਂ (ਮੇਰਾ) ਕਿਹਾ ਮੰਨ ਲਵੋ।