ਸ਼੍ਰੀ ਦਸਮ ਗ੍ਰੰਥ

ਅੰਗ - 1235


ਸੋਵਤ ਇਹਾ ਜਗਾਇ ਪਠਾਯੋ ॥

ਸੁਤੇ ਹੋਇਆਂ ਨੂੰ ਜਗਾ ਕੇ ਇਥੇ ਭੇਜਿਆ ਹੈ।

ਤਾ ਤੇ ਮਾਨਿ ਸੰਭੁ ਕੋ ਕਹੋ ॥

ਇਸ ਲਈ ਸ਼ਿਵ ਸ਼ੰਭੂ ਦਾ ਕਿਹਾ ਮੰਨ ਕੇ

ਬਾਰਹ ਬਰਖ ਹਮਾਰੋ ਰਹੋ ॥੨੨॥

ਬਾਰ੍ਹਾਂ ਵਰ੍ਹੇ ਸਾਡੇ ਘਰ ਰਹੋ ॥੨੨॥

ਸਿਵ ਕੀ ਸੁਨਤ ਭਯੋ ਜਬ ਬਾਨੀ ॥

ਜਦ ਸ਼ਿਵ-ਬਾਣੀ ਬਾਰੇ ਸੁਣਿਆ

ਤਬ ਮੁਨਿ ਸਾਥ ਚਲਨ ਕੀ ਮਾਨੀ ॥

ਤਦ ਮੁਨੀ ਨਾਲ ਚਲਣ ਦੀ ਗੱਲ ਮੰਨ ਗਿਆ।

ਰਾਜਾ ਕੇ ਹ੍ਵੈ ਸੰਗ ਸਿਧਾਰਾ ॥

ਰਾਜੇ ਦੇ ਨਾਲ ਹੋ ਕੇ ਚਲ ਪਿਆ

ਰਾਨੀ ਸਹਿਤ ਸਦਨ ਪਗ ਧਾਰਾ ॥੨੩॥

ਅਤੇ ਰਾਣੀ ਸਮੇਤ ਮਹੱਲ ਵਿਚ ਪ੍ਰਵੇਸ਼ ਕੀਤਾ ॥੨੩॥

ਖਾਨ ਪਾਨ ਆਗੈ ਨ੍ਰਿਪ ਧਰਾ ॥

ਰਾਜੇ ਨੇ ਖਾਣ ਪੀਣ (ਦੀਆਂ ਚੀਜ਼ਾਂ) ਅਗੇ ਧਰੀਆਂ।

ਤਾਹਿ ਨਿਰਖਿ ਰਿਖਿ ਐਸ ਉਚਰਾ ॥

ਉਨ੍ਹਾਂ ਨੂੰ ਵੇਖ ਕੇ ਰਿਖੀ ਨੇ ਇਸ ਤਰ੍ਹਾਂ ਕਿਹਾ,

ਇਹ ਭੋਜਨ ਹਮਰੇ ਕਿਹ ਕਾਜਾ ॥

ਇਹ ਭੋਜਨ ਸਾਡੇ ਕਿਸ ਕੰਮ ਦਾ।

ਏ ਹੈ ਇਨ ਗ੍ਰਿਹਸਤਨ ਕੇ ਸਾਜਾ ॥੨੪॥

ਇਹ ਤਾਂ ਗ੍ਰਿਹਸਥੀਆਂ (ਦੇ ਖਾਣ ਦੀ) ਸਾਮਗ੍ਰੀ ਹੈ ॥੨੪॥

ਹਮ ਇਸਤ੍ਰਿਨ ਤਨ ਨੈਨ ਨ ਲਾਵਹਿ ॥

ਅਸੀਂ ਇਸਤਰੀਆਂ ਵਲ ਨਹੀਂ ਵੇਖਦੇ

ਇਨ ਰਸ ਕਸਨ ਭੂਲ ਨਹਿ ਖਾਵਹਿ ॥

ਅਤੇ ਇਨ੍ਹਾਂ ਰਸਾਂ ਕਸਾਂ ਨੂੰ ਭੁਲ ਕੇ ਵੀ ਨਹੀਂ ਖਾਂਦੇ।

ਬਿਨ ਹਰਿ ਨਾਮ ਕਾਮ ਨਹਿ ਆਵੈ ॥

ਪਰਮਾਤਮਾ ਦੇ ਨਾਮ ਤੋਂ ਬਿਨਾ (ਕੋਈ ਚੀਜ਼ ਵੀ) ਕੰਮ ਨਹੀਂ ਆਉਂਦੀ।

ਬੇਦ ਕਤੇਬ ਯੌ ਭੇਦ ਬਤਾਵੈ ॥੨੫॥

ਬੇਦ ਕਤੇਬ ਇਹੀ ਭੇਦ ਦੀ ਗੱਲ ਦਸਦੇ ਹਨ ॥੨੫॥

ਤਬ ਨ੍ਰਿਪ ਤਾਹਿ ਸਹੀ ਮੁਨਿ ਮਾਨਾ ॥

ਤਦ ਰਾਜੇ ਨੇ ਉਸ ਨੂੰ ਸਹੀ ਮੁਨੀ ਮੰਨਿਆ।

ਭੇਦ ਅਭੇਦ ਨ ਮੂੜ ਪਛਾਨਾ ॥

(ਉਸ) ਮੂਰਖ ਨੇ ਭੇਦ ਅਭੇਦ ਕੁਝ ਨਾ ਸਮਝਿਆ।

ਨਿਜੁ ਰਾਨੀ ਤਨ ਤਾਹਿ ਸੁਵਾਯੋ ॥

ਆਪਣੀ ਰਾਣੀ ਨੂੰ ਉਸ ਨਾਲ ਸਵਾਇਆ।

ਮੂਰਖ ਅਪਨੋ ਮੂੰਡ ਮੁਡਾਯੋ ॥੨੬॥

(ਇਸ ਤਰ੍ਹਾਂ) ਮੂਰਖ ਨੇ ਆਪਣਾ ਸਿਰ ਮੁੰਨਵਾਇਆ ॥੨੬॥

ਨਿਜੁ ਕਰ ਮੂਰਖ ਸੇਜ ਬਿਛਾਵੈ ॥

ਮੂਰਖ ਰਾਜਾ ਆਪਣੇ ਹੱਥਾਂ ਨਾਲ ਸੇਜ ਵਿਛਾਉਂਦਾ

ਤਾਹਿ ਤ੍ਰਿਯਾ ਕੇ ਸਾਥ ਸੁਵਾਵੈ ॥

ਅਤੇ (ਫਿਰ) ਉਸ ਨੂੰ ਇਸਤਰੀ ਦੇ ਨਾਲ ਸਵਾਉਂਦਾ।

ਅਧਿਕ ਜਤੀ ਤਾ ਕਹ ਪਹਿਚਾਨੈ ॥

ਉਸ ਨੂੰ ਬਹੁਤ ਵੱਡਾ ਜਤੀ ਸਮਝਦਾ,

ਭੇਦ ਅਭੇਦ ਨ ਮੂਰਖ ਜਾਨੈ ॥੨੭॥

ਪਰ ਮੂਰਖ ਭੇਦ ਅਭੇਦ ਨੂੰ ਨਾ ਸਮਝਦਾ ॥੨੭॥

ਜਬ ਪਤਿ ਨਹਿ ਹੇਰਤ ਤ੍ਰਿਯ ਜਾਨੈ ॥

ਜਦ ਇਸਤਰੀ ਸਮਝਦੀ ਕਿ ਪਤੀ ਨਹੀਂ ਵੇਖ ਰਿਹਾ,

ਕਾਮ ਭੋਗ ਤਾ ਸੋ ਦ੍ਰਿੜ ਠਾਨੈ ॥

ਤਦ ਉਸ ਨਾਲ ਖ਼ੂਬ ਭੋਗ ਵਿਲਾਸ ਕਰਦੀ।

ਭਾਗ ਅਫੀਮ ਅਧਿਕ ਤਿਹ ਖ੍ਵਾਰੀ ॥

ਉਸ ਨੂੰ ਬਹੁਤ ਸਾਰੀ ਭੰਗ ਅਤੇ ਅਫ਼ੀਮ ਖੁਆਉਂਦੀ

ਚਾਰਿ ਪਹਰ ਰਤਿ ਕਰੀ ਪ੍ਯਾਰੀ ॥੨੮॥

ਅਤੇ ਉਸ ਨਾਲ ਪਿਆਰੀ (ਇਸਤਰੀ) ਚਾਰ ਪਹਿਰ ਤਕ ਰਤੀ-ਕ੍ਰੀੜਾ ਕਰਦੀ ॥੨੮॥

ਭੋਗ ਕਰਤ ਇਕ ਕ੍ਰਿਯਾ ਬਿਚਾਰੀ ॥

ਉਸ (ਇਸਤਰੀ ਨੇ) ਭੋਗ ਕਰਦਿਆਂ ਇਕ ਕੰਮ ਸੋਚਿਆ

ਊਪਰ ਏਕ ਤੁਲਾਈ ਡਾਰੀ ॥

ਅਤੇ (ਆਪਣੇ) ਉਪਰ ਇਕ ਤੁਲਾਈ ਪਾ ਲਈ।

ਨ੍ਰਿਪ ਬੈਠੋ ਮੂਕਿਯੈ ਲਗਾਵੈ ॥

ਰਾਜਾ ਬੈਠਾ ਮੁਕੀਆਂ ਮਾਰਦਾ (ਭਾਵ ਮੁਠੀ ਚਾਪੀ ਕਰਦਾ)

ਸੋ ਅੰਤਰ ਰਾਨਿਯਹਿ ਬਜਾਵੈ ॥੨੯॥

ਅਤੇ ਉਹ (ਮੁਨੀ ਤੁਲਾਈ ਦੇ) ਅੰਦਰ ਰਾਣੀ ਨਾਲ ਭੋਗ ਕਰਦਾ ॥੨੯॥

ਇਹ ਛਲ ਸੌ ਮਿਤ੍ਰਹਿ ਤਿਨ ਪਾਵਾ ॥

ਇਸ ਛਲ ਨਾਲ ਰਾਣੀ ਨੇ ਮਿਤਰ ਨੂੰ ਪ੍ਰਾਪਤ ਕੀਤਾ।

ਮੂਰਖ ਭੂਪ ਨ ਭੇਵ ਜਤਾਵਾ ॥

ਮੂਰਖ ਰਾਜੇ ਨੂੰ ਭੇਦ ਨਾ ਪਾਣ ਦਿੱਤਾ।

ਪਾਵਦ ਬੈਠਿ ਮੂਕਿਯਨ ਮਾਰੈ ॥

(ਰਾਜਾ) ਪਵਾਂਦ ਵਲ ਬੈਠ ਕੇ ਮੁਕੀਆਂ ਮਾਰਦਾ

ਉਤ ਰਾਨੀ ਸੰਗ ਜਾਰ ਬਿਹਾਰੈ ॥੩੦॥

ਅਤੇ ਉਧਰ ਰਾਣੀ ਨਾਲ ਯਾਰ ਰਮਣ ਕਰਦਾ ॥੩੦॥

ਇਹ ਛਲ ਸੌ ਰਾਨੀ ਪਤਿ ਛਰਿਯੋ ॥

ਇਸ ਛਲ ਨਾਲ ਰਾਣੀ ਨੇ ਪਤੀ ਨੂੰ ਛਲ ਲਿਆ

ਜਾਰ ਗਵਨ ਤ੍ਰਿਯਿ ਦੇਖਤ ਕਰਿਯੋ ॥

ਅਤੇ ਯਾਰ ਨੇ (ਰਾਜੇ ਦੇ) ਵੇਖਦਿਆਂ ਹੋਇਆਂ ਇਸਤਰੀ ਨਾਲ ਰਮਣ ਕੀਤਾ।

ਮੂਰਖਿ ਭੇਦ ਅਭੇਦ ਨ ਪਾਯੋ ॥

ਮੂਰਖ (ਰਾਜੇ) ਨੇ ਭੇਦ ਅਭੇਦ ਨਾ ਸਮਝਿਆ

ਸੋ ਇਸਤ੍ਰੀ ਤੇ ਮੂੰਡ ਮੁਡਾਯੋ ॥੩੧॥

ਅਤੇ ਉਸ ਇਸਤਰੀ ਦੁਆਰਾ ਠਗਿਆ ਗਿਆ ॥੩੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਰਾਨਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੪॥੫੬੨੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੯੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੯੪॥੫੬੨੦॥ ਚਲਦਾ॥

ਚੌਪਈ ॥

ਚੌਪਈ:

ਚੰਚਲ ਸੈਨ ਨ੍ਰਿਪਤਿ ਇਕ ਨਰਵਰ ॥

ਚੰਚਲ ਸੈਨ ਨਾਂ ਦਾ ਇਕ ਸ੍ਰੇਸ਼ਠ ਰਾਜਾ ਸੀ।

ਅਵਰ ਨ੍ਰਿਪਤਿ ਤਾ ਕੀ ਨਹਿ ਸਰਬਰ ॥

ਹੋਰ ਕੋਈ ਰਾਜਾ ਉਸ ਦੇ ਬਰਾਬਰ ਨਹੀਂ ਸੀ।

ਚੰਚਲ ਦੇ ਤਾ ਕੇ ਘਰ ਦਾਰਾ ॥

ਉਸ ਦੇ ਘਰ ਚੰਚਲ ਦੇ (ਦੇਈ) ਨਾਂ ਦੀ ਇਸਤਰੀ ਸੀ

ਤਾ ਸਮ ਦੇਵ ਨ ਦੇਵ ਕੁਮਾਰਾ ॥੧॥

ਜਿਸ ਵਰਗੀ ਨਾ ਦੇਵ ਇਸਤਰੀ ਅਤੇ ਨਾ ਹੀ ਦੇਵ-ਕੁਮਾਰੀ ਸੀ ॥੧॥

ਸੁੰਦਰਿਤਾ ਇਹ ਕਹੀ ਨ ਆਵੈ ॥

ਇਸ ਦੀ ਸੁੰਦਰਤਾ ਦਾ ਬਖਾਨ ਨਹੀਂ ਕੀਤਾ ਜਾ ਸਕਦਾ।

ਜਾ ਕੋ ਮਦਨ ਹੇਰਿ ਲਲਚਾਵੈ ॥

ਜਿਸ ਨੂੰ ਕਾਮ ਦੇਵ ਵੀ ਵੇਖ ਕੇ ਲਲਚਾਉਂਦਾ ਸੀ।

ਜੋਬਨ ਜੇਬ ਅਧਿਕ ਤਿਹ ਧਰੀ ॥

ਉਸ ਨੇ ਬਹੁਤ ਜੋਬਨ ਅਤੇ ਸਜ ਧਜ ਧਾਰਨ ਕੀਤੀ ਹੋਈ ਸੀ।