(ਉਥੋਂ ਪਤਾ ਕਰਨਾ ਕਿ ਉਹ) ਪੰਡੂ ਦੇ ਪੁੱਤਰਾਂ ਨੂੰ ਉਥੇ ਸੁਖ ਦਿੰਦਾ ਹੈ ਜਾਂ ਦੁਖ ਦਿੰਦਾ ਹੈ ॥੧੦੦੭॥
ਉਸ ਦੀ ਇਸ ਤਰ੍ਹਾਂ ਗੱਲ ਸੁਣ ਕੇ ਅਕਰੂਰ ਨੇ ਪ੍ਰਨਾਮ ਕੀਤਾ ਅਤੇ ਚਲਿਆ ਗਿਆ।
ਰਸਤੇ ਦੀ ਗੱਲ ਕਿਥੋਂ ਤਕ ਕਰਾਂ, ਉਸ ਨੇ ਹਸਤਨਾਪੁਰ ਵਿਚ ਜਾ ਪੈਰ ਟਿਕਾਏ।
ਕਵੀ ਸ਼ਿਆਮ ਕਹਿੰਦੇ ਹਨ, ਸਵੇਰ ਹੋਣ ਤੇ ਰਾਜੇ ਦੀ ਸਭਾ ਵਿਚ ਇਸ ਤਰ੍ਹਾਂ ਜਾ ਕੇ ਕਿਹਾ।
ਰਾਜੇ ਨੇ ਕਿਹਾ ਕਿ ਮੈਨੂੰ ਉਹ ਬ੍ਰਿੱਤਾਂਤ ਦਸ ਜਿਸ ਤਰ੍ਹਾਂ ਕ੍ਰਿਸ਼ਨ ਨੇ ਕੰਸ ਨੂੰ ਪਛਾੜਿਆ ਸੀ ॥੧੦੦੮॥
(ਰਾਜੇ ਦੀ) ਗੱਲ ਸੁਣ ਕੇ (ਅਕਰੂਰ ਨੇ) ਜਵਾਬ ਦਿੱਤਾ ਅਤੇ ਸਭ ਕੁਝ (ਦਸ ਦਿੱਤਾ) ਜਿਸ ਢੰਗ ਨਾਲ ਸ੍ਰੀ ਕ੍ਰਿਸ਼ਨ ਵੈਰੀ ਨਾਲ ਲੜਿਆ ਸੀ।
ਹਾਥੀ (ਕਵਲੀਆਪੀੜ) ਨੂੰ ਮਾਰ ਕੇ, ਫਿਰ ਪਹਿਲਵਾਨਾਂ ਨੂੰ ਮਾਰਿਆ ਅਤੇ ਸਾਰੀ ਸੈਨਾ ਨੂੰ ਚੀਰ ਕੇ ਕੰਸ ਨੂੰ ਜਾ ਟਕਰਿਆ।
ਤਦ ਕੰਸ ਨੇ ਹੱਥ ਵਿਚ ਤਲਵਾਰ ਅਤੇ ਢਾਲ ਨੂੰ ਸੰਭਾਲ ਕੇ ਯੁੱਧ ਕੀਤਾ।
ਉਸ ਵੇਲੇ ਸ੍ਰੀ ਕ੍ਰਿਸ਼ਨ ਨੇ (ਉਸ ਨੂੰ) ਕੇਸ਼ਾਂ ਤੋਂ ਪਕੜ ਕੇ ਧਰਤੀ ਉਤੇ ਪਟਕਿਆ ਅਤੇ ਮਾਰ ਦਿੱਤਾ ॥੧੦੦੯॥
(ਅਕਰੂਰ ਨੇ ਰਾਜ ਸਭਾ ਵਿਚ) ਭੀਸ਼ਮ ਪਿਤਾਮਾ, ਦ੍ਰੋਣਾਚਾਰੀਆ, ਕ੍ਰਿਪਾਚਾਰੀਆ, ਅਸ੍ਵਸਥਾਮਾ ਅਤੇ ਦੁਸ਼ਾਸਨ ਸੂਰਮੇ ਨੂੰ ਵੇਖਿਆ।
ਸੂਰਜ ਦੇ ਪੁੱਤਰ (ਕਰਨ) ਅਤੇ ਭੂਰਸ਼੍ਰਵਾ, ਜਿਸ ਨੇ (ਅਭਿਮੰਨੂ ਨੂੰ ਮਾਰ ਕੇ) ਅਰਜਨ ਤੋਂ ਭਰਾ ਦਾ ਵੈਰ ਚੁਕਾਇਆ ਸੀ (ਨੂੰ ਵੀ ਤਕਿਆ)।
ਰਾਜਾ ਦੁਰਯੋਧਨ ਨੇ ਵੇਖਦਿਆਂ ਹੀ ਮਾਮੇ (ਅਕਰੂਰ) ਤੋਂ ਇਸ ਤਰ੍ਹਾਂ ਪੁਛਿਆ
ਕਿ ਕ੍ਰਿਸ਼ਨ ਦਾ ਕੀ ਹਾਲ ਹੈ, ਬਸੁਦੇਵ ਕਿਹੋ ਜਿਹਾ ਹੈ, ਇਹ ਕਹਿ ਕੇ ਜਫੀ ਪਾ ਕੇ ਮਿਲੇ ਅਤੇ ਮਨ ਦਾ ਦੁਖ ਦੂਰ ਕੀਤਾ ॥੧੦੧੦॥
ਰਾਜੇ ਦੀ ਸਭਾ ਵਿਚ ਥੋੜਾ ਸਮਾ ਬੈਠ ਕੇ ਫਿਰ (ਉਥੋਂ) ਉਠ ਕੇ ਸ੍ਰੀ ਕ੍ਰਿਸ਼ਨ ਦੀ ਫੁਫੀ (ਕੁੰਤੀ) ਪਾਸ ਆ ਗਿਆ।
ਕਵੀ ਸ਼ਿਆਮ ਕਹਿੰਦੇ ਹਨ, ਕੁੰਤੀ ਨੂੰ ਵੇਖਦਿਆਂ ਹੀ ਉਸ ਨੇ ਪੈਰਾਂ ਉਤੇ ਸਿਰ ਨਿਵਾਇਆ।
(ਕੁੰਤੀ) ਪੁਛਣ ਲਗੀ, ਕ੍ਰਿਸ਼ਨ ਰਾਜ਼ੀ ਖ਼ੁਸ਼ ਹੈ ਜਿਸ ਦਾ ਯਸ਼ ਸਾਰੀ ਧਰਤੀ ਉਤੇ ਪਸਰਿਆ ਹੋਇਆ ਹੈ।
(ਉੱਤਰ ਵਿਚ ਉਸ ਨੇ ਦਸਿਆ) ਕ੍ਰਿਸ਼ਨ ਬਸੁਦੇਵ ਸਮੇਤ ਰਾਜ਼ੀ ਖੁਸ਼ ਹਨ ਅਤੇ ਦੇਵਕੀ ਵੀ ਠੀਕ ਹੈ। ਇਹ ਸੁਣ ਕੇ (ਕੁੰਤੀ ਨੇ) ਸੁਖ ਪ੍ਰਾਪਤ ਕੀਤਾ ॥੧੦੧੧॥
ਇਤਨੇ ਵਿਚ ਬਿਦਰ ਆ ਗਿਆ ਅਤੇ ਅਰਜਨ ਦੀ ਮਾਂ (ਕੁੰਤੀ) ਦੇ ਪੈਰੀਂ ਪਿਆ
(ਅਤੇ ਫਿਰ) ਅਕਰੂਰ ਤੋਂ ਸ੍ਰੀ ਕ੍ਰਿਸ਼ਨ ਦਾ ਸੁਖ ਆਨੰਦ ਪੁਛਣ ਲਗਿਆ ਅਤੇ ਉਸ ਦੇ (ਪ੍ਰੇਮ) ਰਸ ਵਿਚ ਮਗਨ ਹੋ ਗਿਆ।
ਕਵੀ ਸ਼ਿਆਮ (ਕਹਿੰਦੇ ਹਨ) ਉਸ ਨੂੰ ਹੋਰ ਸਾਰੀ ਸੁਧ ਭੁਲ ਗਈ ਅਤੇ ਇਸੇ (ਪ੍ਰੇਮ) ਰਸ ਵਿਚ ਭਿਜ ਗਿਆ।
ਉਸ (ਅਕਰੂਰ) ਨੇ ਕਿਹਾ ਕਿ ਸਭ ਸੁਖੀ ਹਨ, (ਇਹ) ਗੱਲ ਸੁਣ ਕੇ (ਉਸ ਨੂੰ) ਸੁਖ ਹੋਇਆ ਅਤੇ ਦੁਖ ਦੂਰ ਹੋ ਗਿਆ ॥੧੦੧੨॥
ਕੁੰਤੀ ਨੇ ਕਿਹਾ:
ਸਵੈਯਾ:
ਉਹ (ਕ੍ਰਿਸ਼ਨ) ਮਥੁਰਾ ਵਿਚ ਕੌਤਕ ਕਰ ਰਿਹਾ ਹੈ, ਮੈਨੂੰ ਕ੍ਰਿਸ਼ਨ ਨੇ ਮਨੋ ਕਿਉਂ ਵਿਸਾਰ ਦਿੱਤਾ ਹੈ।
ਮੈਂ ਇਨ੍ਹਾਂ ਲੋਕਾਂ ਤੋਂ ਬਹੁਤ ਦੁਖੀ ਹੋਈ ਹਾਂ, 'ਘਨਿ ਸ਼ਿਆਮ' ਕਹਿ ਕੇ ਉਹ ਪੁਕਾਰ ਉਠੀ।
ਹੇ ਅਕਰੂਰ! (ਮੇਰਾ) ਪਤੀ ਮਰ ਗਿਆ ਹੈ, ਪੁੱਤਰ ਅਜੇ ਬੱਚੇ ਹੀ ਹਨ ਇਸ ਕਰ ਕੇ ਬਹੁਤ ਦੁਖੀ ਹਾਂ।
ਇਸੇ ਲਈ ਮੈਂ ਤੈਨੂੰ ਪੁਛਦੀ ਹਾਂ ਕਿ ਕਦੇ ਕ੍ਰਿਸ਼ਨ ਸਾਡੀ ਖ਼ਬਰ ਲਏਗਾ ॥੧੦੧੩॥
ਦੁਖੀ ਹੋ ਕੇ (ਕੁੰਤੀ) ਨੇ ਅਕਰੂਰ ਨਾਲ (ਉਹ ਸਾਰੀਆਂ) ਗੱਲਾਂ ਕੀਤੀਆਂ ਜਿਨ੍ਹਾਂ ਕਰ ਕੇ ਅੰਨ੍ਹਾ ਰਾਜਾ ਕ੍ਰੋਧ ਕਰ ਰਿਹਾ ਸੀ।
ਹੇ ਮਿੱਤਰ! ਸੁਣ, ਸ਼ਿਆਮ ਨੂੰ ਇਸ ਤਰ੍ਹਾਂ ਕਹਿ ਦੇਣਾ, ਕਿ ਸਾਨੂੰ (ਉਹ) ਬਹੁਤ ਦੁਖ ਦਿੰਦਾ ਹੈ।
(ਕਿਉਂਕਿ) ਅਰਜਨ ਦਾ ਭਰਾ (ਭੀਮ) ਉਨ੍ਹਾਂ ਨੂੰ ਚੰਗਾ ਨਹੀਂ ਲਗਦਾ। ਉਸ (ਅਕਰੂਰ) ਨੇ ਕਿਹਾ ਕਿ (ਉਹ) ਕਿਸ ਤਰ੍ਹਾਂ ਨਾਲ ਦੁਖ ਦਿੰਦਾ ਹੈ।
ਇਹ ਸੁਣ ਕੇ (ਕੁੰਤੀ) ਉੱਤਰ ਦਿੰਦੀ ਹੈ ਕਿ ਜਿਵੇਂ ਅੱਖ ਵਿਚ ਕੱਖ ਪੈ ਜਾਏ (ਤਾਂ ਦੁਖੀ ਹੋਈਦਾ ਹੈ) ॥੧੦੧੪॥
ਮੇਰੀ ਬੇਨਤੀ ਕ੍ਰਿਸ਼ਨ ਪਾਸ ਇਸ ਤਰ੍ਹਾਂ ਕਹੀਂ ਕਿ ਮੈਂ ਬਹੁਤੇ ਸ਼ੋਕ ਦੇ ਸਮੁੰਦਰ ਵਿਚ ਡੁਬ ਗਈ ਹਾਂ।
ਕਵੀ ਸ਼ਿਆਮ ਕਹਿੰਦੇ ਹਨ, ਤੇਰੀ ਆਗਿਆ ਪ੍ਰਾਪਤ ਕਰ ਕੇ ਅਤੇ ਤੇਰਾ ਨਾਮ ਲੈ ਕੇ ਜੀਉਂਦੀ ਹਾਂ।
ਮੇਰੇ ਪੁੱਤਰਾਂ ਨੂੰ ਮਾਰਨ ਲਈ ਰਾਜੇ ਦੇ ਪੁੱਤਰਾਂ ਨੇ ਕਰੋੜਾਂ ਉਪਾ ਕਢੇ ਹੋਏ ਹਨ।
ਕ੍ਰਿਸ਼ਨ ਪਾਸ ਇਹ ਗੱਲਾਂ ਕਹਿ ਦੇਈਂ ਕਿ ਹੇ ਨਾਥ! ਤੇਰੇ ਬਿਨਾ ਮੈਂ ਅਨਾਥ ਹੋ ਗਈ ਹਾਂ ॥੧੦੧੫॥
ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਉਸ ਨੇ ਬੜੇ ਦੁਖ ਨਾਲ ਹੌਕਾ ਲਿਆ।
(ਫਿਰ ਉਸ ਨੇ ਕਿਹਾ) ਜੋ ਦੁਖ ਮੇਰੇ ਹਿਰਦੇ ਵਿਚ ਸੀ, ਉਹ ਸਾਰਾ ਹੀ ਮੈਂ ਤੈਨੂੰ ਕਹਿ ਦਿੱਤਾ ਹੈ।
ਓਹੀ ਮੇਰੀ ਦੁਖ ਭਰੀ ਵਿਥਿਆ ਨੂੰ ਸੁਣੇਗਾ, (ਜਾ ਕੇ) ਸ੍ਰੀ ਕ੍ਰਿਸ਼ਨ ਹਠੀਲੇ ਨੂੰ ਕਹਿ ਦੇਣਾ।
ਹੇ ਬ੍ਰਜ-ਨਾਥ! ਹੇ ਅਨਾਥਾਂ ਦੇ ਵੀ ਨਾਥ! ਮੇਰੀ ਸਹਾਇਤਾ ਕਰੋ; ਇਹ ਕਹਿ ਕੇ ਰੋਣ ਲਗ ਗਈ ॥੧੦੧੬॥
ਅਕਰੂਰ ਨੇ ਕਿਹਾ:
ਸਵੈਯਾ:
ਅਰਜਨ ਦੀ ਮਾਂ (ਕੁੰਤੀ) ਨੂੰ ਦੁਖਾਂ ਨਾਲ ਆਤੁਰ ਵੇਖ ਕੇ (ਅਕਰੂਰ ਨੇ) ਇਸ ਤਰ੍ਹਾਂ ਕਿਹਾ ਕਿ ਤੇਰੇ ਪੁੱਤਰ ਰਾਜਾ ਹੋਣਗੇ।
ਤੁਹਾਡੇ ਨਾਲ ਕ੍ਰਿਸ਼ਨ ਦੀ ਬਹੁਤ ਨਿਘੀ ਪ੍ਰੀਤ ਹੈ, ਉਸ ਕਰ ਕੇ ਤੁਹਾਨੂੰ ਬਹੁਤ ਸੁਖ ਦੇਵੇਗਾ।
ਤੇਰੇ ਵਲ ਹੀ ਸਾਰੇ ਸ਼ੁਭ ਲੱਛਣ ਹਨ, ਤੇਰੇ ਪੁੱਤਰ ਹੀ ਵੈਰੀਆਂ ਨੂੰ ਦੁਖ ਦੇਣਗੇ।
ਉਹ ਹੀ ਸਾਰਾ ਰਾਜ ਸੰਭਾਲਣਗੇ ਅਤੇ ਕ੍ਰਿਸ਼ਨ ਵੈਰੀਆਂ ਨੂੰ ਯਮਲੋਕ ਵਿਚ ਭੇਜਣਗੇ ॥੧੦੧੭॥
ਇਸ ਤਰ੍ਹਾਂ ਉਸ (ਕੁੰਤੀ) ਦੀਆਂ ਗੱਲਾਂ ਸੁਣ ਕੇ ਅਕਰੂਰ ਨੇ ਮਨ ਵਿਚ ਵਿਚਾਰ ਕੀਤਾ।
'ਤੇਰਾ ਪੁੱਤਰ ਰਾਜਾ ਹੋਵੇਗਾ' ਇਸ ਤਰ੍ਹਾਂ ਕਹਿ ਕੇ ਤਦ ਉਸ ਨੂੰ ਪ੍ਰਨਾਮ ਕਰ ਕੇ ਚਲ ਪਿਆ।
ਕਿਸ ਨਾਲ ਲੋਕਾਂ ਦਾ ਹਿਤ ਹੈ, ਇਹ ਸੋਚ ਕੇ (ਅਤੇ ਜਾਣਨ ਲਈ) ਨਗਰ ਵਿਚ (ਉਸ ਨੇ) ਪੈਰ ਧਰੇ।