ਸ਼੍ਰੀ ਦਸਮ ਗ੍ਰੰਥ

ਅੰਗ - 1308


ਦੁਹਿਤਾ ਸਹਿਤ ਰਾਜ ਹਰ ਲਿਯੋ ॥੧੫॥

ਅਤੇ ਪੁੱਤਰੀ ਸਮੇਤ ਉਸ ਦਾ ਰਾਜ ਹਰ ਲਿਆ ॥੧੫॥

ਪ੍ਰਥਮ ਸੁਤਾ ਰਾਜਾ ਕੀ ਹਰੀ ॥

ਪਹਿਲਾਂ ਰਾਜੇ ਦੀ ਧੀ ਨੂੰ ਹਰਿਆ।

ਬਹੁਰਿ ਨਾਸ ਤਿਹ ਤਨ ਕੀ ਕਰੀ ॥

ਫਿਰ ਉਸ ਦੇ ਸ਼ਰੀਰ ਦਾ ਨਾਸ਼ ਕੀਤਾ।

ਬਹੁਰੌ ਛੀਨਿ ਰਾਜ ਤਿਨ ਲੀਨਾ ॥

ਫਿਰ ਉਸ ਦਾ ਰਾਜ ਖੋਹ ਲਿਆ

ਬਰਿ ਬਿਲਾਸ ਦੇਈ ਕਹ ਕੀਨਾ ॥੧੬॥

ਅਤੇ ਬਿਲਾਸ ਦੇਈ ਨੂੰ ਵਿਆਹ ਲਿਆ ॥੧੬॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪਚਪਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੫॥੬੫੩੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੫॥੬੫੩੧॥ ਚਲਦਾ॥

ਚੌਪਈ ॥

ਚੌਪਈ:

ਸੁਨੁ ਨ੍ਰਿਪ ਕਥਾ ਬਖਾਨੈ ਔਰੈ ॥

ਹੇ ਰਾਜਨ! ਸੁਣੋ, (ਮੈਂ ਇਕ) ਹੋਰ ਕਥਾ ਬਖਾਨ ਕਰਦਾ ਹਾਂ

ਜੋ ਭਈ ਏਕ ਰਾਜ ਕੀ ਠੌਰੈ ॥

ਜੋ ਇਕ ਰਾਜੇ ਦੇ ਘਰ ਵਿਚ ਵਾਪਰੀ ਸੀ।

ਸਹਿਰ ਸੁ ਨਾਰ ਗਾਵ ਹੈ ਜਹਾ ॥

ਜਿਥੇ 'ਨਾਰ ਗਾਵ' ਨਾਂ ਦਾ ਸ਼ਹਿਰ ਹੈ,

ਸਬਲ ਸਿੰਘ ਰਾਜਾ ਇਕ ਤਹਾ ॥੧॥

ਉਥੇ ਸਬਲ ਸਿੰਘ ਨਾਂ ਦਾ ਇਕ ਰਾਜਾ ਸੀ ॥੧॥

ਦਲ ਥੰਭਨ ਦੇਈ ਤਿਹ ਨਾਰਿ ॥

ਦਲ ਥੰਭਨ ਦੇਈ ਨਾਂ ਦੀ ਉਸ ਦੀ ਪਤਨੀ ਸੀ

ਜੰਤ੍ਰ ਮੰਤ੍ਰ ਜਿਹ ਪੜੇ ਸੁਧਾਰਿ ॥

ਜਿਸ ਨੇ (ਸਭ) ਜੰਤ੍ਰ ਮੰਤ੍ਰ ਚੰਗੀ ਤਰ੍ਹਾਂ ਨਾਲ ਪੜ੍ਹੇ ਹੋਏ ਸਨ।

ਜੋਗੀ ਇਕ ਸੁੰਦਰ ਤਹ ਆਯੋ ॥

ਉਥੇ ਇਕ ਸੁੰਦਰ ਜੋਗੀ ਆਇਆ

ਜਿਹ ਸਮ ਸੁੰਦਰ ਬਿਧ ਨ ਬਨਾਯੋ ॥੨॥

ਜਿਸ ਵਰਗਾ ਸੁੰਦਰ ਵਿਧਾਤਾ ਨੇ (ਹੋਰ ਕੋਈ) ਨਹੀਂ ਬਣਾਇਆ ॥੨॥

ਰਾਨੀ ਨਿਰਖਿ ਰੀਝਿ ਤਿਹ ਰਹੀ ॥

ਉਸ ਨੂੰ ਵੇਖ ਕੇ ਰਾਣੀ ਮੋਹਿਤ ਹੋ ਗਈ।

ਮਨ ਬਚ ਕ੍ਰਮ ਐਸੀ ਬਿਧਿ ਕਹੀ ॥

ਮਨ, ਬਚਨ ਅਤੇ ਕਰਮ ਕਰ ਕੇ ਇਸ ਤਰ੍ਹਾਂ ਕਹਿਣ ਲਗੀ

ਜਿਹ ਚਰਿਤ੍ਰ ਜੁਗਿਯਾ ਕਹ ਪੈਯੈ ॥

ਕਿ ਜਿਸ ਚਰਿਤ੍ਰ ਨਾਲ ਜੋਗੀ ਨੂੰ ਪ੍ਰਾਪਤ ਕੀਤਾ ਜਾ ਸਕੇ,

ਉਸੀ ਚਰਿਤ੍ਰ ਕੌ ਆਜੁ ਬਨੈਯੈ ॥੩॥

ਉਹੋ ਜਿਹਾ ਚਰਿਤ੍ਰ ਹੀ ਅਜ ਖੇਡਿਆ ਜਾਏ ॥੩॥

ਬ੍ਰਿਸਟਿ ਬਿਨਾ ਬਦਰਾ ਗਰਜਾਏ ॥

ਉਸ ਨੇ ਮੰਤ੍ਰਾਂ ਦੀ ਸ਼ਕਤੀ ਨਾਲ ਮੀਂਹ ਤੋਂ ਬਿਨਾ ਬਦਲਾਂ ਨੂੰ ਗਰਜਵਾਇਆ

ਮੰਤ੍ਰ ਸਕਤਿ ਅੰਗਰਾ ਬਰਖਾਏ ॥

ਅਤੇ ਅੰਗਾਰਿਆਂ ਦੀ ਬਰਖਾ ਕਰਵਾਈ।

ਸ੍ਰੋਨ ਅਸਥਿ ਪ੍ਰਿਥਮੀ ਪਰ ਪਰੈ ॥

ਲਹੂ ਅਤੇ ਅਸਥੀਆਂ ਪ੍ਰਿਥਵੀ ਉਤੇ ਡਿਗਣ ਲਗੀਆਂ।

ਨਿਰਖਿ ਲੋਗ ਸਭ ਹੀ ਜਿਯ ਡਰੈ ॥੪॥

ਇਹ ਵੇਖ ਕੇ ਸਾਰੇ ਲੋਕ ਮਨ ਵਿਚ ਬਹੁਤ ਡਰ ਗਏ ॥੪॥

ਭੂਪ ਮੰਤ੍ਰਿਯਨ ਬੋਲਿ ਪਠਾਯੋ ॥

ਰਾਜੇ ਨੇ ਮੰਤ੍ਰੀਆਂ ਨੂੰ ਬੁਲਾ ਲਿਆ

ਬੋਲਿ ਬਿਪ੍ਰ ਪੁਸਤਕਨ ਦਿਖਾਯੋ ॥

ਅਤੇ ਬ੍ਰਾਹਮਣਾਂ ਨੂੰ ਕਹਿ ਕੇ ਪੁਸਤਕਾਂ ਨੂੰ ਵਿਖਵਾਇਆ।

ਇਨ ਬਿਘਨਨ ਕੋ ਕਹ ਉਪਚਾਰਾ ॥

(ਰਾਜਾ ਉਨ੍ਹਾਂ ਨੂੰ ਸੰਬੋਧਿਤ ਹੋ ਕੇ ਕਹਿਣ ਲਗਾ ਕਿ) ਤੁਸੀਂ ਸਾਰੇ ਮਿਲ ਕੇ ਵਿਚਾਰ ਕਰੋ

ਤੁਮ ਸਭ ਹੀ ਮਿਲਿ ਕਰਹੁ ਬਿਚਾਰਾ ॥੫॥

(ਅਤੇ ਦਸੋ ਕਿ) ਇਨ੍ਹਾਂ ਵਿਘਨਾਂ ਦਾ ਕੀ ਉਪਾ ਹੈ ॥੫॥

ਤਬ ਲਗਿ ਬੀਰ ਹਾਕਿ ਤਿਹ ਰਾਨੀ ॥

ਤਦ ਤਕ ਰਾਣੀ ਨੇ (ਬਵੰਜਾਂ ਬੀਰਾਂ ਵਿਚੋਂ) ਇਕ ਬੀਰ ਨੂੰ ਬੁਲਾਇਆ

ਇਹ ਬਿਧਿ ਸੌ ਕਹਵਾਈ ਬਾਨੀ ॥

ਅਤੇ (ਉਸ ਤੋਂ) ਇਸ ਤਰ੍ਹਾਂ ਦੀ ਆਕਾਸ਼ ਬਾਣੀ ਕਰਵਾਈ

ਏਕ ਕਾਜ ਉਬਰੇ ਜੋ ਕਰੈ ॥

ਕਿ ਜੇ (ਰਾਜਾ) ਇਕ ਕੰਮ ਕਰੇ, ਤਾਂ (ਇਸ ਸੰਕਟ ਤੋਂ) ਬਚ ਸਕਦਾ ਹੈ,

ਨਾਤਰ ਪ੍ਰਜਾ ਸਹਿਤ ਨ੍ਰਿਪ ਮਰੈ ॥੬॥

ਨਹੀਂ ਤਾਂ ਪ੍ਰਜਾ ਸਮੇਤ ਰਾਜਾ ਮਰ ਜਾਵੇਗਾ ॥੬॥

ਸਭਹਿਨ ਲਖੀ ਗਗਨ ਕੀ ਬਾਨੀ ॥

ਸਭ ਨੇ ਉਸ ਨੂੰ ਆਕਾਸ਼ ਬਾਣੀ ਸਮਝਿਆ

ਬੀਰ ਬਾਕ੍ਰਯ ਕਿਨਹੂੰ ਨ ਪਛਾਨੀ ॥

ਅਤੇ ਕਿਸੇ ਨੇ ਵੀ 'ਬੀਰ' ਦੇ ਬੋਲ ਵਜੋਂ ਨਾ ਪਛਾਣਿਆ।

ਬਹੁਰਿ ਬੀਰ ਤਿਨ ਐਸ ਉਚਾਰੋ ॥

ਫਿਰ ਬੀਰ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਕਿਹਾ।

ਸੁ ਮੈ ਕਹਤ ਹੌ ਸੁਨਹੁ ਪ੍ਯਾਰੋ ॥੭॥

ਉਹ ਮੈਂ ਕਹਿੰਦਾ ਹਾਂ, ਹੇ ਪਿਆਰੇ! ਉਸ ਨੂੰ ਸੁਣੋ ॥੭॥

ਜੌ ਰਾਜਾ ਅਪਨੀ ਲੈ ਨਾਰੀ ॥

ਜੇ ਇਹ ਰਾਜਾ ਆਪਣੀ ਰਾਣੀ

ਜੁਗਿਯਨ ਦੈ ਧਨ ਸਹਿਤ ਸੁਧਾਰੀ ॥

ਧਨ ਸਮੇਤ ਜੋਗੀ ਨੂੰ ਦੇ ਦੇਵੇ,

ਤਬ ਇਹ ਪ੍ਰਜਾ ਸਹਿਤ ਨਹਿ ਮਰੈ ॥

ਤਾਂ ਇਹ ਪ੍ਰਜਾ ਸਮੇਤ ਨਹੀਂ ਮਰੇਗਾ

ਅਬਿਚਲ ਰਾਜ ਪ੍ਰਿਥੀ ਪਰ ਕਰੈ ॥੮॥

ਅਤੇ ਪ੍ਰਿਥਵੀ ਉਤੇ ਸਥਿਰ ਰਾਜ ਕਰੇਗਾ ॥੮॥

ਪ੍ਰਜਾ ਲੋਕ ਸੁਨਿ ਬਚ ਅਕੁਲਾਏ ॥

ਪ੍ਰਜਾ ਦੇ ਲੋਕ ਇਹ ਗੱਲ ਸੁਣ ਕੇ ਬਹੁਤ ਵਿਆਕੁਲ ਹੋਏ।

ਜ੍ਯੋਂ ਤ੍ਯੋਂ ਤਹਾ ਨ੍ਰਿਪਹਿ ਲੈ ਆਏ ॥

ਜਿਵੇਂ ਕਿਵੇਂ ਰਾਜੇ ਨੂੰ ਉਥੇ ਲੈ ਆਏ।

ਜੁਗਿਯਹਿ ਦੇਹਿ ਦਰਬੁ ਜੁਤ ਨਾਰੀ ॥

(ਰਾਜੇ ਨੇ) ਧਨ ਸਹਿਤ ਇਸਤਰੀ ਨੂੰ ਜੋਗੀ ਦੇ ਹਵਾਲੇ ਕਰ ਦਿੱਤਾ।

ਭੇਦ ਅਭੇਦ ਕੀ ਗਤਿ ਨ ਬਿਚਾਰੀ ॥੯॥

ਪਰ ਉਸ ਨੇ ਭੇਦ ਅਭੇਦ ਦੀ ਗਤਿ ਨੂੰ ਨਾ ਪਛਾਣਿਆ ॥੯॥

ਦੋਹਰਾ ॥

ਦੋਹਰਾ:

ਪ੍ਰਜਾ ਸਹਿਤ ਰਾਜਾ ਛਲਾ ਗਈ ਮਿਤ੍ਰ ਕੇ ਨਾਰਿ ॥

ਪ੍ਰਜਾ ਸਮੇਤ ਰਾਜੇ ਨੂੰ ਛਲ ਕੇ (ਰਾਣੀ) ਮਿਤਰ ਨਾਲ ਚਲੀ ਗਈ।

ਭੇਦ ਅਭੇਦ ਭਲਾ ਬੁਰਾ ਸਕਾ ਨ ਕੋਈ ਬਿਚਾਰਿ ॥੧੦॥

ਭੇਦ ਅਭੇਦ ਜਾਂ ਚੰਗਾ ਮਾੜਾ ਕੋਈ ਵੀ ਵਿਚਾਰ ਨਾ ਸਕਿਆ ॥੧੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਛਪਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੬॥੬੫੪੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੬॥੬੫੪੧॥ ਚਲਦਾ॥

ਚੌਪਈ ॥

ਚੌਪਈ:


Flag Counter