ਬੈਰਮ ਖ਼ਾਨ, ਬਹਾਦੁਰ ਖ਼ਾਨ,
ਬਲਵੰਡ ਖ਼ਾਨ ਅਤੇ ਰੁਸਤਮ ਖ਼ਾਨ ਆਦਿ
ਵੱਡੇ ਸਿਆਣੇ ਦੈਂਤ ਰੋਹ ਵਿਚ ਆ ਕੇ ਚਲ ਪਏ
ਬਹੁਤ ਸਾਰੀ ਸੈਨਾ ਨਾਲ ਲੈ ਕੇ ॥੨੦੩॥
ਹਸਨ ਖ਼ਾਨ, ਹੁਸੈਨ ਖ਼ਾਨ,
ਮੁਹੰਮਦ ਖ਼ਾਨ ਬਹੁਤ ਸਾਰੀ ਸੈਨਾ ਨਾਲ ਲੈ ਕੇ,
ਸ਼ਮਸ ਖ਼ਾਨ ਅਤੇ ਸਮਸਰੋ ਖ਼ਾਨ (ਸਮੇਤ)
ਦੰਦ ਪੀਂਹਦੇ ਹੋਏ ਚਲ ਪਏ ॥੨੦੪॥
(ਉਨ੍ਹਾਂ ਨੇ) ਆਉਂਦਿਆਂ ਹੀ ਬਾਣਾਂ ਦੇ ਵਾਰ ਕੀਤੇ।
(ਉਹ) ਮਹਾ ਕਾਲ ਨੂੰ ਮਾਰ ਦੇਣਾ ਚਾਹੁੰਦੇ ਸਨ।
ਮਹਾ ਕਾਲ ਚਲਦੇ ਹੋਏ ਬਾਣਾਂ ਨੂੰ ਵੇਖਦਾ
ਅਤੇ (ਉਨ੍ਹਾਂ ਦੇ) ਹਜ਼ਾਰਾਂ ਟੋਟੇ ਕਰ ਕੇ ਧਰਤੀ ਉਤੇ ਸੁਟ ਦਿੰਦਾ ॥੨੦੫॥
ਮਹਾ ਕਾਲ ਨੇ ਬਹੁਤ ਕ੍ਰੋਧ ਕਰ ਕੇ ਬੇਸ਼ੁਮਾਰ ਬਾਣ ਚਲਾ ਕੇ
(ਉਨ੍ਹਾਂ ਤੀਰਾਂ ਨੂੰ) ਸੌ ਸੌ ('ਸਤ, ਸਤ') ਟੋਟੇ ਕਰ ਕੇ ਧਰਤੀ ਉਤੇ ਸੁਟ ਦਿੱਤਾ।
ਉਸ (ਮਹਾ ਕਾਲ) ਨੇ ਫਿਰ ਇਕ ਇਕ ਤੀਰ ਚਲਾਇਆ
(ਜਿਸ ਨਾਲ ਬਹੁਤ ਸਾਰੇ) ਪਠਾਨ ਧਰਤੀ ਉਤੇ ਡਿਗ ਪਏ ॥੨੦੬॥
(ਉਸ ਨੇ) ਨਿਹੰਗ ਖ਼ਾਨ ਨੂੰ ਦੋ ਹਿੱਸਿਆਂ ਵਿਚ ਕਟ ਕੇ ਰਖ ਦਿੱਤਾ
ਅਤੇ ਝੜਾਝੜ ਖ਼ਾਨ ਨੂੰ ਵੀ ਬਹੁਤ ਤੀਰ ਮਾਰੇ।
ਫਿਰ ਭੜੰਗ ਖ਼ਾਨ ਨੂੰ ਰਣ-ਖੇਤਰ ਵਿਚ ਮਾਰ ਦਿੱਤਾ
ਹਜ਼ਾਰਾਂ ਚਾਰਣਾਂ ਅਤੇ ਸਿੱਧਾਂ ਦੇ ਵੇਖਦੇ ਹੋਇਆਂ ॥੨੦੭॥
ਨਾਹਰ ਖ਼ਾਨ ਅਤੇ ਗੈਰਤ ਖ਼ਾਨ ਨੂੰ ਮਾਰ ਦਿੱਤਾ
ਅਤੇ ਬਲਵੰਡ ਖ਼ਾਨ ਦਾ ਸਿਰ ਉਤਾਰ ਦਿੱਤਾ।
ਸ਼ੇਰ ਖ਼ਾਨ ਨੂੰ ਲਕ ('ਕਟਿ') ਤੋਂ ਕਟ ਦਿੱਤਾ
ਅਤੇ ਬੈਰਮ ਖ਼ਾਨ ਨੂੰ ਵਾਲਾਂ ਤੋਂ ਪਕੜ ਕੇ ਪਛਾੜ ਦਿੱਤਾ ॥੨੦੮॥
ਫਿਰ ਬਹਾਦੁਰ ਖ਼ਾਨ ਨੇ ਕ੍ਰੋਧ ਕੀਤਾ ਅਤੇ ਰੋਹ ਵਿਚ ਆ ਕੇ
ਤਦ ਬਹੁਤ ਸਾਰੇ ਬਾਣ ਛਡੇ।
ਮਹਾ ਕਾਲ ਨੇ ਕ੍ਰੋਧ ਵਿਚ ਆ ਕੇ ਤੀਰਾਂ ਦਾ ਪ੍ਰਹਾਰ ਕੀਤਾ।
(ਉਹ) ਵਿਚਾਰਾ ਕਦੋਂ ਤਕ ਲੜਦਾ, (ਆਖਰ) ਡਿਗ ਪਿਆ ॥੨੦੯॥
ਇਸ ਤਰ੍ਹਾਂ ਪਠਾਨੀ ਸੈਨਾ ਨੂੰ ਮਾਰ ਦਿੱਤਾ,
ਪਰ ਮੁਗ਼ਲ ਸੈਨਾ ਵਿਚ ਅਜੇ ਕੋਈ ਡਰ ਪੈਦਾ ਨਾ ਹੋਇਆ।
ਇਕ ਛਿਣ ਵਿਚ ਬਹੁਤ ਸਾਰੇ ਸੂਰਮੇ ਡਿਗਾ ਦਿੱਤੇ।
(ਇੰਜ ਪਤੀਤ ਹੁੰਦਾ ਸੀ) ਮਾਨੋ ਇੰਦਰ ਨੇ ਪਰਬਤਾਂ ਵਰਗਿਆਂ ਨੂੰ ਮਾਰ ਦਿੱਤਾ ਹੋਵੇ ॥੨੧੦॥
ਬੈਰਮ ਬੇਗ ਮੁਗ਼ਲ ਨੂੰ ਮਾਰ ਦਿੱਤਾ
ਅਤੇ ਯੂਸਫ਼ ਖ਼ਾਨ ਨੂੰ ਲਕ ਤੋਂ ਕਟ ਸੁਟਿਆ।
ਤਾਹਿਰ ਬੇਗ (ਕੁਝ ਸਮੇਂ ਲਈ) ਯੁੱਧ ਖੇਤਰ ਵਿਚ ਟਿਕਿਆ ਰਿਹਾ,
ਪਰ ਫਿਰ ਦੋ ਪਹਿਰ ਲੜ ਕੇ ਡਿਗ ਪਿਆ ॥੨੧੧॥
ਫਿਰ ਰੋਹ ਵਿਚ ਆ ਕੇ ਨੂਰਮ ਬੇਗ ਨੂੰ ਮਾਰ ਦਿੱਤਾ
ਅਤੇ ਮਗਰੋਂ ਆਦਿਲ ਬੇਗ ਨੂੰ ਸਾੜ ਦਿੱਤਾ।
(ਇਸ ਤਰ੍ਹਾਂ) ਮਲੇਛ ਸੈਨਾ ਡਰ ਗਈ
ਅਤੇ ਕੋਈ ਵੀ ਹੱਥ ਵਿਚ ਸ਼ਸਤ੍ਰ ਨਾ ਸੰਭਾਲ ਸਕਿਆ ॥੨੧੨॥
ਪਠਾਨ ਭਜ ਗਏ ਅਤੇ ਮੁਗ਼ਲ ਵੀ ਦੌੜ ਗਏ।
(ਇਸ ਪਿਛੋਂ) ਦਸਾਂ ਪਾਸਿਆਂ ਤੋਂ ਸੱਯਦ ਆਣ ਗਜੇ।
(ਫਿਰ) ਉਦਾਸ ਹੋਏ ਪਠਾਨ ਪਰਤ ਪਏ
ਅਤੇ ਫਿਰ ਧਨੁਸ਼ਾਂ ਨੂੰ ਟੰਕਾਰਨ ਲਗੇ ॥੨੧੩॥
ਆਉਂਦਿਆਂ ਹੀ ਹੁਸੈਨ ਖ਼ਾਨ ਜੂਝ ਗਿਆ
ਅਤੇ ਹਸਨ ਖ਼ਾਨ ਸਾਹਮਣੇ ਡਟ ਕੇ ਮਾਰਿਆ ਗਿਆ।
ਫਿਰ ਮੁਹੰਮਦ ਖ਼ਾਨ ਲੜ ਕੇ ਮਾਰਿਆ ਗਿਆ।
(ਇੰਜ ਲਗਦਾ ਸੀ) ਮਾਨੋ ਪਤੰਗਾ ਦੀਪਕ ਉਪਰ ਡਿਗ ਪਿਆ ਹੋਵੇ ॥੨੧੪॥