ਸ਼੍ਰੀ ਦਸਮ ਗ੍ਰੰਥ

ਅੰਗ - 559


ਪਾਪ ਕਮੈ ਵਹ ਦੁਰਗਤਿ ਪੈ ਹੈ ॥

(ਉਹ) ਪਾਪ ਕਮਾ ਕੇ ਦੁਰਗਤੀ ਨੂੰ ਪ੍ਰਾਪਤ ਕਰਨਗੇ

ਪਾਪ ਸਮੁੰਦ ਜੈ ਹੈ ਨ ਤਰਿ ॥੭੭॥

ਅਤੇ ਪਾਪਾਂ ਦੇ ਸਮੁੰਦਰ ਨੂੰ ਤਰ ਕੇ (ਪਾਰ ਪਹੁੰਚ) ਨਹੀਂ ਸਕਣਗੇ ॥੭੭॥

ਦੋਹਰਾ ॥

ਦੋਹਰਾ:

ਠਉਰ ਠਉਰ ਨਵ ਮਤ ਚਲੇ ਉਠਾ ਧਰਮ ਕੋ ਦੌਰ ॥

ਥਾਂ ਥਾਂ ਤੇ ਨਵੇਂ ਮਤ ਚਲਣਗੇ ਅਤੇ ਧਰਮ ਦਾ ਦੌਰ ਹੀ ਸਮਾਪਤ ਹੋ ਜਾਏਗਾ।

ਸੁਕ੍ਰਿਤ ਜਹ ਤਹ ਦੁਰ ਰਹੀ ਪਾਪ ਭਇਓ ਸਿਰਮੌਰ ॥੭੮॥

ਪੁੰਨ ਕਰਮ ਜਿਥੇ ਕਿਥੇ ਲੁਕਿਆ ਰਹੇਗਾ ਅਤੇ ਪਾਪ ਪ੍ਰਧਾਨ ਹੋ ਜਾਏਗਾ ॥੭੮॥

ਨਵਪਦੀ ਛੰਦ ॥

ਨਵਪਦੀ ਛੰਦ:

ਜਹ ਤਹ ਕਰਨ ਲਗੇ ਸਭ ਪਾਪਨ ॥

ਜਿਥੇ ਕਿਥੇ ਸਾਰੇ ਪਾਪ ਕਰਨ ਲਗਣਗੇ।

ਧਰਮ ਕਰਮ ਤਜਿ ਕਰ ਹਰਿ ਜਾਪਨ ॥

ਧਰਮ ਕਰਮ ਅਤੇ ਹਰਿ (ਦੇ ਨਾਮ) ਦਾ ਜਾਪ ਛਡ ਕੇ

ਪਾਹਨ ਕਉ ਸੁ ਕਰਤ ਸਬ ਬੰਦਨ ॥

ਮੂਰਤੀਆਂ ਨੂੰ ਸਭ ਬੰਦਨਾ ਕਰਨਗੇ

ਡਾਰਤ ਧੂਪ ਦੀਪ ਸਿਰਿ ਚੰਦਨ ॥੭੯॥

ਅਤੇ ਉਨ੍ਹਾਂ ਦੇ ਸਿਰ ਤੇ ਧੂਪ, ਦੀਪ ਅਤੇ ਚੰਦਨ ਚੜ੍ਹਾਉਣਗੇ ॥੭੯॥

ਜਹ ਤਹ ਧਰਮ ਕਰਮ ਤਜਿ ਭਾਗਤ ॥

ਜਿਥੇ ਕਿਥੇ ਧਰਮ ਦੇ ਕਰਮ ਨੂੰ ਛਡ ਕੇ (ਲੋਗ) ਭਜ ਜਾਣਗੇ

ਉਠਿ ਉਠਿ ਪਾਪ ਕਰਮ ਸੌ ਲਾਗਤ ॥

ਅਤੇ ਉਠ ਉਠ ਕੇ ਪਾਪ ਕਰਮਾਂ ਵਿਚ ਲਗ ਜਾਣਗੇ।

ਜਹ ਤਹ ਭਈ ਧਰਮ ਗਤਿ ਲੋਪੰ ॥

ਜਿਥੇ ਕਿਥੇ ਧਰਮ ਦੀ ਗਤੀ ਲੁਪਤ ਹੋ ਜਾਵੇਗੀ

ਪਾਪਹਿ ਲਗੀ ਚਉਗਨੀ ਓਪੰ ॥੮੦॥

ਅਤੇ ਪਾਪਾਂ ਦੀ ਚੌਗੁਣੀ ਸ਼ੋਭਾ ਵਧ ਜਾਵੇਗੀ ॥੮੦॥

ਭਾਜ੍ਯੋ ਧਰਮ ਭਰਮ ਤਜਿ ਅਪਨਾ ॥

(ਸੰਸਾਰ ਵਿਚ) ਧਰਮ ਆਪਣਾ (ਕੇਵਲ) ਖਿਆਲ ਛਡ ਕੇ ਭਜ ਜਾਵੇਗਾ।

ਜਾਨੁਕ ਹੁਤੋ ਲਖਾ ਇਹ ਸੁਪਨਾ ॥

(ਇੰਜ ਪ੍ਰਤੀਤ ਹੋਵੇਗਾ) ਮਾਨੋ ਇਕ ਸੁਪਨਾ ਵੇਖਿਆ ਹੋਵੇ।

ਸਭ ਸੰਸਾਰ ਤਜੀ ਤ੍ਰੀਅ ਆਪਨ ॥

ਸਾਰਾ ਸੰਸਾਰ ਆਪਣੀਆਂ ਇਸਤਰੀਆਂ ਛਡ ਦੇਵੇਗਾ

ਮੰਤ੍ਰ ਕੁਮੰਤ੍ਰ ਲਗੇ ਮਿਲਿ ਜਾਪਨ ॥੮੧॥

ਅਤੇ ਸਾਰੇ (ਲੋਕ) ਮਾੜੇ ਮੰਤ੍ਰਾਂ ਨੂੰ ਜਪਣ ਲਗ ਜਾਣਗੇ ॥੮੧॥

ਚਹੁ ਦਿਸ ਘੋਰ ਪ੍ਰਚਰ ਭਇਓ ਪਾਪਾ ॥

ਚੌਹਾਂ ਪਾਸੇ ਅਤਿ ਅਧਿਕ ਘੋਰ ਪਾਪਾਂ (ਦਾ ਪਸਾਰਾ) ਹੋ ਜਾਵੇਗਾ।

ਕੋਊ ਨ ਜਾਪ ਸਕੈ ਹਰਿ ਜਾਪਾ ॥

ਕੋਈ ਵੀ ਹਰਿ ਦਾ ਜਾਪ ਨਹੀਂ ਜਪ ਸਕੇਗਾ।

ਪਾਪ ਕ੍ਰਿਆ ਸਭ ਜਾ ਚਲ ਪਈ ॥

ਸਭ ਥਾਂਵਾਂ ਤੇ ਪਾਪ ਦੀ ਕ੍ਰਿਆ ਚਲ ਪਵੇਗੀ।

ਧਰਮ ਕ੍ਰਿਆ ਯਾ ਜਗ ਤੇ ਗਈ ॥੮੨॥

ਧਰਮ ਦੀ ਕ੍ਰਿਆ ਇਸ ਸੰਸਾਰ ਤੋਂ ਚਲੀ ਜਾਏਗੀ ॥੮੨॥

ਅੜਿਲ ਦੂਜਾ ॥

ਅੜਿਲ ਦੂਜਾ:

ਜਹਾ ਤਹਾ ਆਧਰਮ ਉਪਜਿਯਾ ॥

ਜਿਥੇ ਕਿਥੇ ਅਧਰਮ ਉਪਜ ਪਵੇਗਾ।

ਜਾਨੁਕ ਧਰਮ ਪੰਖ ਕਰਿ ਭਜਿਯਾ ॥

(ਇੰਜ ਪ੍ਰਤੀਤ ਹੋਵੇਗਾ) ਮਾਨੋ ਧਰਮ ਖੰਭ ਲਾ ਕੇ ਉਡ ਗਿਆ ਹੋਵੇ।

ਡੋਲਤ ਜਹ ਤਹ ਪੁਰਖ ਅਪਾਵਨ ॥

ਅਪਵਿਤਰ ਲੋਗ ਜਿਥੇ ਕਿਥੇ ਫਿਰਦੇ ਹੋਣਗੇ।

ਲਾਗਤ ਕਤ ਹੀ ਧਰਮ ਕੋ ਦਾਵਨ ॥੮੩॥

ਕਿਤੇ ਵੀ ਧਰਮ ਦਾ ਦਾਉ ਨਹੀਂ ਲਗੇਗਾ ॥੮੩॥

ਅਰਥਹ ਛਾਡਿ ਅਨਰਥ ਬਤਾਵਤ ॥

ਸਹੀ ਗੱਲਾਂ ਛਡ ਕੇ ਮਾੜੀਆਂ ਗੱਲਾਂ ਦਸਣਗੇ

ਧਰਮ ਕਰਮ ਚਿਤਿ ਏਕ ਨ ਲਿਆਵਤ ॥

ਅਤੇ ਧਰਮ ਕਰਮ ਵਿਚ ਇਕ ਵੀ ਚਿਤ ਨਹੀਂ ਲਿਆਵੇਗਾ।

ਕਰਮ ਧਰਮ ਕੀ ਕ੍ਰਿਆ ਭੁਲਾਵਤ ॥

ਧਰਮ ਕਰਮ ਦੀ ਵਿਧੀ ਭੁਲਾ ਦੇਣਗੇ

ਜਹਾ ਤਹਾ ਆਰਿਸਟ ਬਤਾਵਤ ॥੮੪॥

ਅਤੇ ਜਿਥੇ ਕਿਥੇ ਘੋਰ ਪਾਪਾਂ ਦਾ ਬਖਾਨ ਕਰਨਗੇ ॥੮੪॥

ਕੁਲਕ ਛੰਦ ॥

ਕੁਲਕ ਛੰਦ:

ਧਰਮ ਨ ਕਰਹੀ ॥

ਧਰਮ ਨਹੀਂ ਕਰਨਗੇ।

ਹਰਿ ਨ ਉਚਰਹੀ ॥

ਹਰਿ ਨਾਮ ਦਾ ਉਚਾਰਨ ਨਹੀਂ ਕਰਨਗੇ।

ਪਰ ਘਰਿ ਡੋਲੈ ॥

ਪਰਾਏ ਘਰਾਂ (ਦੀਆਂ ਇਸਤਰੀਆਂ ਅਤੇ ਮਾਲ ਧਨ ਨੂੰ ਵੇਖਣ ਲਈ) ਡੋਲਦੇ ਫਿਰਨਗੇ

ਜਲਹ ਬਿਰੋਲੈ ॥੮੫॥

(ਅਤੇ ਇਸ ਤਰ੍ਹਾਂ) ਜਲ ਨੂੰ ਰਿੜਕਦੇ ਹੋਣਗੇ ॥੮੫॥

ਲਹੈ ਨ ਅਰਥੰ ॥

(ਸਹੀ) ਅਰਥ ਨੂੰ ਨਹੀਂ ਸਮਝਣਗੇ

ਕਹੈ ਅਨਰਥੰ ॥

ਅਤੇ ਗ਼ਲਤ ਅਰਥ ਦਸਣਗੇ।

ਬਚਨ ਨ ਸਾਚੇ ॥

ਬਚਨ ਦੇ ਸੱਚੇ ਨਹੀਂ ਹੋਣਗੇ

ਮਤਿ ਕੇ ਕਾਚੇ ॥੮੬॥

ਅਤੇ ਮੱਤ ਦੇ ਕੱਚੇ ਹੋਣਗੇ ॥੮੬॥

ਪਰਤ੍ਰੀਆ ਰਾਚੈ ॥

ਪਰਾਈ ਇਸਤਰੀ ਵਿਚ ਮਗਨ ਹੋਣਗੇ

ਘਰਿ ਘਰਿ ਜਾਚੈ ॥

ਅਤੇ ਘਰ ਘਰ ਮੰਗਦੇ ਫਿਰਨਗੇ।

ਜਹ ਤਹ ਡੋਲੈ ॥

ਜਿਥੇ ਕਿਥੇ ਡੋਲਦੇ ਫਿਰਨਗੇ

ਰਹਿ ਰਹਿ ਬੋਲੈ ॥੮੭॥

ਅਤੇ ਰਹਿ ਰਹਿ ਕੇ (ਅਰਥਾਤ ਥੋੜੀ ਥੋੜੀ ਦੇਰ ਬਾਦ ਮੰਗਣ ਦਾ) ਸਦ ਕਰਨਗੇ ॥੮੭॥

ਧਨ ਨਹੀ ਛੋਰੈ ॥

ਧਨ ਨੂੰ ਨਹੀਂ ਛਡਣਗੇ।

ਨਿਸਿ ਘਰ ਫੋਰੈ ॥

ਰਾਤ ਨੂੰ ਘਰਾਂ ਨੂੰ ਸੰਨ੍ਹਾਂ ਮਾਰਨਗੇ।

ਗਹਿ ਬਹੁ ਮਾਰੀਅਤ ॥

(ਜਮਗਣ ਉਨ੍ਹਾਂ ਨੂੰ ਚੋਰਾਂ ਵਾਂਗ) ਫੜ ਕੇ ਬਹੁਤ ਮਾਰਨਗੇ

ਨਰਕਹਿ ਡਾਰੀਅਤ ॥੮੮॥

ਅਤੇ ਨਰਕਾਂ ਵਿਚ ਸੁਟਣਗੇ ॥੮੮॥