ਸ਼੍ਰੀ ਦਸਮ ਗ੍ਰੰਥ

ਅੰਗ - 388


ਸੋਊ ਲਯੋ ਕੁਬਿਜਾ ਬਸ ਕੈ ਟਸਕ੍ਯੋ ਨ ਹੀਯੋ ਕਸਕ੍ਯੋ ਨ ਕਸਾਈ ॥੯੧੨॥

ਉਸ ਨੂੰ ਕੁਬਜਾ ਨੇ ਇਸ ਤਰ੍ਹਾਂ ਵਸ ਵਿਚ ਕਰ ਲਿਆ ਹੈ, (ਉਸ ਦਾ) ਨਾ ਹਿਰਦਾ ਦੁਖਿਆ ਹੈ ਅਤੇ ਨਾ ਹੀ (ਪ੍ਰੇਮ ਦੀ) ਪੀੜ ਦੀ ਖਿਚ ਖਾਧੀ ਹੈ ॥੯੧੨॥

ਰਾਤਿ ਬਨੀ ਘਨ ਕੀ ਅਤਿ ਸੁੰਦਰ ਸ੍ਯਾਮ ਸੀਗਾਰ ਭਲੀ ਛਬਿ ਪਾਈ ॥

(ਇਕ ਵਾਰ) ਬੜੀ ਸੁੰਦਰ ਕਾਲੀ ਰਾਤ ਬਣੀ ਹੋਈ ਸੀ ਅਤੇ ਕਾਲੇ (ਕ੍ਰਿਸ਼ਨ ਦੇ) ਸ਼ਿੰਗਾਰ ਨੇ ਵੀ ਬਹੁਤ ਚੰਗੀ ਛਬੀ ਪਾਈ ਹੋਈ ਸੀ।

ਸ੍ਯਾਮ ਬਹੈ ਜਮੁਨਾ ਤਰਏ ਇਹ ਜਾ ਬਿਨੁ ਕੋ ਨਹੀ ਸ੍ਯਾਮ ਸਹਾਈ ॥

ਹੇਠਾਂ ਜਮੁਨਾ ਦਾ ਕਾਲਾ (ਜਲ) ਵਗ ਰਿਹਾ ਸੀ, ਇਸ ਜਗ੍ਹਾ ਵਿਚ ਸ਼ਿਆਮ ਤੋਂ ਬਿਨਾ ਕੋਈ ਸਹਾਇਕ ਨਹੀਂ ਸੀ।

ਸ੍ਯਾਮਹਿ ਮੈਨ ਲਗਿਯੋ ਦੁਖ ਦੇਵਨ ਐਸੇ ਕਹਿਯੋ ਬ੍ਰਿਖਭਾਨਹਿ ਜਾਈ ॥

ਸ਼ਿਆਮ ਨੂੰ ਕਾਮਦੇਵ ਦੁਖ ਦੇਣ ਲਗਿਆ, ਇਸ ਤਰ੍ਹਾਂ ਰਾਧਾ ਨੇ ਕਿਹਾ,

ਸ੍ਯਾਮ ਲਯੋ ਕੁਬਿਜਾ ਬਸਿ ਕੈ ਟਸਕ੍ਯੋ ਨ ਹੀਯੋ ਕਸਕ੍ਯੋ ਨ ਕਸਾਈ ॥੯੧੩॥

ਸ਼ਿਆਮ ਨੂੰ ਕੁਬਜਾ ਨੇ ਆਪਣੇ ਵਸ ਵਿਚ ਕਰ ਲਿਆ ਹੈ, (ਉਸ ਦਾ) ਨਾ ਹਿਰਦਾ ਦੁਖਿਆ ਹੈ ਅਤੇ ਨਾ ਹੀ (ਪ੍ਰੇਮ ਦੀ) ਪੀੜ ਦੀ ਕਸਕ ਮਹਿਸੂਸ ਹੋਈ ਹੈ ॥੯੧੩॥

ਫੂਲਿ ਰਹੇ ਸਿਗਰੇ ਬ੍ਰਿਜ ਕੇ ਤਰੁ ਫੂਲ ਲਤਾ ਤਿਨ ਸੋ ਲਪਟਾਈ ॥

ਬ੍ਰਜ ਦੇ ਸਾਰੇ ਬ੍ਰਿਛਾਂ (ਉਤੇ ਫੁਲ) ਖਿੜ ਰਹੇ ਸਨ ਅਤੇ ਫੁਲਾਂ ਵਾਲੀਆਂ ਵੇਲਾਂ ਉਨ੍ਹਾਂ ਨਾਲ ਲਿਪਟ ਰਹੀਆਂ ਸਨ।

ਫੂਲਿ ਰਹੇ ਸਰਿ ਸਾਰਸ ਸੁੰਦਰ ਸੋਭ ਸਮੂਹ ਬਢੀ ਅਧਿਕਾਈ ॥

ਸਰੋਵਰਾਂ ਵਿਚ ਕਮਲ ਦੇ ਸੁੰਦਰ ਫੁਲ ਖਿੜ ਰਹੇ ਸਨ ਅਤੇ ਸਭ ਦੀ ਸ਼ੋਭਾ ਬਹੁਤ ਵਧੀ ਹੋਈ ਸੀ।

ਚੇਤ ਚੜਿਯੋ ਸੁਕ ਸੁੰਦਰ ਕੋਕਿਲਕਾ ਜੁਤ ਕੰਤ ਬਿਨਾ ਨ ਸੁਹਾਈ ॥

ਚੇਤਰ ਮਹੀਨੇ ਦੇ ਚੜ੍ਹਿਆਂ ਸੁੰਦਰ ਤੋਤੇ ਅਤੇ ਕੋਇਲਾਂ (ਬੋਲ ਰਹੀਆਂ ਹਨ, ਪਰ) ਕੰਤ ਦੇ ਨਾਲ ਹੋਏ ਬਿਨਾ (ਬਸੰਤ ਰੁਤ) ਚੰਗੀ ਨਹੀਂ ਲਗਦੀ ਹੈ।

ਦਾਸੀ ਕੇ ਸੰਗਿ ਰਹਿਯੋ ਗਹਿ ਹੋ ਟਸਕ੍ਯੋ ਨ ਹੀਯੋ ਕਸਕ੍ਯੋ ਨ ਕਸਾਈ ॥੯੧੪॥

(ਉਹ) ਦਾਸੀ ਦੇ ਸੰਗ ਵਿਚ ਰਹਿ ਰਿਹਾ ਹੈ, (ਉਸ ਦਾ) ਨਾ ਹਿਰਦਾ ਦੁਖਿਆ ਹੈ ਅਤੇ ਨਾ ਹੀ (ਪ੍ਰੇਮ ਦੀ) ਪੀੜ ਦੀ ਕਸਕ ਅਨੁਭਵ ਹੋਈ ਹੈ ॥੯੧੪॥

ਬਾਸ ਸੁਬਾਸ ਅਕਾਸ ਮਿਲੀ ਅਰੁ ਬਾਸਤ ਭੂਮਿ ਮਹਾ ਛਬਿ ਪਾਈ ॥

(ਸੁੰਦਰ) ਫੁਲਾਂ ਦੀ ਸੁਗੰਧੀ ਆਕਾਸ਼ ਤਕ ਪਸਰੀ ਹੋਈ ਹੈ ਅਤੇ ਧਰਤੀ ਉਤੇ ਵਸਣ ਵਾਲਿਆਂ ਨੇ ਬਹੁਤ ਛਬੀ ਪਾਈ ਹੋਈ ਹੈ।

ਸੀਤਲ ਮੰਦ ਸੁਗੰਧਿ ਸਮੀਰ ਬਹੈ ਮਕਰੰਦ ਨਿਸੰਕ ਮਿਲਾਈ ॥

ਠੰਡੀ, ਹੌਲੀ ਚਲਣ ਵਾਲੀ ਸੁਗੰਧਿਤ ਹਵਾ ਚਲ ਰਹੀ ਹੈ ਜਿਸ ਨੇ ਨਿਸੰਗ ਹੋ ਕੇ ਫੁਲਾਂ ਦੀ ਧੂੜ (ਆਪਣੇ ਵਿਚ) ਮਿਲਾਈ ਹੋਈ ਹੈ।

ਪੈਰ ਪਰਾਗ ਰਹੀ ਹੈ ਬੈਸਾਖ ਸਭੈ ਬ੍ਰਿਜ ਲੋਗਨ ਕੀ ਦੁਖਦਾਈ ॥

ਵਿਸਾਖ (ਦੇ ਮਹੀਨੇ ਵਿਚ) ਫੁਲਾਂ ਦੀ ਧੂੜ ਸਭ ਪਾਸੇ ਪਸਰੀ ਹੋਈ ਹੈ, (ਪਰ) ਬ੍ਰਜ ਦੇ ਲੋਕਾਂ ਲਈ ਦੁਖਦਾਇਕ ਹੈ।

ਮਾਲਿਨ ਲੈਬ ਕਰੋ ਰਸ ਕੋ ਟਸਕ੍ਯੋ ਨ ਹੀਯੋ ਕਸਕ੍ਯੋ ਨ ਕਸਾਈ ॥੯੧੫॥

(ਕਿਉਂਕਿ) ਮਾਲਣ ਨੇ (ਪ੍ਰੇਮ) ਰਸ ਨੂੰ ਖੋਹ ਲਿਆ ਹੈ, (ਉਸ ਦਾ) ਨਾ ਹਿਰਦਾ ਦੁਖਿਆ ਹੈ ਅਤੇ ਨਾ ਹੀ (ਪ੍ਰੇਮ ਦੀ) ਪੀੜ ਦੀ ਚੋਭ ਮਹਿਸੂਸ ਕੀਤੀ ਹੈ ॥੯੧੫॥

ਨੀਰ ਸਮੀਰ ਹੁਤਾਸਨ ਕੇ ਸਮ ਅਉਰ ਅਕਾਸ ਧਰਾ ਤਪਤਾਈ ॥

ਜਲ ਅਤੇ ਹਵਾ ਅੱਗ ਵਾਂਗ (ਹੋ ਰਹੇ ਹਨ) ਅਤੇ ਆਕਾਸ਼ ਤੇ ਧਰਤੀ ਵੀ ਤਪ ਰਹੀ ਹੈ।

ਪੰਥ ਨ ਪੰਥੀ ਚਲੈ ਕੋਊਓ ਤਰੁ ਤਾਕਿ ਤਰੈ ਤਨ ਤਾਪ ਸਿਰਾਈ ॥

ਰਸਤੇ ਉਤੇ ਕੋਈ ਮੁਸਾਫਰ ਵੀ ਨਹੀਂ ਤੁਰ ਰਿਹਾ ਅਤੇ ਤਨ ਦੇ ਤਾਪ ਨੂੰ ਦੂਰ ਕਰਨ ਲਈ ਪੰਛੀ ਬ੍ਰਿਛਾਂ ਵਲ ਤਕਦੇ ਹਨ।

ਜੇਠ ਮਹਾ ਬਲਵੰਤ ਭਯੋ ਅਤਿ ਬਿਆਕੁਲ ਜੀਯ ਮਹਾ ਰਤਿ ਪਾਈ ॥

ਜੇਠ (ਦਾ ਮਹੀਨਾ) ਬਹੁਤ ਕਠੋਰ ਹੋ ਰਿਹਾ ਹੈ ਅਤੇ ਹਿਰਦਾ ਇਸ ਰੁਤ ਵਿਚ ਬਹੁਤ ਵਿਆਕੁਲ ਹੋ ਰਿਹਾ ਹੈ।

ਐਸੇ ਸਕ੍ਯੋ ਧਸਕ੍ਯੋ ਸਸਕ੍ਯੋ ਟਸਕ੍ਯੋ ਨ ਹੀਯੋ ਕਸਕ੍ਯੋ ਨ ਕਸਾਈ ॥੯੧੬॥

ਅਜਿਹੇ ਵੇਲੇ (ਹਿਰਦਾ) ਧੜਕ ਕੇ ਸਹਿਕਦਾ ਹੋਇਆ ਔਖਾ ਹੋ ਗਿਆ ਹੈ, (ਪਰ ਉਸ ਦਾ) ਨਾ ਦਿਲ ਦੁਖਿਆ ਹੈ ਅਤੇ ਨਾ ਹੀ (ਪ੍ਰੇਮ ਦੀ) ਪੀੜ ਦੀ ਚੋਭ ਲਗੀ ਹੈ ॥੯੧੬॥

ਪਉਨ ਪ੍ਰਚੰਡ ਬਹੈ ਅਤਿ ਤਾਪਤ ਚੰਚਲ ਚਿਤਿ ਦਸੋ ਦਿਸ ਧਾਈ ॥

(ਸ਼ਰੀਰ ਨੂੰ) ਸਾੜਦੀ ਹੋਈ ਬਹੁਤ ਪ੍ਰਚੰਡ ਹਵਾ ਚਲ ਰਹੀ ਹੈ ਅਤੇ ਚੰਚਲ ਹੋ ਕੇ ਚਿਤ ਦਸਾਂ ਦਿਸ਼ਾਵਾਂ ਵਲ ਭਜ ਰਿਹਾ ਹੈ।

ਬੈਸ ਅਵਾਸ ਰਹੈ ਨਰ ਨਾਰਿ ਬਿਹੰਗਮ ਵਾਰਿ ਸੁ ਛਾਹ ਤਕਾਈ ॥

(ਸਾਰੇ) ਨਰ ਨਾਰੀ ਘਰਾਂ ਵਿਚ ਬੈਠ ਰਹੇ ਹਨ ਅਤੇ ਪੰਛੀ ਜਲ ('ਵਾਰਿ') ਅਤੇ ਛਾਂ ਨੂੰ ਤਕਦੇ ਹਨ।

ਦੇਖਿ ਅਸਾੜ ਨਈ ਰਿਤ ਦਾਦੁਰ ਮੋਰਨ ਹੂੰ ਘਨਘੋਰ ਲਗਾਈ ॥

ਹਾੜ (ਦੇ ਮਹੀਨੇ ਵਿਚ) ਨਵੀਂ ਰੁਤ (ਅਰਥਾਤ ਬਰਖਾ ਦੀ ਆਮਦ ਨੂੰ) ਵੇਖ ਕੇ ਡਡੂਆਂ ਅਤੇ ਮੋਰਾਂ ਨੇ ਘਨਘੋਰ (ਧੁਨ) ਲਗਾ ਦਿੱਤੀ ਹੈ।

ਗਾਢ ਪਰੀ ਬਿਰਹੀ ਜਨ ਕੋ ਟਸਕ੍ਯੋ ਨ ਹੀਯੋ ਕਸਕ੍ਯੋ ਨ ਕਸਾਈ ॥੯੧੭॥

(ਇਸ ਰੁਤ ਵਿਚ) ਵਿਛੜੇ ਹੋਏ ਬੰਦਿਆਂ ਨੂੰ ਬਹੁਤ ਭਾਰੀ ਮੁਸੀਬਤ ਪੈ ਗਈ ਹੈ, (ਪਰ ਉਸ ਦਾ) ਨਾ ਦਿਲ ਦੁਖਿਆ ਹੈ ਅਤੇ ਨਾ ਹੀ (ਪ੍ਰੇਮ ਦੀ) ਪੀੜ ਦੀ ਚੋਭ ਮਹਿਸੂਸ ਹੋਈ ਹੈ ॥੯੧੭॥

ਤਾਲ ਭਰੇ ਜਲ ਪੂਰਨ ਸੋ ਅਰੁ ਸਿੰਧੁ ਮਿਲੀ ਸਰਿਤਾ ਸਭ ਜਾਈ ॥

ਜਲ ਨਾਲ ਸਰੋਵਰ ਪੂਰੀ ਤਰ੍ਹਾਂ ਭਰ ਗਏ ਹਨ ਅਤੇ ਨਦੀਆਂ ਜਾ ਕੇ ਸਮੁੰਦਰ ਵਿਚ ਮਿਲ ਰਹੀਆਂ ਹਨ।

ਤੈਸੇ ਘਟਾਨਿ ਛਟਾਨਿ ਮਿਲੀ ਅਤਿ ਹੀ ਪਪੀਹਾ ਪੀਯ ਟੇਰ ਲਗਾਈ ॥

ਉਸੇ ਤਰ੍ਹਾਂ ਕਾਲੀਆਂ ਘਟਾਵਾਂ ਵਿਚ ਬਿਜਲੀ ਬਹੁਤ ਮਿਲ ਰਹੀ ਹੈ ਅਤੇ ਪਪੀਹਾ ਵੀ ਪੀਉ ਪੀਉ ਦੀ ਧੁਨ ਕਢ ਰਿਹਾ ਹੈ।

ਸਾਵਨ ਮਾਹਿ ਲਗਿਓ ਬਰਸਾਵਨ ਭਾਵਨ ਨਾਹਿ ਹਹਾ ਘਰਿ ਮਾਈ ॥

ਸਾਵਣ (ਦੇ ਮਹੀਨੇ ਵਿਚ) (ਬਦਲ) ਮੀਂਹ ਵਸਾਉਣ ਵਿਚ ਲਗ ਰਹੇ ਹਨ, ਪਰ ਹੇ ਮਾਈ! ਘਰ ਵਿਚ ਪ੍ਰੀਤਮ ਨਹੀਂ ਹੈ।

ਲਾਗ ਰਹਿਯੋ ਪੁਰ ਭਾਮਿਨ ਸੋ ਟਸਕ੍ਯੋ ਨ ਹੀਯੋ ਕਸਕ੍ਯੋ ਨ ਕਸਾਈ ॥੯੧੮॥

ਨਗਰ ਦੀਆਂ ਇਸਤਰੀਆਂ ਨਾਲ (ਪ੍ਰੇਮ) ਲਗਾ ਬੈਠਾ ਹੈ, (ਉਸ ਦਾ) ਨਾ ਦਿਲ ਦੁਖਿਆ ਹੈ ਅਤੇ ਨਾ ਹੀ (ਪ੍ਰੇਮ) ਪੀੜ ਦੀ ਖਿਚ ਪਈ ਹੈ ॥੯੧੮॥

ਭਾਦਵ ਮਾਹਿ ਚੜਿਯੋ ਬਿਨੁ ਨਾਹ ਦਸੋ ਦਿਸ ਮਾਹਿ ਘਟਾ ਘਰਹਾਈ ॥

ਭਾਦਰੋਂ ਦਾ ਮਹੀਨਾ ਚੜ੍ਹ ਗਿਆ ਹੈ ਅਤੇ ਪ੍ਰੀਤਮ (ਪਾਸ) ਨਹੀਂ ਹੈ ਅਤੇ ਦਸਾਂ ਦਿਸ਼ਾਵਾਂ ਵਿਚ ਕਾਲੀ ਘਟਾ ਗਰਜਦੀ ਹੈ।

ਦ੍ਯੋਸ ਨਿਸਾ ਨਹਿ ਜਾਨ ਪਰੈ ਤਮ ਬਿਜੁ ਛਟਾ ਰਵਿ ਕੀ ਛਬਿ ਪਾਈ ॥

(ਬਦਲਾਂ ਨਾਲ ਇਤਨਾ) ਹਨੇਰਾ (ਹੁੰਦਾ ਹੈ ਕਿ) ਰਾਤ ਅਤੇ ਦਿਨ ਦਾ ਨਿਖੇੜਾ ਨਹੀਂ ਹੋ ਸਕਦਾ ਅਤੇ (ਉਸ ਵਿਚ) ਬਿਜਲੀ ਦੀ ਲਿਸ਼ਕ ਨੇ ਸੂਰਜ ਵਰਗੀ ਸ਼ੋਭਾ ਪਾਈ ਹੋਈ ਹੈ।

ਮੂਸਲਧਾਰ ਛੁਟੈ ਨਭਿ ਤੇ ਅਵਨੀ ਸਗਰੀ ਜਲ ਪੂਰਨਿ ਛਾਈ ॥

ਮੋਹਲੇ ਜਿੰਨੀ (ਪਾਣੀ ਦੀ) ਧਾਰ ਆਕਾਸ਼ ਤੋਂ ਡਿਗ ਰਹੀ ਹੈ ਅਤੇ ਸਾਰੀ ਧਰਤੀ ਉਤੇ ਜਲ ਹੀ ਜਲ ਪਸਰ ਗਿਆ ਹੈ।

ਐਸੇ ਸਮੇ ਤਜਿ ਗਯੋ ਹਮ ਕੋ ਟਸਕ੍ਯੋ ਨ ਹੀਯੋ ਕਸਕ੍ਯੋ ਨ ਕਸਾਈ ॥੯੧੯॥

ਅਜਿਹੇ ਸਮੇਂ (ਪ੍ਰੀਤਮ) ਸਾਨੂੰ ਛਡ ਗਿਆ ਹੈ, (ਉਸ ਦਾ) ਨਾ ਦਿਲ ਦੁਖਿਆ ਹੈ ਅਤੇ ਨਾ ਹੀ (ਪ੍ਰੇਮ ਦੀ) ਪੀੜ ਦੀ ਖਿਚ ਅਨੁਭਵ ਕੀਤੀ ਹੈ ॥੯੧੯॥

ਮਾਸ ਕੁਆਰ ਚਢਿਯੋ ਬਲੁ ਧਾਰਿ ਪੁਕਾਰ ਰਹੀ ਨ ਮਿਲੇ ਸੁਖਦਾਈ ॥

ਅਸੂ ਦਾ ਮਹੀਨਾ ਜ਼ੋਰ ਸ਼ੋਰ ਨਾਲ ਚੜ੍ਹ ਪਿਆ ਹੈ, (ਮੈਂ) ਪੁਕਾਰ ਰਹੀ ਹਾਂ (ਪਰ ਅਜੇ) ਪ੍ਰੀਤਮ (ਕ੍ਰਿਸ਼ਨ) ਨਹੀਂ ਮਿਲਿਆ।

ਸੇਤ ਘਟਾ ਅਰੁ ਰਾਤਿ ਤਟਾ ਸਰ ਤੁੰਗ ਅਟਾ ਸਿਮਕੈ ਦਰਸਾਈ ॥

ਸਫ਼ੈਦ (ਬਦਲਾਂ ਦੀਆਂ) ਘਟਾਵਾਂ (ਚੜ੍ਹੀਆਂ ਹੋਈਆਂ ਹਨ) ਰਾਤ ਨੂੰ (ਬਿਜਲੀ) ਚਮਕ ਰਹੀ ਹੈ ਜਿਸ ਕਰ ਕੇ ਸਰੋਵਰ ਅਤੇ (ਪਰਬਤਾਂ ਦੀਆਂ) ਅਟਾਰੀਆਂ ਚਮਕਦੀਆਂ ਦਿਖਾਈ ਦੇ ਰਹੀਆਂ ਹਨ।

ਨੀਰ ਬਿਹੀਨ ਫਿਰੈ ਨਭਿ ਛੀਨ ਸੁ ਦੇਖਿ ਅਧੀਨ ਭਯੋ ਹੀਯਰਾਈ ॥

ਜਲ ਤੋਂ ਸਖਣੇ (ਹੋ ਚੁਕੇ ਬਦਲ) ਨਿਰਬਲ ਹੋ ਕੇ ਆਕਾਸ਼ ਵਿਚ ਫਿਰਦੇ ਹਨ, ਜਿਨ੍ਹਾਂ ਨੂੰ ਵੇਖ ਕੇ (ਮੇਰਾ) ਹਿਰਦਾ ਅਧੀਰ ਹੋ ਰਿਹਾ ਹੈ।

ਪ੍ਰੇਮ ਤਕੀ ਤਿਨ ਸੋ ਬਿਥਕ੍ਰਯੋ ਟਸਕ੍ਯੋ ਨ ਹੀਯੋ ਕਸਕ੍ਯੋ ਨ ਕਸਾਈ ॥੯੨੦॥

(ਜਿਸ ਦੇ) ਪ੍ਰੇਮ ਵਿਚ ਮਸਤ ਹਾਂ, ਉਸ ਨਾਲੋਂ ਵਿਥ ਪੈ ਗਈ ਹੈ, (ਪਰ ਉਸ ਦਾ) ਨਾ ਹਿਰਦਾ ਦੁਖਿਆ ਹੈ ਅਤੇ ਨਾ ਹੀ (ਪ੍ਰੇਮ ਦੀ) ਪੀੜ (ਚੋਭ) ਮਹਿਸੂਸ ਹੋਈ ਹੈ ॥੯੨੦॥

ਕਾਤਿਕ ਮੈ ਗੁਨਿ ਦੀਪ ਪ੍ਰਕਾਸਿਤ ਤੈਸੇ ਅਕਾਸ ਮੈ ਉਜਲਤਾਈ ॥

ਕਤਕ (ਦੇ ਮਹੀਨੇ) ਵਿਚ (ਜਿਵੇਂ) ਬੱਤੀ ('ਗੁਨਿ') ਨਾਲ ਦੀਪਕ ਜਗਦਾ ਹੈ, ਉਸੇ ਤਰ੍ਹਾਂ ਆਕਾਸ਼ ਵਿਚ ਚਾਨਣ ਹੋ ਰਿਹਾ ਹੈ।

ਜੂਪ ਜਹਾ ਤਹ ਫੈਲ ਰਹਿਯੋ ਸਿਗਰੇ ਨਰ ਨਾਰਿਨ ਖੇਲ ਮਚਾਈ ॥

ਇਥੇ ਉਥੇ ਜੂਏ ('ਜੂਪ') ਦੀ ਖੇਡ ਹੋ ਰਹੀ ਹੈ ਅਤੇ ਸਾਰੇ ਨਰ ਨਾਰੀਆਂ ਨੇ ਖੇਡ ਮਚਾਈ ਹੋਈ ਹੈ।

ਚਿਤ੍ਰ ਭਏ ਘਰ ਆਂਙਨ ਦੇਖਿ ਗਚੇ ਤਹ ਕੇ ਅਰੁ ਚਿਤ ਭ੍ਰਮਾਈ ॥

(ਚੂਨੇ) ਗਚ ਕੀਤੇ ਹੋਏ ਘਰਾਂ ਉਤੇ ਚਿਤਰ ਬਣੇ ਹੋਏ ਹਨ ਅਤੇ ਵੇਹੜੇ ਵੀ (ਸਜੇ ਹੋਏ ਹਨ) (ਜਿਨ੍ਹਾਂ ਨੂੰ ਵੇਖ ਕੇ) ਚਿਤ ਭਰਮਾ ਜਾਂਦਾ ਹੈ।

ਆਯੋ ਨਹੀ ਮਨ ਭਾਯੋ ਤਹੀ ਟਸਕ੍ਯੋ ਨ ਹੀਯੋ ਕਸਕ੍ਯੋ ਨ ਕਸਾਈ ॥੯੨੧॥

(ਅਜ ਤਕ ਪ੍ਰੀਤਮ) ਆਇਆ ਨਹੀਂ ਹੈ, (ਉਸ ਦਾ) ਮਨ ਉਥੇ ਹੀ ਰਮ ਗਿਆ ਹੈ, (ਉਸ ਦਾ) ਨਾ ਹਿਰਦਾ ਦੁਖਿਆ ਹੈ ਅਤੇ ਨਾ ਹੀ (ਪ੍ਰੇਮ ਦੀ) ਪੀੜ ਦੀ ਖਿਚ ਪਈ ਹੈ ॥੯੨੧॥

ਬਾਰਿਜ ਫੂਲਿ ਰਹੇ ਸਰਿ ਪੁੰਜ ਸੁਗੰਧ ਸਨੇ ਸਰਿਤਾਨ ਘਟਾਈ ॥

ਸਾਰਿਆਂ ਸਰੋਵਰਾਂ ਵਿਚ ਕਮਲ ਦੇ ਫੁਲ ਸੁਗੰਧੀ (ਫੈਲਾ) ਰਹੇ ਹਨ ਅਤੇ ਨਦੀਆਂ ਵਿਚ ਪਾਣੀ ਘਟ ਗਿਆ ਹੈ।

ਕੁੰਜਤ ਕੰਤ ਬਿਨਾ ਕੁਲਹੰਸ ਕਲੇਸ ਬਢੈ ਸੁਨਿ ਕੈ ਤਿਹ ਮਾਈ ॥

ਹੰਸਾਂ ਦੀ ਕੂੰ ਕੂੰ ਦੀ ਧੁਨ ਕੰਤ ਤੋਂ ਬਿਨਾ ਸੁਣ ਸੁਣ ਕੇ ਹੇ ਮਾਤਾ! ਮਨ ਦਾ ਕਲੇਸ਼ ਵਧ ਰਿਹਾ ਹੈ।

ਬਾਸੁਰ ਰੈਨਿ ਨ ਚੈਨ ਕਹੂੰ ਛਿਨ ਮੰਘਰ ਮਾਸਿ ਅਯੋ ਨ ਕਨ੍ਰਹਾਈ ॥

ਦਿਨ ਰਾਤ (ਵਿਚ ਕਿਸੇ) ਛਿਣ ਵੀ ਚੈਨ ਨਹੀਂ ਮਿਲਦਾ (ਕਿਉਂਕਿ) ਮਘਰ ਦਾ ਮਹੀਨਾ ਆ ਗਿਆ ਹੈ, ਪਰ ਕਨ੍ਹਈਆ ਨਹੀਂ (ਆਇਆ)।

ਜਾਤ ਨਹੀ ਤਿਨ ਸੋ ਮਸਕ੍ਰਯੋ ਟਸਕ੍ਯੋ ਨ ਹੀਯੋ ਕਸਕ੍ਯੋ ਨ ਕਸਾਈ ॥੯੨੨॥

ਉਸ ਨਾਲੋਂ (ਪ੍ਰੀਤ) ਤੋੜੀ ਨਹੀਂ ਜਾ ਸਕਦੀ, (ਪਰ ਉਸ ਦਾ) ਨਾ ਹਿਰਦਾ ਦੁਖਿਆ ਅਤੇ ਨਾ ਹੀ (ਪ੍ਰੇਮ ਦੀ) ਪੀੜ ਦੀ ਕਸਕ ਮਹਿਸੂਸ ਹੋਈ ਹੈ ॥੯੨੨॥

ਭੂਮਿ ਅਕਾਸ ਅਵਾਸ ਸੁ ਬਾਸੁ ਉਦਾਸਿ ਬਢੀ ਅਤਿ ਸੀਤਲਤਾਈ ॥

ਧਰਤੀ ਅਤੇ ਆਕਾਸ਼ (ਵਿਚ ਨਿਵਾਸ ਕਰਨ ਵਾਲੇ ਆਪਣੇ ਆਪਣੇ) ਘਰਾਂ ਵਿਚ ਵਸਦੇ ਹਨ, ਅਤਿ ਅਧਿਕ ਠੰਡ ਕਰ ਕੇ ਉਦਾਸੀ ਛਾ ਗਈ ਹੈ।

ਕੂਲ ਦੁਕੂਲ ਤੇ ਸੂਲ ਉਠੈ ਸਭ ਤੇਲ ਤਮੋਲ ਲਗੈ ਦੁਖਦਾਈ ॥

(ਸਰੋਵਰਾਂ ਦੇ) ਕੰਢਿਆਂ ਅਤੇ (ਰੇਸ਼ਮੀ) ਬਸਤ੍ਰਾਂ ਤੋਂ ਤਕਲੀਫ਼ ਹੁੰਦੀ ਹੈ ਅਤੇ ਸਾਰੇ ਤੇਲ ਅਤੇ ਪਾਨ ਦੇ ਬੀੜੇ ਦੁਖਦਾਇਕ ਲਗਦੇ ਹਨ।

ਪੋਖ ਸੰਤੋਖ ਨ ਹੋਤ ਕਛੂ ਤਨ ਸੋਖਤ ਜਿਉ ਕੁਮਦੀ ਮੁਰਝਾਈ ॥

ਪੋਹ (ਦੇ ਮਹੀਨੇ ਵਿਚ) ਕੁਝ ਵੀ ਸੰਤੋਸ਼ ਨਹੀਂ ਹੁੰਦਾ, ਸ਼ਰੀਰ ਸੁਕ ਰਿਹਾ ਹੈ ਜਿਵੇਂ (ਠੰਡੀ ਹਵਾ ਨਾਲ) ਕੰਮੀਆਂ ਕੁਮਲਾ ਜਾਂਦੀਆਂ ਹਨ।

ਲੋਭਿ ਰਹਿਯੋ ਉਨ ਪ੍ਰੇਮ ਗਹਿਯੋ ਟਸਕ੍ਯੋ ਨ ਹੀਯੋ ਕਸਕ੍ਯੋ ਨ ਕਸਾਈ ॥੯੨੩॥

(ਕਾਰਨ ਇਹ ਹੈ ਕਿ) ਲੁਭਾਇਮਾਨ ਹੋ ਕੇ ਉਨ੍ਹਾਂ (ਸ਼ਹਿਰਨਾਂ) ਦੇ ਪ੍ਰੇਮ ਵਿਚ ਜਕੜਿਆ ਗਿਆ ਹੈ, (ਉਸ ਦਾ) ਨਾ ਹਿਰਦਾ ਦੁਖਿਆ ਹੈ ਅਤੇ ਨਾ ਹੀ (ਪ੍ਰੇਮ ਦੀ) ਪੀੜ ਦੀ ਖਿਚ ਪਈ ਹੈ ॥੯੨੩॥

ਮਾਹਿ ਮੈ ਨਾਹ ਨਹੀ ਘਰਿ ਮਾਹਿ ਸੁ ਦਾਹ ਕਰੈ ਰਵਿ ਜੋਤਿ ਦਿਖਾਈ ॥

ਮਾਘ (ਦੇ ਮਹੀਨੇ ਵਿਚ) ਘਰ ਵਿਚ ਪਤੀ ਨਹੀਂ ਹੈ, ਇਸ ਲਈ ਸੂਰਜ ਦੀ ਜੋਤਿ ਵੀ ਸਾੜਦੀ ਹੈ।

ਜਾਨੀ ਨ ਜਾਤ ਬਿਲਾਤਤ ਦ੍ਰਯੋਸਨ ਰੈਨਿ ਕੀ ਬ੍ਰਿਧ ਭਈ ਅਧਿਕਾਈ ॥

ਦਿਨਾਂ ਦਾ ਗੁਜ਼ਰਨਾ ਪਤਾ ਨਹੀਂ ਲਗਦਾ ਅਤੇ ਰਾਤ ਬਹੁਤ ਹੀ ਵੱਡੀ ਹੋ ਗਈ ਹੈ।

ਕੋਕਿਲ ਦੇਖਿ ਕਪੋਤਿ ਸਿਲੀਮੁਖ ਕੂੰਜਤ ਏ ਸੁਨਿ ਕੈ ਡਰ ਪਾਈ ॥

ਕੋਇਲਾਂ, ਕਬੂਤਰਾਂ ਅਤੇ ਭੌਰਿਆਂ ('ਸਿਲੀਮੁਖ') ਨੂੰ ਬੋਲਦਿਆਂ ਵੇਖ ਕੇ ਅਤੇ ਸੁਣ ਕੇ ਡਰ ਲਗਦਾ ਹੈ।