ਸ਼੍ਰੀ ਦਸਮ ਗ੍ਰੰਥ

ਅੰਗ - 500


ਸੁਤ ਕਾਨ੍ਰਹ ਕੇ ਯੌ ਬਤੀਯਾ ਸੁਨਿ ਕੈ ਆਪਨੇ ਚਿਤ ਮੈ ਅਤਿ ਕ੍ਰੋਧ ਬਢਾਯੋ ॥

ਸ੍ਰੀ ਕ੍ਰਿਸ਼ਨ ਦੇ ਪੁੱਤਰ (ਪ੍ਰਦੁਮਨ) ਨੇ ਇਹ ਗੱਲ ਸੁਣ ਕੇ ਆਪਣੇ ਚਿਤ ਵਿਚ ਬਹੁਤ ਕ੍ਰੋਧ ਵਧਾ ਲਿਆ।

ਬਾਨ ਕਮਾਨ ਕ੍ਰਿਪਾਨ ਗਦਾ ਗਹਿ ਕੈ ਅਰਿ ਕੇ ਬਧ ਕਾਰਨ ਧਾਯੋ ॥

ਧਨੁਸ਼ ਬਾਣ, ਕ੍ਰਿਪਾਨ ਅਤੇ ਗਦਾ ਪਕੜ ਕੇ ਵੈਰੀ (ਸੰਬਰ ਦੈਂਤ) ਨੂੰ ਮਾਰਨ ਲਈ ਭਜ ਪਿਆ।

ਧਾਮ ਜਹਾ ਤਿਹ ਬੈਰੀ ਕੋ ਥੇ ਤਿਹ ਦ੍ਵਾਰ ਪੈ ਜਾਇ ਕੈ ਬੈਨ ਸੁਨਾਯੋ ॥

ਜਿਥੇ ਉਸ ਵੈਰੀ ਦਾ ਘਰ ਸੀ, ਉਸ ਦੇ ਦੁਆਰ ਉਤੇ ਜਾ ਕੇ (ਇਹ) ਬੋਲ ਸੁਣਾਏ,

ਜਾਹਿ ਕਉ ਸਿੰਧੁ ਮੈ ਡਾਰ ਦਯੋ ਅਬ ਸੋ ਤੁਹਿ ਸੋ ਲਰਬੇ ਕਹੁ ਆਯੋ ॥੨੦੨੬॥

ਜਿਸ ਨੂੰ (ਤੂੰ) ਸਮੁੰਦਰ ਵਿਚ ਸੁਟ ਦਿੱਤਾ ਸੀ, ਹੁਣ ਓਹੀ ਤੇਰੇ ਨਾਲ ਲੜਨ ਲਈ ਆਇਆ ਹੈ ॥੨੦੨੬॥

ਯੌ ਜਬ ਬੈਨ ਕਹੁ ਸੁਤ ਸ੍ਯਾਮ ਤੋ ਸੰਬਰ ਸਸਤ੍ਰ ਗਦਾ ਗਹਿ ਆਯੋ ॥

ਇਸ ਤਰ੍ਹਾਂ ਜਦ ਕ੍ਰਿਸ਼ਨ ਦੇ ਪੁੱਤਰ (ਪ੍ਰਦੁਮਨ) ਨੇ ਬੋਲ ਕਹੇ ਤਾਂ ਸੰਬਰ (ਦੈਂਤ) ਗਦਾ ਸ਼ਸਤ੍ਰ ਪਕੜ ਕੇ ਆ ਗਿਆ।

ਜੈਸੇ ਕਹੀ ਬਿਧਿ ਜੁਧਹਿ ਕੀ ਤਿਹ ਭਾਤਿ ਸੋ ਤਾਹੀ ਨੇ ਜੁਧ ਮਚਾਯੋ ॥

ਜਿਸ ਤਰ੍ਹਾਂ ਦੀ ਯੁੱਧ ਦੀ ਵਿਧੀ ਕਹੀ ਜਾਂਦੀ ਹੈ, ਉਸੇ ਤਰ੍ਹਾਂ ਨਾਲ ਉਸ ਨੇ ਯੁੱਧ ਮਚਾਇਆ।

ਆਪ ਭਜਿਯੋ ਨਹਿ ਤਾ ਭੂਅ ਤੇ ਨਹਿ ਵਾਹਿ ਕਉ ਤ੍ਰਾਸ ਦੈ ਪੈਗੁ ਭਜਾਯੋ ॥

ਉਹ ਆਪ ਉਸ ਧਰਤੀ ਤੋਂ ਨਾ ਭਜਿਆ ਅਤੇ ਨਾ ਹੀ ਉਸ (ਪ੍ਰਦੁਮਨ) ਨੂੰ ਡਰਾ ਕੇ (ਇਕ) ਕਦਮ ਵੀ ਭਜਾ ਸਕਿਆ।

ਆਹਵ ਯਾ ਬਿਧਿ ਹੋਤ ਭਯੋ ਕਹਿ ਕੈ ਇਹ ਭਾਤ ਸੋ ਸ੍ਯਾਮ ਸੁਨਾਯੋ ॥੨੦੨੭॥

ਇਸ ਤਰ੍ਹਾਂ ਦਾ ਯੁੱਧ ਹੋਇਆ, (ਜਿਸ ਨੂੰ) ਇਸ ਤਰ੍ਹਾਂ ਕਹਿ ਕੇ (ਕਵੀ) ਸ਼ਿਆਮ ਨੇ ਸੁਣਾਇਆ ਹੈ ॥੨੦੨੭॥

ਅਤਿ ਹੀ ਤਿਹ ਠਾ ਜਬ ਮਾਰ ਮਚੀ ਅਰਿ ਜਾਤ ਭਯੋ ਨਭਿ ਮੈ ਛਲੁ ਕੈ ਕੈ ॥

ਉਸ ਥਾਂ ਉਤੇ ਜਦ ਬਹੁਤ ਲੜਾਈ ਹੋਈ, (ਤਾਂ) ਵੈਰੀ ਛਲ ਕਰ ਕੇ ਆਕਾਸ਼ ਵਿਚ ਚਲਾ ਗਿਆ।

ਲੈ ਕਰਿ ਪਾਹਨ ਬ੍ਰਿਸਟ ਕਰੀ ਸੁਤ ਸ੍ਯਾਮ ਕੇ ਪੈ ਅਤਿ ਕ੍ਰੁਧਤ ਹ੍ਵੈ ਕੈ ॥

(ਉਥੋਂ ਉਸ ਨੇ) ਸ੍ਰੀ ਕ੍ਰਿਸ਼ਨ ਦੇ ਪੁੱਤਰ ਉਤੇ ਅਤਿ ਕ੍ਰੋਧ ਕਰ ਕੇ, ਹੱਥ ਵਿਚ ਪੱਥਰ ਲੈ ਕੇ (ਉਨ੍ਹਾਂ ਦੀ) ਵਰਖਾ ਕੀਤੀ।

ਸੋ ਇਨ ਪਾਹਨ ਬਿਅਰਥ ਕਰੇ ਤਿਨ ਕੋ ਸਰ ਏਕਹਿ ਏਕ ਲਗੈ ਹੈ ॥

ਉਸ (ਪ੍ਰਦੁਮਨ) ਨੇ ਇਕ ਇਕ ਨੂੰ ਇਕ ਇਕ ਬਾਣ ਮਾਰ ਕੇ ਉਨ੍ਹਾਂ ਪੱਥਰਾਂ ਨੂੰ ਵਿਅਰਥ ਕਰ ਦਿੱਤਾ।

ਸਸਤ੍ਰਨ ਸੋ ਤਿਹ ਕੋ ਤਨ ਬੇਧ ਕੈ ਭੂਮਿ ਡਰਿਓ ਅਤਿ ਰੋਸ ਬਢੈ ਕੈ ॥੨੦੨੮॥

ਉਨ੍ਹਾਂ ਦੇ ਸ਼ਰੀਰਾਂ ਨੂੰ ਕ੍ਰੋਧ ਕਰ ਕੇ ਸ਼ਸਤ੍ਰਾਂ ਨਾਲ ਵਿੰਨ੍ਹ ਕੇ ਧਰਤੀ ਉਤੇ ਸੁਟ ਦਿੱਤਾ ॥੨੦੨੮॥

ਅਸਿ ਐਚਿ ਝਟਾਕ ਲਯੋ ਕਟਿ ਤੇ ਸਿਰਿ ਸੰਬਰ ਕੈ ਸੁ ਝਟਾਕ ਦੇ ਝਾਰਿਯੋ ॥

(ਪ੍ਰਦੁਮਨ ਨੇ) ਤੁਰਤ ਲਕ ਨਾਲੋਂ ਤਲਵਾਰ ਖਿਚ ਲਈ ਅਤੇ ਝਟਕਾ ਦੇ ਕੇ ਸੰਬਰ ਦੇ ਸਿਰ ਉਤੇ ਝਾੜ ਦਿੱਤੀ।

ਦੇਵਨ ਕੇ ਗਨ ਹੇਰਤ ਜੇ ਤਿਨ ਪਉਰਖ ਦੇਖ ਕੈ ਧੰਨਿ ਉਚਾਰਿਯੋ ॥

ਦੇਵਤਿਆਂ ਦੇ ਜੋ ਟੋਲੇ ਵੇਖ ਰਹੇ ਸਨ, ਉਨ੍ਹਾਂ ਨੇ (ਪ੍ਰਦੁਮਨ ਦੀ) ਮਰਦਾਨਗੀ ਵੇਖ ਕੇ ਧੰਨ ਧੰਨ ਕਿਹਾ।

ਭੂਮਿ ਗਿਰਾਇ ਦਯੋ ਕੈ ਬਿਮੁਛਿਤ ਸ੍ਰੋਨ ਸੰਬੂਹ ਧਰਾ ਪੈ ਬਿਥਾਰਿਯੋ ॥

(ਉਸ ਨੂੰ ਪ੍ਰਦੁਮਨ ਨੇ) ਬੇਸੁਧ ਕਰ ਕੇ ਧਰਤੀ ਉਤੇ ਡਿਗਾ ਦਿੱਤਾ ਅਤੇ ਲਹੂ ਦਾ ਹੜ੍ਹ ਧਰਤੀ ਉਤੇ ਫੈਲਾ ਦਿੱਤਾ।

ਕਾਨ੍ਰਹ ਕੋ ਪੂਤ ਸਪੂਤ ਭਯੋ ਜਿਨਿ ਏਕ ਕ੍ਰਿਪਾਨ ਤੇ ਸੰਬਰ ਮਾਰਿਯੋ ॥੨੦੨੯॥

ਸ੍ਰੀ ਕ੍ਰਿਸ਼ਨ ਦਾ ਪੁੱਤਰ ਸੁਪੁੱਤਰ ਸਾਬਤ ਹੋਇਆ ਜਿਸ ਨੇ ਕ੍ਰਿਪਾਨ ਦੇ ਇਕ (ਝਟਕੇ ਨਾਲ) ਸੰਬਰ ਨੂੰ ਮਾਰ ਦਿੱਤਾ ॥੨੦੨੯॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਪਰਦੁਮਨ ਸੰਬਰ ਦੈਤ ਹਰਿ ਲੈ ਗਯੋ ਇਤ ਸੰਬਰ ਕੋ ਪਰਦੁਮਨ ਬਧ ਕੀਓ ਧਿਆਇ ਸਮਾਪਤਮ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸਨਾਵਤਾਰ ਦੇ ਪਰਦੁਮਨ ਦਾ ਸੰਬਰ ਦੈਂਤ ਦੁਆਰਾ ਹਰਨ ਅਤੇ ਫਿਰ ਪ੍ਰਦੁਮਨ ਦੁਆਰਾ ਸੰਬਰ ਦਾ ਬਧ ਵਾਲਾ ਅਧਿਆਇ ਸਮਾਪਤ।

ਅਥ ਪਰਦੁਮਨ ਸੰਬਰ ਕੋ ਬਧਿ ਰੁਕਮਿਨ ਕੋ ਮਿਲੇ ॥

ਹੁਣ ਪ੍ਰਦੁਮਨ ਸੰਬਰ ਦਾ ਬਧ ਕਰ ਕੇ ਰੁਕਮਨੀ ਨੂੰ ਮਿਲੇ:

ਦੋਹਰਾ ॥

ਦੋਹਰਾ:

ਤਿਹ ਕੋ ਬਧ ਕੈ ਪਰਦੁਮਨਿ ਆਯੋ ਆਪਨੇ ਗ੍ਰੇਹ ॥

ਉਸ ਦਾ ਬਧ ਕਰ ਕੇ ਪ੍ਰਦੁਮਨ ਆਪਣੇ ਘਰ ਆ ਗਿਆ।

ਰਤਿ ਆਪਨੇ ਪਤਿ ਸੰਗਿ ਤਬੈ ਕਹਿਓ ਬਢੈ ਕੈ ਨੇਹ ॥੨੦੩੦॥

ਤਦ ਰਤਿ (ਰਸੋਇਣ) ਨੇ ਆਪਣੇ ਪਤੀ (ਕਾਮ ਰੂਪ ਪ੍ਰਦੁਮਨ) ਨੂੰ ਪ੍ਰੇਮ ਪੂਰਵਕ ਕਿਹਾ ॥੨੦੩੦॥

ਚੀਲਿ ਆਪ ਹੁਇ ਆਪਨੇ ਊਪਰਿ ਪਤਹਿ ਚੜਾਇ ॥

(ਉਸ ਨੇ) ਆਪਣੇ ਆਪ ਨੂੰ ਇਲ ਬਣਾ ਕੇ (ਫਿਰ) ਆਪਣੇ ਉਪਰ ਪਤੀ (ਪ੍ਰਦੁਮਨ) ਨੂੰ ਚੜ੍ਹਾ ਲਿਆ।

ਰੁਕਮਿਨਿ ਕੋ ਗ੍ਰਿਹ ਥੋ ਜਹਾ ਤਹਿ ਹੀ ਪਹੁੰਚੀ ਆਇ ॥੨੦੩੧॥

ਜਿਥੇ ਰੁਕਮਨੀ ਦਾ ਘਰ ਸੀ, ਉਥੇ ਹੀ ਜਾ ਪਹੁੰਚੀ ॥੨੦੩੧॥

ਸਵੈਯਾ ॥

ਸਵੈਯਾ:


Flag Counter