(ਇਹ ਗੱਲ) ਆਪਣੇ ਚਿਤ ਵਿਚ ਰਖਣੀ ਅਤੇ ਕਿਸੇ ਨੂੰ ਇਸ ਦਾ ਭੇਦ ਨਹੀਂ ਦੇਣਾ ॥੭॥
ਰਾਜੇ ਨੂੰ ਇਸ ਤਰ੍ਹਾਂ ਕਹਿ ਕੇ ਦੋ ਚਾਰ ਦਿਨ ਬਿਤਾਏ
ਅਤੇ (ਫਿਰ) ਸਾਰਿਆਂ ਕੋਠਿਆਂ ਤੋਂ ਸਭ ਦੇ ਯਾਰ ਬੁਲਾ ਲਏ ॥੮॥
ਆਪਣੇ ਨਾਲ ਅਤੇ ਦਾਸੀਆਂ ਨਾਲ ਯਾਰਾਂ ਨੂੰ ਸੰਯੋਗ ਅਵਸਥਾ ਵਿਚ ਕਰ ਦਿੱਤਾ
ਅਤੇ ਇਕ ਇਸਤਰੀ ਨੂੰ ਭੇਜ ਦਿੱਤਾ ਕਿ ਰਾਜੇ ਨੂੰ ਜਾ ਕੇ ਕਹਿ ਦਿਓ ॥੯॥
ਚੌਪਈ:
ਮੈਂ ਤੁਹਾਨੂੰ ਜਿਹੜੀ ਸ਼ਿਵ-ਬਾਣੀ ਕਹੀ ਸੀ,
ਉਹੀ ਗੱਲ (ਮੈਂ) ਤੁਹਾਡੇ ਘਰ ਵਿਚ ਵੇਖੀ ਹੈ।
ਸ਼ਸਤ੍ਰਾਂ ਨੂੰ ਛਡ ਕੇ ਤੁਰਤ ਚਲ ਕੇ ਵੇਖੋ
ਅਤੇ ਮਨ ਵਿਚ ਜ਼ਰਾ ਜਿੰਨਾ ਗੁੱਸਾ ਨਾ ਕਰੋ ॥੧੦॥
ਦੋਹਰਾ:
ਰਾਜਾ ਬਚਨ ਸੁਣ ਕੇ ਤੁਰਤ ਗਿਆ ਜਿਥੇ ਇਸਤਰੀਆਂ ਰਤੀ-ਕ੍ਰੀੜਾ ਕਰ ਰਹੀਆਂ ਸਨ।
ਸ਼ਿਵ ਦੇ ਬਚਨ ਯਾਦ ਕਰ ਕੇ ਹਿਰਦੇ ਵਿਚ ਹੈਰਾਨ ਹੋ ਕੇ ਰਹਿ ਗਿਆ ॥੧੧॥
ਚੌਪਈ:
ਮੈਨੂੰ ਜੋ ਇਸਤਰੀ ਨੇ ਸ਼ਿਵ ਬਾਣੀ ਕਹੀ ਸੀ,
ਉਹ ਮੇਰੇ ਘਰ ਵਿਚ ਸਚਮੁਚ ਵਾਪਰ ਰਹੀ ਹੈ।
ਰੂਪ ਮਤੀ ਨੇ ਮੈਨੂੰ ਝੂਠ ਨਹੀਂ ਕਿਹਾ ਹੈ।
ਹੁਣ ਮੈਂ ਉਸ ਦੇ ਸਚ ਨੂੰ ਸਮਝ ਲਿਆ ਹੈ ॥੧੨॥
ਦੋਹਰਾ:
ਉਨ੍ਹਾਂ ਸਾਰੀਆਂ ਇਸਤਰੀਆਂ ਨੇ ਰਤੀ ਮੰਨਾ ਕੇ ਯਾਰਾਂ ਨੂੰ ਭੇਜ ਦਿੱਤਾ।
(ਰਾਣੀ) ਆਪ ਰਾਜੇ ਕੋਲ ਆ ਕੇ ਗੱਲ ਬਣਾਉਂਦੀ ਹੋਈ ਬਹਿ ਗਈ ਅਤੇ ਕਹਿਣ ਲਗੀ ॥੧੩॥
ਹੇ ਰਾਜਨ! ਜੋ ਮੈਂ ਤੁਹਾਨੂੰ ਕਿਹਾ ਸੀ, ਹੁਣ ਉਹੀ ਗੱਲ (ਤੁਸੀਂ) ਵੇਖੀ ਹੈ।
ਮਨ ਵਿਚ ਗੁੱਸਾ ਨਾ ਕਰੋ, ਸ਼ਿਵ ਜੀ ਦੇ ਬਚਨ ਸਹੀ ਹਨ ॥੧੪॥
ਕਿੰਨਰ, ਯਕਸ਼, ਸੱਪ, ਗਣ, ਨਰ, ਮੁਨੀ, ਦੇਵਤੇ ਅਤੇ ਦੈਂਤ (ਆਦਿ ਵਿਚੋਂ ਕੋਈ ਵੀ)
ਇਸਤਰੀ ਦੇ ਚਰਿਤ੍ਰ ਦੇ ਭੇਦ ਨੂੰ ਚਿਤ ਵਿਚ ਜ਼ਰਾ ਜਿੰਨਾ ਵੀ ਨਹੀਂ ਸਮਝ ਸਕਦਾ ॥੧੫॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਤ੍ਰੀਆ ਚਰਿਤ੍ਰ ਦੇ ਮੰਤੀ ਭੂਪ ਸੰਬਾਦ ਦੇ ੬੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੬੭॥੧੧੮੭॥ ਚਲਦਾ॥
ਦੋਹਰਾ:
ਗੁਜਰਾਤ ਦੇ ਇਕ ਸ਼ਾਹ ਦੇ ਘਰ ਇਕ ਪੁੱਤਰ ਸੀ।
ਜੋ ਪੂਰੀ ਚੌਕਸੀ ਨਾਲ ਸੌਦਾ ਕਰਦਾ ਸੀ ਅਤੇ ਪਿਉ ਦਾ ਸੁਪੁੱਤਰ ਹੋ ਨਿਬੜਿਆ ਸੀ ॥੧॥
ਉਸ ਦਾ ਪਿਆਰ ਇਕ ਨਾਈ ਦੇ ਪੁੱਤਰ ਨਾਲ ਸੀ।
ਸ਼ਕਲੋਂ ਦੋਵੇਂ ਇਕੋ ਜਿਹੇ ਸਨ। (ਉਨ੍ਹਾਂ ਨੂੰ) ਕੋਈ ਪਛਾਣ ਨਹੀਂ ਸਕਦਾ ਸੀ ॥੨॥
ਚੌਪਈ:
ਸ਼ਾਹ ਦਾ ਪੁੱਤਰ ਸੌਹਰੇ ਘਰ ਨੂੰ ਚਲਿਆ
ਅਤੇ (ਆਪਣੇ) ਨਾਲ ਨਾਈ ਦੇ ਪੁੱਤਰ ਨੂੰ ਲੈ ਲਿਆ।
(ਜਦੋਂ) ਦੋਵੇਂ ਸੰਘਣੇ ਬਨ ਵਿਚ ਗਏ
(ਤਾਂ ਉਸ ਨਾਲ) ਨਾਈ ਦੇ ਪੁੱਤਰ ਨੇ ਬੋਲ ਸਾਂਝੇ ਕੀਤੇ ॥੩॥
ਨਾਈ ਦੇ ਪੁੱਤਰ ਨੇ ਕਿਹਾ,
ਹੇ ਸ਼ਾਹ ਦੇ ਪੁੱਤਰ! ਮੇਰੀ ਇਕ ਗੱਲ ਸੁਣੋ।
ਮੈਂ ਤਦ ਹੀ ਤੁਹਾਨੂੰ ਆਪਣਾ ਮਿਤਰ ਮੰਨਾਗਾ,
ਜੇ ਹੁਣੇ ਮੇਰਾ ਕਿਹਾ ਮੰਨੋ ॥੪॥
ਦੋਹਰਾ:
ਆਪਣਾ ਘੋੜਾ ਅਤੇ ਸਾਰੇ ਬਸਤ੍ਰ ਥੋੜੀ ਦੇਰ ਲਈ ਮੈਨੂੰ ਦੇ ਦਿਓ
ਅਤੇ ਇਹ ਗਠਰੀ ਤੁਸੀਂ ਲੈ ਲਓ ਅਤੇ ਲੈ ਕੇ ਮੇਰੇ ਅਗੇ ਚਲੋ ॥੫॥
ਚੌਪਈ:
ਸ਼ਾਹ ਦੇ ਪੁੱਤਰ ਨੇ ਉਸੇ ਤਰ੍ਹਾਂ ਕੀਤਾ।
ਉਸ ਦੀ ਗਠਰੀ ਆਪਣੇ ਸਿਰ ਉਤੇ ਧਰ ਲਈ।
ਉਸ ਨੂੰ ਆਪਣੇ ਘੋੜੇ ਉਤੇ ਚੜ੍ਹਾ ਲਿਆ
ਅਤੇ ਆਪਣੇ ਬਸਤ੍ਰ ਉਸ ਨੂੰ ਪਵਾ ਦਿੱਤੇ ॥੬॥