ਕਿਤੇ ਹਾਥੀਆਂ ਘੋੜਿਆਂ ਦੇ ਕਵਚ ਕਟੇ ਪਏ ਸਨ ॥੮॥੨੬੧॥
ਕਿਤੇ ਕਲਜੋਗਣਾਂ ਕਿਲਕਾਰੀਆਂ ਮਾਰ ਰਹੀਆਂ ਸਨ।
(ਕਿਤੇ) ਭੂਤ ਤਾੜੀਆਂ ਵਜਾ ਕੇ ਨਚ ਰਹੇ ਸਨ।
ਚੌਹਾਂ ਪਾਸੇ ਬਵੰਜਾ ਬੀਰ ਫਿਰ ਰਹੇ ਸਨ।
ਮਾਰੂ ਅਤੇ ਸੰਦੂਰੀਆ ਰਾਗ ਵਜ ਰਹੇ ਸਨ ॥੯॥੨੬੨॥
ਰਣ-ਭੂਮੀ ਵਿਚ ਕਾਲ ਇੰਜ (ਗੱਜ ਰਿਹਾ ਸੀ) ਮਾਨੋ ਬਦਲ ਗੱਜਦੇ ਹੋਣ।
ਡਰ ਨਾਲ ਭੂਤਾਂ ਅਤੇ ਪਿਸ਼ਾਚਾਂ ਦੀ ਭੀੜ ਭਜ ਰਹੀ ਸੀ।
ਇਸ ਪਾਸੇ ਤੋਂ ਰਣ-ਭੂਮੀ ਵਿਚ ਮਾਰੂ ਰਾਗ ਵਜਿਆ
(ਜਿਸ ਨਾਲ ਸੂਰਮਿਆਂ ਨੂੰ ਯੁੱਧ ਦਾ ਅਜਿਹਾ ਚਾਓ ਚੜ੍ਹਿਆ ਕਿ ਜੋ) ਕਾਇਰ ਸਨ, ਉਹ ਵੀ ਨਾ ਭਜੇ ॥੧੦॥੨੬੩॥
ਸ਼ੂਰਵੀਰਾਂ ਨੂੰ ਹੁਣ ਤਲਵਾਰ ਦੀ ਹੀ ਟੇਕ ਰਹਿ ਗਈ।
ਅਨੇਕਾਂ ਹਾਥੀਆਂ ਦੇ ਸੁੰਡ ਕਟ ਗਏ।
ਕਿਤੇ ਜੋਗਣਾਂ ਅਤੇ ਬੈਤਾਲ ਨਚਣ ਲਗੇ।
ਭਿਆਨਕ ਭੂਤ-ਪ੍ਰੇਤ ਭਜਣ ਲਗੇ ॥੧੧॥੨੬੪॥
ਅਨੇਕਾਂ ਅੱਧੇ ਅੱਧੇ ਧੜ ਦੌੜ ਰਹੇ ਸਨ।
ਰਜਵਾੜੇ ਲੜ ਰਹੇ ਸਨ ਅਤੇ ਆਪਣੇ ਪੈਂਤੜੇ ਪੱਕੇ ਕਰ ਰਹੇ ਸਨ।
ਅਨਹਦ ਰਾਗ ਲਗਾਤਾਰ ਵਜ ਰਿਹਾ ਸੀ
(ਜਿਸ ਨੂੰ ਸੁਣ ਕੇ ਜੋ) ਕਾਇਰ ਸੀ, ਉਹ ਵੀ ਨਹੀਂ ਭਜਦਾ ਸੀ ॥੧੨॥੨੬੫॥
ਕਰੋੜਾਂ ਢੋਲ, ਤੂਰ ਆਦਿ ਤੇਜ਼ੀ ਨਾਲ ਵਜਣ ਲਗੇ
(ਅਤੇ ਸੂਰਮੇ) ਸੰਦੂਰੀਆ ਰਾਗ ਦੀ ਗਰਜ ਨੂੰ ਸਰਾਹੁੰਦੇ ਸਨ।
ਬਿਜਲੀ ਵਾਂਗ ਤਲਵਾਰਾਂ ਚਮਕਦੀਆਂ ਸਨ।
ਬਾਣਾਂ ਦਾ ਅਪਾਰ ਮੀਂਹ ਵਰ੍ਹ ਰਿਹਾ ਸੀ ॥੧੩॥੨੬੬॥
ਲਹੂ ਚੌਂਦੇ ਘਾਇਲ (ਇੰਜ) ਘੁੰਮ ਰਹੇ ਸਨ
ਮਾਨੋ ਹੋਲੀ ਦੀ ਖੇਡ ਵਿਚ ਮਤਵਾਲੇ ਹੋ ਗਏ ਹੋਣ।
ਕਿਤੇ ਕਵਚ ਅਤੇ ਕਿਤੇ ਸੂਰਮੇ ਡਿਗੇ ਪਏ ਸਨ।
(ਕਿਤੇ) ਗਿਰਝਾਂ ਗਰਜਦੀਆਂ ਸਨ ਅਤੇ (ਕਿਤੇ) ਕੁੱਤੇ ਭੌਂਕਦੇ ਸਨ ॥੧੪॥੨੬੭॥
ਉਨ੍ਹਾਂ ਦੋਹਾਂ ਭਰਾਵਾਂ ਦੀ ਫ਼ੌਜ ਭਜ ਗਈ।
(ਅਜੈ ਸਿੰਘ ਦੇ ਸਾਹਮਣੇ) ਕੋਈ ਅਮੀਰ ਗਰੀਬ ਠਹਿਰ ਨਾ ਸਕਿਆ।
(ਸਭ ਨੇ) ਸੁੰਦਰ ਉੜੀਸਾ ਦੇਸ ਵਿਚ ਸ਼ਰਨ ਲਈ
(ਜਿਥੋਂ ਦਾ) ਸ਼ੁਭ ਲੱਛਣਾਂ ਵਾਲਾ ਰਾਜ 'ਤਿਲਕ' ਸੀ ॥੧੫॥੨੬੮॥
ਸ਼ਰਾਬ ਦੇ ਸੇਵਨ ਕਰ ਕੇ ਜਿਹੜੇ ਰਾਜੇ (ਆਪਣੇ ਕਰਤੱਵ ਪ੍ਰਤਿ) ਬੇਸੁਧ ਹੋ ਜਾਂਦੇ ਹਨ
ਉਨ੍ਹਾਂ ਦੇ ਕੰਮ ਇਸ ਤਰ੍ਹਾਂ ਹੀ ਵਿਗੜ ਜਾਂਦੇ ਹਨ।
(ਅਜੈ ਸਿੰਘ ਨੇ ਦੋਹਾਂ ਪਾਸੋਂ ਰਾਜਖੇਤਰ ਖੋਹ ਲਏ ਅਤੇ (ਆਪਣੇ ਸਿਰ ਉਤੇ) ਛਤਰ ਝੁਲਾਇਆ।
(ਫਿਰ) ਆਪ ਨੂੰ ਹੀ ਮਹਾਰਾਜ ਅਖਵਾਉਣ ਲਗਿਆ ॥੧੬॥੨੬੯॥
ਹਾਰਿਆ ਹੋਇਆ ਅਸੁਮੇਦ ਅਗੇ ਅਗੇ ਚਲਿਆ ਜਾ ਰਿਹਾ ਸੀ।
(ਉਸ ਦੇ) ਪਿਛੇ ਅਪਾਰ ਫ਼ੌਜ ਲਗੀ ਹੋਈ ਸੀ।
(ਉਹ ਉਥੇ) ਚਲੇ ਗਏ ਜਿਥੇ ਮਹਾਰਾਜ ਤਿਲਕ (ਰਾਜ ਕਰਦਾ ਸੀ)।
ਉਸੇ ਨੂੰ ਰਾਜ-ਪਾਟ ਸ਼ੋਭਦਾ ਸੀ ॥੧੭॥੨੭੦॥
ਉਥੇ ਇਕ ਸਨੌਢੀ ਬ੍ਰਾਹਮਣ ਰਹਿੰਦਾ ਸੀ।
(ਉਹ) ਬਹੁਤ ਵੱਡਾ ਪੰਡਿਤ ਅਤੇ ਵੱਡੇ ਗੁਣਾਂ ਵਾਲਾ ਸੀ।
(ਉਹ) ਰਾਜੇ ਦਾ ਗੁਰੂ ਸੀ, (ਇਸ ਲਈ) ਸਭ ਹੀ (ਉਸ ਦੀ) ਪੂਜਾ ਕਰਦੇ ਸਨ।
ਉਸ ਤੋਂ ਬਿਨਾ (ਉਥੇ ਕਿਸੇ) ਦੂਜੇ ਦੀ ਮਾਨਤਾ ਨਹੀਂ ਸੀ ॥੧੮॥੨੭੧॥
ਭੁਜੰਗ ਪ੍ਰਯਾਤ ਛੰਦ:
ਕਿਤੇ ਬ੍ਰਹਮ-ਬਾਣੀ (ਦਾ ਪਾਠ ਹੁੰਦਾ ਸੀ ਅਤੇ ਕਿਤੇ) ਵੇਦਾਂ ਦੀ ਚਰਚਾ ਕੀਤੀ ਜਾ ਰਹੀ ਸੀ।
ਕਿਤੇ ਬ੍ਰਾਹਮਣ ਬੈਠੇ ਹੋਏ ਬ੍ਰਹਮ-ਪੂਜਾ ਕਰ ਰਹੇ ਸਨ।
(ਉਥੇ ਉਸ) ਸਨੌਢੀ ਬ੍ਰਾਹਮਣ ਦਾ ਇਕ ਲੱਛਣ ਸੀ
ਕਿ ਉਹ ਭੋਜ-ਪੱਤਰਾਂ ਦੇ ਬਸਤ੍ਰ ਪਹਿਨਦਾ ਸੀ ਅਤੇ ਹਵਾ ਭਖਦਾ ਸੀ ॥੧॥੨੭੨॥
ਕਿਤੇ ਸਿਆਮ ਵੇਦ ਨੂੰ ਸੁਰ ਨਾਲ ਗਾਇਆ ਜਾ ਰਿਹਾ ਸੀ।
ਕਿਤੇ ਯਜੁਰ ਵੇਦ ਦੇ ਪਾਠ ਨਾਲ ਮਾਣ ਪ੍ਰਾਪਤ ਕੀਤਾ ਜਾ ਰਿਹਾ ਸੀ।